ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 154


ਗਉੜੀ ਮਹਲਾ ੧ ॥

ਕਿਰਤੁ ਪਇਆ ਨਹ ਮੇਟੈ ਕੋਇ ॥

ਜਨਮਾਂ ਜਨਮਾਂਤਰਾਂ ਦੇ ਕੀਤੇ ਕੰਮਾਂ ਦੇ ਸੰਸਕਾਰਾਂ ਦਾ ਸਮੂਹ ਜੋ ਮਨ ਵਿਚ ਇਕੱਠਾ ਹੋਇਆ ਪਿਆ ਹੈ (ਕਰਮਾਂ ਦੀ ਰਾਹੀਂ) ਕੋਈ ਮਨੁੱਖ ਮਿਟਾ ਨਹੀਂ ਸਕਦਾ।

ਕਿਆ ਜਾਣਾ ਕਿਆ ਆਗੈ ਹੋਇ ॥

(ਇਸੇ ਤਰ੍ਹਾਂ ਅਗਾਂਹ ਲਈ ਭੀ ਕਰਮ-ਧਰਮ ਤੋਂ ਚੰਗੇ ਨਤੀਜੇ ਦੀ ਆਸ ਵਿਅਰਥ ਹੈ) ਕੋਈ ਸਮਝ ਨਹੀਂ ਸਕਦਾ ਕਿ ਆਉਣ ਵਾਲੇ ਜੀਵਨ-ਸਮੇ ਵਿਚ ਕੀਹ ਵਾਪਰੇਗਾ।

ਜੋ ਤਿਸੁ ਭਾਣਾ ਸੋਈ ਹੂਆ ॥

(ਕਰਮਾਂ ਦਾ ਆਸਰਾ ਛੱਡੋ, ਪ੍ਰਭੂ ਦੀ ਰਜ਼ਾ ਵਿਚ ਤੁਰਨਾ ਸਿੱਖੋ) ਜਗਤ ਵਿਚ ਜੋ ਕੁਝ ਹੋ ਰਿਹਾ ਹੈ ਪਰਮਾਤਮਾ ਦੀ ਰਜ਼ਾ ਵਿਚ ਹੋ ਰਿਹਾ ਹੈ,

ਅਵਰੁ ਨ ਕਰਣੈ ਵਾਲਾ ਦੂਆ ॥੧॥

ਪ੍ਰਭੂ ਤੋਂ ਬਿਨਾ ਹੋਰ ਕੋਈ ਕੁਝ ਕਰਨ ਵਾਲਾ ਨਹੀਂ ਹੈ (ਉਸੇ ਦੀ ਭਗਤੀ ਕਰੋ) ॥੧॥

ਨਾ ਜਾਣਾ ਕਰਮ ਕੇਵਡ ਤੇਰੀ ਦਾਤਿ ॥

ਮੈਂ ਆਪਣੇ ਕੀਤੇ ਕਰਮਾਂ ਦੀ ਠੀਕ ਕੀਮਤ ਨਹੀਂ ਜਾਣਦਾ (ਮੈਂ ਇਹਨਾਂ ਨੂੰ ਬਹੁਤ ਮਹੱਤਤਾ ਦੇਂਦਾ ਹਾਂ), (ਦੂਜੇ ਪਾਸੇ, ਹੇ ਪ੍ਰਭੂ!) ਤੇਰੀਆਂ ਬੇਅੰਤ ਦਾਤਾਂ ਮੈਨੂੰ ਮਿਲ ਰਹੀਆਂ ਹਨ ਉਹਨਾਂ ਨੂੰ ਭੀ ਮੈਂ ਨਹੀਂ ਸਮਝ ਸਕਦਾ (ਇਹ ਖ਼ਿਆਲ ਕਰਨਾ ਮੇਰੀ ਭਾਰੀ ਭੁੱਲ ਹੈ ਕਿ ਮੇਰੇ ਕੀਤੇ ਕਰਮਾਂ ਅਨੁਸਾਰ ਮੈਨੂੰ ਮਿਲ ਰਿਹਾ ਹੈ। ਇਹ ਤਾਂ ਤੇਰੀ ਨਿਰੋਲ ਮਿਹਰ ਹੈ ਮਿਹਰ)।

ਕਰਮੁ ਧਰਮੁ ਤੇਰੇ ਨਾਮ ਕੀ ਜਾਤਿ ॥੧॥ ਰਹਾਉ ॥

ਤੇਰਾ ਨਾਮ ਹੀ ਮੇਰੀ ਜਾਤਿ ਹੈ, ਤੇਰਾ ਨਾਮ ਹੀ ਮੇਰਾ ਕਰਮ-ਧਰਮ ਹੈ (ਮੈਨੂੰ ਤੇਰੇ ਨਾਮ ਦੀ ਹੀ ਓਟ ਹੈ। ਨਾਹ ਮਾਣ ਹੈ ਕਿਸੇ ਕੀਤੇ ਕਰਮ-ਧਰਮ ਦਾ, ਨਾਹ ਕਿਸੇ ਉੱਚੀ ਜਾਤਿ ਦਾ) ॥੧॥ ਰਹਾਉ ॥

ਤੂ ਏਵਡੁ ਦਾਤਾ ਦੇਵਣਹਾਰੁ ॥

ਹੇ ਪ੍ਰਭੂ! ਤੂੰ ਦਾਤਾਂ ਦੇਣ ਵਾਲਾ ਇਤਨਾ ਵੱਡਾ ਦਾਤਾ ਹੈਂ (ਭਗਤੀ ਦੀ ਦਾਤ ਭੀ ਤੂੰ ਆਪ ਹੀ ਦੇਂਦਾ ਹੈਂ),

ਤੋਟਿ ਨਾਹੀ ਤੁਧੁ ਭਗਤਿ ਭੰਡਾਰ ॥

ਤੇਰੇ ਖ਼ਜ਼ਾਨਿਆਂ ਵਿਚ ਭਗਤੀ (ਦੀ ਦਾਤਿ) ਦੀ ਕੋਈ ਘਾਟ ਨਹੀਂ ਹੈ।

ਕੀਆ ਗਰਬੁ ਨ ਆਵੈ ਰਾਸਿ ॥

(ਆਪਣੇ ਕਿਸੇ ਚੰਗੇ ਆਚਰਨ ਬਾਰੇ ਮਨੁੱਖ ਦਾ) ਕੀਤਾ ਹੋਇਆ ਅਹੰਕਾਰ ਕੁਝ ਸਵਾਰ ਨਹੀਂ ਸਕਦਾ, ਮਨੁੱਖ ਦੀ ਜਿੰਦ ਤੇ ਸਰੀਰ ਸਭ ਕੁਝ ਤੇਰੇ ਹੀ ਆਸਰੇ ਹੈ।

ਜੀਉ ਪਿੰਡੁ ਸਭੁ ਤੇਰੈ ਪਾਸਿ ॥੨॥

(ਜਿਵੇਂ ਤੂੰ ਸਰੀਰ ਦੀ ਪਰਵਰਿਸ਼ ਲਈ ਰੋਜ਼ੀ ਦੇਂਦਾ ਹੈਂ, ਤਿਵੇਂ ਜਿੰਦ ਨੂੰ ਭੀ ਭਗਤੀ ਦੀ ਖ਼ੁਰਾਕ ਦੇਣ ਵਾਲਾ ਤੂੰ ਹੀ ਹੈਂ) ॥੨॥

ਤੂ ਮਾਰਿ ਜੀਵਾਲਹਿ ਬਖਸਿ ਮਿਲਾਇ ॥

(ਹੇ ਪ੍ਰਭੂ!) ਤੂੰ ਆਪ ਹੀ ਮੈਨੂੰ ਗੁਰੂ ਦੀ ਮਤਿ ਦੇ ਕੇ, ਮੇਰੇ ਉੱਤੇ ਮਿਹਰ ਕਰ ਕੇ ਮੈਨੂੰ ਆਪਣੇ ਚਰਨਾਂ ਵਿਚ ਜੋੜ ਕੇ, ਮੇਰਾ ਆਪਾ-ਭਾਵ ਮਾਰ ਕੇ,

ਜਿਉ ਭਾਵੀ ਤਿਉ ਨਾਮੁ ਜਪਾਇ ॥

ਤੇ ਜਿਵੇਂ ਤੈਨੂੰ ਭਾਉਂਦਾ ਹੈ ਮੈਨੂੰ ਆਪਣਾ ਨਾਮ ਜਪਾ ਕੇ ਮੈਨੂੰ ਆਤਮਕ ਜੀਵਨ ਦੇਂਦਾ ਹੈਂ।

ਤੂੰ ਦਾਨਾ ਬੀਨਾ ਸਾਚਾ ਸਿਰਿ ਮੇਰੈ ॥

ਤੂੰ ਮੇਰੇ ਦਿਲ ਦੀ ਜਾਣਦਾ ਹੈਂ, ਤੂੰ (ਮੇਰੀ ਹਾਲਤ) ਵੇਖਦਾ ਹੈਂ, ਤੂੰ ਮੇਰੇ ਸਿਰ ਉੱਤੇ (ਰਾਖਾ) ਹੈਂ।

ਗੁਰਮਤਿ ਦੇਇ ਭਰੋਸੈ ਤੇਰੈ ॥੩॥

ਮੈਂ ਸਦਾ ਤੇਰੇ ਹੀ ਆਸਰੇ ਹਾਂ (ਮੈਨੂੰ ਆਪਣੇ ਕਿਸੇ ਕਰਮਾਂ ਦਾ ਆਸਰਾ ਨਹੀਂ ਹੈ) ॥੩॥

ਤਨ ਮਹਿ ਮੈਲੁ ਨਾਹੀ ਮਨੁ ਰਾਤਾ ॥

(ਹੇ ਪ੍ਰਭੂ!) ਜਿਨ੍ਹਾਂ ਦਾ ਮਨ (ਤੇਰੇ ਪਿਆਰ ਵਿਚ) ਰੰਗਿਆ ਹੋਇਆ ਹੈ, ਉਹਨਾਂ ਦੇ ਸਰੀਰ ਵਿਚ ਵਿਕਾਰਾਂ ਦੀ ਮੈਲ ਨਹੀਂ।

ਗੁਰ ਬਚਨੀ ਸਚੁ ਸਬਦਿ ਪਛਾਤਾ ॥

ਗੁਰੂ ਦੇ ਬਚਨਾਂ ਉੱਤੇ ਤੁਰ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹਨਾਂ ਨੇ ਤੈਨੂੰ ਸਦਾ ਕਾਇਮ ਰਹਿਣ ਵਾਲੇ ਨੂੰ ਪਛਾਣ ਲਿਆ ਹੈ (ਤੇਰੇ ਨਾਲ ਸਾਂਝ ਪਾ ਲਈ ਹੈ)।

ਤੇਰਾ ਤਾਣੁ ਨਾਮ ਕੀ ਵਡਿਆਈ ॥

(ਕਰਮਾਂ ਦਾ ਆਸਰਾ ਲੈਣ ਦੇ ਥਾਂ) ਉਹਨਾਂ ਨੂੰ ਤੇਰੇ ਨਾਮ ਦਾ ਹੀ ਆਸਰਾ ਹੈ, ਉਹ ਸਦਾ ਤੇਰੇ ਨਾਮ ਦੀ ਵਡਿਆਈ ਕਰਦੇ ਹਨ।

ਨਾਨਕ ਰਹਣਾ ਭਗਤਿ ਸਰਣਾਈ ॥੪॥੧੦॥

ਹੇ ਨਾਨਕ! (ਆਖ-) ਉਹ ਮਨੁੱਖ ਪ੍ਰਭੂ ਦੀ ਭਗਤੀ ਵਿਚ ਰੱਤੇ ਰਹਿੰਦੇ ਹਨ, ਉਹ ਪ੍ਰਭੂ ਦੀ ਸਰਨ ਰਹਿੰਦੇ ਹਨ ॥੪॥੧੦॥

ਗਉੜੀ ਮਹਲਾ ੧ ॥

ਜਿਨਿ ਅਕਥੁ ਕਹਾਇਆ ਅਪਿਓ ਪੀਆਇਆ ॥

(ਗੁਰੂ ਦੇ ਸ਼ਬਦ ਵਿਚ ਜੁੜ ਕੇ) ਜਿਸ ਮਨੁੱਖ ਨੇ ਅਕੱਥ ਪ੍ਰਭੂ ਨੂੰ (ਆਪ ਸਿਮਰਿਆ ਹੈ ਤੇ) ਹੋਰਨਾਂ ਨੂੰ ਸਿਮਰਨ ਲਈ ਪ੍ਰੇਰਿਆ ਹੈ ਉਸ ਨੇ ਆਪ ਨਾਮ-ਅੰਮ੍ਰਿਤ ਪੀਤਾ ਹੈ ਤੇ ਹੋਰਨਾਂ ਨੂੰ ਪਿਲਾਇਆ ਹੈ।

ਅਨ ਭੈ ਵਿਸਰੇ ਨਾਮਿ ਸਮਾਇਆ ॥੧॥

ਉਸ ਨੂੰ (ਦੁਨੀਆ ਵਾਲੇ) ਹੋਰ ਸਾਰੇ ਸਹਮ ਭੁੱਲ ਜਾਂਦੇ ਹਨ ਕਿਉਂਕਿ ਉਹ (ਸਦਾ ਪ੍ਰਭੂ ਦੇ) ਨਾਮ ਵਿਚ ਲੀਨ ਰਹਿੰਦਾ ਹੈ ॥੧॥

ਕਿਆ ਡਰੀਐ ਡਰੁ ਡਰਹਿ ਸਮਾਨਾ ॥

ਉਹ (ਦੁਨੀਆ ਦੇ ਝੰਬੇਲਿਆਂ ਵਿਚ) ਸਹਮਦਾ ਨਹੀਂ, ਉਸ ਦਾ (ਦੁਨੀਆ ਵਾਲਾ) ਸਹਮ (ਪਰਮਾਤਮਾ ਵਾਸਤੇ ਉਸ ਦੇ ਹਿਰਦੇ ਵਿਚ ਟਿਕੇ ਹੋਏ) ਡਰ-ਅਦਬ ਵਿਚ ਮੁੱਕ ਜਾਂਦਾ ਹੈ,

ਪੂਰੇ ਗੁਰ ਕੈ ਸਬਦਿ ਪਛਾਨਾ ॥੧॥ ਰਹਾਉ ॥

ਜਿਸ ਮਨੁੱਖ ਨੇ ਪੂਰੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ ॥੧॥ ਰਹਾਉ ॥

ਜਿਸੁ ਨਰ ਰਾਮੁ ਰਿਦੈ ਹਰਿ ਰਾਸਿ ॥

ਜਿਸ ਮਨੁੱਖ ਦੇ ਹਿਰਦੇ ਵਿਚ ਹਰੀ ਪਰਮਾਤਮਾ ਦਾ ਨਾਮ ਰਾਸ-ਪੂੰਜੀ ਹੈ,

ਸਹਜਿ ਸੁਭਾਇ ਮਿਲੇ ਸਾਬਾਸਿ ॥੨॥

ਉਹ (ਮਾਇਆ ਦੀ ਖ਼ਾਤਰ ਨਹੀਂ ਡੋਲਦਾ, ਉਹ) ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਉਹ ਪ੍ਰਭੂ ਦੇ ਪਿਆਰ ਵਿਚ ਜੁੜਿਆ ਰਹਿੰਦਾ ਹੈ, ਉਸ ਨੂੰ (ਪ੍ਰਭੂ ਦੇ ਦਰ ਤੋਂ) ਆਦਰ ਮਿਲਦਾ ਹੈ ॥੨॥

ਜਾਹਿ ਸਵਾਰੈ ਸਾਝ ਬਿਆਲ ॥

(ਪਰ) ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਹਰ ਵੇਲੇ (ਸਵੇਰ ਸ਼ਾਮ) ਮਾਇਆ ਦੀ ਨੀਂਦ ਵਿਚ ਹੀ ਸੁੱਤੇ ਰੱਖਦਾ ਹੈ,

ਇਤ ਉਤ ਮਨਮੁਖ ਬਾਧੇ ਕਾਲ ॥੩॥

ਉਹ ਸਦਾ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਲੋਕ ਪਰਲੋਕ ਵਿਚ ਹੀ ਮੌਤ ਦੇ ਸਹਮ ਨਾਲ ਬੱਝੇ ਰਹਿੰਦੇ ਹਨ (ਜਿਤਨਾ ਚਿਰ ਇਥੇ ਹਨ ਮੌਤ ਦਾ ਸਹਮ ਉਹਨਾਂ ਦੇ ਸਿਰ ਉਤੇ ਸਵਾਰ ਰਹਿੰਦਾ ਹੈ, ਇਸ ਤੋਂ ਪਿਛੋਂ ਭੀ ਜਨਮ ਮਰਨ ਦੇ ਗੇੜ ਵਿਚ ਧੱਕੇ ਖਾਂਦੇ ਹਨ) ॥੩॥

ਅਹਿਨਿਸਿ ਰਾਮੁ ਰਿਦੈ ਸੇ ਪੂਰੇ ॥

ਹੇ ਨਾਨਕ! ਜਿਨ੍ਹਾਂ ਦੇ ਹਿਰਦੇ ਵਿਚ ਦਿਨ ਰਾਤ (ਹਰ ਵੇਲੇ) ਪਰਮਾਤਮਾ ਵੱਸਦਾ ਹੈ, ਉਹ ਪੂਰਨ ਮਨੁੱਖ ਹਨ (ਉਹ ਡੋਲਦੇ ਨਹੀਂ)।

ਨਾਨਕ ਰਾਮ ਮਿਲੇ ਭ੍ਰਮ ਦੂਰੇ ॥੪॥੧੧॥

ਜਿਨ੍ਹਾਂ ਨੂੰ ਪਰਮਾਤਮਾ ਮਿਲ ਪਿਆ, ਉਹਨਾਂ ਦੀਆਂ ਸਭ ਭਟਕਣਾਂ ਮੁੱਕ ਜਾਂਦੀਆਂ ਹਨ ॥੪॥੧੧॥

ਗਉੜੀ ਮਹਲਾ ੧ ॥

ਜਨਮਿ ਮਰੈ ਤ੍ਰੈ ਗੁਣ ਹਿਤਕਾਰੁ ॥

ਚਾਰੇ ਵੇਦ ਜਿਸ ਤ੍ਰੈਗੁਣੀ ਸੰਸਾਰ ਦਾ ਜ਼ਿਕਰ ਕਰਦੇ ਹਨ (ਜੋ ਮਨੁੱਖ ਪ੍ਰਭੂ-ਭਗਤੀ ਤੋਂ ਸੱਖਣਾ ਹੈ ਤੇ) ਉਸੇ ਤ੍ਰੈਗੁਣੀ ਸੰਸਾਰ ਨਾਲ ਹੀ ਹਿਤ ਕਰਦਾ ਹੈ,

ਚਾਰੇ ਬੇਦ ਕਥਹਿ ਆਕਾਰੁ ॥

ਉਹ ਜੰਮਦਾ ਮਰਦਾ ਰਹਿੰਦਾ ਹੈ (ਉਹ ਜਨਮ ਮਰਨ ਦੀ ਘੁੰਮਣਘੇਰੀ ਵਿਚ ਪਿਆ ਰਹਿੰਦਾ ਹੈ)।

ਤੀਨਿ ਅਵਸਥਾ ਕਹਹਿ ਵਖਿਆਨੁ ॥

(ਅਜਿਹੇ ਮਨੁੱਖ) ਜੋ ਭੀ ਵਿਆਖਿਆ ਕਰਦੇ ਹਨ ਮਨ ਦੀਆਂ ਤਿੰਨਾਂ ਅਵਸਥਾ ਦਾ ਹੀ ਜ਼ਿਕਰ ਕਰਦੇ ਹਨ।

ਤੁਰੀਆਵਸਥਾ ਸਤਿਗੁਰ ਤੇ ਹਰਿ ਜਾਨੁ ॥੧॥

(ਜਿਸ ਅਵਸਥਾ ਵਿਚ ਜੀਵਾਤਮਾ ਪਰਮਾਤਮਾ ਨਾਲ ਇੱਕ-ਰੂਪ ਹੋ ਜਾਂਦਾ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ)। ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ ਪਾ ਲਵੋ-ਇਹ ਹੈ ਤੁਰੀਆ ਅਵਸਥਾ ॥੧॥

ਰਾਮ ਭਗਤਿ ਗੁਰ ਸੇਵਾ ਤਰਣਾ ॥

(ਜਨਮ ਮਰਨ ਦਾ ਗੇੜ, ਮਾਨੋ, ਇਕ ਘੁੰਮਣਘੇਰੀ ਹੈ, ਇਸ ਵਿਚੋਂ) ਪਰਮਾਤਮਾ ਦੀ ਭਗਤੀ ਅਤੇ ਗੁਰੂ ਦੀ ਦੱਸੀ ਹੋਈ ਕਾਰ ਕਰ ਕੇ ਪਾਰ ਲੰਘ ਜਾਈਦਾ ਹੈ,

ਬਾਹੁੜਿ ਜਨਮੁ ਨ ਹੋਇ ਹੈ ਮਰਣਾ ॥੧॥ ਰਹਾਉ ॥

(ਜੇਹੜਾ ਲੰਘ ਜਾਂਦਾ ਹੈ ਉਸ ਨੂੰ) ਮੁੜ ਨਾਹ ਜਨਮ ਹੁੰਦਾ ਹੈ ਨਾਹ ਮੌਤ। (ਉਸ ਅਵਸਥਾ ਨੂੰ ਤੁਰੀਆ ਅਵਸਥਾ ਕਹਿ ਲਵੋ) ॥੧॥ ਰਹਾਉ ॥

ਚਾਰਿ ਪਦਾਰਥ ਕਹੈ ਸਭੁ ਕੋਈ ॥

ਹਰੇਕ ਜੀਵ ਧਰਮ ਅਰਥ ਕਾਮ ਮੋਖ (ਮੁਕਤੀ) ਇਹਨਾਂ ਚਾਰ ਪਦਾਰਥਾਂ ਦਾ ਜ਼ਿਕਰ ਤਾਂ ਕਰਦਾ ਹੈ,

ਸਿੰਮ੍ਰਿਤਿ ਸਾਸਤ ਪੰਡਿਤ ਮੁਖਿ ਸੋਈ ॥

ਸਿੰਮ੍ਰਿਤੀਆਂ ਸ਼ਾਸਤ੍ਰਾਂ ਦੇ ਪੰਡਿਤਾਂ ਦੇ ਮੂੰਹੋਂ ਭੀ ਇਹੀ ਸੁਣੀਦਾ ਹੈ,

ਬਿਨੁ ਗੁਰ ਅਰਥੁ ਬੀਚਾਰੁ ਨ ਪਾਇਆ ॥

ਪਰ ਮੁਕਤਿ ਪਦਾਰਥ ਕੀਹ ਹੈ (ਉਹ ਅਵਸਥਾ ਕਿਹੋ ਜੇਹੀ ਹੈ ਜਿਥੇ ਜੀਵ ਤਿੰਨਾਂ ਗੁਣਾਂ ਦੇ ਪ੍ਰਭਾਵ ਤੋਂ ਨਿਰਲੇਪ ਹੋ ਜਾਂਦਾ ਹੈ) ਗੁਰੂ ਦੀ ਸਰਨ ਪੈਣ ਤੋਂ ਬਿਨਾ ਇਸ ਦਾ ਅਨੁਭਵ ਨਹੀਂ ਹੋ ਸਕਦਾ।

ਮੁਕਤਿ ਪਦਾਰਥੁ ਭਗਤਿ ਹਰਿ ਪਾਇਆ ॥੨॥

ਇਹ ਪਦਾਰਥ ਪਰਮਾਤਮਾ ਦੀ ਭਗਤੀ ਕੀਤਿਆਂ ਮਿਲਦਾ ਹੈ ॥੨॥

ਜਾ ਕੈ ਹਿਰਦੈ ਵਸਿਆ ਹਰਿ ਸੋਈ ॥

ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ,

ਗੁਰਮੁਖਿ ਭਗਤਿ ਪਰਾਪਤਿ ਹੋਈ ॥

ਉਸ ਨੂੰ ਭਗਤੀ ਦੀ ਪ੍ਰਾਪਤੀ ਹੋ ਗਈ, ਤੇ ਇਹ ਭਗਤੀ ਗੁਰੂ ਦੀ ਰਾਹੀਂ ਹੀ ਮਿਲਦੀ ਹੈ।

ਹਰਿ ਕੀ ਭਗਤਿ ਮੁਕਤਿ ਆਨੰਦੁ ॥

ਪਰਮਾਤਮਾ ਦੀ ਭਗਤੀ ਦੀ ਰਾਹੀਂ ਹੀ ਮੁਕਤੀ ਪਦਾਰਥ ਦਾ ਆਨੰਦ ਮਾਣੀਦਾ ਹੈ,

ਗੁਰਮਤਿ ਪਾਏ ਪਰਮਾਨੰਦੁ ॥੩॥

ਇਹ ਉੱਚੇ ਤੋਂ ਉੱਚਾ ਆਨੰਦ ਗੁਰੂ ਦੀ ਸਿੱਖਿਆ ਤੇ ਤੁਰਿਆਂ ਮਿਲਦਾ ਹੈ ॥੩॥

ਜਿਨਿ ਪਾਇਆ ਗੁਰਿ ਦੇਖਿ ਦਿਖਾਇਆ ॥

ਜਿਸ ਮਨੁੱਖ ਨੇ ਮੁਕਤੀ ਦਾ ਆਨੰਦ ਹਾਸਲ ਕਰ ਲਿਆ, ਗੁਰੂ ਨੇ ਪ੍ਰਭੂ ਆਪ ਵੇਖ ਕੇ ਜਿਸ ਮਨੁੱਖ ਨੂੰ ਵਿਖਾ ਦਿੱਤਾ,

ਆਸਾ ਮਾਹਿ ਨਿਰਾਸੁ ਬੁਝਾਇਆ ॥

ਉਸ ਨੂੰ ਦੁਨੀਆ ਦੀਆਂ ਆਸਾਂ ਦੇ ਅੰਦਰ ਰਹਿੰਦੀਆਂ ਹੀ ਆਸਾਂ ਤੋਂ ਉਪਰਾਮ ਰਹਿਣ ਦੀ ਜਾਚ ਗੁਰੂ ਸਿਖਾ ਦੇਂਦਾ ਹੈ।

ਦੀਨਾ ਨਾਥੁ ਸਰਬ ਸੁਖਦਾਤਾ ॥

ਸਰਬ-ਸੁਖ-ਦਾਤਾ ਦੀਨਾਨਾਥ (ਜਿਸ ਨੂੰ ਗੁਰੂ ਨੇ ਦਿਖਾ ਦਿੱਤਾ ਹੈ)

ਨਾਨਕ ਹਰਿ ਚਰਣੀ ਮਨੁ ਰਾਤਾ ॥੪॥੧੨॥

ਹੇ ਨਾਨਕ! ਉਸ ਮਨੁੱਖ ਦਾ ਮਨ ਪ੍ਰਭੂ-ਚਰਨਾਂ (ਦੇ ਪਿਆਰ) ਵਿਚ ਰੰਗਿਆ ਰਹਿੰਦਾ ਹੈ ॥੪॥੧੨॥

ਗਉੜੀ ਚੇਤੀ ਮਹਲਾ ੧ ॥

ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੁ ਸੰਸਾਰੋ ॥

ਇਹ ਸਰੀਰ ਆਪਣੇ ਆਪ ਨੂੰ ਅਮਰ ਜਾਣ ਕੇ ਸੁਖ ਮਾਣਨ ਵਿਚ ਹੀ ਲੱਗਾ ਰਹਿੰਦਾ ਹੈ, (ਇਹ ਨਹੀਂ ਸਮਝਦਾ ਕਿ) ਇਹ ਜਗਤ (ਇਕ) ਖੇਡ (ਹੀ) ਹੈ।

ਲਬੁ ਲੋਭੁ ਮੁਚੁ ਕੂੜੁ ਕਮਾਵਹਿ ਬਹੁਤੁ ਉਠਾਵਹਿ ਭਾਰੋ ॥

ਹੇ ਮੇਰੇ ਸਰੀਰ! ਤੂੰ ਲੱਬ ਲੋਭ ਕਰ ਰਿਹਾ ਹੈਂ ਤੂੰ ਬਹੁਤ ਕੂੜ ਕਮਾ ਰਿਹਾ ਹੈਂ (ਵਿਅਰਥ ਦੌੜ-ਭੱਜ ਹੀ ਕਰ ਰਿਹਾ ਹੈਂ), ਤੂੰ (ਆਪਣੇ ਉੱਤੇ ਲੱਬ ਲੋਭ ਕੂੜ ਆਦਿਕ ਦੇ ਅਸਰ ਹੇਠ ਕੀਤੇ ਮਾੜੇ ਕੰਮਾਂ ਦਾ) ਭਾਰ ਚੁਕਦਾ ਜਾ ਰਿਹਾ ਹੈਂ।

ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਉਪਰਿ ਛਾਰੋ ॥੧॥

ਹੇ ਮੇਰੇ ਸਰੀਰ! ਮੈਂ ਤੇਰੇ ਵਰਗੇ ਇਉਂ ਰੁਲਦੇ ਵੇਖੇ ਹਨ ਜਿਵੇਂ ਧਰਤੀ ਉਤੇ ਸੁਆਹ ॥੧॥

ਸੁਣਿ ਸੁਣਿ ਸਿਖ ਹਮਾਰੀ ॥

ਹੇ ਮੇਰੀ ਜਿੰਦੇ! ਮੇਰੀ ਸਿੱਖਿਆ ਧਿਆਨ ਨਾਲ ਸੁਣ।

ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ ॥੧॥ ਰਹਾਉ ॥

ਕੀਤੀ ਹੋਈ ਨੇਕ ਕਮਾਈ ਹੀ ਤੇਰੇ ਨਾਲ ਨਿਭੇਗੀ। (ਜੇ ਇਹ ਮਨੁੱਖਾ ਜਨਮ ਗਵਾ ਲਿਆ), ਤਾਂ ਮੁੜ (ਛੇਤੀ) ਵਾਰੀ ਨਹੀਂ ਮਿਲੇਗੀ ॥੧॥ ਰਹਾਉ ॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430