ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਸਿਰੀਰਾਗ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਵਾਰ' ਜਿਸ ਵਿੱਚ 'ਸਲੋਕ' ਵੀ ਹਨ।
(ਸਭ) ਰਾਗਾਂ ਵਿਚੋਂ ਸ੍ਰੀ ਰਾਗ (ਤਦ ਹੀ ਸ੍ਰੇਸ਼ਟ) ਹੈ, ਜੇ (ਇਸ ਦੀ ਰਾਹੀਂ ਜੀਵ) ਸਦਾ-ਥਿਰ ਨਾਮ ਵਿਚ ਪਿਆਰ (ਲਿਵ) ਜੋੜੇ।
ਹਰੀ ਸਦਾ ਮਨ ਵਿਚ ਵੱਸੇ ਤੇ ਅਪਾਰ ਪ੍ਰਭੂ (ਨੂੰ ਯਾਦ ਕਰਨ ਵਾਲੀ) ਬੁੱਧੀ ਅਚੱਲ ਹੋ ਜਾਏ।
(ਇਸ ਦਾ ਸਿੱਟਾ ਇਹ ਹੁੰਦਾ ਹੈ ਕਿ) ਗੁਰਬਾਣੀ ਦੀ ਵਿਚਾਰ ਰੂਪੀ ਅਮੋਲਕ ਰਤਨ ਪ੍ਰਾਪਤ ਹੁੰਦਾ ਹੈ।
ਜੀਭ ਸੱਚੀ, ਮਨ ਸੱਚਾ ਤੇ ਮਨੁੱਖਾ ਜਨਮ ਹੀ ਸਫਲ ਹੋ ਜਾਂਦਾ ਹੈ।
ਪਰ, ਹੇ ਨਾਨਕ! ਇਹ ਸੱਚਾ ਵਪਾਰ ਤਾਂ ਹੀ ਕੀਤਾ ਜਾ ਸਕਦਾ ਹੈ ਜੇ ਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਦੇ ਹੁਕਮ ਵਿਚ ਤੁਰੀਏ ॥੧॥
ਜਦ ਤਾਈਂ ਮਾਲਕ ਨਾਲ ਪ੍ਰੀਤਿ (ਉਤਪੰਨ) ਨਹੀਂ ਹੁੰਦੀ, ਹੋਰ ਪਿਆਰ ਸਭ ਮਾਇਆ (ਦਾ ਪਿਆਰ) ਹੈ।
ਤੇ ਮਾਇਆ ਵਿਚ ਮੋਹਿਆ ਇਹ ਮਨ (ਪ੍ਰਭੂ ਨੂੰ) ਵੇਖ ਤੇ ਸੁਣ ਨਹੀਂ ਸਕਦਾ।
ਅੰਨ੍ਹਾ (ਮਨ) ਕਰੇ ਭੀ ਕੀਹ? (ਪ੍ਰਭੂ) ਪਤੀ ਨੂੰ ਵੇਖਣ ਤੋਂ ਬਿਨਾ ਪ੍ਰੀਤਿ ਪੈਦਾ ਹੀ ਨਹੀਂ ਹੋ ਸਕਦੀ।
ਹੇ ਨਾਨਕ! (ਮਾਇਆ ਵਿਚ ਫਸਾ ਕੇ) ਜਿਸ ਪ੍ਰਭੂ ਨੇ ਅੰਨ੍ਹਾ ਕੀਤਾ ਹੈ, ਉਹੀ ਸਦਾ-ਥਿਰ ਪ੍ਰਭੂ ਮੁੜ ਅੱਖਾਂ ਦੇਂਦਾ ਹੈ ॥੨॥
ਹੇ ਭਾਈ! ਇਕੋ ਪ੍ਰਭੂ (ਸਭ ਦਾ) ਕਰਨਹਾਰ ਤੇ ਆਸਰਾ ਹੈ।
ਇਕੋ ਪ੍ਰਭੂ ਦਾ ਹੁਕਮ (ਵਰਤ ਰਿਹਾ ਹੈ), (ਇਸ ਕਰਕੇ) ਉਸ ਨੂੰ ਹਿਰਦੇ ਵਿਚ ਸੰਭਾਲ।
ਉਸ ਪਰਮਾਤਮਾ ਦਾ ਕੋਈ ਸ਼ਰੀਕ ਨਹੀਂ, (ਤਾਂ ਤੇ) ਹੋਰ ਦਾ ਡਰ ਤੇ ਭਰਮ ਦੂਰ ਕਰ ਦੇਹ।
(ਹੇ ਜੀਵ!) ਉਸੇ ਹਰੀ ਦੀ ਉਸਤਤਿ ਕਰ ਜੋ ਤੇਰੀ ਸਭ ਥਾਈਂ ਰਾਖੀ ਕਰਦਾ ਹੈ।
ਜਿਸ ਉਤੇ ਪਰਮਾਤਮਾ ਦਿਆਲ ਹੁੰਦਾ ਹੈ, ਉਹ ਜੀਵ ਉਸ ਨੂੰ ਸਿਮਰ ਕੇ ਔਖੇ (ਸੰਸਾਰ ਦੇ) ਡਰ ਤੋਂ ਪਾਰ ਹੁੰਦਾ ਹੈ ॥੧॥
(ਸਾਰੀਆਂ) ਦਾਤਾਂ ਮਾਲਕ ਦੀਆਂ ਹਨ, ਉਸ ਨਾਲ ਕੋਈ ਜ਼ੋਰ ਨਹੀਂ ਚੱਲ ਸਕਦਾ।
ਕਈ ਜਾਗਦੇ ਜੀਵਾਂ ਨੂੰ ਭੀ ਨਹੀਂ ਲੱਭੀਆਂ, ਤੇ ਇਕਨਾ ਸੁੱਤਿਆਂ ਨੂੰ ਉਠਾ ਕੇ (ਦਾਤਾਂ) ਦੇ ਦੇਂਦਾ ਹੈ ॥੧॥
ਸਿਦਕੀਆਂ ਕੋਲ ਭਰੋਸੇ ਤੇ ਸ਼ੁਕਰ ਦੀ, ਅਤੇ ਗੁਰਮੁਖਾਂ ਪਾਸ ਸਬਰ (ਸੰਤੋਖ) ਦੀ ਰਾਸਿ ਹੁੰਦੀ ਹੈ।
(ਇਸ ਕਰਕੇ) ਉਹ ਪੂਰੇ ਪ੍ਰਭੂ ਦਾ ਦਰਸ਼ਨ ਕਰ ਲੈਂਦੇ ਹਨ। (ਪਰ) ਨਿਰੀਆਂ ਗੱਲਾਂ ਕਰਨ ਵਾਲਿਆਂ ਨੂੰ ਥਾਉਂ ਭੀ ਨਹੀਂ ਮਿਲਦੀ ॥੨॥
(ਹੇ ਹਰੀ!) ਤੂੰ ਆਪਿ ਹੀ ਸਾਰੀ (ਸ੍ਰਿਸ਼ਟੀ) ਰਚ ਕੇ ਆਪਿ ਹੀ ਕੰਮਾਂ ਧੰਧਿਆਂ ਵਿਚ ਲਾ ਦਿੱਤੀ ਹੈ,
ਆਪਣੀ ਇਹ ਬਜ਼ੁਰਗੀ ਵੇਖ ਕੇ ਭੀ ਤੂੰ ਆਪਿ ਹੀ ਪ੍ਰਸੰਨ ਹੋ ਰਿਹਾ ਹੈਂ।
ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ ਤੈਥੋਂ ਪਰੇ ਕੁਝ ਨਹੀਂ।
ਸਭ ਥਾਈਂ ਤੂੰ ਆਪਿ ਹੀ ਵਿਆਪ ਰਿਹਾ ਹੈਂ।
ਹੇ ਗੁਰਮੁਖੋ! ਉਸ ਪ੍ਰਭੂ ਦਾ ਸਿਮਰਨ ਕਰੋ ਜੋ (ਵਿਕਾਰਾਂ ਤੋਂ) ਛਡਾ ਲੈਂਦਾ ਹੈ ॥੨॥
ਜਾਤਿ (ਦਾ ਅਹੰਕਾਰ) ਤੇ ਨਾਮ (ਵਡੱਪਣ ਦਾ ਅਹੰਕਾਰ) ਵਿਅਰਥ ਹਨ।
(ਅਸਲ ਵਿਚ) ਸਾਰੇ ਜੀਵਾਂ ਦੀ ਇਕੋ ਹੀ ਨੁਹਾਰ ਹੁੰਦੀ ਹੈ (ਭਾਵ, ਆਤਮਾ ਸਭ ਦਾ ਇਕ ਹੀ ਹੈ)।
(ਜਾਤੀ ਜਾਂ ਵਡਿਆਈ ਦੇ ਆਸਰੇ) ਜੇ ਕੋਈ ਜੀਵ ਆਪਣੇ ਆਪ ਨੂੰ ਚੰਗਾ ਅਖਵਾਏ (ਤਾਂ ਉਹ ਚੰਗਾ ਨਹੀਂ ਬਣ ਜਾਂਦਾ)।
ਹੇ ਨਾਨਕ! (ਜੀਵ) ਤਾਂ ਹੀ ਚੰਗਾ ਜਾਣਿਆ ਜਾਂਦਾ ਹੈ, ਜੇ ਲੇਖੇ ਵਿਚ (ਭਾਵ, ਸੱਚੀ ਦਰਗਾਹ ਵਿਚ ਲੇਖੇ ਵੇਲੇ) ਆਦਰ ਹਾਸਲ ਕਰੇ ॥੧॥
ਜਿਸ ਪਿਆਰੇ ਨਾਲ ਪਿਆਰ (ਹੋਵੇ), (ਜਾਤੀ ਆਦਿਕ ਦਾ) ਅਹੰਕਾਰ ਛੱਡ ਕੇ ਉਸ ਦੇ ਸਨਮੁਖ ਰਹਿਣਾ ਚਾਹੀਦਾ ਹੈ।
ਸੰਸਾਰ ਵਿਚ ਉਸ ਤੋਂ ਬੇਮੁਖ ਹੋ ਕੇ ਜੀਊਣਾ-ਇਸ ਜੀਵਨ ਨੂੰ ਧਿੱਕਾਰ ਹੈ ॥੨॥
(ਹੇ ਪਰਮਾਤਮਾ!) ਤੂੰ ਆਪ ਹੀ ਧਰਤੀ ਰਚੀ ਹੈ, ਤੇ (ਇਸ ਦੇ ਵਾਸਤੇ) ਚੰਦ ਤੇ ਸੂਰਜ (ਮਾਨੋ) ਦੋ ਦੀਵੇ (ਬਣਾਏ ਹਨ।)
(ਜੀਵਾਂ ਦੇ ਸੱਚਾ) ਵਾਪਾਰ ਕਰਨ ਲਈ ਚੌਦਾਂ (ਲੋਕ) (ਮਾਨੋ) ਹੱਟੀਆਂ ਬਣਾ ਦਿੱਤੀਆਂ ਹਨ।
ਜੋ ਜੀਵ ਗੁਰੂ ਦੇ ਸਨਮੁਖ ਹੋ ਗਏ ਹਨ, ਉਹਨਾਂ ਨੂੰ ਹਰੀ ਨਫ਼ਾ ਬਖ਼ਸ਼ਦਾ ਹੈ, (ਭਾਵ, ਉਹਨਾਂ ਦਾ ਜਨਮ ਸਫਲਾ ਕਰਦਾ ਹੈ)
ਜਿਨ੍ਹਾਂ ਨੇ ਆਤਮਕ ਜੀਵਨ ਦੇਣ ਵਾਲਾ ਸਦਾ-ਥਿਰ ਨਾਮ-ਜਲ ਪੀਤਾ ਹੈ, ਜਮਕਾਲ ਉਨ੍ਹਾਂ ਤੇ ਜਬ੍ਹਾ ਨਹੀਂ ਪਾ ਸਕਦਾ।
ਉਹ (ਜਮਕਾਲ ਤੋਂ) ??? ਬਚ ਜਾਂਦੇ ਹਨ, ਅਤੇ ਉਹਨਾਂ ਦੇ ਪੂਰਨਿਆਂ ਤੇ ਤੁਰ ਕੇ ਸਾਰਾ ਸੰਸਾਰ ਬਚ ਜਾਂਦਾ ਹੈ ॥੩॥
ਸ੍ਰਿਸ਼ਟੀ (ਪੈਦਾ ਕਰਨ ਵਾਲਾ ਪ੍ਰਭੂ) ਆਪ ਹੀ (ਇਸ ਵਿਚ) ਵੱਸ ਰਿਹਾ ਹੈ।