(ਇਸ ਭੇਤ ਨੂੰ) ਉਹ ਮਨੁੱਖ ਸਮਝਦਾ ਹੈ ਜਿਸ ਨੂੰ (ਪਰਮਾਤਮਾ) ਆਪ ਸਮਝਾਂਦਾ ਹੈ,
ਤੇ (ਉਸ ਪਾਸੋਂ) ਗੁਰੂ ਦੀ ਕਿਰਪਾ ਨਾਲ (ਆਪਣੀ) ਸੇਵਾ-ਭਗਤੀ ਕਰਾਂਦਾ ਹੈ ॥੧॥
(ਹੇ ਭਾਈ!) ਗੁਰੂ ਦੇ ਬਖ਼ਸ਼ੇ ਹੋਏ ਗਿਆਨ-ਰਤਨ ਦੀ ਬਰਕਤਿ ਨਾਲ (ਮਨੁੱਖ ਨੂੰ ਸਹੀ ਜੀਵਨ-ਜੁਗਤਿ ਬਾਰੇ) ਹਰੇਕ ਕਿਸਮ ਦੀ ਸਮਝ ਆ ਜਾਂਦੀ ਹੈ।
ਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਦਾ) ਅਗਿਆਨ ਦੂਰ ਹੋ ਜਾਂਦਾ ਹੈ ਉਹ ਹਰ ਵੇਲੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ, ਉਹ (ਹਰ ਥਾਂ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ (ਹੀ) ਵੇਖਦਾ ਹੈ ॥੧॥ ਰਹਾਉ ॥
(ਹੇ ਭਾਈ!) ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਮੋਹ ਅਤੇ ਅਹੰਕਾਰ ਸਾੜ ਦੇਂਦਾ ਹੈ,
ਜੇਹੜਾ ਮਨੁੱਖ ਪੂਰੇ ਗੁਰੂ ਪਾਸੋਂ (ਸਹੀ ਜੀਵਨ-ਜੁਗਤਿ) ਸਮਝ ਲੈਂਦਾ ਹੈ,
ਉਹ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਅੰਦਰ (ਵੱਸਦੇ ਪਰਮਾਤਮਾ ਦਾ) ਟਿਕਾਣਾ ਪਛਾਣ ਲੈਂਦਾ ਹੈ;
ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਉਹ ਪਰਮਾਤਮਾ ਦੇ ਨਾਮ ਵਿਚ ਟਿਕਿਆ ਰਹਿੰਦਾ ਹੈ ਤੇ ਅਡੋਲ-ਚਿੱਤ ਹੋ ਜਾਂਦਾ ਹੈ ॥੨॥
(ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਵਾਸਤੇ) ਜਗਤ ਜਨਮ ਮਰਨ (ਦਾ ਗੇੜ ਹੀ) ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਪਰਮਾਤਮਾ ਦੀ ਯਾਦ ਵਲੋਂ) ਗ਼ਾਫ਼ਿਲ ਰਹਿੰਦਾ ਹੈ, ਮਾਇਆ ਦਾ ਮੋਹ-ਰੂਪ ਘੁੱਪ ਹਨੇਰਾ (ਉਸ ਨੂੰ ਕੁਝ ਸੁੱਝਣ ਨਹੀਂ ਦੇਂਦਾ।)
ਉਹ ਸਦਾ ਪਰਾਈ ਨਿੰਦਾ ਕਰਦਾ ਰਹਿੰਦਾ ਹੈ, ਉਹ ਨਿਰਾ ਝੂਠ-ਫ਼ਰੇਬ ਹੀ ਕਮਾਂਦਾ ਰਹਿੰਦਾ ਹੈ,
(ਪਰਾਈ ਨਿੰਦਾ ਕੂੜ-ਠੱਗੀ ਵਿਚ ਹੀ ਉਹ ਇਉਂ ਮਸਤ ਰਹਿੰਦਾ ਹੈ ਜਿਵੇਂ) ਗੰਦ ਦਾ ਕੀੜਾ ਗੰਦ ਵਿਚ ਹੀ ਟਿਕਿਆ ਰਹਿੰਦਾ ਹੈ (ਤੇ ਉਸ ਵਿਚੋਂ ਬਾਹਰ ਨਿਕਲਣਾ ਪਸੰਦ ਨਹੀਂ ਕਰਦਾ) ॥੩॥
ਜੇਹੜਾ ਮਨੁੱਖ ਸਾਧ ਸੰਗਤ ਵਿਚ ਮਿਲ ਕੇ (ਸਹੀ ਜੀਵਨ ਦੀ) ਸਾਰੀ ਸੂਝ ਹਾਸਲ ਕਰਦਾ ਹੈ,
ਜੇਹੜਾ ਗੁਰੂ ਦੇ ਸ਼ਬਦ ਨੂੰ (ਹਿਰਦੇ ਵਿਚ ਵਸਾ ਕੇ) ਪਰਮਾਤਮਾ ਦੀ ਭਗਤੀ ਨੂੰ (ਆਪਣੇ ਅੰਦਰ) ਪੱਕੀ ਤਰ੍ਹਾਂ ਟਿਕਾਂਦਾ ਹੈ,
ਜੇਹੜਾ ਪਰਮਾਤਮਾ ਦੀ ਰਜ਼ਾ ਨੂੰ (ਮਿੱਠਾ ਕਰ ਕੇ) ਮੰਨਦਾ ਹੈ,
ਹੇ ਨਾਨਕ! ਉਸ ਨੂੰ ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ, ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੪॥੧੦॥੪੯॥
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਮਾਇਆ ਦੇ ਮੋਹ ਵਲੋਂ) ਮਰਦਾ ਹੈ ਉਸ ਨੂੰ ਸਦਾ ਆਤਮਕ ਆਨੰਦ ਮਿਲਦਾ ਹੈ।
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਪਰਮਾਤਮਾ ਦਾ ਆਸਰਾ ਲੈਂਦਾ ਹੈ,
ਉਹ ਮੁੜ ਆਤਮਕ ਮੌਤੇ ਨਹੀਂ ਮਰਦਾ, ਉਹ ਮੁੜ ਮੁੜ ਜੰਮਦਾ ਮਰਦਾ ਨਹੀਂ।
ਪੂਰੇ ਗੁਰੂ ਦੀ ਕਿਰਪਾ ਨਾਲ ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੧॥
(ਹੇ ਭਾਈ! ਪਿਛਲੇ ਕੀਤੇ ਕਰਮਾਂ ਅਨੁਸਾਰ ਪਰਮਾਤਮਾ ਨੇ) ਜਿਨ੍ਹਾਂ ਦੇ ਮੱਥੇ ਤੇ ਨਾਮ-ਸਿਮਰਨ ਦਾ ਲੇਖ ਲਿਖ ਦਿੱਤਾ,
ਉਹ ਮਨੁੱਖ ਹਰ ਵੇਲੇ, ਸਦਾ ਹੀ ਨਾਮ ਸਿਮਰਦੇ ਹਨ, ਪੂਰੇ ਗੁਰੂ ਪਾਸੋਂ ਉਹਨਾਂ ਨੂੰ ਪ੍ਰਭੂ-ਭਗਤੀ ਦਾ ਟਿੱਕਾ (ਮੱਥੇ ਉਤੇ) ਮਿਲਦਾ ਹੈ ॥੧॥ ਰਹਾਉ ॥
(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ,
ਉਹਨਾਂ ਦੀ ਡੂੰਘੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ।
ਜਿਨ੍ਹਾਂ ਨੂੰ ਪੂਰੇ ਗੁਰੂ ਨੇ (ਪ੍ਰਭੂ-ਚਰਨਾਂ ਵਿਚ ਜੁੜਨ ਦੀ ਇਹ) ਵਡਿਆਈ ਬਖ਼ਸ਼ੀ ਉਹਨਾਂ ਨੂੰ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਗਈ,
ਪਰਮਾਤਮਾ ਦੇ ਨਾਮ ਵਿਚ ਉਹਨਾਂ ਦੀ ਹਰ ਵੇਲੇ ਲੀਨਤਾ ਹੋ ਗਈ ॥੨॥
'ਜੋ ਕੁਝ ਕਰਦਾ ਹੈ ਪਰਮਾਤਮਾ ਆਪੇ ਹੀ ਕਰਦਾ ਹੈ।
ਪਰਮਾਤਮਾ ਇਕ ਘੜੀ ਵਿਚ ਪੈਦਾ ਕਰ ਕੇ ਤੁਰਤ ਨਾਸ ਭੀ ਕਰ ਸਕਦਾ ਹੈ'-
ਜੇਹੜਾ ਮਨੁੱਖ ਮੁੜ ਮੁੜ ਇਹੀ ਆਖ ਕੇ ਲੋਕਾਂ ਨੂੰ ਸੁਣਾ ਦੇਂਦਾ ਹੈ (ਪਰ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਸਿਮਰਨ ਕਦੇ ਨਹੀਂ ਕਰਦਾ, ਅਜੇਹਾ ਮਨੁੱਖ)
ਜੇ ਇਹੋ ਜਿਹੀ (ਨਿਰੀ ਹੋਰਨਾਂ ਨੂੰ ਕਹਣ ਦੀ) ਸੌ ਘਾਲਣਾ ਭੀ ਘਾਲੇ ਤਾਂ ਭੀ ਉਸ ਦੀ ਅਜੇਹੀ ਕੋਈ ਮੇਹਨਤ (ਪਰਮਾਤਮਾ ਦੇ ਦਰ ਤੇ) ਕਬੂਲ ਨਹੀਂ ਪੈਂਦੀ ॥੩॥
(ਪਿਛਲੇ ਕੀਤੇ ਕਰਮਾਂ ਅਨੁਸਾਰ) ਜਿਨ੍ਹਾਂ ਦੇ ਪੱਲੇ (ਸਿਮਰਨ ਦੇ) ਚੰਗੇ ਸੰਸਕਾਰ ਹਨ, ਉਹਨਾਂ ਨੂੰ ਪਰਮਾਤਮਾ ਗੁਰੂ ਮਿਲਾਂਦਾ ਹੈ,
ਗੁਰੂ ਉਹਨਾਂ ਨੂੰ ਸਿਫ਼ਤਿ-ਸਾਲਾਹ ਦੀ ਬਾਣੀ ਸੁਣਾਂਦਾ ਹੈ। ਸਦਾ-ਥਿਰ ਪ੍ਰਭੂ ਦਾ ਨਾਮ ਸੁਣਾਂਦਾ ਹੈ, ਸਿਫ਼ਤਿ-ਸਾਲਾਹ ਦਾ ਸ਼ਬਦ ਸੁਣਾਂਦਾ ਹੈ।
(ਹੇ ਭਾਈ!) ਜਿਸ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ, ਉਥੋਂ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਂਦਾ ਹੈ।
ਗੁਰੂ ਦੇ ਬਖ਼ਸ਼ੇ ਗਿਆਨ-ਰਤਨ ਦੀ ਬਰਕਤਿ ਨਾਲ ਮਨੁੱਖ ਸਦਾ-ਥਿਰ ਪਰਮਾਤਮਾ ਵਿਚ ਜੁੜਿਆ ਰਹਿੰਦਾ ਹੈ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੪॥
(ਹੇ ਭਾਈ!) ਪਰਮਾਤਮਾ ਦੇ ਨਾਮ ਦੇ ਬਰਾਬਰ ਦਾ ਹੋਰ ਕੋਈ ਧਨ ਨਹੀਂ ਹੈ
(ਪਰ ਇਹ ਧਨ ਸਿਰਫ਼ ਉਸ ਮਨੁੱਖ ਨੂੰ ਮਿਲਦਾ ਹੈ) ਜਿਸ ਨੂੰ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆਪ ਬਖ਼ਸ਼ਦਾ ਹੈ।
ਪੂਰੇ ਗੁਰੂ ਦੇ ਸ਼ਬਦ ਦੀ ਸਹਾਇਤਾ ਨਾਲ ਉਹ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਈ ਰੱਖਦਾ ਹੈ।
ਹੇ ਨਾਨਕ! ਪਰਮਾਤਮਾ ਦੇ ਨਾਮ ਵਿਚ ਰੰਗੀਜ ਕੇ ਮਨੁੱਖ (ਸਦਾ) ਆਤਮਕ ਆਨੰਦ ਮਾਣਦਾ ਹੈ ॥੫॥੧੧॥੫੦॥
(ਮਨੁੱਖ ਜੇ ਭਗਤੀ ਵਜੋਂ) ਨਾਚ ਕਰਦਾ ਹੈ ਤੇ ਕਈ ਸਾਜ ਭੀ ਵਜਾਂਦਾ ਹੈ,
ਤਾਂ ਭੀ ਉਹ ਕਿਸੇ ਨੂੰ ਭੀ ਆਖ ਕੇ ਨਹੀਂ ਸੁਣਾ ਰਿਹਾ (ਕਿਉਂਕਿ ਉਹ ਤਾਂ ਆਪ ਹੀ ਨਹੀਂ ਸੁਣ ਰਿਹਾ)। ਉਸ ਦਾ ਆਪਣਾ ਮਨ ਹੀ (ਮਾਇਆ ਦੇ ਮੋਹ ਵਿਚ) ਅੰਨ੍ਹਾ ਤੇ ਬੋਲਾ ਹੋਇਆ ਪਿਆ ਹੈ।
(ਅਜੇਹੀ ਹਾਲਤ ਵਿਚ ਉਸ ਦੇ ਅੰਦਰ ਗਿਆਨ ਦਾ) ਦੀਵਾ ਨਹੀਂ ਜਗ ਸਕਦਾ,
ਉਹ (ਸਹੀ ਜੀਵਨ ਦੀ) ਸਮਝ ਨਹੀਂ ਹਾਸਲ ਕਰ ਸਕਦਾ ॥੧॥
(ਹੇ ਭਾਈ!) ਗੁਰੂ ਦੇ ਸਨਮੁਖ ਰਹਿ ਕੇ ਕੀਤੀ ਹੋਈ ਭਗਤੀ ਦੀ ਬਰਕਤਿ ਨਾਲ ਹਿਰਦੇ ਵਿਚ (ਆਤਮਕ ਗਿਆਨ ਦਾ) ਚਾਨਣ ਹੋ ਜਾਂਦਾ ਹੈ।
(ਇਸ ਭਗਤੀ ਨਾਲ ਮਨੁੱਖ) ਆਪਣੇ ਆਤਮਕ ਜੀਵਨ ਨੂੰ ਪਰਖਦਾ ਰਹਿੰਦਾ ਹੈ (ਤੇ ਮਨੁੱਖ ਨੂੰ) ਉਹ ਪ੍ਰਭੂ ਮਿਲ ਪੈਂਦਾ ਹੈ ॥੧॥ ਰਹਾਉ ॥
ਗੁਰੂ ਦੇ ਸਨਮੁਖ ਰਹਿਣਾ ਹੀ ਨਾਚ ਹੈ (ਇਸ ਤਰ੍ਹਾਂ) ਪਰਮਾਤਮਾ ਨਾਲ ਪਿਆਰ ਬਣਦਾ ਹੈ,
(ਇਸ ਤਰ੍ਹਾਂ ਮਨੁੱਖ ਆਪਣੇ) ਅੰਦਰੋਂ ਹਉਮੈ ਦੂਰ ਕਰਦਾ ਹੈ ਇਹੀ ਹੈ ਤਾਲ ਸਿਰ ਨਾਚ ਕਰਨਾ।
(ਜੋ ਮਨੁੱਖ ਇਹ ਨਾਚ ਨੱਚਦਾ ਹੈ) ਸਦਾ-ਥਿਰ ਪ੍ਰਭੂ ਆਪ ਹੀ ਉਸ ਦਾ ਮਿੱਤਰ ਬਣ ਜਾਂਦਾ ਹੈ,
ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੇ ਅੰਦਰ ਵੱਸਦਾ ਪ੍ਰਭੂ ਉਸ ਦਾ ਪਛਾਣੂ ਹੋ ਜਾਂਦਾ ਹੈ ॥੨॥
ਗੁਰੂ ਦੇ ਸਨਮੁਖ ਰਹਿ ਕੇ ਕੀਤੀ ਭਗਤੀ ਨਾਲ ਮਨੁੱਖ ਦੇ ਅੰਦਰ ਪ੍ਰੀਤਿ ਪੈਦਾ ਹੁੰਦੀ ਹੈ ਪਿਆਰ ਪੈਦਾ ਹੁੰਦਾ ਹੈ।
ਗੁਰੂ ਦਾ ਸ਼ਬਦ ਮਨੁੱਖ ਨੂੰ ਆਤਮਕ ਅਡੋਲਤਾ ਵਿਚ ਲੈ ਜਾਂਦਾ ਹੈ (ਪ੍ਰਭੂ ਦੇ ਗੁਣਾਂ ਦਾ) ਵਿਚਾਰ ਬਖ਼ਸ਼ਦਾ ਹੈ।
ਗੁਰੂ ਦੇ ਸਨਮੁਖ ਰਹਿ ਕੇ ਕੀਤੀ ਹੋਈ ਭਗਤੀ ਹੀ (ਸਹੀ) ਤਰੀਕਾ ਹੈ (ਜਿਸ ਨਾਲ) ਉਹ ਪਰਮਾਤਮਾ ਮਿਲਦਾ ਹੈ।
ਵਿਖਾਵੇ ਦੀ ਭਗਤੀ ਦੇ ਨਾਚ ਦੀ ਰਾਹੀਂ ਦੁੱਖ ਹੁੰਦਾ ਹੈ ॥੩॥