ਮਾਤ ਲੋਕ ਵਿਚ, ਪਤਾਲ ਵਿਚ (ਸਭ ਜੀਵਾਂ ਦੇ) ਨੇੜੇ ਹੈ। ਉਸ ਦਾ ਥਾਂ ਸਦਾ ਕਾਇਮ ਰਹਿਣ ਵਾਲਾ ਹੈ, ਕਦੇ ਟੁੱਟਣ ਵਾਲਾ ਨਹੀਂ ॥੧੨॥
ਪਰਮਾਤਮਾ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ, (ਜੀਵਾਂ ਦੇ) ਸਾਰੇ ਦੁੱਖ ਸਾਰੇ ਡਰ ਦੂਰ ਕਰਨ ਵਾਲਾ ਹੈ,
ਅਹੰਕਾਰ ਦੂਰ ਕਰਨ ਵਾਲਾ ਹੈ ਅਤੇ ਜਨਮ ਮਰਨ ਦਾ ਗੇੜ ਨਾਸ ਕਰਨ ਵਾਲਾ ਹੈ।
ਦੀਨਾਂ ਉੱਤੇ ਕਿਰਪਾ ਕਰਨ ਵਾਲਾ ਪ੍ਰਭੂ ਭਗਤੀ ਨਾਲ ਖ਼ੁਸ਼ ਹੁੰਦਾ ਹੈ, ਕਿਸੇ ਭੀ ਹੋਰ ਗੁਣ ਨਾਲ ਨਹੀਂ ਪਤੀਜਦਾ ॥੧੩॥
ਆਕਾਰ-ਰਹਿਤ ਪਰਮਾਤਮਾ ਨੂੰ ਮਾਇਆ ਛਲ ਨਹੀਂ ਸਕਦੀ, (ਮਾਇਆ ਦੇ ਹੱਲਿਆਂ ਅੱਗੇ) ਉਹ ਡੋਲਣ ਵਾਲਾ ਨਹੀਂ ਹੈ।
ਉਹ ਨਿਰਾ ਨੂਰ ਹੀ ਨੂਰ ਹੈ (ਉਸ ਦੇ ਨੂਰ ਨਾਲ) ਸਾਰਾ ਜਗਤ ਖਿੜ ਰਿਹਾ ਹੈ।
(ਉਸ ਪਰਮਾਤਮਾ ਨੂੰ ਉਹੀ ਮਨੁੱਖ (ਹੀ) ਮਿਲ ਸਕਦਾ ਹੈ, ਜਿਸ ਨੂੰ ਉਹ ਆਪ ਮਿਲਾਂਦਾ ਹੈ। (ਉਸ ਦੀ ਮਿਹਰ ਤੋਂ ਬਿਨਾ ਨਿਰੇ) ਆਪਣੇ ਉੱਦਮ ਨਾਲ ਕੋਈ ਭੀ ਮਨੁੱਖ ਉਸ ਨੂੰ ਮਿਲ ਨਹੀਂ ਸਕਦਾ ॥੧੪॥
ਪਰਮਾਤਮਾ ਆਪ ਹੀ ਗੋਪੀਆਂ ਹੈ, ਆਪ ਹੀ ਕ੍ਰਿਸ਼ਨ ਹੈ।
ਪ੍ਰਭੂ ਆਪ ਹੀ ਗਊਆਂ ਨੂੰ ਬਿੰਦ੍ਰਾਬਨ ਵਿਚ ਚਾਰਦਾ ਹੈ।
ਹੇ ਪ੍ਰਭੂ! ਤੂੰ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈਂ, ਆਪ ਹੀ ਨਾਸ ਕਰਦਾ ਹੈਂ। ਦੁਨੀਆ ਦੇ ਰੰਗ-ਤਮਾਸ਼ਿਆਂ ਦਾ ਤੇਰੇ ਉਤੇ ਰਤਾ ਭੀ ਅਸਰ ਨਹੀਂ ਹੁੰਦਾ ॥੧੫॥
ਹੇ ਪ੍ਰਭੂ! (ਮੇਰੀ) ਇੱਕ ਜੀਭ (ਤੇਰੇ) ਕਿਹੜੇ ਕਿਹੜੇ ਗੁਣ ਬਿਆਨ ਕਰ ਸਕਦੀ ਹੈ?
ਹਜ਼ਾਰ ਫਣਾਂ ਵਾਲਾ ਸ਼ੇਸ਼ਨਾਗ (ਭੀ) (ਤੇਰੇ ਗੁਣਾਂ ਦਾ) ਅੰਤ ਨਹੀਂ ਜਾਣਦਾ।
ਉਹ ਦਿਨ ਰਾਤ (ਤੇਰੇ) ਨਵੇਂ ਨਵੇਂ ਨਾਮ ਜਪਦਾ ਹੈ, ਪਰ, ਹੇ ਪ੍ਰਭੂ! ਉਹ ਤੇਰਾ ਇੱਕ ਭੀ ਗੁਣ ਬਿਆਨ ਨਹੀਂ ਕਰ ਸਕਦਾ ॥੧੬॥
ਹੇ ਜਗਤ ਦੇ ਪਿਤਾ! ਮੈਂ ਤੇਰੀ ਓਟ ਲਈ ਹੈ, ਮੈਂ ਤੇਰੀ ਸਰਨ ਆਇਆ ਹਾਂ।
ਜਮਦੂਤ ਬੜੇ ਡਰਾਉਣੇ ਹਨ, ਬੜੇ ਡਰ ਦੇ ਰਹੇ ਹਨ। ਮਾਇਆ (ਇਕ ਅਜਿਹਾ ਸਮੁੰਦਰ ਹੈ ਜਿਸ) ਵਿਚੋਂ ਪਾਰ ਲੰਘਣਾ ਔਖਾ ਹੈ।
ਹੇ ਪ੍ਰਭੂ! ਦਇਆਵਾਨ ਹੋਹੁ, ਮੈਨੂੰ ਕਿਰਪਾ ਕਰ ਕੇ ਸਾਧ ਸੰਗਤ ਵਿਚ ਰੱਖ ॥੧੭॥
ਹੇ ਗੋਬਿੰਦ! ਇਹ ਦਿੱਸਦਾ ਪਸਾਰਾ ਸਭ ਨਾਸਵੰਤ ਹੈ।
ਮੈਂ (ਤੇਰੇ ਪਾਸੋਂ) ਇਕ (ਇਹ) ਦਾਨ ਮੰਗਦਾ ਹਾਂ (ਕਿ ਮੈਨੂੰ) ਸੰਤ ਜਨਾਂ ਦੇ ਚਰਨਾਂ ਦੀ ਧੂੜ (ਮਿਲੇ)।
(ਇਹ ਧੂੜ) ਮੈਂ (ਆਪਣੇ) ਮੱਥੇ ਉੱਤੇ ਲਾ ਕੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰਾਂ। ਜਿਸ ਦੇ ਭਾਗਾਂ ਵਿਚ ਤੂੰ ਜਿਸ ਚਰਨ-ਧੂੜ ਦੀ ਪ੍ਰਾਪਤੀ ਲਿਖੀ ਹੈ ਉਹੀ ਹਾਸਲ ਕਰ ਸਕਦਾ ਹੈ ॥੧੮॥
ਹੇ ਸੁਖਾਂ ਦੇ ਦੇਣ ਵਾਲੇ! ਜਿਨ੍ਹਾਂ ਉਤੇ ਤੂੰ ਮਿਹਰ ਕਰਦਾ ਹੈਂ,
ਉਹ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਪ੍ਰੋ ਲੈਂਦੇ ਹਨ।
ਉਹਨਾਂ ਨੂੰ ਸਾਰੇ ਖ਼ਜ਼ਾਨਿਆਂ ਤੋਂ ਸ੍ਰੇਸ਼ਟ ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ। ਉਹਨਾਂ ਦੇ ਮਨ ਵਿਚ (ਮਾਨੋ) ਇਕ-ਰਸ ਵਾਜੇ ਵੱਜਣ ਲੱਗ ਪੈਂਦੇ ਹਨ ॥੧੯॥
ਹੇ ਪ੍ਰਭੂ! (ਸਾਡੀ ਜੀਵਾਂ ਦੀ) ਜੀਭ ਤੇਰੇ ਉਹ ਨਾਮ ਉਚਾਰਦੀ ਹੈ ਜੋ ਨਾਮ (ਤੇਰੇ ਗੁਣ ਵੇਖ ਵੇਖ ਕੇ ਜੀਵਾਂ ਨੇ) ਬਣਾਏ ਹੋਏ ਹਨ।
ਪਰ 'ਸਤਿਨਾਮੁ' ਤੇਰਾ ਮੁੱਢ-ਕਦੀਮਾਂ ਦਾ ਨਾਮ ਹੈ (ਭਾਵ, ਤੂੰ 'ਹੋਂਦ ਵਾਲਾ' ਹੈਂ, ਤੇਰੀ ਇਹ 'ਹੋਂਦ' ਜਗਤ-ਰਚਨਾ ਤੋਂ ਪਹਿਲਾਂ ਭੀ ਮੌਜੂਦ ਸੀ)।
ਨਾਨਕ ਆਖਦਾ ਹੈ- (ਹੇ ਪ੍ਰਭੂ!) ਤੇਰੇ ਭਗਤ ਤੇਰੀ ਸਰਨ ਪਏ ਰਹਿੰਦੇ ਹਨ, ਤੂੰ ਉਹਨਾਂ ਨੂੰ ਦਰਸਨ ਦੇਂਦਾ ਹੈਂ, ਉਹਨਾਂ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ ॥੨੦॥
ਹੇ ਪ੍ਰਭੂ! ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ-ਇਹ ਗੱਲ ਤੂੰ ਆਪ ਹੀ ਜਾਣਦਾ ਹੈਂ।
ਆਪਣੀ 'ਗਤਿ ਮਿਤਿ' ਤੂੰ ਦੱਸ ਸਕਦਾ ਹੈਂ ਤੇ ਆਪ ਹੀ ਬਿਆਨ ਕਰ ਸਕਦਾ ਹੈਂ।
ਹੇ ਪ੍ਰਭੂ! ਨਾਨਕ ਨੂੰ ਆਪਣੇ ਦਾਸਾਂ ਦਾ ਦਾਸ ਬਣਾਈ ਰੱਖ। ਤੇ, ਹੇ ਹਰੀ! ਜੇ ਤੇਰੀ ਮਿਹਰ ਹੋਵੇ ਤਾਂ (ਨਾਨਕ ਨੂੰ) ਆਪਣੇ ਦਾਸਾਂ ਦੀ ਸੰਗਤ ਵਿਚ ਰੱਖ ॥੨੧॥੨॥੧੧॥
ਹੇ ਅੱਲਾ ਦੇ ਬੰਦੇ! ਹੇ ਅਪਹੁੰਚ ਰੱਬ ਦੇ ਬੰਦੇ! ਹੇ ਖ਼ੁਦਾ ਦੇ ਬੰਦੇ!
(ਨਿਰੇ) ਦੁਨੀਆ ਵਾਲੇ ਖ਼ਿਆਲ ਛੱਡ ਦੇਹ, (ਨਿਰੇ) ਦੁਨੀਆ ਦੇ ਝੰਬੇਲੇ ਛੱਡ ਦੇਹ।
ਰੱਬ ਦੇ ਫ਼ਕੀਰਾਂ ਦੇ ਪੈਰਾਂ ਦੀ ਖ਼ਾਕ ਹੋ ਕੇ (ਦੁਨੀਆ ਵਿਚ) ਮੁਸਾਫ਼ਰ ਬਣਿਆ ਰਹੁ। ਇਹੋ ਜਿਹਾ ਫ਼ਕੀਰ ਰੱਬ ਦੇ ਦਰ ਤੇ ਕਬੂਲ ਹੋ ਜਾਂਦਾ ਹੈ ॥੧॥
ਹੇ ਖ਼ੁਦਾ ਦੇ ਬੰਦੇ! ਸਦਾ ਕਾਇਮ ਰਹਿਣ ਵਾਲੇ ਰੱਬ ਦੇ ਨਾਮ (ਦੀ ਯਾਦ) ਨੂੰ (ਆਪਣੀ) ਨਿਮਾਜ਼ ਬਣਾ। ਰੱਬ ਉਤੇ ਭਰੋਸਾ-ਇਹ ਤੇਰਾ ਮੁਸੱਲਾ ਹੋਵੇ।
ਹੇ ਖ਼ੁਦਾ ਦੇ ਫ਼ਕੀਰ! (ਆਪਣੇ ਅੰਦਰੋਂ) ਮਨ ਦਾ ਫੁਰਨਾ ਮਾਰ ਕੇ ਮੁਕਾ ਦੇਹ-ਇਸ ਨੂੰ ਸੋਟਾ ਬਣਾ।
(ਤੇਰਾ ਇਹ) ਸਰੀਰ (ਤੇਰੀ) ਮਸੀਤ ਹੋਵੇ, (ਤੇਰਾ) ਮਨ (ਉਸ ਮਸੀਤ ਵਿਚ) ਮੁੱਲਾਂ (ਬਣਿਆ ਰਹੇ)। (ਇਸ ਮਨ ਨੂੰ ਸਦਾ) ਪਵਿੱਤਰ ਤੇ ਸਾਫ਼ ਰੱਖ-ਇਹ ਤੇਰੇ ਵਾਸਤੇ ਖ਼ੁਦਾਈ ਕਲਮਾ ਹੈ ॥੨॥
ਹੇ ਖ਼ੁਦਾ ਦੇ ਬੰਦੇ! (ਖ਼ੁਦਾ ਦਾ ਨਾਮ) ਲੈ ਕੇ ਬੰਦਗੀ ਦੀ ਕਮਾਈ ਕਰਿਆ ਕਰ-ਇਹ ਹੈ ਅਸਲ ਸ਼ਰਹ ਸ਼ਰੀਅਤਿ (ਬਾਹਰਲੀ ਧਾਰਮਿਕ ਰਹਿਣੀ)।
ਹੇ ਰੱਬ ਦੇ ਬੰਦੇ! (ਆਪਾ-ਭਾਵ) ਤਿਆਗ ਕੇ (ਆਪਣੇ ਅੰਦਰ-ਵੱਸਦੇ ਰੱਬ ਨੂੰ) ਖੋਜ ਕੇ ਲੱਭ-ਇਹ ਹੈ ਮਨ ਨੂੰ ਸਾਫ਼ ਰੱਖਣ ਦਾ ਤਰੀਕਾ।
ਹੇ ਅਬਦਾਲ ਫ਼ਕੀਰ! ਆਪਣੇ ਮਨ ਨੂੰ ਵੱਸ ਵਿਚ ਰੱਖ-ਇਹ ਹੈ ਮਾਰਫ਼ਤਿ (ਆਤਮਕ ਜੀਵਨ ਦੀ ਸੂਝ)। ਰੱਬ ਨਾਲ ਮਿਲਿਆ ਰਹੁ-ਇਹ ਹੈ ਹਕੀਕਤਿ (ਚੌਥਾ ਪਦ)। (ਇਹ ਹਕੀਕਤਿ ਐਸੀ ਹੈ ਕਿ) ਇਸ ਦੀ ਰਾਹੀਂ ਮੁੜ ਆਤਮਕ ਮੌਤ ਨਹੀਂ ਹੁੰਦੀ ॥੩॥
ਹੇ ਖ਼ੁਦਾ ਦੇ ਬੰਦੇ! ਆਪਣੇ ਦਿਲ ਵਿਚ ਖ਼ੁਦਾ ਦੇ ਨਾਮ ਦੀ ਯਾਦ ਦੀ ਕਮਾਈ ਕਰਦਾ ਰਹੁ-ਇਹ ਹੈ ਕੁਰਾਨ, ਹੈ ਇਹ ਹੈ ਕਤੇਬਾਂ ਦੀ ਤਾਲੀਮ।
ਹੇ ਖ਼ੁਦਾ ਦੇ ਬੰਦੇ! ਆਪਣੇ ਦਸ ਹੀ ਇੰਦ੍ਰਿਆਂ ਨੂੰ ਭੈੜੇ ਰਸਤੇ ਤੋਂ ਰੋਕ ਰੱਖ।
ਸਿਦਕ ਦੀ ਮਦਦ ਨਾਲ ਪੰਜ ਕਾਮਾਦਿਕ ਸੂਰਮਿਆਂ ਨੂੰ ਫੜ ਕੇ ਬੰਨ੍ਹ ਰੱਖ। ਸੰਤੋਖ ਦੇ ਖ਼ੈਰ ਦੀ ਬਰਕਤਿ ਨਾਲ ਤੂੰ ਖ਼ੁਦਾ ਦੇ ਦਰ ਤੇ ਕਬੂਲ ਹੋ ਜਾਹਿਂਗਾ ॥੪॥
ਹੇ ਖ਼ੁਦਾ ਦੇ ਬੰਦੇ! (ਦਿਲ ਵਿਚ ਸਭਨਾਂ ਵਾਸਤੇ) ਤਰਸ ਨੂੰ (ਹੱਜ-ਅਸਥਾਨ) ਮੱਕਾ (ਸਮਝ)। (ਸਭ ਦੇ) ਪੈਰਾਂ ਦੀ ਖ਼ਾਕ ਹੋਏ ਰਹਿਣਾ (ਅਸਲ) ਰੋਜ਼ਾ ਹੈ।
ਗੁਰੂ ਦੇ ਬਚਨਾਂ ਉਤੇ ਪੂਰੇ ਤੌਰ ਤੇ ਤੁਰਨਾ-ਇਹ ਹੈ ਬਹਿਸ਼ਤ।
ਖ਼ੁਦਾ ਦੇ ਨੂਰ ਦਾ ਜ਼ਹੂਰ ਹੀ ਹੂਰਾਂ ਹਨ, ਖ਼ੁਦਾ ਦੀ ਬੰਦਗੀ ਹੀ ਕਸਤੂਰੀ ਹੈ। ਖ਼ੁਦਾ ਦੀ ਬੰਦਗੀ ਹੀ ਸਭ ਤੋਂ ਵਧੀਆ ਹੁਜਰਾ ਹੈ (ਜਿੱਥੇ ਮਨ ਵਿਕਾਰਾਂ ਵੱਲੋਂ ਹਟ ਕੇ ਇੱਕ ਟਿਕਾਣੇ ਤੇ ਰਹਿ ਸਕਦਾ ਹੈ) ॥੫॥