ਰਾਗ ਆਸਾ, ਘਰ ੮ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਕਾਫੀ'।
(ਹੇ ਭਾਈ!) ਧੁਰ ਦਰਗਾਹ ਤੋਂ ਹੀ (ਹਰੇਕ ਜੀਵ ਵਾਸਤੇ) ਮੌਤ (ਦਾ ਪਰਵਾਨਾ) ਆਇਆ ਹੋਇਆ ਹੈ (ਧੁਰ ਤੋਂ ਹੀ ਇਹ ਰਜ਼ਾ ਹੈ ਕਿ ਜੇਹੜਾ ਜੰਮਿਆ ਹੈ ਉਸ ਨੇ ਮਰਨਾ ਭੀ ਜ਼ਰੂਰ ਹੈ) ਹਉਮੈ ਦੇ ਕਾਰਨ ਹੀ (ਕਿਸੇ ਦੇ ਮਰਨ ਤੇ) ਰੋਈਦਾ ਹੈ।
ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰ ਕੇ ਅਡੋਲ-ਚਿੱਤ ਹੋ ਜਾਈਦਾ ਹੈ (ਮੌਤ ਆਉਣ ਤੇ ਡੋਲਣੋਂ ਹਟ ਜਾਈਦਾ ਹੈ) ॥੧॥
ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦੀ ਰਾਹੀਂ ਜਾਣ ਲਿਆ ਕਿ ਜਗਤ ਤੋਂ ਆਖ਼ਿਰ ਚਲੇ ਜਾਣਾ ਹੈ ਉਹਨਾਂ ਨੇ ਸ਼ਾਬਾਸ਼ੇ ਖੱਟੀ।
ਉਹਨਾਂ ਨੇ ਪਰਮਾਤਮਾ ਦਾ ਨਾਮ (-ਰੂਪ) ਸ੍ਰੇਸ਼ਟ ਲਾਭ ਖੱਟ ਲਿਆ, ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਨਾਮ ਵਿਚ) ਲੀਨ ਹੋਏ ਰਹੇ ॥੧॥ ਰਹਾਉ ॥
ਹੇ ਮਾਂ! ਪੂਰਬਲੇ ਜਨਮ ਵਿਚ (ਧੁਰੋਂ) ਲਿਖੇ ਅਨੁਸਾਰ (ਜਿਨ੍ਹਾਂ ਨੂੰ ਜ਼ਿੰਦਗੀ ਦੇ) ਦਿਨ ਮਿਲਦੇ ਹਨ ਉਹ ਜਗਤ ਵਿਚ ਆ ਜਾਂਦੇ ਹਨ (ਜੰਮ ਪੈਂਦੇ ਹਨ)
(ਇਸੇ ਤਰ੍ਹਾਂ ਹੀ) ਧੁਰੋਂ ਇਹ ਫ਼ੁਰਮਾਨ ਭੀ ਹੈ ਕਿ ਇਥੋਂ ਅੱਜ ਭਲਕ ਤੁਰ ਭੀ ਜਾਣਾ ਹੈ ॥੨॥
(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੇ (ਜਗਤ ਵਿਚ ਆ ਕੇ) ਪਰਮਾਤਮਾ ਦਾ ਨਾਮ ਭੁਲਾ ਦਿੱਤਾ ਉਹਨਾਂ ਦਾ ਮਨੁੱਖਾ ਜਨਮ ਵਿਅਰਥ ਚਲਾ ਗਿਆ।
ਉਹਨਾਂ ਨੇ ਜਗਤ ਵਿਚ (ਆ ਕੇ) ਜੂਏ ਦੀ ਖੇਡ ਹੀ ਖੇਡੀ (ਤੇ ਇਸ ਖੇਡ ਵਿਚ) ਆਪਣਾ ਮਨ (ਵਿਕਾਰਾਂ ਦੀ ਹੱਥੀਂ) ਹਾਰ ਦਿੱਤਾ ॥੩॥
ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪਿਆ ਉਹਨਾਂ ਨੇ (ਸਾਰੇ) ਜੀਵਨ ਵਿਚ (ਭੀ) ਆਤਮਕ ਆਨੰਦ ਮਾਣਿਆ, ਤੇ ਮਰਨ ਵਿਚ ਭੀ (ਮਰਨ ਵੇਲੇ ਭੀ) ਸੁਖ ਹੀ ਪ੍ਰਤੀਤ ਕੀਤਾ,
(ਕਿਉਂਕਿ) ਹੇ ਨਾਨਕ! ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਹੀ ਸਦਾ ਲੀਨ ਰਹੇ ਅਤੇ ਸਦਾ-ਥਿਰ ਪ੍ਰਭੂ ਦਾ ਰੂਪ ਬਣੇ ਰਹੇ (ਸਦਾ-ਥਿਰ ਪ੍ਰਭੂ ਨਾਲ ਇਕ-ਇਕ ਹੋਏ ਰਹੇ) ॥੪॥੧੨॥੬੪॥
(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੇ ਕੀਮਤੀ ਮਨੁੱਖਾ ਜਨਮ ਹਾਸਲ ਕਰ ਕੇ ਪਰਮਾਤਮਾ ਦਾ ਨਾਮ ਸਿਮਰਿਆ,
ਗੁਰੂ ਦੀ ਕਿਰਪਾ ਨਾਲ (ਉਹ ਮਨੁੱਖਾ ਜਨਮ ਦੀ ਕਦਰ) ਸਮਝ ਕੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਗਏ ॥੧॥
(ਹੇ ਭਾਈ!) ਉਹਨਾਂ ਮਨੁੱਖਾਂ ਨੇ ਹੀ ਪਰਮਾਤਮਾ ਦੇ ਨਾਮ ਸਿਮਰਨ ਦਾ ਕਮਾਈ ਕੀਤੀ ਹੈ ਜਿਨ੍ਹਾਂ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਇਹ ਕਮਾਈ ਕਰਨ ਦਾ ਲੇਖ ਲਿਖਿਆ ਹੋਇਆ ਹੈ (ਜਿਨ੍ਹਾਂ ਦੇ ਅੰਦਰ ਸਿਮਰਨ ਕਰਨ ਦੇ ਸੰਸਕਾਰ ਮੌਜੂਦ ਹਨ)।
ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਸੱਦਿਆ ਜਾਂਦਾ ਹੈ (ਆਦਰ ਮਿਲਦਾ ਹੈ) ॥੧॥ ਰਹਾਉ ॥
(ਹੇ ਭਾਈ!) ਨਾਮ-ਖ਼ਜ਼ਾਨਾ ਹਰੇਕ ਮਨੁੱਖ ਦੇ ਅੰਦਰ ਮੌਜੂਦ ਹੈ, ਪਰ ਇਹ ਲੱਭਦਾ ਹੈ ਗੁਰੂ ਦੀ ਸਰਨ ਪਿਆਂ।
(ਇਸ ਵਾਸਤੇ) ਹਰ ਰੋਜ਼ ਪਰਮਾਤਮਾ ਦਾ ਨਾਮ ਸਿਮਰ ਕੇ (ਆਉ, ਗੁਰੂ ਦੀ ਰਾਹੀਂ) ਪਰਮਾਤਮਾ ਦੇ ਗੁਣ ਗਾਂਦੇ ਰਹੀਏ ॥੨॥
(ਹੇ ਭਾਈ!) ਨਾਮ-ਪਦਾਰਥ ਹਰੇਕ ਦੇ ਅੰਦਰ ਹੈ (ਪਰਮਾਤਮਾ ਵਾਲੇ) ਅਨੇਕਾਂ (ਗੁਣ) ਹਰੇਕ ਦੇ ਅੰਦਰ ਹਨ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਕੁਝ ਭੀ ਨਹੀਂ ਲੱਭਦਾ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਪਣੀ ਹਉਮੈ ਦੇ ਕਾਰਨ (ਆਪਣੀ ਸੂਝ-ਬੂਝ ਦਾ ਹੀ) ਅਹੰਕਾਰ ਕਰਦਾ ਰਹਿੰਦਾ ਹੈ, (ਤੇ ਇਸ ਤਰ੍ਹਾਂ) ਆਪ ਹੀ (ਪਰਮਾਤਮਾ ਤੋਂ) ਵਿਛੁੜਿਆ ਰਹਿੰਦਾ ਹੈ ॥੩॥
ਹੇ ਨਾਨਕ! ਮਨਮੁਖ ਮਨੁੱਖ ਸਦਾ ਆਪ ਹੀ (ਆਪਣੀ ਹੀ ਮਨਮੁਖਤਾ ਦੇ ਕਾਰਨ) ਪਰਮਾਤਮਾ ਤੋਂ ਵਿੱਛੁੜਿਆ ਰਹਿੰਦਾ ਹੈ।
ਗੁਰੂ ਦੀ ਮਤਿ ਤੇ ਤੁਰਿਆਂ ਮਨ ਵਿਚ ਚਾਨਣ ਹੋ ਜਾਂਦਾ ਹੈ, ਤੇ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਮਿਲ ਪੈਂਦਾ ਹੈ ॥੪॥੧੩॥੬੫॥
ਰਾਗ ਆਸਾਵਰੀ, ਘਰ ੧੬ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਸੁਗੰਧ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਹੇ ਭਾਈ!) ਮੈਂ ਹਰ ਵੇਲੇ ਪਰਮਾਤਮਾ ਦਾ ਨਾਮ ਜਪਦਾ ਹਾਂ, ਮੈਂ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹਾਂ।
(ਜਦੋਂ ਦੀ) ਗੁਰੂ ਨੇ ਮੈਨੂੰ ਪਰਮਾਤਮਾ ਦੇ ਨਾਮ ਦੀ ਦੱਸ ਪਾਈ ਹੈ (ਤਦੋਂ ਤੋਂ) ਮੈਂ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਕ ਘੜੀ ਪਲ ਭੀ ਨਹੀਂ ਰਹਿ ਸਕਦਾ ॥੧॥ ਰਹਾਉ ॥
(ਹੇ ਭਾਈ!) ਮੇਰੇ ਪਾਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਨੀ ਤੇ ਪਰਮਾਤਮਾ ਦਾ ਨਾਮ ਜਪਣਾ ਹੀ (ਰਾਸ-ਪੂੰਜੀ) ਹੈ, ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਮੈਂ ਇਕ ਪਲ ਭੀ ਨਹੀਂ ਰਹਿ ਸਕਦਾ।
ਜਿਵੇਂ ਹੰਸ ਸਰੋਵਰ ਤੋਂ ਬਿਨਾ ਨਹੀਂ ਰਹਿ ਸਕਦਾ ਤਿਵੇਂ ਪਰਮਾਤਮਾ ਦਾ ਭਗਤ ਪਰਮਾਤਮਾ ਦੀ ਸੇਵਾ-ਭਗਤੀ ਤੋਂ ਬਿਨਾ ਨਹੀਂ ਰਹਿ ਸਕਦਾ ॥੧॥
(ਹੇ ਭਾਈ!) ਕਿਸੇ ਮਨੁੱਖ ਨੇ ਮਾਇਆ ਦਾ ਪਿਆਰ ਹਿਰਦੇ ਵਿਚ ਟਿਕਾ ਕੇ ਮਾਇਆ ਨਾਲ ਪ੍ਰੀਤ ਜੋੜੀ ਹੋਈ ਹੈ, ਕਿਸੇ ਨੇ ਮੋਹ ਤੇ ਅਹੰਕਾਰ ਨਾਲ ਪ੍ਰੀਤ ਜੋੜੀ ਹੋਈ ਹੈ,
ਪਰ ਹੇ ਨਾਨਕ! ਪਰਮਾਤਮਾ ਦੇ ਭਗਤਾਂ ਨੇ ਪਰਮਾਤਮਾ ਨਾਲ ਪ੍ਰੀਤ ਲਾਈ ਹੋਈ ਹੈ। ਉਹ ਸਦਾ ਵਾਸ਼ਨਾ-ਰਹਿਤ ਅਵਸਥਾ ਮਾਣਦੇ ਹਨ, ਉਹ ਸਦਾ ਹਰਿ-ਭਗਵਾਨ ਨੂੰ ਸਿਮਰਦੇ ਰਹਿੰਦੇ ਹਨ ॥੨॥੧੪॥੬੬॥
ਹੇ ਮਾਂ! ਮੈਨੂੰ ਦੱਸ ਪਿਆਰਾ ਰਾਮ (ਕਿਥੇ ਹੈ?
ਮੈਂ ਉਸ ਹਰੀ (ਦੇ ਦਰਸਨ) ਤੋਂ ਬਿਨਾ ਇਕ ਖਿਨ ਭੀ, ਇਕ ਪਲ ਭੀ (ਸੁਖੀ) ਨਹੀਂ ਰਹਿ ਸਕਦਾ। ਉਸ ਨੂੰ ਵੇਖ ਕੇ ਮੇਰਾ ਮਨ ਇਉਂ ਖ਼ੁਸ਼ ਹੁੰਦਾ ਹੈ) ਜਿਵੇਂ ਊਂਠ ਦਾ ਬੱਚਾ ਵੇਲਾਂ ਵੇਖ ਵੇਖ ਕੇ ਖ਼ੁਸ਼ ਹੁੰਦਾ ਹੈ ॥੧॥ ਰਹਾਉ ॥
(ਹੇ ਮਾਂ!) ਮਿੱਤਰ ਪ੍ਰਭੂ ਦੇ ਦਰਸਨ ਦੀ ਖ਼ਾਤਰ ਮੇਰਾ ਮਨ ਉਤਾਵਲਾ ਹੋ ਰਿਹਾ ਹੈ, ਮੇਰਾ ਮਨ (ਦੁਨੀਆ ਵਲੋਂ) ਉਪਰਾਮ ਹੋਇਆ ਪਿਆ ਹੈ।
ਜਿਵੇਂ ਭੌਰਾ ਕੌਲ-ਫੁੱਲ ਤੋਂ ਬਿਨਾ ਨਹੀਂ ਰਹਿ ਸਕਦਾ, ਤਿਵੇਂ ਮੈਥੋਂ ਭੀ ਪਰਮਾਤਮਾ (ਦੇ ਦਰਸਨ) ਤੋਂ ਬਿਨਾ ਰਿਹਾ ਨਹੀਂ ਜਾ ਸਕਦਾ ॥੧॥