ਇਸ ਕਲਿਜੁਗ (ਭਾਵ, ਕੁਕਰਮ-ਦਸ਼ਾ ਵਿੱਚ) ਕੋਈ ਕਰਮ-ਧਰਮ ਛੁਡਾ ਨਹੀਂ ਸਕਦਾ।
ਕੁਕਰਮੀ ਮਨੁੱਖ ਦੇ ਹਿਰਦੇ ਵਿਚ (ਮਾਨੋ) ਕਲਿਜੁਗ ਆ ਜਾਂਦਾ ਹੈ।
ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਮਨੁੱਖ (ਕਲਿਜੁਗ ਤੋਂ) ਖ਼ਲਾਸੀ ਨਹੀਂ ਪਾ ਸਕਦਾ ॥੪॥੧੦॥੩੦॥
ਪਰਮਾਤਮਾ (ਜਗਤ ਦਾ) ਸਦਾ-ਥਿਰ ਰਹਿਣ ਵਾਲਾ ਪਾਤਿਸ਼ਾਹ ਹੈ, ਉਸ ਦਾ ਹੁਕਮ ਅਟੱਲ ਹੈ।
ਜੇਹੜੇ ਮਨੁੱਖ (ਆਪਣੇ) ਮਨ ਦੀ ਰਾਹੀਂ ਉਸ ਸਦਾ-ਥਿਰ ਪਰਮਾਤਮਾ (ਦੇ ਨਾਮ-ਰੰਗ) ਵਿਚ ਰੰਗੇ ਜਾਂਦੇ ਹਨ, ਉਹ ਉਸ ਵੇਪਰਵਾਹ ਹਰੀ ਦਾ ਰੂਪ ਹੋ ਜਾਂਦੇ ਹਨ।
ਉਹ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹਜ਼ੂਰੀ ਵਿਚ ਰਹਿੰਦੇ ਹਨ, ਉਸ ਦੇ ਸਦਾ-ਥਿਰ ਨਾਮ ਵਿਚ ਲੀਨਤਾ ਪ੍ਰਾਪਤ ਕਰ ਲੈਂਦੇ ਹਨ ॥੧॥
ਹੇ ਮੇਰੇ ਮਨ! (ਗੁਰੂ ਦੀ ਸਿੱਖਿਆ) ਸੁਣ, ਗੁਰੂ ਦੇ ਸ਼ਬਦ ਨੂੰ (ਆਪਣੇ) ਸੋਚ-ਮੰਡਲ ਵਿਚ ਵਸਾ ਰੱਖ।
ਜੇ ਤੂੰ ਪਰਮਾਤਮਾ ਦਾ ਨਾਮ ਸਿਮਰੇਂਗਾ, ਤਾਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ ॥੧॥ ਰਹਾਉ ॥
ਪਰ ਇਹ ਜਗਤ (ਆਪਣੇ ਮਨ ਦੇ ਪਿੱਛੇ ਤੁਰ ਕੇ) ਮਾਇਆ ਦੇ ਮੋਹ ਵਿਚ ਫਸ ਕੇ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
ਮਾਇਆ ਦੀ ਭਟਕਣਾ ਵਿਚ ਹੀ ਜੰਮਦਾ ਹੈ ਤੇ ਮਾਇਆ ਦੀ ਭਟਕਣਾ ਵਿਚ ਹੀ ਮਰਦਾ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ ਤੇ ਜੰਮਦਾ ਮਰਦਾ ਰਹਿੰਦਾ ਹੈ ॥੨॥
ਇਹ ਜੀਵ ਆਪ ਹੀ ਕੁਰਾਹੇ ਪਿਆ ਹੈ ਜਾਂ ਪਰਮਾਤਮਾ ਨੇ ਆਪ ਇਸ ਨੂੰ ਕੁਰਾਹੇ ਪਾ ਰੱਖਿਆ ਹੈ।
(ਇਕ ਗੱਲ ਪਰਤੱਖ ਹੈ ਕਿ ਇਹ ਆਪਣਾ ਅਸਲ ਹਿਤ ਭੁਲਾਈ ਬੈਠਾ ਹੈ ਤੇ ਮਾਇਆ ਦੇ ਮੋਹ ਵਿਚ ਫਸ ਕੇ) ਇਹ ਜੀਵ ਬਿਗਾਨੀ ਨੌਕਰੀ ਹੀ ਕਰ ਰਿਹਾ ਹੈ,
(ਜਿਸ ਤੋਂ) ਇਹ ਮਹਾਨ ਦੁੱਖ ਹੀ ਖੱਟਦਾ ਹੈ ਤੇ ਮਨੁੱਖਾ ਜਨਮ ਵਿਅਰਥ ਗਵਾ ਰਿਹਾ ਹੈ ॥੩॥
ਪਰਮਾਤਮਾ ਆਪਣੀ ਮਿਹਰ ਕਰ ਕੇ ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ,
ਉਹ ਮਨੁੱਖ (ਮਾਇਆ ਦਾ ਮੋਹ ਛੱਡ ਕੇ) ਕੇਵਲ ਪਰਮਾਤਮਾ ਦਾ ਨਾਮ ਸਿਮਰਦਾ ਹੈ, ਤੇ, ਆਪਣੇ ਅੰਦਰੋਂ ਮਾਇਆ ਵਾਲੀ ਭਟਕਣਾ ਦੂਰ ਕਰ ਲੈਂਦਾ ਹੈ।
ਹੇ ਨਾਨਕ! ਉਹ ਮਨੁੱਖ ਸਦਾ ਹਰਿ-ਨਾਮ ਸਿਮਰਦਾ ਹੈ ਤੇ ਹਰਿ-ਨਾਮ-ਖ਼ਜ਼ਾਨਾ ਪ੍ਰਾਪਤ ਕਰਦਾ ਹੈ ਜੋ (ਉਸ ਦੇ ਵਾਸਤੇ, ਮਾਨੋ, ਜਗਤ ਦੇ ਸਾਰੇ) ਨੌ ਖ਼ਜ਼ਾਨੇ ਹੈ ॥੪॥੧੧॥੩੧॥
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਰਾਹ ਉਤੇ ਤੁਰ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ (ਜਦੋਂ) ਮੈਂ ਉਹਨਾਂ ਪਾਸੋਂ (ਸਿਮਰਨ ਦੀ ਜਾਚ) ਪੁੱਛਦਾ ਹਾਂ,
(ਤਾਂ ਉਹ ਦੱਸਦੇ ਹਨ ਕਿ) ਗੁਰੂ ਦੀ ਦੱਸੀ ਹੋਈ ਸੇਵਾ ਨਾਲ (ਹੀ) ਮਨੁੱਖ ਦਾ ਮਨ (ਪ੍ਰਭੂ-ਸਿਮਰਨ ਵਿਚ) ਪਤੀਜਦਾ ਹੈ।
(ਗੁਰੂ ਦੀ ਸਰਨ ਪੈਣ ਵਾਲੇ) ਉਹ ਮਨੁੱਖ ਪਰਮਾਤਮਾ ਦਾ ਨਾਮ-ਧਨ ਖੱਟ ਕੇ ਧਨਾਢ ਹੋ ਜਾਂਦੇ ਹਨ।
ਇਹ ਅਕਲ ਪੂਰੇ ਗੁਰੂ ਪਾਸੋਂ ਹੀ ਮਿਲਦੀ ਹੈ ॥੧॥
ਹੇ ਮੇਰੇ ਭਾਈ! (ਗੁਰੂ ਦੀ ਸਰਨ ਪੈ ਕੇ) ਸਦਾ ਪਰਮਾਤਮਾ ਦਾ ਨਾਮ ਸਿਮਰਦੇ ਰਹੋ।
ਗੁਰੂ ਦੀ ਰਾਹੀਂ ਕੀਤੀ ਹੋਈ ਸੇਵਾ-ਭਗਤੀ ਦੀ ਮਿਹਨਤ ਪਰਮਾਤਮਾ ਕਬੂਲ ਕਰ ਲੈਂਦਾ ਹੈ ॥੧॥ ਰਹਾਉ ॥
(ਗੁਰੂ ਦੀ ਰਾਹੀਂ ਜੇਹੜਾ ਮਨੁੱਖ) ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ।
ਉਹ ਇਸ ਜਨਮ ਵਿਚ ਹੀ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਹਾਸਲ ਕਰ ਲੈਂਦਾ ਹੈ ਤੇ ਪਰਮਾਤਮਾ ਨੂੰ ਮਿਲ ਪੈਂਦਾ ਹੈ।
ਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਗੁਣ ਗਾਂਦਾ ਹੈ,
ਉਸ ਦੀ ਬੁੱਧੀ ਸ੍ਰੇਸ਼ਟ ਹੋ ਜਾਂਦੀ ਹੈ ਉਹ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੨॥
(ਹੇ ਮੇਰੇ ਭਾਈ!) ਮਾਇਆ ਦੇ ਮੋਹ ਵਿਚ ਫਸੇ ਰਿਹਾਂ ਪਰਮਾਤਮਾ ਦੀ ਸੇਵਾ-ਭਗਤੀ ਨਹੀਂ ਹੋ ਸਕਦੀ।
ਹਉਮੈ ਇਕ ਵੱਡਾ ਜ਼ਹਰ ਹੈ ਮਾਇਆ ਦਾ ਮੋਹ ਵੱਡਾ ਜ਼ਹਰ ਹੈ (ਇਹ ਜ਼ਹਰ ਮਨੁੱਖ ਦੇ ਆਤਮਕ ਜੀਵਨ ਨੂੰ) ਮਾਰ ਮੁਕਾਂਦਾ ਹੈ।
ਮਾਇਆ (ਮਨੁੱਖ ਨੂੰ) ਪੁੱਤਰ (ਦੇ ਮੋਹ) ਦੀ ਰਾਹੀਂ, ਪਰਵਾਰ (ਦੇ ਮੋਹ) ਦੀ ਰਾਹੀਂ, ਘਰ (ਦੇ ਮੋਹ) ਦੀ ਰਾਹੀਂ ਠੱਗਦੀ ਰਹਿੰਦੀ ਹੈ।
(ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਮਨੁੱਖ ਆਪਣੇ ਮਨ ਦੇ ਪਿੱਛੇ ਤੁਰ ਕੇ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੩॥
ਪਰਮਾਤਮਾ (ਗੁਰੂ ਦੀ ਰਾਹੀਂ ਜਿਸ ਮਨੁੱਖ ਨੂੰ) ਆਪਣੇ ਨਾਮ ਦੀ ਦਾਤ ਦੇਂਦਾ ਹੈ, ਉਹ ਮਨੁੱਖ (ਉਸ ਦਾ) ਸੇਵਕ ਬਣ ਜਾਂਦਾ ਹੈ।
ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਰ ਰੋਜ਼ ਪਰਮਾਤਮਾ ਦੀ ਭਗਤੀ ਹੋ ਸਕਦੀ ਹੈ।
ਗੁਰੂ ਦੀ ਮਤਿ ਲੈ ਕੇ ਹੀ ਕੋਈ ਵਿਰਲਾ ਮਨੁੱਖ (ਜੀਵਨ-ਮਨੋਰਥ ਨੂੰ) ਸਮਝਦਾ ਹੈ।
ਤੇ, ਹੇ ਨਾਨਕ! ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੪॥੧੨॥੩੨॥
ਗੁਰੂ ਦੀ ਦੱਸੀ ਸੇਵਾ ਕਰਨ ਦਾ ਨਿਯਮ ਸਦਾ ਤੋਂ ਹੀ ਚਲਿਆ ਆ ਰਿਹਾ ਹੈ (ਚੌਹਾਂ ਜੁਗਾਂ ਵਿਚ ਹੀ ਪਰਵਾਨ ਹੈ)।
ਕੋਈ ਪੂਰਨ ਮਨੁੱਖ ਹੀ ਗੁਰੂ ਦੀ ਦੱਸੀ ਕਾਰ (ਪੂਰੀ ਸ਼ਰਧਾ ਨਾਲ) ਕਰਦਾ ਹੈ।
(ਜੇਹੜਾ ਮਨੁੱਖ ਗੁਰੂ ਦੀ ਦੱਸੀ ਕਾਰ ਪੂਰੀ ਸ਼ਰਧਾ ਨਾਲ ਕਰਦਾ ਹੈ ਉਹ) ਕਦੇ ਨਾਹ ਮੁਕਣ ਵਾਲਾ ਹਰਿ-ਨਾਮ-ਧਨ (ਇਕੱਠਾ ਕਰ ਲੈਂਦਾ ਹੈ, ਉਸ ਧਨ ਵਿਚ ਕਦੇ) ਘਾਟਾ ਨਹੀਂ ਪੈਂਦਾ।
(ਇਹ ਨਾਮ-ਧਨ ਇਕੱਠਾ ਕਰਨ ਵਾਲਾ ਮਨੁੱਖ) ਇਸ ਲੋਕ ਵਿਚ ਸਦਾ ਆਤਮਕ ਆਨੰਦ ਮਾਣਦਾ ਹੈ, ਪ੍ਰਭੂ ਦੀ ਹਜ਼ੂਰੀ ਵਿਚ ਭੀ ਉਸ ਨੂੰ ਸੋਭਾ ਮਿਲਦੀ ਹੈ ॥੧॥
ਹੇ ਮੇਰੇ ਮਨ! (ਗੁਰੂ ਦੀ ਦੱਸੀ ਸਿੱਖਿਆ ਉਤੇ) ਸ਼ੱਕ ਨਹੀਂ ਕਰਨਾ ਚਾਹੀਦਾ।
ਗੁਰੂ ਦੀ ਦੱਸੀ ਸੇਵਾ-ਭਗਤੀ ਕਰ ਕੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਰਸ ਪੀਣਾ ਚਾਹੀਦਾ ਹੈ ॥੧॥ ਰਹਾਉ ॥
ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਸੰਸਾਰ ਵਿਚ ਮਹਾ ਪੁਰਖ ਮੰਨੇ ਜਾਂਦੇ ਹਨ।
ਉਹ ਸੰਸਾਰ-ਸਮੁੰਦਰ ਤੋਂ ਆਪ ਪਾਰ ਲੰਘ ਜਾਂਦੇ ਹਨ, ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦੇ ਹਨ।
ਉਹ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਸੰਭਾਲ ਰੱਖਦੇ ਹਨ।
ਪ੍ਰਭੂ-ਨਾਮ (ਦੇ ਰੰਗ) ਵਿਚ ਰੰਗੇ ਹੋਏ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੨॥
ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਆਪਣੇ ਮਨ ਵਿਚ ਸਦਾ (ਸਭਨਾਂ ਦੇ) ਦਾਸ ਬਣੇ ਰਹਿੰਦੇ ਹਨ।
ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦੇ ਹਨ ਤੇ ਉਹਨਾਂ ਦਾ ਹਿਰਦਾ-ਕਮਲ ਖਿੜਿਆ ਰਹਿੰਦਾ ਹੈ।
ਉਹਨਾਂ ਦੇ ਅੰਦਰ (ਸਿਫ਼ਤ-ਸਾਲਾਹ ਦਾ, ਮਾਨੋ, ਵਾਜਾ) ਇਕ-ਰਸ ਵੱਜਦਾ ਰਹਿੰਦਾ ਹੈ, ਉਹਨਾਂ ਦੀ ਸੁਰਤ ਪ੍ਰਭੂ-ਚਰਨਾਂ ਵਿਚ ਟਿਕੀ ਰਹਿੰਦੀ ਹੈ।
ਪ੍ਰਭੂ-ਨਾਮ ਵਿਚ ਰੰਗੇ ਹੋਏ ਉਹ ਮਨੁੱਖ ਗ੍ਰਿਹਸਤ ਵਿਚ ਰਹਿੰਦੇ ਹੋਏ ਭੀ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦੇ ਹਨ ॥੩॥
ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ (ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਉਚਾਰੀ ਹੋਈ) ਉਹਨਾਂ ਦੀ ਬਾਣੀ ਸਦਾ ਲਈ ਅਟੱਲ ਹੋ ਜਾਂਦੀ ਹੈ।
ਹਰੇਕ ਜੁਗ ਵਿਚ (ਸਦਾ ਹੀ) ਭਗਤ ਜਨ ਉਹ ਬਾਣੀ ਉਚਾਰ ਕੇ (ਹੋਰਨਾਂ ਨੂੰ ਭੀ) ਸੁਣਾਂਦੇ ਹਨ।
ਉਹ ਮਨੁੱਖ ਹਰ ਰੋਜ਼ ਸਾਰੰਗ-ਪਾਣੀ ਪ੍ਰਭੂ ਦਾ ਨਾਮ ਜਪਦੇ ਰਹਿੰਦੇ ਹਨ।