ਪ੍ਰਭੂ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ, ਅੰਮ੍ਰਿਤ ਦਾ ਸੁਆਦ ਦੇਣ ਵਾਲਾ ਹੈ।
ਸਤਿਗੁਰੂ ਦੀ ਅੰਮ੍ਰਿਤ ਵਸਾਣ ਵਾਲੀ ਬਾਣੀ ਦੀ ਰਾਹੀਂ ਇਸ ਪ੍ਰਭੂ-ਨਾਮ ਨੂੰ ਮਨ ਵਿਚ, ਸਰੀਰ ਵਿਚ, ਹਿਰਦੇ ਵਿਚ ਸਿਮਰੋ ਤੇ ਅੱਠੇ ਪਹਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰੋ।
ਹੇ ਗੁਰ-ਸਿੱਖੋ! (ਸਿਫ਼ਤ-ਸਾਲਾਹ ਵਾਲਾ ਇਹ) ਉਪਦੇਸ਼ ਸੁਣੋ, ਜ਼ਿੰਦਗੀ ਦਾ ਅਸਲ ਮਨੋਰਥ ਇਹੀ ਹੈ।
ਮਨ ਵਿਚ (ਪ੍ਰਭੂ ਦਾ) ਪਿਆਰ ਟਿਕਾਓ, ਇਹ ਮਨੁੱਖਾ ਜੀਵਨ-ਰੂਪ ਕੀਮਤੀ ਦਾਤ ਸਫਲ ਹੋ ਜਾਇਗੀ।
ਪ੍ਰਭੂ ਦਾ ਸਿਮਰਨ ਕੀਤਿਆਂ ਦੁੱਖ ਦੂਰ ਹੋ ਜਾਂਦਾ ਹੈ, ਸੁਖ, ਆਤਮਕ ਅਡੋਲਤਾ ਤੇ ਬੇਅੰਤ ਖ਼ੁਸ਼ੀ ਪ੍ਰਾਪਤ ਹੁੰਦੀ ਹੈ।
ਹੇ ਨਾਨਕ! ਪ੍ਰਭੂ ਦਾ ਨਾਮ ਜਪਿਆਂ (ਇਸ ਲੋਕ ਵਿਚ) ਸੁਖ ਪੈਦਾ ਹੁੰਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲਦੀ ਹੈ ॥੧॥
ਹੇ ਨਾਨਕ! ਪੂਰਾ ਗੁਰੂ (ਤਾਂ ਇਹ) ਮੱਤ ਦੇਂਦਾ ਹੈ ਕਿ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ;
(ਪਰ ਉਂਞ) ਜਪ ਤਪ ਸੰਜਮ (ਆਦਿਕ ਕਰਮ-ਕਾਂਡ) ਪ੍ਰਭੂ ਦੀ ਰਜ਼ਾ ਵਿਚ ਹੀ ਹੋ ਰਹੇ ਹਨ, ਰਜ਼ਾ ਅਨੁਸਾਰ ਹੀ ਪ੍ਰਭੂ (ਇਸ ਕਰਮ ਕਾਂਡ ਵਿਚੋਂ ਜੀਵਾਂ ਨੂੰ) ਕੱਢ ਲੈਂਦਾ ਹੈ।
ਪ੍ਰਭੂ ਦੀ ਰਜ਼ਾ ਅਨੁਸਾਰ ਹੀ ਜੀਵ ਜੂਨਾਂ ਵਿਚ ਭਟਕਦਾ ਹੈ, ਰਜ਼ਾ ਵਿਚ ਹੀ ਪ੍ਰਭੂ (ਜੀਵ ਉਤੇ) ਬਖ਼ਸ਼ਸ਼ ਕਰਦਾ ਹੈ।
ਉਸ ਦੀ ਰਜ਼ਾ ਵਿਚ ਹੀ (ਜੀਵ ਨੂੰ) ਦੁੱਖ ਸੁਖ ਭੋਗਣਾ ਪੈਂਦਾ ਹੈ, ਆਪਣੀ ਰਜ਼ਾ ਅਨੁਸਾਰ ਹੀ ਪ੍ਰਭੂ (ਜੀਵਾਂ ਉਤੇ) ਮੇਹਰ ਕਰਦਾ ਹੈ।
ਪ੍ਰਭੂ ਆਪਣੀ ਰਜ਼ਾ ਵਿਚ ਹੀ ਸਰੀਰ ਬਣਾ ਕੇ (ਉਸ ਵਿਚ) ਜਿੰਦ ਪਾ ਦੇਂਦਾ ਹੈ,
ਰਜ਼ਾ ਵਿਚ ਹੀ ਜੀਵਾਂ ਨੂੰ ਭੋਗਾਂ ਵਲ ਪ੍ਰੇਰਦਾ ਹੈ ਤੇ ਰਜ਼ਾ ਅਨੁਸਾਰ ਹੀ ਭੋਗਾਂ ਵਲੋਂ ਰੋਕਦਾ ਹੈ।
ਆਪਣੀ ਰਜ਼ਾ ਅਨੁਸਾਰ ਹੀ ਪ੍ਰਭੂ (ਕਿਸੇ ਨੂੰ) ਨਰਕ ਵਿਚ ਤੇ (ਕਿਸੇ ਨੂੰ) ਸੁਰਗ ਵਿਚ ਪਾਂਦਾ ਹੈ, ਪ੍ਰਭੂ ਦੀ ਰਜ਼ਾ ਵਿਚ ਹੀ ਜੀਵ ਦਾ ਨਾਸ ਹੋ ਜਾਂਦਾ ਹੈ।
ਆਪਣੀ ਰਜ਼ਾ ਅਨੁਸਾਰ ਹੀ ਜਿਸ ਮਨੁੱਖ ਨੂੰ ਬੰਦਗੀ ਵਿਚ ਜੋੜਦਾ ਹੈ (ਉਹ ਮਨੁੱਖ ਬੰਦਗੀ ਕਰਦਾ ਹੈ, ਪਰ) ਹੇ ਨਾਨਕ! ਬੰਦਗੀ ਕਰਨ ਵਾਲੇ ਬੰਦੇ ਬਹੁਤ ਵਿਰਲੇ ਵਿਰਲੇ ਹਨ ॥੨॥
ਪ੍ਰਭੂ ਦੇ ਸੱਚੇ ਨਾਮ ਦੀਆਂ ਸਿਫ਼ਤਾਂ (ਕਰ ਕੇ ਤੇ) ਸੁਣ ਸੁਣ ਕੇ ਮੇਰੇ ਅੰਦਰ ਜਿੰਦ ਪੈਂਦੀ ਹੈ (ਮੈਨੂੰ ਆਤਮਕ ਜੀਵਨ ਹਾਸਲ ਹੁੰਦਾ ਹੈ)।
(ਪ੍ਰਭੂ ਦਾ ਨਾਮ) ਪਸ਼ੂ-ਸੁਭਾਵ, ਪ੍ਰੇਤ-ਸੁਭਾਵ ਤੇ ਗਿਆਨ-ਹੀਣਾਂ ਨੂੰ ਇਕ ਖਿਨ ਵਿਚ ਤਾਰ ਲੈਂਦਾ ਹੈ।
ਹੇ ਪ੍ਰਭੂ! ਦਿਨ ਰਾਤ ਸਦਾ ਹੀ ਤੇਰਾ ਨਾਮ ਜਪਣਾ ਚਾਹੀਦਾ ਹੈ,
ਤੇਰੇ ਨਾਮ ਦੀ ਰਾਹੀਂ (ਮਾਇਆ ਦੀ) ਡਰਾਉਣੀ ਭੁੱਖ ਤ੍ਰੇਹ ਮਿਟ ਜਾਂਦੀ ਹੈ।
ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ ਉਸ ਦੇ ਮਨ ਵਿਚੋਂ (ਵਿਕਾਰ-) ਰੋਗ ਸਹਸਾ ਤੇ ਦੁੱਖ ਦੂਰ ਹੋ ਜਾਂਦਾ ਹੈ।
ਪਰ ਇਹ ਨਾਮ-ਹੀਰਾ ਉਸ ਮਨੁੱਖ ਨੂੰ ਹੀ ਹਾਸਲ ਹੁੰਦਾ ਹੈ ਜਿਹੜਾ ਗੁਰੂ ਦੇ ਸ਼ਬਦ ਵਿਚ ਰਚ-ਮਿਚ ਜਾਂਦਾ ਹੈ।
ਹੇ ਖੰਡਾਂ ਬ੍ਰਹਮੰਡਾਂ ਦੇ ਬੇਅੰਤ ਜੀਵਾਂ ਨੂੰ ਤਾਰਨ ਵਾਲੇ ਪ੍ਰਭੂ!
ਹੇ ਸਦਾ-ਥਿਰ ਰਹਿਣ ਵਾਲੇ ਮੇਰੇ ਪਿਆਰੇ! ਤੇਰੀ ਸੋਭਾ ਤੈਨੂੰ ਹੀ ਫਬਦੀ ਹੈ (ਆਪਣੀ ਵਡਿਆਈ ਤੂੰ ਆਪ ਹੀ ਜਾਣਦਾ ਹੈਂ) ॥੧੨॥
ਹੇ ਨਾਨਕ ਜੀ! ਮੈ ਕਸੁੰਭੇ (ਵਰਗੀ ਮਾਇਆ) ਦੇ ਰੰਗ ਵਿਚ ਉਕਾਈ ਖਾ ਗਈ ਤੇ ਪਿਆਰਾ ਮਿੱਤਰ ਪ੍ਰਭੂ ਵਿਸਾਰ ਕੇ ਗੰਵਾ ਬੈਠੀ।
ਹੇ ਸੱਜਣ ਪ੍ਰਭੂ! (ਇਸ ਉਕਾਈ ਵਿਚ) ਮੈਥੋਂ ਤੇਰੀ ਕਦਰ ਨਾਹ ਪੈ ਸਕੀ, ਪਰ ਤੈਥੋਂ ਬਿਨਾ ਭੀ ਮੈਂ ਅੱਧੀ ਦਮੜੀ ਦੀ ਭੀ ਨਹੀਂ ਹਾਂ ॥੧॥
ਹੇ ਨਾਨਕ ਜੀ! ਅਵਿੱਦਿਆ (ਜੀਵ-ਇਸਤ੍ਰੀ ਦੀ) ਵੈਰਨ ਹੈ, ਸਰੀਰ ਦਾ ਮੋਹ (ਸਰੀਰ ਦੀ ਪਾਲਣਾ ਲਈ ਨਿੱਤ) ਝਗੜਾ ਕਰਦਾ ਹੈ (ਭਾਵ, ਖਾਣ ਨੂੰ ਮੰਗਦਾ ਹੈ), ਮੌਤ ਦਾ ਡਰ ਮੁੜ ਮੁੜ ਦੁਖੀ ਕਰਦਾ ਹੈ।
ਪਰ, (ਹੇ ਪ੍ਰਭੂ!) ਜੇ ਤੂੰ ਮੇਰਾ ਮਿੱਤ੍ਰ ਬਣੇਂ, ਤਾਂ ਇਹ ਸਾਰੇ ਬੇਸ਼ਕ ਖੇਹ ਛਾਣਦੇ ਫਿਰਨ (ਭਾਵ, ਮੇਰੇ ਉਤੇ ਇਹ ਸਾਰੇ ਹੀ ਜ਼ੋਰ ਨਹੀਂ ਪਾ ਸਕਦੇ) ॥੨॥
ਹੇ ਪ੍ਰਭੂ! ਜਿਸ ਮਨੁੱਖ ਦੇ ਮਨ ਵਿਚ ਤੂੰ ਵੱਸ ਪੈਂਦਾ ਹੈਂ ਉਸ ਦੇ ਮਨ ਦਾ ਦੁੱਖ-ਦਰਦ ਤੂੰ ਦੂਰ ਕਰ ਦੇਂਦਾ ਹੈਂ।
ਜਿਸ ਮਨੁੱਖ ਦੇ ਮਨ ਵਿਚ ਤੂੰ ਵੱਸ ਪੈਂਦਾ ਹੈਂ, ਉਹ ਮਨੁੱਖਾ ਜਨਮ ਦੀ ਬਾਜ਼ੀ ਕਦੇ ਹਾਰਦਾ ਨਹੀਂ।
ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਏ, (ਗੁਰੂ) ਉਸ ਨੂੰ ਜ਼ਰੂਰ (ਸੰਸਾਰ-ਸਮੁੰਦਰ ਤੋਂ) ਬਚਾ ਲੈਂਦਾ ਹੈ,
(ਕਿਉਂਕਿ ਗੁਰੂ) ਜਿਸ ਮਨੁੱਖ ਨੂੰ ਸੱਚੇ ਹਰੀ ਵਿਚ ਜੋੜਦਾ ਹੈ, ਉਹ ਸਦਾ ਹਰੀ ਨੂੰ (ਆਪਣੇ ਮਨ ਵਿਚ) ਸੰਭਾਲ ਰੱਖਦਾ ਹੈ।
ਜਿਸ ਮਨੁੱਖ ਦੇ ਹੱਥ ਵਿਚ ਨਾਮ-ਖ਼ਜ਼ਾਨਾ ਆ ਜਾਂਦਾ ਹੈ, ਉਹ ਮਾਇਆ ਦੀ ਭਟਕਣਾ ਵਲੋਂ ਹਟ ਜਾਂਦਾ ਹੈ।
ਉਸੇ ਮਨੁੱਖ ਨੂੰ ਭਗਤ ਸਮਝੋ ਜਿਸ ਦੇ ਮਨ ਵਿਚ (ਮਾਇਆ ਦੇ ਥਾਂ) ਇਕ ਪ੍ਰਭੂ ਦਾ ਹੀ ਪਿਆਰ ਹੈ।
ਪ੍ਰਭੂ ਦੇ ਚਰਨਾਂ ਦਾ ਉਹ ਪ੍ਰੇਮੀ ਸਭਨਾਂ ਦੇ ਚਰਨਾਂ ਦੀ ਧੂੜ (ਬਣਿਆ ਰਹਿੰਦਾ) ਹੈ।
(ਪਰ) ਹੇ ਪ੍ਰਭੂ! ਇਹ ਸਾਰੇ ਤੇਰੇ ਹੀ ਅਚਰਜ ਤਮਾਸ਼ੇ ਹਨ, ਇਹ ਸਾਰਾ ਤੇਰਾ ਹੀ ਖੇਲ ਹੈ ॥੧੩॥
ਹੇ ਨਾਨਕ! ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਆਖਣਾ-ਇਹ ਮੈਂ ਸਭ ਕੁਝ ਛੱਡ ਦਿੱਤਾ ਹੈ, ਤਿਆਗ ਦਿੱਤਾ ਹੈ।
ਮੈਂ ਵੇਖ ਲਿਆ ਹੈ ਕਿ (ਦੁਨੀਆ ਦੇ) ਸਾਰੇ ਸਾਕ ਝੂਠੇ ਹਨ (ਭਾਵ, ਕੋਈ ਤੋੜ ਨਿਭਣ ਵਾਲਾ ਨਹੀਂ), ਇਸ ਲਈ (ਹੇ ਪ੍ਰਭੂ!) ਮੈਂ ਤੇਰੇ ਲੜ ਆ ਲੱਗੀ ਹਾਂ ॥੧॥
ਹੇ ਨਾਨਕ ਜੀ! ਮੈਂ ਭਟਕਦੀ ਭਟਕਦੀ ਤੇ ਹੋਰ ਹੋਰ ਦੇਸਾਂ ਦੇ ਪੈਂਡੇ ਝਾਗਦੀ ਝਾਗਦੀ ਪਾਗਲ ਜਿਹੀ ਹੋ ਗਈ ਸਾਂ।
ਪਰ ਜਦੋਂ ਸਤਿਗੁਰੂ ਜੀ ਨੂੰ ਮਿਲ ਕੇ ਮੈਨੂੰ ਸੱਜਣ-ਪ੍ਰਭੂ ਲੱਭ ਪਿਆ ਤਾਂ ਮੈਂ ਬੜੇ ਸੁਖ ਨਾਲ ਸੌਂ ਗਈ (ਭਾਵ, ਮੇਰੇ ਅੰਦਰ ਪੂਰਨ ਆਤਮਕ ਆਨੰਦ ਬਣ ਗਿਆ) ॥੨॥