(ਜਗਤ ਵਿਚ ਜੀਵਾਂ ਦਾ) ਜੰਮਣਾ ਮਰਨਾ ਉਸੇ ਪਰਮਾਤਮਾ ਨੇ ਬਣਾਇਆ ਹੈ ਜਿਸ ਨੇ ਇਹ ਜਗਤ ਪੈਦਾ ਕੀਤਾ ਹੈ।
ਕਈ ਜੀਵਾਂ ਨੂੰ ਗੁਰੂ ਮਿਲਾ ਕੇ ਪ੍ਰਭੂ ਆਪਣੀ ਹਜ਼ੂਰੀ ਵਿਚ ਟਿਕਾ ਲੈਂਦਾ ਹੈ, ਤੇ, ਕਈ ਜੀਵ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਫਿਰਦੇ ਹਨ।
ਹੇ ਪ੍ਰਭੂ! ਆਪਣੇ (ਗੁਣਾਂ ਦਾ) ਅੰਤ ਤੂੰ ਆਪ ਹੀ ਜਾਣਦਾ ਹੈਂ, ਤੂੰ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈਂ।
ਹੇ ਸੰਤ ਜਨੋ! ਸੁਣੋ, ਨਾਨਕ ਇਕ ਅਟੱਲ ਨਿਯਮ ਦੱਸਦਾ ਹੈ (ਕਿ) ਪਰਮਾਤਮਾ ਧਰਮ ਅਨੁਸਾਰ ਨਿਆਂ ਅਨੁਸਾਰ ਦੁਨੀਆ ਦੀ ਕਾਰ ਚਲਾ ਰਿਹਾ ਹੈ ॥੧॥
ਹੇ ਸੰਤ-ਜਨ ਸਹੇਲੀਹੋ! ਹੇ ਮੇਰੇ ਪਿਆਰੇ! ਆਓ, ਰਲ ਕੇ ਸੰਤ-ਸੰਗ ਵਿਚ ਬੈਠੋ ਤੇ ਪਰਮਾਤਮਾ ਦਾ ਨਾਮ ਸਦਾ ਸਿਮਰਨ ਕਰੋ।
ਹੇ ਮੇਰੇ ਪਿਆਰੇ! ਗੁਰੂ ਨੂੰ ਅਭੁੱਲ ਮੰਨ ਕੇ ਗੁਰੂ ਦੀ ਸਰਨ ਪਵੋ ਇੰਜ ਜਮ ਦੇ ਰਸਤੇ ਨੂੰ (ਆਤਮਕ ਮੌਤ) ਨੂੰ ਚੰਗਾ ਬਣਾ ਲਵੋ।
ਗੁਰੂ ਦੀ ਸਰਨ ਪੈ ਕੇ ਔਖੇ ਜੀਵਨ-ਰਾਹ ਨੂੰ ਸੋਹਣਾ ਬਣਾ ਕੇ ਪਰਮਾਤਮਾ ਦੀ ਹਜ਼ੂਰੀ ਵਿਚ ਸੋਭਾ ਖੱਟ ਸਕੀਦੀ ਹੈ।
(ਪਰ) ਜਿਨ੍ਹਾਂ ਮਨੁੱਖਾਂ ਦੇ ਮੱਥੇ ਤੇ ਆਪਣੀ ਹਜ਼ੂਰੀ ਤੋਂ ਕਰਤਾਰ ਨੇ (ਭਗਤੀ ਦਾ ਲੇਖ) ਲਿਖ ਦਿੱਤਾ ਹੈ, ਉਹਨਾਂ ਮਨੁੱਖਾਂ ਦੀ ਸੁਰਤਿ ਦਿਨ ਰਾਤ (ਪ੍ਰਭੂ-ਚਰਨਾਂ ਵਿਚ) ਲਗੀ ਰਹਿੰਦੀ ਹੈ।
ਜਦੋਂ ਮਨੁੱਖ ਗੁਰੂ ਦੀ ਸੰਗਤ ਵਿਚ ਮਿਲਦਾ ਹੈ ਤਦੋਂ ਉਸ ਦੇ ਅੰਦਰੋਂ ਹਉਮੈ ਮਮਤਾ (ਅਪਣੱਤ) ਦੂਰ ਹੋ ਜਾਂਦੀ ਹੈ, ਮੋਹ ਮੁੱਕ ਜਾਂਦਾ ਹੈ।
ਦਾਸ ਨਾਨਕ ਆਖਦਾ ਹੈ ਕਿ ਸਦਾ ਪਰਮਾਤਮਾ ਦਾ ਨਾਮ ਸਿਮਰ ਕੇ ਮਨੁੱਖ (ਹਉਮੈ ਮਮਤਾ ਮੋਹ ਆਦਿਕ ਦੇ ਪ੍ਰਭਾਵ ਤੋਂ) ਸੁਤੰਤਰ ਹੋ ਜਾਂਦਾ ਹੈ ॥੨॥
ਹੇ ਮੇਰੇ ਪਿਆਰੇ! ਹੇ ਸੰਤ ਜਨੋ! (ਸਾਧ ਸੰਗਤ ਵਿਚ) ਇਕੱਠੇ ਹੋ ਕੇ ਪਰਮਾਤਮਾ ਅੱਗੇ ਦੋਵੇਂ ਹੱਥ ਜੋੜਿਆ ਕਰੋ, ਤੇ, ਉਸ ਨਾਸ-ਰਹਿਤ ਸਰਬ-ਵਿਆਪਕ ਪਰਮਾਤਮਾ ਦੀ ਭਗਤੀ ਕਰਿਆ ਕਰੋ।
ਹੇ ਮੇਰੇ ਪਿਆਰੇ! ਮੈਂ ਹੋਰ ਕਈ ਕਿਸਮਾਂ ਦੀ ਪੂਜਾ-ਭੇਟਾ ਭਾਲ ਵੇਖੀ ਹੈ (ਪਰ ਸਭ ਤੋਂ ਸ੍ਰੇਸ਼ਟ ਪੂਜਾ ਇਹ ਹੈ ਕਿ) ਆਪਣਾ ਇਹ ਮਨ ਇਹ ਸਰੀਰ ਸਭ ਭੇਟਾ ਕਰ ਦੇਣਾ ਚਾਹੀਦਾ ਹੈ।
(ਫਿਰ ਭੀ, ਮਾਣ ਕਾਹਦਾ?) ਇਹ ਮਨ, ਇਹ ਸਰੀਰ, ਇਹ ਧਨ ਸਭ ਪਰਮਾਤਮਾ ਦਾ ਦਿੱਤਾ ਹੋਇਆ ਹੈ, (ਸੋ,) ਕੋਈ ਮਨੁੱਖ (ਆਪਣੀ ਮਲਕੀਅਤ ਦੀ) ਕੇਹੜੀ ਚੀਜ਼ ਭੇਟਾ ਕਰ ਸਕਦਾ ਹੈ?
ਜਿਸ ਮਨੁੱਖ ਉੱਤੇ ਪ੍ਰਭੂ-ਮਾਲਕ ਕਿਰਪਾਲ ਹੁੰਦਾ ਹੈ ਦਇਆਵਾਨ ਹੁੰਦਾ ਹੈ ਉਹ ਉਸ ਪਰਮਾਤਮਾ ਦੇ ਚਰਨਾਂ ਵਿਚ ਲੀਨ ਹੋ ਜਾਂਦਾ ਹੈ (ਬੱਸ! ਇਹੀ ਹੈ ਭੇਟਾ ਤੇ ਪੂਜਾ)।
ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗ ਪੈਂਦਾ ਹੈ, ਉਸ ਦਾ ਆਪਣੇ ਗੁਰੂ ਨਾਲ ਪਿਆਰ ਬਣ ਜਾਂਦਾ ਹੈ।
ਦਾਸ ਨਾਨਕ ਆਖਦਾ ਹੈ ਕਿ ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ॥੩॥
ਹੇ ਮੇਰੇ ਪਿਆਰੇ! (ਪਰਮਾਤਮਾ ਨੂੰ ਲੱਭਣ ਵਾਸਤੇ) ਅਸੀਂ ਦਸੀਂ ਪਾਸੀਂ ਭਾਲ ਕਰਦੇ ਫਿਰੇ, ਪਰ ਉਸ ਪਰਮਾਤਮਾ ਨੂੰ ਹੁਣ ਹਿਰਦੇ-ਘਰ ਵਿਚ ਹੀ ਆ ਕੇ ਲੱਭ ਲਿਆ ਹੈ।
ਹੇ ਮੇਰੇ ਪਿਆਰੇ! (ਇਸ ਮਨੁੱਖਾ ਸਰੀਰ ਨੂੰ) ਪਰਮਾਤਮਾ ਨੇ ਆਪਣੇ ਰਹਿਣ ਲਈ ਘਰ ਬਣਾਇਆ ਹੋਇਆ ਹੈ, ਪਰਮਾਤਮਾ ਇਸ (ਸਰੀਰ-ਘਰ) ਵਿਚ ਟਿਕਿਆ ਰਹਿੰਦਾ ਹੈ।
ਮਾਲਕ-ਪ੍ਰਭੂ ਆਪ ਹੀ ਸਾਰੇ ਜੀਵਾਂ ਵਿਚ ਵਿਆਪਕ ਹੋ ਰਿਹਾ ਹੈ, ਪਰ ਉਸ ਦੀ ਇਸ ਹੋਂਦ ਦਾ ਪਰਕਾਸ਼ ਗੁਰੂ ਦੀ ਸਰਨ ਪਿਆਂ ਹੀ ਹੁੰਦਾ ਹੈ।
(ਗੁਰੂ ਜਿਸ ਮਨੁੱਖ ਦੇ ਮੂੰਹ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਨਾਮ-ਰਸ ਚੋ ਦੇਂਦਾ ਹੈ, (ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ) ਹਨੇਰਾ ਮਿਟ ਜਾਂਦਾ ਹੈ, ਉਸ ਦਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ।
(ਗੁਰੂ ਦੀ ਕਿਰਪਾ ਨਾਲ ਹੁਣ) ਮੈਂ ਜਿੱਧਰ ਵੇਖਦਾ ਹਾਂ ਉਧਰ ਹੀ ਮੈਨੂੰ ਮਾਲਕ ਪਰਮਾਤਮਾ ਸਭ ਥਾਈਂ ਵੱਸਦਾ ਦਿੱਸਦਾ ਹੈ।
ਦਾਸ ਨਾਨਕ ਆਖਦਾ ਹੈ-ਗੁਰੂ ਨੇ ਮੈਨੂੰ ਪਰਮਾਤਮਾ ਮਿਲਾ ਦਿੱਤਾ ਹੈ, ਮੈਂ ਪਰਮਾਤਮਾ ਨੂੰ ਆਪਣੇ ਹਿਰਦੇ-ਘਰ ਵਿਚ ਆ ਕੇ ਲੱਭ ਲਿਆ ਹੈ ॥੪॥੧॥
ਪਰਮਾਤਮਾ ਬਹੁਤ ਹੀ ਪਿਆਰਾ ਲੱਗਣ ਵਾਲਾ ਹੈ, ਸਭ ਦੇ ਮਨ ਨੂੰ ਮੋਹ ਲੈਣ ਵਾਲਾ ਹੈ, ਸਭ ਸਰੀਰਾਂ ਵਿਚ ਸੋਭ ਰਿਹਾ ਹੈ, ਸਭ ਦੇ ਜੀਵਨ ਦਾ ਸਹਾਰਾ ਹੈ।
ਉਸ ਦਇਆ ਦੇ ਘਰ ਗੋਪਾਲ ਪਿਆਰੇ ਦੀ ਸੋਹਣੀ ਸੋਭਾ (ਪਸਰ ਰਹੀ) ਹੈ, ਬੜੀ ਬੇਅੰਤ ਸੋਭਾ ਹੈ।
ਹੇ ਦਿਆਲ ਗੋਬਿੰਦ, ਹੇ ਗੋਪਾਲ, ਹੇ ਪਿਆਰੇ ਕੰਤ! ਮੈਨੂੰ ਨਿਮਾਣੀ ਨੂੰ ਮਿਲ।
ਮੇਰੀਆਂ ਅੱਖਾਂ ਤੇਰੇ ਦਰਸਨ ਦੀ ਛੂਹ ਹਾਸਲ ਕਰਨ ਲਈ ਤਰਸਦੀਆਂ ਰਹਿੰਦੀਆਂ ਹਨ। ਮੇਰੀ ਜ਼ਿੰਦਗੀ ਦੀ ਰਾਤ ਲੰਘਦੀ ਜਾ ਰਹੀ ਹੈ, (ਪਰ ਮੈਨੂੰ ਤੇਰੇ ਮਿਲਾਪ ਤੋਂ ਪੈਦਾ ਹੋਣ ਵਾਲੀ) ਸ਼ਾਂਤੀ ਨਹੀਂ ਮਿਲ ਰਹੀ।
ਜਿਸ ਨੂੰ ਗੁਰੂ ਦੇ ਬਖ਼ਸ਼ੇ ਗਿਆਨ ਦਾ ਸੁਰਮਾ ਮਿਲ ਗਿਆ, ਜਿਸ ਨੂੰ (ਆਤਮਕ ਜੀਵਨ ਦਾ) ਭੋਜਨ ਹਰਿ-ਨਾਮ ਮਿਲ ਗਿਆ, ਉਸ ਦੇ ਸਾਰੇ (ਆਤਮਕ) ਸਿੰਗਾਰ ਸਫਲ ਹੋ ਗਏ।
ਨਾਨਕ ਸੰਤ ਜਨਾਂ ਦੀ ਚਰਨੀਂ ਪੈਂਦਾ ਹੈ, ਸੰਤਾਂ ਜਨਾਂ ਅੱਗੇ ਅਰਜ਼ੋਈ ਕਰਦਾ ਹੈ, ਕਿ ਮੈਨੂੰ ਮੇਰਾ ਪ੍ਰਭੂ-ਪਤੀ ਮਿਲਾਵੋ ॥੧॥
ਜਦ ਤਕ ਪਰਮਾਤਮਾ ਨਹੀਂ ਮਿਲਦਾ, ਜਦ ਤਕ (ਮੇਰੀਆਂ ਭੁੱਲਾਂ ਦੇ) ਮੈਨੂੰ ਲੱਖਾਂ ਉਲਾਂਭੇ ਮਿਲਦੇ ਰਹਿੰਦੇ ਹਨ।
ਮੈਂ ਪਰਮਾਤਮਾ ਨੂੰ ਮਿਲਣ ਵਾਸਤੇ ਅਨੇਕਾਂ ਹੀਲੇ ਕਰਦੀ ਹਾਂ, ਪਰ ਮੇਰੀ ਕੋਈ ਪੇਸ਼ ਨਹੀਂ ਜਾਂਦੀ।
ਪਿਆਰੇ ਪ੍ਰਭੂ ਦੇ ਮਿਲਾਪ ਤੋਂ ਬਿਨਾ ਕਿਸੇ ਤਰ੍ਹਾਂ ਭੀ ਮਨ ਨੂੰ ਧੀਰਜ ਨਹੀਂ ਆਉਂਦੀ, ਚਿੱਤ (ਧਨ ਦੀ ਖ਼ਾਤਰ) ਹਰ ਵੇਲੇ ਨੱਠਾ ਫਿਰਦਾ ਹੈ; ਤੇ, ਧਨ ਭੀ ਸਦਾ ਨਾਲ ਨਹੀਂ ਨਿਭਦਾ।