ਤੂੰ ਕਈ ਤਾਂ ਅਜਿਹੇ ਪੈਦਾ ਕੀਤੇ ਹਨ ਜੋ ਸਦਾ ਤ੍ਰਿਸ਼ਨਾ ਦੇ ਅਧੀਨ ਰਹਿੰਦੇ ਹਨ, ਤੇ ਕਈ ਪੂਰਨ ਤੌਰ ਤੇ ਰੱਜੇ ਹੋਏ ਹਨ। ਹਰੇਕ ਜੀਵ ਨੂੰ ਤੇਰਾ ਹੀ ਸਹਾਰਾ ਹੈ ॥੩॥
ਪਰਮਾਤਮਾ ਸਿਰਫ਼ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ।
ਤਾਣੇ ਪੇਟੇ ਵਾਂਗ ਆਪਣੇ ਭਗਤਾਂ ਨਾਲ ਰਚਿਆ-ਮਿਚਿਆ ਰਹਿੰਦਾ ਹੈ।
(ਜੀਵਾਤਮਾ ਦੇ ਰੂਪ ਵਿਚ ਹਰੇਕ ਜੀਵ ਦੇ ਅੰਦਰ) ਆਪ ਹੀ ਲੁਕਿਆ ਹੋਇਆ ਹੈ, ਇਹ ਦਿੱਸਦਾ ਪਸਾਰਾ ਭੀ ਉਹ ਆਪ ਹੀ ਹੈ। (ਜਗਤ-ਰੂਪ ਵਿਚ) ਉਸ ਨੇ ਆਪਣੇ ਆਪ ਨੂੰ ਆਪ ਹੀ ਖਿਲਾਰਿਆ ਹੋਇਆ ਹੈ ॥੪॥
ਪਰਮਾਤਮਾ ਸਦਾ ਹੀ ਸਦਾ ਹੀ ਜੀਊਂਦਾ ਰਹਿਣ ਵਾਲਾ ਹੈ,
(ਆਤਮਕ ਅਵਸਥਾ ਵਿਚ) ਉਹ ਬਹੁਤ ਉੱਚਾ ਹੈ, ਅਪਹੁੰਚ ਹੈ, ਅਥਾਹ ਹੈ, ਬੇਅੰਤ ਹੈ।
ਉਸ ਮਾਲਕ-ਪ੍ਰਭੂ ਦੇ ਇਹ ਕੌਤਕ ਤਮਾਸ਼ੇ ਹਨ ਕਿ ਸੱਖਣੇ (ਭਾਂਡੇ) ਭਰ ਦੇਂਦਾ ਹੈ, ਭਰਿਆਂ ਨੂੰ ਖ਼ਾਲੀ ਕਰ ਦੇਂਦਾ ਹੈ ॥੫॥
ਹੇ ਸਦਾ ਕਾਇਮ ਰਹਿਣ ਵਾਲੇ ਪਾਤਿਸ਼ਾਹ! (ਮਿਹਰ ਕਰ) ਮੈਂ ਮੂੰਹੋਂ ਤੇਰੀ ਸਿਫ਼ਤ-ਕਰਦਾ ਰਹਾਂ।
ਹੇ ਅਪਹੁੰਚ ਤੇ ਅਥਾਹ ਪ੍ਰਭੂ! (ਕਿਰਪਾ ਕਰ, ਹਰ ਥਾਂ) ਮੈਂ (ਤੈਨੂੰ) ਅੱਖਾਂ ਨਾਲ ਵੇਖਾਂ।
ਕੰਨਾਂ ਨਾਲ ਤੇਰੀ ਸਿਫ਼ਤ-ਸਾਲਾਹ ਸੁਣ ਸੁਣ ਕੇ ਮੇਰਾ ਮਨ ਮੇਰਾ ਤਨ (ਆਤਮਕ ਜੀਵਨ ਨਾਲ) ਹਰਿਆ-ਭਰਿਆ ਹੋਇਆ ਰਹੇ। ਹੇ ਮੇਰੇ ਮਾਲਕ! ਤੂੰ ਸਭਨਾਂ ਜੀਵਾਂ ਦਾ ਬੇੜਾ ਪਾਰ ਕਰਨ ਵਾਲਾ ਹੈਂ ॥੬॥
ਹੇ ਪ੍ਰਭੂ! ਤੂੰ ਸਭ ਜੀਵਾਂ ਨੂੰ ਪੈਦਾ ਕਰ ਕਰ ਕੇ ਆਪਣੇ ਪੈਦਾ ਕੀਤਿਆਂ ਦੀ ਸੰਭਾਲ ਕਰਦਾ ਹੈਂ।
ਸਾਰੇ ਜੀਅ ਜੰਤ ਉਸੇ ਸਿਰਜਣਹਾਰ ਨੂੰ ਜਪਦੇ ਹਨ।
ਆਪਣੀ ਕੁਦਰਤ (ਪੈਦਾ ਕਰਨ ਦੀ ਤਾਕਤ) ਨੂੰ ਆਪ ਹੀ ਜਾਣਦਾ ਹੈ। ਮਿਹਰ ਦਾ ਮਾਲਕ ਪ੍ਰਭੂ ਮਿਹਰ ਦੀ ਨਿਗਾਹ ਨਾਲ ਸਭ ਵਲ ਤੱਕਦਾ ਹੈ ॥੭॥
ਜਿਸ ਸਾਧ ਸੰਗਤ ਵਿਚ (ਸੰਤ ਜਨ) ਪ੍ਰਭੂ ਦੇ ਚਰਨਾਂ ਵਿਚ ਬੈਠਦੇ ਹਨ,
ਪ੍ਰਭੂ ਦੇ ਕੌਤਕ ਤਮਾਸ਼ਿਆਂ ਦਾ ਜ਼ਿਕਰ ਕਰ ਕੇ ਆਤਮਕ ਆਨੰਦ ਖ਼ੁਸ਼ੀਆਂ ਮਾਣਦੇ ਹਨ,
ਅਤੇ ਇਕ-ਰਸ ਸੁਰ ਵਿਚ ਬਾਣੀ ਦੀ ਰਾਹੀਂ ਪ੍ਰਭੂ ਦੇ ਗੁਣ ਗਾਂਦੇ ਹਨ, (ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਉਸ ਸਾਧ ਸੰਗਤ ਵਿਚ ਦਾਸ ਨਾਨਕ ਭੀ ਉਸ ਦੇ ਗੁਣ ਆਪਣੇ ਹਿਰਦੇ ਵਿਚ ਵਸਾਏ ॥੮॥
ਹੇ ਪ੍ਰਭੂ! (ਜੀਵਾਂ ਦਾ) ਜੰਮਣਾ ਤੇ ਮਰਨਾ-ਇਹ ਸਾਰਾ ਤੇਰਾ (ਰਚਿਆ) ਖੇਲ ਹੈ।
ਬੇਅੰਤ ਪ੍ਰਭੂ ਇਹ ਖੇਲ ਕਰ ਕਰ ਕੇ ਵੇਖ ਰਿਹਾ ਹੈ।
ਪੈਦਾ ਕਰਨ ਦੀ ਸਮਰਥਾ ਵਾਲਾ ਪ੍ਰਭੂ ਆਪ (ਜੀਵਾਂ ਨੂੰ) ਪੈਦਾ ਕਰਦਾ ਹੈ। ਆਪਣੇ ਪੈਦਾ ਕੀਤੇ (ਜੀਵਾਂ) ਨੂੰ (ਆਪ ਹੀ) ਪਾਲਦਾ ਹੈ ॥੯॥
ਹੇ ਪ੍ਰਭੂ! ਤੇਰੀ ਸੋਭਾ ਸੁਣ ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ,
ਮੈਂ ਤੈਥੋਂ ਸਦਾ ਹੀ ਸਦਕੇ ਜਾਂਦਾ ਹਾਂ।
ਹੇ ਮੇਰੇ ਅਪਹੁੰਚ ਤੇ ਬੇਅੰਤ ਮਾਲਕ! (ਜਦੋਂ ਤੇਰੀ ਮਿਹਰ ਹੁੰਦੀ ਹੈ) ਮੈਂ ਦੋਵੇਂ ਹੱਥ ਜੋੜ ਕੇ ਦਿਨ ਰਾਤ ਤੈਨੂੰ ਸਿਮਰਦਾ ਹਾਂ ॥੧੦॥
ਹੇ ਪ੍ਰਭੂ! ਤੈਨੂੰ ਛੱਡ ਕੇ ਮੈਂ ਕਿਸੇ ਹੋਰ ਦੀ ਸਿਫ਼ਤ-ਸਾਲਾਹ ਨਹੀਂ ਕਰ ਸਕਦਾ।
ਮੈਂ ਆਪਣੇ ਮਨ ਵਿਚ ਸਿਰਫ਼ ਇਕ ਤੈਨੂੰ ਹੀ ਜਪਦਾ ਹਾਂ।
ਤੇਰੇ ਸੇਵਕ ਤੇਰੀ ਰਜ਼ਾ ਨੂੰ ਸਮਝ ਕੇ ਸਦਾ ਖਿੜੇ-ਮੱਥੇ ਰਹਿੰਦੇ ਹਨ-ਇਹ ਹੈ ਤੇਰਿਆਂ ਭਗਤਾਂ ਦੀ ਘਾਲ ਕਮਾਈ ॥੧੧॥
ਗੁਰੂ ਦੇ ਉਪਦੇਸ਼ ਦੀ ਰਾਹੀਂ ਮਨ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਜਪਣਾ ਚਾਹੀਦਾ ਹੈ।
ਗੁਰੂ ਦੇ ਉਪਦੇਸ਼ ਉਤੇ ਤੁਰ ਕੇ ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਮਿਚਿਆ ਰਹਿੰਦਾ ਹੈ।
ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਮਨੁੱਖ ਦੇ ਅੰਦਰੋਂ ਮਾਇਆ ਦੇ ਮੋਹ ਦੇ) ਸਾਰੇ ਬੰਧਨ ਟੁੱਟ ਜਾਂਦੇ ਹਨ। ਮਨੁੱਖ ਦੀ ਇਹ ਭਟਕਣਾ, ਮਨੁੱਖ ਦਾ ਇਹ ਮੋਹ ਚੰਗੀ ਤਰ੍ਹਾਂ ਸੜ ਜਾਂਦਾ ਹੈ ॥੧੨॥
('ਐਸਾ ਕੋ ਵਡਭਾਗੀ ਆਇਆ' ਜਿਹੜਾ ਇਹ ਨਿਸ਼ਚਾ ਰੱਖਦਾ ਹੈ ਕਿ) ਜਿੱਥੇ (ਪਰਮਾਤਮਾ ਸਾਨੂੰ) (ਸਾਡੇ ਵਾਸਤੇ) ਸੁਖ ਦੇਣ ਵਾਲਾ ਥਾਂ ਹੈ,
(ਜਿਹੜਾ ਮਨੁੱਖ) ਜੋ ਕੁਝ ਰਜ਼ਾ ਵਿਚ ਹੋ ਰਿਹਾ ਹੈ ਉਸ ਨੂੰ ਭਲਾਈ ਵਾਸਤੇ ਹੋ ਰਿਹਾ ਮੰਨਦਾ ਹੈ,
(ਜਿਸ ਮਨੁੱਖ ਦੇ ਅੰਦਰੋਂ) ਸਾਰੇ ਵੈਰ-ਵਿਰੋਧ ਮਿਟ ਜਾਂਦੇ ਹਨ, (ਜਿਸ ਨੂੰ ਜਗਤ ਵਿਚ) ਕੋਈ ਵੈਰੀ ਨਹੀਂ ਦਿੱਸਦਾ, (ਜਿਹੜਾ) ਹਰ ਥਾਂ ਸਿਰਫ਼ ਪਰਮਾਤਮਾ ਨੂੰ ਹੀ ਵੇਖਦਾ ਹੈ ॥੧੩॥
('ਐਸਾ ਕੋ ਵਡਭਾਗੀ ਆਇਆ', ਜਿਸ ਦੇ ਅੰਦਰੋਂ) ਸਾਰੇ ਡਰ ਮੁੱਕ ਜਾਂਦੇ ਹਨ, ਆਤਮਕ ਜੀਵਨ ਦੇ ਰਸਤੇ ਦੇ ਸਾਰੇ ਹਨੇਰੇ ਦੂਰ ਹੋ ਜਾਂਦੇ ਹਨ,
(ਜਿਸ ਦੇ ਅੰਦਰ) ਨਿਰਲੇਪ ਪ੍ਰਭੂ ਪਰਗਟ ਹੋ ਜਾਂਦਾ ਹੈ,
(ਜਿਹੜਾ ਮਨੁੱਖ) ਆਪਾ-ਭਾਵ ਦੂਰ ਕਰ ਕੇ ਪਰਮਾਤਮਾ ਦੀ ਸਰਨੀਂ ਪੈਂਦਾ ਹੈ, ਜਿਸ ਪ੍ਰਭੂ ਦਾ ਪੈਦਾ ਕੀਤਾ ਹੋਇਆ ਹੈ ਉਸੇ (ਦੇ ਸਿਮਰਨ) ਦੀ ਘਾਲ-ਕਮਾਈ ਕਰਦਾ ਹੈ ॥੧੪॥
ਕੋਈ ਵਿਰਲਾ ਹੀ ਅਜਿਹਾ ਭਾਗਾਂ ਵਾਲਾ ਮਨੁੱਖ ਜੰਮਦਾ ਹੈ,
ਜਿਹੜਾ ਅੱਠੇ ਪਹਰ ਮਾਲਕ-ਪ੍ਰਭੂ ਦਾ ਨਾਮ ਯਾਦ ਕਰਦਾ ਹੈ।
ਉਸ ਮਨੁੱਖ ਦੀ ਸੰਗਤ ਵਿਚ (ਰਹਿ ਕੇ) ਹਰੇਕ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਉਹ ਮਨੁੱਖ ਆਪਣੇ ਪਰਵਾਰ ਵਾਸਤੇ ਸਹਾਰਾ ਬਣ ਜਾਂਦਾ ਹੈ ॥੧੫॥
(ਜੇ ਮੇਰੇ ਮਾਲਕ ਦੀ ਮੇਰੇ ਉਤੇ ਮਿਹਰ ਹੋਵੇ ਤਾਂ) ਮੈਂ ਉਸ ਮਾਲਕ ਪਾਸੋਂ ਇਹ ਦਾਤ ਹਾਸਿਲ ਕਰਾਂ
ਕਿ ਅੱਠੇ ਪਹਰ ਦੋਵੇਂ ਹੱਥ ਜੋੜ ਕੇ ਉਸ ਦਾ ਨਾਮ ਸਿਮਰਦਾ ਰਹਾਂ,
ਹੇ ਨਾਨਕ! (ਆਖ-) ਉਸ ਦਾ ਨਾਮ ਜਪਦਾ ਰਹਾਂ, ਉਸ ਦੇ ਨਾਮ ਵਿਚ ਆਤਮਕ ਅਡੋਲਤਾ ਵਿਚ ਲੀਨ ਰਹਾਂ, ਮੈਨੂੰ ਉਸ ਦਾ ਨਾਮ ਜਪਣ ਦੀ ਦਾਤ ਮਿਲੀ ਰਹੇ ॥੧੬॥੧॥੬॥
ਹੇ ਮੂਰਖ! (ਜਗਤ ਦੇ ਪਦਾਰਥਾਂ ਦੀ) ਸ਼ਕਲ ਵੇਖ ਕੇ ਗ਼ਲਤੀ ਨਾਹ ਖਾਹ।
ਇਹ ਸਾਰਾ ਝੂਠੇ ਮੋਹ ਦਾ ਝੂਠਾ ਖਿਲਾਰਾ ਹੈ।
ਜਗਤ ਵਿਚ ਕੋਈ ਭੀ ਸਦਾ ਲਈ ਟਿਕਿਆ ਨਹੀਂ ਰਹਿ ਸਕਦਾ, ਸਿਰਫ਼ ਇਕ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ॥੧॥
ਪੂਰੇ ਗੁਰੂ ਦੀ ਸਰਨ ਪਿਆ ਰਹੁ।
ਗੁਰੂ (ਸਰਨ ਪਏ ਮਨੁੱਖ ਦਾ) ਮੋਹ ਸੋਗ ਤੇ ਸਾਰਾ ਭਰਮ ਮਿਟਾ ਦੇਂਦਾ ਹੈ।
ਗੁਰੂ ਇਕੋ ਉਪਦੇਸ਼ ਹਿਰਦੇ ਵਿਚ ਕਰਦਾ ਹੈ ਇਕੋ ਦਵਾਈ ਦੇਂਦਾ ਹੈ ਕਿ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਸਿਮਰਨਾ ਚਾਹੀਦਾ ਹੈ ॥੨॥