ਹੇ ਜੋਗੀ! ਤੂੰ ਇਹ ਜਿਹੜਾ ਆਪਣਾ ਪਰਵਾਰ ਛੱਡ ਕੇ ਦੇਸ-ਰਟਨ ਕਰਦਾ ਫਿਰਦਾ ਹੈਂ, ਇਸ ਨੂੰ ਜੋਗ ਨਹੀਂ ਆਖੀਦਾ।
ਇਸ ਸਰੀਰ-ਘਰ ਵਿਚ ਹੀ ਪਰਮਾਤਮਾ ਦਾ ਨਾਮ (ਵੱਸ ਰਿਹਾ ਹੈ। ਹੇ ਜੋਗੀ! ਆਪਣੇ ਅੰਦਰੋਂ ਹੀ) ਗੁਰੂ ਦੀ ਕਿਰਪਾ ਨਾਲ ਤੂੰ ਆਪਣੇ ਪਰਮਾਤਮਾ ਨੂੰ ਲੱਭ ਸਕੇਂਗਾ ॥੮॥
ਹੇ ਜੋਗੀ! ਇਹ ਸੰਸਾਰ (ਮਾਨੋ) ਮਿੱਟੀ ਦਾ ਬੁੱਤ ਹੈ, ਇਸ ਵਿਚ ਮਾਇਆ ਦੀ ਤ੍ਰਿਸ਼ਨਾ ਦਾ ਵੱਡਾ ਰੋਗ ਲੱਗਾ ਹੋਇਆ ਹੈ।
ਹੇ ਜੋਗੀ! ਜੇ ਕੋਈ ਮਨੁੱਖ (ਤਿਆਗੀਆਂ ਵਾਲੇ) ਭੇਖ ਆਦਿਕਾਂ ਦੇ ਅਨੇਕਾਂ ਜਤਨ ਕਰਦਾ ਰਹੇ, ਤਾਂ ਭੀ ਇਹ ਰੋਗ ਦੂਰ ਨਹੀਂ ਕੀਤਾ ਜਾ ਸਕਦਾ ॥੯॥
ਹੇ ਜੋਗੀ! (ਇਸ ਰੋਗ ਨੂੰ ਦੂਰ ਕਰਨ ਲਈ) ਪਰਮਾਤਮਾ ਦਾ ਨਾਮ (ਹੀ) ਦਵਾਈ ਹੈ (ਪਰ ਇਹ ਦਵਾਈ ਉਹੀ ਮਨੁੱਖ ਵਰਤਦਾ ਹੈ) ਜਿਸ ਉਤੇ (ਮਿਹਰ ਕਰ ਕੇ ਉਸ ਦੇ) ਮਨ ਵਿਚ (ਇਹ ਦਵਾਈ) ਵਸਾਂਦਾ ਹੈ।
(ਇਸ ਭੇਤ ਨੂੰ) ਉਹੀ ਮਨੁੱਖ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹੀ ਮਨੁੱਖ ਪ੍ਰਭੂ-ਮਿਲਾਪ ਦਾ ਢੰਗ ਸਿੱਖਦਾ ਹੈ ॥੧੦॥
ਹੇ ਜੋਗੀ! (ਜਿਸ ਜੋਗ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਉਸ) ਜੋਗ ਦਾ ਰਸਤਾ ਔਖਾ ਹੈ, ਇਹ ਰਸਤਾ ਉਸ ਮਨੁੱਖ ਨੂੰ ਲੱਭਦਾ ਹੈ ਜਿਸ ਉਤੇ (ਪ੍ਰਭੂ) ਮਿਹਰ ਦੀ ਨਿਗਾਹ ਕਰਦਾ ਹੈ।
ਉਹ ਮਨੁੱਖ ਆਪਣੇ ਅੰਦਰੋਂ ਮੇਰ-ਤੇਰ ਦੂਰ ਕਰ ਲੈਂਦਾ ਹੈ, ਆਪਣੇ ਅੰਦਰ ਅਤੇ ਸਾਰੇ ਸੰਸਾਰ ਵਿਚ ਸਿਰਫ਼ ਇਕ ਪਰਮਾਤਮਾ ਨੂੰ ਹੀ ਵੇਖਦਾ ਹੈ ॥੧੧॥
ਹੇ ਜੋਗੀ! ਤੂੰ (ਅੰਮ੍ਰਿਤ ਨਾਮ ਦੀ) ਉਹ ਵੀਣਾ ਵਜਾਇਆ ਕਰ ਜੋ (ਅੰਤਰ ਆਤਮੇ) ਬਿਨਾ ਵਜਾਇਆਂ ਵੱਜਦੀ ਹੈ।
ਨਾਨਕ ਆਖਦਾ ਹੈ ਕਿ ਹੇ ਜੋਗੀ! (ਜੇ ਤੂੰ ਹਰਿ-ਨਾਮ ਸਿਮਰਨ ਦੀ ਵੀਣਾ ਵਜਾਏਂਗਾ, ਤਾਂ) ਤੂੰ ਵਿਕਾਰਾਂ ਤੋਂ ਖ਼ਲਾਸੀ (ਦਾ ਮਾਲਕ) ਹੋ ਜਾਹਿਂਗਾ, ਅਤੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਟਿਕਿਆ ਰਹੇਂਗਾ ॥੧੨॥੧॥੧੦॥
ਹੇ ਸੰਤ ਜਨੋ! ਗੁਰੂ ਦੇ ਸਨਮੁਖ ਰਹਿਣ ਵਾਲੇ ਨੇ ਹੀ ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਦੀ ਕਦਰ ਸਮਝੀ ਹੈ। ਗੁਰੂ ਨੇ (ਆਪ ਇਹ ਕਦਰ) ਸਮਝ (ਸਿੱਖ ਨੂੰ) ਬਖ਼ਸ਼ੀ ਹੈ ॥੧॥
ਹੇ ਸੰਤ ਜਨੋ! (ਪਰਮਾਤਮਾ ਲੋਕ ਪਰਲੋਕ ਵਿਚ) ਉਸ ਮਨੁੱਖ ਨੂੰ ਇੱਜ਼ਤ ਦੇਂਦਾ ਹੈ ਜੋ ਸਦਾ ਗੁਰੂ ਦੇ ਸਨਮੁਖ ਰਹਿੰਦਾ ਹੈ ॥੧॥ ਰਹਾਉ ॥
(ਹੇ ਸੰਤ ਜਨੋ! ਗੁਰੂ ਦੇ ਸਨਮੁਖ ਰਹਿ ਕੇ ਹੀ) ਤੁਸੀ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿ ਸਕਦੇ ਹੋ, (ਤੁਹਾਡੇ ਅੰਦਰ) ਆਤਮਕ ਅਡੋਲਤਾ ਵਾਲਾ ਸੁਖ ਪੈਦਾ ਹੋ ਸਕਦਾ ਹੈ ਅਤੇ (ਤੁਹਾਡੇ) ਅੰਦਰੋਂ ਕਾਮ ਕ੍ਰੋਧ ਦੂਰ ਹੋ ਸਕਦਾ ਹੈ ॥੨॥
(ਹੇ ਸੰਤ ਜਨੋ! ਗੁਰੂ ਦੇ ਸਨਮੁਖ ਮਨੁੱਖ ਨੇ ਹੀ) ਆਪਾ-ਭਾਵ ਛੱਡ ਕੇ (ਆਪਣੇ ਅੰਦਰ ਪਰਮਾਤਮਾ ਦੇ) ਨਾਮ ਦੀ ਲਗਨ ਬਣਾਈ ਹੈ ਅਤੇ (ਆਪਣੇ ਅੰਦਰੋਂ) ਮੈਂ-ਮੇਰੀ ਦੀ ਆਦਤ ਗੁਰੂ ਦੇ ਸ਼ਬਦ ਦੀ ਰਾਹੀਂ ਸਾੜੀ ਹੈ ॥੩॥
(ਹੇ ਸੰਤ ਜਨੋ! ਗੁਰਮੁਖਿ ਨੂੰ ਹੀ ਇਹ ਸਮਝ ਆਉਂਦੀ ਹੈ ਕਿ) ਜੀਵ ਜਿਸ ਪਰਮਾਤਮਾ ਤੋਂ ਪੈਦਾ ਹੁੰਦਾ ਹੈ ਉਸੇ ਦੇ ਹੁਕਮ ਅਨੁਸਾਰ ਹੀ ਨਾਸ ਹੋ ਜਾਂਦਾ ਹੈ, ਅਤੇ ਅਖ਼ੀਰ ਸਮੇ ਸਿਰਫ਼ ਪ੍ਰਭੂ-ਨਾਮ ਹੀ ਸਾਥੀ ਬਣਦਾ ਹੈ ॥੪॥
(ਹੇ ਸੰਤ ਜਨੋ!) ਜਿਸ ਪਰਮਾਤਮਾ ਨੇ ਇਹ ਜਗਤ ਦੀ ਖੇਡ ਬਣਾਈ ਹੈ ਉਸ ਨੂੰ ਇਸ ਵਿਚ ਹਰ ਥਾਂ ਹਾਜ਼ਰ-ਨਾਜ਼ਰ ਵੇਖੋ, ਇਸ ਵਿਚੋਂ ਲਾਂਭੇ ਦੂਰ ਨਾਹ ਸਮਝੋ ॥੫॥
(ਹੇ ਸੰਤ ਜਨੋ! ਗੁਰੂ ਦੇ ਸਨਮੁਖ ਹੋਇਆਂ ਹੀ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ ਮਨੁੱਖ ਦੇ ਹਿਰਦੇ ਵਿਚ ਵੱਸ ਸਕਦਾ ਹੈ ਅਤੇ ਸਦਾ-ਥਿਰ ਪ੍ਰਭੂ ਨਾਲ ਲਗਨ ਲੱਗ ਸਕਦੀ ਹੈ ॥੬॥
(ਹੇ ਸੰਤ ਜਨੋ! ਜਿਹੜਾ) ਹਰਿ-ਨਾਮ ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਨਹੀਂ ਮਿਲ ਸਕਦਾ ਉਹ ਗੁਰੂ ਦੀ ਸਾਧ ਸੰਗਤ ਵਿਚ ਵੱਡੀ ਕਿਸਮਤ ਨਾਲ ਮਿਲ ਜਾਂਦਾ ਹੈ ॥੭॥
(ਹੇ ਸੰਤ ਜਨੋ!) ਭਟਕਣਾ ਵਿਚ ਪੈ ਕੇ ਕੁਰਾਹੇ ਨਾਹ ਪਏ ਰਹੋ, ਗੁਰੂ ਦਾ ਦਰ ਮੱਲੀ ਰੱਖੋ, (ਆਪਣੇ ਮਨ ਨੂੰ ਪ੍ਰਭੂ-ਚਰਨਾਂ ਵਿਚ ਹੀ) ਇੱਕੋ ਥਾਂ ਟਿਕਾਈ ਰੱਖੋ ॥੮॥
(ਹੇ ਸੰਤ ਜਨੋ! ਪਰਮਾਤਮਾ ਦੇ) ਨਾਮ ਤੋਂ ਬਿਨਾਂ ਸਾਰੀ ਲੁਕਾਈ ਕੁਰਾਹੇ ਪਈ ਹੋਈ ਹੈ, ਅਤੇ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਰਹੀ ਹੈ ॥੯॥
(ਹੇ ਸੰਤ ਜਨੋ! ਧਾਰਮਿਕ ਭੇਖ ਦੇ) ਪਖੰਡ ਨਾਲ ਪ੍ਰਭੂ ਦਾ ਮਿਲਾਪ ਹਾਸਲ ਨਹੀਂ ਹੁੰਦਾ; (ਜਿਹੜਾ ਜੋਗੀ ਨਿਰਾ ਇਸ ਪਖੰਡ ਵਿਚ ਪਿਆ ਹੋਇਆ ਹੈ, ਉਸ) ਜੋਗੀ ਨੇ ਪ੍ਰਭੂ-ਮਿਲਾਪ ਦੀ ਜੁਗਤੀ (ਹੱਥੋਂ) ਗਵਾ ਲਈ ਹੈ, ਉਹ (ਵਿਅਰਥ) ਭਟਕਦਾ ਫਿਰਦਾ ਹੈ ॥੧੦॥
(ਹੇ ਸੰਤ ਜਨੋ! ਜਿਹੜਾ ਜੋਗੀ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਉਸ ਨੇ) ਗੁਰ-ਸ਼ਬਦ ਦੀ ਬਰਕਤ ਨਾਲ ਪ੍ਰਭੂ-ਮਿਲਾਪ ਹਾਸਲ ਕਰ ਲਿਆ ਹੈ, ਉਹ ਜੋਗੀ ਸਾਧ ਸੰਗਤ ਵਿਚ ਟਿਕਿਆ ਹੋਇਆ (ਮਾਨੋ) ਆਸਣ ਉਤੇ ਬੈਠਾ ਹੋਇਆ ਹੈ ॥੧੧॥
(ਹੇ ਸੰਤ ਜਨੋ! ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਮਨ ਦੀ, ਮਾਇਆ ਪਿੱਛੇ ਭਟਕਣ ਦੀ ਖੇਡ ਮੁਕਾ ਲੈਂਦਾ ਹੈ ॥੧੨॥
(ਹੇ ਸੰਤ ਜਨੋ!) ਇਹ ਮਨੁੱਖ ਸਰੀਰ ਸੋਹਣਾ ਤਲਾਬ ਹੈ, ਜਿਹੜਾ ਮਨੁੱਖ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ, (ਉਹ, ਮਾਨੋ, ਇਸ ਤਲਾਬ ਵਿਚ) ਇਸ਼ਨਾਨ ਕਰ ਰਿਹਾ ਹੈ ॥੧੩॥
(ਹੇ ਸੰਤ ਜਨੋ!) ਜਿਹੜੇ ਮਨੁੱਖ ਪ੍ਰਭੂ ਦੇ ਨਾਮ ਵਿਚ ਇਸ਼ਨਾਨ ਕਰਦੇ ਹਨ ਉਹ ਪਵਿੱਤਰ ਜੀਵਨ ਵਾਲੇ ਹਨ, ਉਹਨਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਮਨ ਦੀ ਵਿਕਾਰਾਂ ਵਾਲੀ) ਮੈਲ ਦੂਰ ਕਰ ਲਈ ਹੈ ॥੧੪॥
(ਹੇ ਸੰਤ ਜਨੋ! ਪ੍ਰਭੂ ਦੀ ਮਾਇਆ ਬੜੀ ਪ੍ਰਬਲ ਹੈ) ਮਾਇਆ ਦੇ ਤਿੰਨ ਗੁਣਾਂ ਦੇ ਕਾਰਨ (ਜੀਵ ਪ੍ਰਭੂ ਦੀ ਯਾਦ ਵੱਲੋਂ) ਬੇ-ਪਰਵਾਹ ਰਹਿੰਦੇ ਹਨ, (ਪ੍ਰਭੂ ਦਾ) ਨਾਮ ਯਾਦ ਨਹੀਂ ਕਰਦੇ। (ਹੇ ਸੰਤ ਜਨੋ! ਪਰਮਾਤਮਾ ਦੇ) ਨਾਮ ਤੋਂ ਬਿਨਾ ਹਰੇਕ ਜੀਵ ਆਤਮਕ ਮੌਤ ਸਹੇੜ ਲੈਂਦਾ ਹੈ ॥੧੫॥
(ਹੇ ਸੰਤ ਜਨੋ! ਕੋਈ ਵੱਡੇ ਤੋਂ ਵੱਡਾ ਭੀ ਹੋਵੇ) ਬ੍ਰਹਮਾ (ਹੋਵੇ) ਵਿਸ਼ਨੂੰ (ਹੋਵੇ) ਸ਼ਿਵ (ਹੋਵੇ) (ਪਰਮਾਤਮਾ ਦੇ ਨਾਮ ਤੋਂ ਬਿਨਾ ਹਰੇਕ ਜੀਵ ਮਾਇਆ ਦੇ) ਤਿੰਨ ਗੁਣਾਂ ਦੇ ਪੂਰਨ ਪ੍ਰਭਾਵ ਹੇਠ ਰਹਿੰਦਾ ਹੈ। ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਕਾਰਨ (ਪ੍ਰਭੂ-ਚਰਨਾਂ ਤੋਂ ਖੁੰਝਿਆ ਹੋਇਆ ਹਰੇਕ ਜੀਵ) ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਂਦਾ ਹੈ ॥੧੬॥
(ਹੇ ਸੰਤ ਜਨੋ!) ਗੁਰੂ ਦੀ ਕਿਰਪਾ ਨਾਲ (ਪ੍ਰਭੂ-ਨਾਮ ਦੀ ਰਾਹੀਂ ਜਿਸ ਮਨੁੱਖ ਦੀ) ਤ੍ਰਿਊੜੀ (ਭਾਵ, ਮਨ ਦੀ ਖਿੱਝ) ਦੂਰ ਹੁੰਦੀ ਹੈ, (ਉਹ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਉਤਾਂਹ ਰਹਿ ਕੇ) ਚੌਥੀ ਆਤਮਕ ਅਵਸਥਾ ਵਿਚ ਟਿਕ ਕੇ ਪ੍ਰਭੂ-ਚਰਨਾਂ ਵਿਚ ਸੁਰਤ ਜੋੜਦਾ ਹੈ ॥੧੭॥
(ਹੇ ਸੰਤ ਜਨੋ!) ਪੰਡਿਤ ਲੋਕ (ਪੁਰਾਣ ਆਦਿਕ ਪੁਸਤਕਾਂ) ਪੜ੍ਹਦੇ ਹਨ, ਇਹਨਾਂ ਨੂੰ ਪੜ੍ਹ ਕੇ (ਸ੍ਰੋਤਿਆਂ ਨੂੰ ਦੇਵਤਿਆਂ ਆਦਿਕ ਦਾ ਪਰਸਪਰ) ਲੜਾਈ-ਝਗੜਾ ਸੁਣਾਂਦੇ ਹਨ, (ਪਰ ਇਸ ਤਰ੍ਹਾਂ) ਉਹਨਾਂ ਨੂੰ (ਆਪ ਨੂੰ ਉੱਚੇ ਆਤਮਕ ਜੀਵਨ ਦੀ ਸੂਝ ਨਹੀਂ ਪੈਂਦੀ ॥੧੮॥
ਮਾਇਆ ਦੇ ਮੋਹ ਵਿਚ ਫਸੇ ਹੋਏ (ਉਹ ਪੰਡਿਤ ਲੋਕ) ਭਟਕਣਾ ਦੇ ਕਾਰਨ (ਆਪ) ਕੁਰਾਹੇ ਪਏ ਰਹਿੰਦੇ ਹਨ। ਫਿਰ ਹੇ ਭਾਈ! ਉਹ ਹੋਰ ਕਿਸ ਨੂੰ ਸਿੱਖਿਆ ਦੇਂਦੇ ਹਨ? (ਉਹਨਾਂ ਦੀ ਸਿੱਖਿਆ ਦਾ ਕਿਸੇ ਹੋਰ ਨੂੰ ਕੋਈ ਲਾਭ ਨਹੀਂ ਹੋ ਸਕਦਾ) ॥੧੯॥
ਹੇ ਸੰਤ ਜਨੋ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਦਾ ਬੋਲ ਸ੍ਰੇਸ਼ਟ ਹੋਇਆ ਕਰਦਾ ਹੈ। ਉਹ ਬੋਲ ਹਰੇਕ ਜੁਗ ਵਿਚ ਹੀ (ਹਰੇਕ ਸਮੇ ਹੀ ਸਭਨਾਂ ਉਤੇ) ਆਪਣਾ ਪ੍ਰਭਾਵ ਪਾਂਦਾ ਹੈ ॥੨੦॥