ਪਰਮਾਤਮਾ ਸਭ ਜੀਵਾਂ ਦੇ ਅੰਦਰ ਹੈ, ਸਭ ਤੋਂ ਵੱਖਰਾ ਭੀ ਹੈ, (ਸਭ ਦੇ ਅੰਦਰ ਹੁੰਦਾ ਹੋਇਆ ਭੀ ਉਹ) ਮੋਹ ਅਤੇ ਈਰਖਾ (ਆਦਿਕ) ਤੋਂ ਨਿਰਲੇਪ ਰਹਿੰਦਾ ਹੈ।
ਹੇ ਨਾਨਕ! ਉਸ ਦੇ ਸੇਵਕ ਸਦਾ ਉਸ ਦੀ ਸਰਨ ਪਏ ਰਹਿੰਦੇ ਹਨ, ਉਹ ਪ੍ਰੀਤਮ ਹਰੀ ਸਭ ਜੀਵਾਂ ਦੇ ਮਨ ਦਾ ਆਸਰਾ (ਬਣਿਆ ਰਹਿੰਦਾ ਹੈ) ॥੩॥
ਹੇ ਭਾਈ! ਭਾਲ ਕਰਦਿਆਂ ਕਰਦਿਆਂ ਮੈਂ ਹਰੀ ਪ੍ਰਭੂ ਦਾ ਉਹ ਟਿਕਾਣਾ ਲੱਭ ਲਿਆ ਹੈ, ਜੋ ਕਦੇ ਭੀ ਡੋਲਦਾ ਨਹੀਂ।
ਜਦੋਂ ਮੈਂ ਵੇਖਿਆ ਕਿ (ਜਗਤ ਦੇ) ਸਾਰੇ (ਪਦਾਰਥ) ਨਾਸਵੰਤ ਹਨ, ਤਦੋਂ ਮੈਂ ਪ੍ਰਭੂ ਦੇ ਸੋਹਣੇ ਚਰਨਾਂ ਵਿਚ (ਆਪਣਾ) ਮਨ ਜੋੜ ਲਿਆ।
ਹੇ ਭਾਈ! ਪਰਮਾਤਮਾ ਕਦੇ ਨਾਸ ਹੋਣ ਵਾਲਾ ਨਹੀਂ, ਮੈਂ (ਤਾਂ) ਉਸ ਦੀ ਦਾਸੀ ਬਣ ਗਈ ਹਾਂ, ਉਹ ਕਦੇ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ।
(ਦੁਨੀਆ ਦੇ ਵੱਡੇ ਵੱਡੇ ਪ੍ਰਸਿੱਧ ਪਦਾਰਥ) ਧਰਮ ਅਰਥ ਕਾਮ (ਆਦਿਕ) ਸਾਰੇ ਹੀ (ਉਸ ਪ੍ਰਭੂ ਵਿਚ) ਮੌਜੂਦ ਹਨ, ਉਹ ਪ੍ਰਭੂ (ਜੀਵ ਦੇ) ਮਨ ਵਿਚ ਚਿਤਵੀ ਹੋਈ ਹਰੇਕ ਕਾਮਨਾ ਪੂਰੀ ਕਰ ਦੇਂਦਾ ਹੈ।
ਹੇ ਭਾਈ! (ਢੇਰ ਪੁਰਾਤਨ ਸਮਿਆਂ ਤੋਂ ਹੀ ਪੁਰਾਣੇ ਧਰਮ-ਪੁਸਤਕ) ਸਿਮ੍ਰਿਤੀਆਂ ਵੇਦ (ਆਦਿਕ) ਉਸ ਕਰਤਾਰ ਦੇ ਗੁਣ ਗਾਂਦੇ ਆ ਰਹੇ ਹਨ। ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਜੋਗ-ਸਾਧਨ ਕਰਨ ਵਾਲੇ ਜੋਗੀ, ਸਾਰੇ ਰਿਸ਼ੀ ਮੁਨੀ (ਉਸੇ ਦਾ ਨਾਮ) ਸਿਮਰਦੇ ਆ ਰਹੇ ਹਨ।
ਹੇ ਨਾਨਕ! ਉਹ ਮਾਲਕ-ਪ੍ਰਭੂ ਕਿਰਪਾ ਦਾ ਖ਼ਜ਼ਾਨਾ ਹੈ, ਮਨੁੱਖ ਵੱਡੇ ਭਾਗਾਂ ਨਾਲ ਉਸ ਦੀ ਸਰਨ ਪੈਂਦਾ ਹੈ, ਤੇ, ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ ॥੪॥੧॥੧੧॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਸੂਹੀ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਵਾਰ', ਸਲੋਕਾਂ ਸਮੇਤ।
ਜੋ ਜੀਵ-ਇਸਤ੍ਰੀ ਦੁਨੀਆ ਦੇ ਸੋਹਣੇ ਪਦਾਰਥ-ਰੂਪ ਕਸੁੰਭੇ ਦੇ ਚੁਹਚੁਹੇ ਰੰਗ ਵਾਲੇ ਵੇਸ ਵਿਚ (ਮਸਤ) ਹੈ ਉਹ ਮੰਦੇ ਭਾਗਾਂ ਵਾਲੀ ਹੈ, ਉਹ (ਮਾਨੋ) ਪਰਾਏ ਖਸਮ ਨੂੰ ਭੋਗਣ ਤੁਰ ਪੈਂਦੀ ਹੈ।
ਮਾਇਆ ਦੇ ਪਿਆਰ ਵਿਚ ਉਹ ਲੁੱਟੀ ਜਾ ਰਹੀ ਹੈ (ਕਿਉਂਕਿ) ਉਹ ਆਪਣੇ ਹਿਰਦੇ-ਘਰ ਵਿਚ ਵੱਸਦੇ ਖਸਮ-ਪ੍ਰਭੂ ਨੂੰ ਵਿਸਾਰ ਦੇਂਦੀ ਹੈ।
(ਜਿਸ ਜੀਵ-ਇਸਤ੍ਰੀ ਨੇ ਦੁਨੀਆ ਦੇ ਪਦਾਰਥਾਂ ਨੂੰ) ਸੁਆਦਲੇ ਜਾਣ ਕੇ ਭੋਗਿਆ ਹੈ (ਉਸ ਦੇ ਮਨ ਵਿਚ) ਇਹਨਾਂ ਬਹੁਤੇ ਚਸਕਿਆਂ ਤੋਂ ਰੋਗ ਵਧਦਾ ਹੈ।
(ਭਾਵ), ਉਹ ਨਿਰੋਲ ਆਪਣੇ ਖਸਮ-ਪ੍ਰਭੂ ਨੂੰ ਛੱਡ ਬਹਿੰਦੀ ਹੈ ਤੇ ਇਸ ਤਰ੍ਹਾਂ ਉਸ ਨਾਲੋਂ ਇਸ ਦਾ ਵਿਛੋੜਾ ਹੋ ਜਾਂਦਾ ਹੈ।
ਜੋ ਜੀਵ-ਇਸਤ੍ਰੀ ਗੁਰੂ ਦੇ ਹੁਕਮ ਵਿਚ ਤੁਰਦੀ ਹੈ ਉਸ ਦਾ ਮਨ (ਦੁਨੀਆ ਦੇ ਭੋਗਾਂ ਵਲੋਂ) ਪਰਤਦਾ ਹੈ, ਉਹ (ਪ੍ਰਭੂ-ਪਿਆਰ ਰੂਪ ਗਹਣੇ ਨਾਲ ਆਪਣੇ ਆਪ ਨੂੰ) ਸਜਾ ਬਣਾ ਕੇ ਪਰਮਾਤਮਾ (ਦੇ ਪਿਆਰ) ਵਿਚ ਰੱਤੀ ਰਹਿੰਦੀ ਹੈ।
ਪ੍ਰਭੂ ਦਾ ਨਾਮ ਹਿਰਦੇ ਵਿਚ ਧਾਰ ਕੇ ਸਹਜ ਅਵਸਥਾ ਵਿਚ (ਟਿਕ ਕੇ) ਸਦਾ-ਥਿਰ ਰਹਿਣ ਵਾਲੇ ਖਸਮ ਨੂੰ ਮਾਣਦੀ ਹੈ।
ਪ੍ਰਭੂ ਦੇ ਹੁਕਮ ਵਿਚ ਤੁਰਨ ਵਾਲੀ ਜੀਵ-ਇਸਤ੍ਰੀ ਸਦਾ ਸੁਹਾਗ ਭਾਗ ਵਾਲੀ ਹੈ, ਕਰਤਾਰ (ਖਸਮ) ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ ਹੈ।
ਹੇ ਨਾਨਕ! ਜਿਸ ਨੇ ਸਦਾ-ਥਿਰ ਪ੍ਰਭੂ ਖਸਮ ਪ੍ਰਾਪਤ ਕਰ ਲਿਆ ਹੈ ਉਹ (ਜੀਵ-) ਇਸਤ੍ਰੀ ਸਦਾ ਸੁਹਾਗ ਭਾਗ ਵਾਲੀ ਹੈ ॥੧॥
ਹੇ ਚੁਹਚੁਹੇ ਕਸੁੰਭੇ-ਰੰਗ ਨਾਲ ਪਿਆਰ ਕਰਨ ਵਾਲੀਏ ਵਿਚਾਰੀਏ! ਖਸਮ-ਪ੍ਰਭੂ ਨੂੰ ਸਦਾ ਚੇਤੇ ਰੱਖ।
ਹੇ ਨਾਨਕ! (ਆਖ ਕਿ ਇਸ ਤਰ੍ਹਾਂ) ਤੂੰ ਆਪਣਾ ਜੀਵਨ ਸਵਾਰ ਲਏਂਗੀ, ਤੇਰੀ ਕੁਲ ਭੀ ਤੇਰੇ ਨਾਲ ਮੁਕਤ ਹੋ ਜਾਇਗੀ ॥੨॥
ਆਕਾਸ਼ ਤੇ ਪਾਤਾਲ ਦੇ ਵਿਚਲਾ ਸਾਰਾ ਜਗਤ-ਰੂਪ ਤਖ਼ਤ ਪ੍ਰਭੂ ਨੇ ਹੀ ਬਣਾਇਆ ਹੈ।
ਉਸ ਨੇ ਆਪਣੇ ਹੁਕਮ ਵਿਚ ਹੀ ਧਰਤੀ ਜੀਵਾਂ ਦੇ ਧਰਮ ਕਮਾਣ ਲਈ ਥਾਂ ਬਣਾਈ ਹੈ।
ਹੇ ਦੀਨਾਂ ਤੇ ਦਇਆ ਕਰਨ ਵਾਲੇ ਸਦਾ ਕਾਇਮ ਰਹਿਣ ਵਾਲੇ! ਤੂੰ ਆਪ ਹੀ ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈਂ।
(ਹੇ ਪ੍ਰਭੂ!) ਤੇਰਾ ਹੁਕਮ ਅਨੋਖਾ ਹੈ (ਭਾਵ, ਕੋਈ ਇਸ ਨੂੰ ਮੋੜ ਨਹੀਂ ਸਕਦਾ) ਤੂੰ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈਂ।
ਹਰ ਥਾਂ ਤੂੰ ਖ਼ੁਦ ਆਪ ਮੌਜੂਦ ਹੈਂ ਤੇ ਤੂੰ ਆਪ ਹੀ ਜੀਵਾਂ ਦੀ ਪਾਲਣਾ ਕਰਦਾ ਹੈਂ ॥੧॥
ਹੇ ਸੂਹੇ ਵੇਸ ਵਾਲੀਏ! ਜੇ ਤੂੰ ਸਦਾ-ਥਿਰ (ਪ੍ਰਭੂ ਦਾ) ਨਾਮ ਮੰਨ ਲਏਂ ਤਾਂ ਤੂੰ ਸੁਹਾਗ ਭਾਗ ਵਾਲੀ ਹੋ ਜਾਏਂ।
ਆਪਣੇ ਗੁਰੂ ਨੂੰ ਪ੍ਰਸੰਨ ਕਰ ਲੈ, ਬੜੀ (ਨਾਮ-) ਰੰਗਣ ਚੜ੍ਹ ਆਵੇਗੀ (ਪਰ ਇਸ ਰੰਗਣ ਲਈ ਗੁਰੂ ਤੋਂ ਬਿਨਾ) ਕੋਈ ਹੋਰ ਥਾਂ ਨਹੀਂ ਹੈ।
(ਸੋ ਗੁਰੂ ਦੀ ਸਰਨ ਪੈ ਕੇ) ਅਜੇਹਾ (ਸੋਹਣਾ ਸਿੰਗਾਰ ਬਣਾ ਜੋ ਕਦੇ ਮੈਲਾ ਨਾਹ ਹੋਵੇ ਤੇ ਦਿਨ ਰਾਤ ਤੇਰਾ ਪਿਆਰ (ਪ੍ਰਭੂ ਨਾਲ) ਬਣਿਆ ਰਹੇ।
ਹੇ ਨਾਨਕ! (ਇਸ ਤੋਂ ਬਿਨਾ) ਸੁਹਾਗ ਭਾਗ ਵਾਲੀ ਜੀਵ-ਇਸਤ੍ਰੀ ਦਾ ਹੋਰ ਕੀਹ ਲੱਛਣ ਹੋ ਸਕਦਾ ਹੈ? ਉਸ ਦੇ ਅੰਦਰ ਸੱਚਾ ਨਾਮ ਹੋਵੇ, ਮੂੰਹ (ਉਤੇ ਨਾਮ ਦੀ) ਲਾਲੀ ਹੋਵੇ ਤੇ ਉਹ ਖਸਮ-ਪ੍ਰਭੂ ਵਿਚ ਜੁੜੀ ਰਹੇ ॥੧॥
ਹੇ ਲੋਕੋ! ਮੈਂ (ਨਿਰੀ) ਸੂਹੇ ਵੇਸੁ ਵਾਲੀ (ਹੀ) ਹਾਂ, ਮੈਂ (ਨਿਰੇ) ਸੂਹੇ ਕੱਪੜੇ (ਹੀ) ਪਾਂਦੀ ਹਾਂ;
ਪਰ (ਨਿਰੇ) ਵੇਸਾਂ ਨਾਲ ਖਸਮ (-ਪ੍ਰਭੂ) ਨਹੀਂ ਮਿਲਦਾ, ਮੈਂ ਵੇਸ ਕਰ ਕਰ ਕੇ ਥੱਕ ਗਈ ਹਾਂ।
ਹੇ ਨਾਨਕ! ਖਸਮ ਉਹਨਾਂ ਨੂੰ (ਹੀ) ਮਿਲਦਾ ਹੈ ਜਿਨ੍ਹਾਂ ਨੇ ਸਤਿਗੁਰੂ ਦੀ ਸਿੱਖਿਆ ਸੁਣੀ ਹੈ।
(ਜਦੋਂ ਜੀਵ-ਇਸਤ੍ਰੀ ਇਸ ਅਵਸਥਾ ਤੇ ਅੱਪੜ ਜਾਏ ਕਿ) ਜੋ ਪ੍ਰਭੂ ਨੂੰ ਭਾਉਂਦਾ ਹੈ ਉਹੀ ਹੁੰਦਾ ਹੈ, ਤਾਂ ਇਸ ਤਰ੍ਹਾਂ ਉਹ ਖਸਮ-ਪ੍ਰਭੂ ਨੂੰ ਮਿਲ ਪੈਂਦੀ ਹੈ ॥੨॥