ਹੇ ਪ੍ਰਭੂ! ਤੂੰ ਹੀ ਇਕ ਇਕ ਛਿਨ ਸਾਡੀ ਪਾਲਣਾ ਕਰਦਾ ਹੈਂ, ਅਸੀਂ (ਤੇਰੇ) ਬੱਚੇ ਤੇਰੇ ਆਸਰੇ (ਜੀਊਂਦੇ) ਹਾਂ ॥੧॥
(ਮਨੁੱਖ ਦੀ) ਇਕ ਜੀਭ ਨਾਲ ਤੇਰਾ ਕੇਹੜਾ ਕੇਹੜਾ ਗੁਣ ਦੱਸਿਆ ਜਾਏ?
ਹੇ ਅਣਗਿਣਤ ਗੁਣਾਂ ਦੇ ਮਾਲਕ! ਹੇ ਬੇਅੰਤ ਮਾਲਕ-ਪ੍ਰਭੂ! ਕਿਸੇ ਭੀ ਪਾਸੋਂ ਤੇਰੇ ਗੁਣਾਂ ਦਾ ਅੰਤ ਨਹੀਂ ਲੱਭਿਆ ਜਾ ਸਕਿਆ ॥੧॥ ਰਹਾਉ ॥
ਹੇ ਪ੍ਰਭੂ! ਤੂੰ ਸਾਡੇ ਕ੍ਰੋੜਾਂ ਅਪਰਾਧ ਨਾਸ ਕਰਦਾ ਹੈਂ, ਤੂੰ ਸਾਨੂੰ ਅਨੇਕਾਂ ਤਰੀਕਿਆਂ ਨਾਲ (ਜੀਵਨ-ਜੁਗਤਿ) ਸਮਝਾਂਦਾ ਹੈਂ।
ਅਸੀਂ ਜੀਵ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਡੀ ਅਕਲ ਥੋੜੀ ਹੈ ਹੋਛੀ ਹੈ। (ਫਿਰ ਭੀ) ਤੂੰ ਆਪਣਾ ਮੁੱਢ-ਕਦੀਮਾਂ ਦਾ ਪਿਆਰ ਵਾਲਾ ਸੁਭਾਉ ਕਾਇਮ ਰੱਖਦਾ ਹੈਂ ॥੨॥
ਹੇ ਪ੍ਰਭੂ! ਅਸੀਂ ਤੇਰੇ ਹੀ ਆਸਰੇ-ਪਰਨੇ ਹਾਂ, ਸਾਨੂੰ ਤੇਰੀ ਹੀ (ਸਹਾਇਤਾ ਦੀ) ਆਸ ਹੈ, ਤੂੰ ਹੀ ਸਾਡਾ ਸੱਜਣ ਹੈਂ, ਤੂੰ ਹੀ ਸਾਨੂੰ ਸੁਖ ਦੇਣ ਵਾਲਾ ਹੈਂ।
ਹੇ ਦਇਆਵਾਨ! ਹੇ ਸਭ ਦੀ ਰੱਖਿਆ ਕਰਨ-ਜੋਗੇ! ਸਾਡੀ ਰੱਖਿਆ ਕਰ। ਹੇ ਨਾਨਕ! (ਆਖ-) ਅਸੀਂ ਤੇਰੇ ਘਰ ਦੇ ਗ਼ੁਲਾਮ ਹਾਂ ॥੩॥੧੨॥
ਹੇ ਭਾਈ! ਲੋਕ ਦੇਵ-ਪੂਜਾ ਕਰਦੇ ਹਨ, ਵਰਤ ਰੱਖਦੇ ਹਨ, ਮੱਥੇ ਉਤੇ ਤਿਲਕ ਲਾਂਦੇ ਹਨ, ਤੀਰਥਾਂ ਉਤੇ ਇਸ਼ਨਾਨ ਕਰਦੇ ਹਨ, (ਗਰੀਬਾਂ ਨੂੰ) ਬੜੇ ਦਾਨ-ਪੁੰਨ ਕਰਦੇ ਹਨ,
ਮਿੱਠੇ ਬੋਲ ਬੋਲਦੇ ਹਨ, ਪਰ ਅਜੇਹੀ ਕਿਸੇ ਭੀ ਜੁਗਤਿ ਨਾਲ ਮਾਲਕ-ਪ੍ਰਭੂ ਖ਼ੁਸ਼ ਨਹੀਂ ਹੁੰਦਾ ॥੧॥
ਹੇ ਭਾਈ! ਪਰਮਾਤਮਾ ਦਾ ਨਾਮ ਜਪਿਆਂ (ਹੀ) ਮਨ ਨੂੰ ਸ਼ਾਂਤੀ (ਪ੍ਰਾਪਤ ਹੁੰਦੀ ਹੈ)!
ਸਾਰੇ ਲੋਕ ਕਈ ਤਰੀਕਿਆਂ ਨਾਲ ਉਸ ਪਰਮਾਤਮਾ ਨੂੰ ਲੱਭਦੇ ਹਨ, (ਪਰ ਸਿਮਰਨ ਤੋਂ ਬਿਨਾ ਉਸ ਨੂੰ ਲੱਭਣਾ) ਔਖਾ ਹੈ, ਨਹੀਂ ਲੱਭ ਸਕੀਦਾ ॥੧॥ ਰਹਾਉ ॥
ਹੇ ਭਾਈ! ਜਪ ਤਪ ਕਰ ਕੇ, ਸਾਰੀ ਧਰਤੀ ਉਤੇ ਚੱਕਰ ਲਾ ਕੇ, ਸਿਰ-ਭਾਰ ਤਪ ਕਰ ਕੇ, ਪ੍ਰਾਣ ਦਸਮ ਦੁਆਰ ਵਿਚ ਚਾੜ੍ਹ ਕੇ,
ਜੋਗ-ਮਤ ਦੀਆਂ ਜੁਗਤੀਆਂ ਕਰ ਕੇ, ਜੈਨ-ਮਤ ਦੀਆਂ ਜੁਗਤੀਆਂ ਕਰ ਕੇ-ਇਹਨਾਂ ਤਰੀਕਿਆਂ ਨਾਲ ਭੀ ਮਾਲਕ-ਪ੍ਰਭੂ ਨਹੀਂ ਪਤੀਜਦਾ ॥੨॥
ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਇਕ ਐਸਾ ਪਦਾਰਥ ਹੈ ਜਿਸ ਦਾ ਕੋਈ ਮੁੱਲ ਨਹੀਂ ਪੈ ਸਕਦਾ-ਇਹ ਦਾਤਿ ਉਸ ਮਨੁੱਖ ਨੇ ਹਾਸਲ ਕੀਤੀ ਹੈ ਜਿਸ ਉੱਤੇ ਪਰਮਾਤਮਾ ਦੀ ਕਿਰਪਾ ਹੋਈ ਹੈ।
ਹੇ ਨਾਨਕ! (ਆਖ-ਹੇ ਭਾਈ!) ਗੁਰੂ ਦੀ ਸੰਗਤਿ ਦੀ ਰਾਹੀਂ ਪ੍ਰੇਮ-ਰੰਗ ਵਿਚ ਜੁੜ ਕੇ ਜਿਸ ਮਨੁੱਖ ਨੂੰ ਪ੍ਰਭੂ ਜੀ ਮਿਲੇ ਹਨ, ਉਸ ਮਨੁੱਖ ਦੀ ਜੀਵਨ-ਰਾਤ ਸੁਖ-ਆਨੰਦ ਵਿਚ ਬੀਤਦੀ ਹੈ ॥੩॥੧੩॥
ਜੇਹੜਾ ਮਿੱਤਰ ਮੈਨੂੰ ਮਾਇਆ ਦੇ ਬੰਧਨਾਂ ਤੋਂ ਛੁਡਾ ਲਏ, ਮੈਨੂੰ ਪਰਮਾਤਮਾ ਮਿਲਾ ਦੇਵੇ, ਮੈਨੂੰ ਪਰਮਾਤਮਾ ਦਾ ਨਾਮ ਸਦਾ ਸੁਣਾਇਆ ਕਰੇ,
ਮੇਰੇ ਇਸ ਮਨ ਨੂੰ ਡੋਲਣ ਤੋਂ ਚੰਚਲਤਾ ਤੋਂ ਹਟਾ ਲਏ, ਤਾ ਕਿ ਇਹ ਫਿਰ ਕਿਸੇ ਭੀ ਪਾਸੇ ਭਟਕਿਆ ਨਾਹ ਕਰੇ (ਮੈਂ ਆਪਣੇ ਸਭ ਕੁਝ ਉਸ ਦੇ ਹਵਾਲੇ ਕਰ ਦਿਆਂ) ॥੧॥
ਜੇ ਕੋਈ ਮੈਨੂੰ ਇਹੋ ਜਿਹਾ ਮੇਰਾ ਮਿੱਤਰ ਮਿਲ ਜਾਏ (ਜੇਹੜਾ ਮੈਨੂੰ ਮਾਇਆ ਦੇ ਬੰਧਨਾਂ ਤੋਂ ਛੁਡਾ ਲਏ)
ਮੈਂ ਉਸ ਨੂੰ ਆਪਣਾ ਸਾਰਾ ਧਨ-ਪਦਾਰਥ, ਆਪਣੀ ਜਿੰਦ, ਆਪਣਾ ਹਿਰਦਾ ਦੇ ਦਿਆਂ। ਮੈਂ ਆਪਣਾ ਚਿੱਤ ਉਸ ਦੇ ਹਵਾਲੇ ਕਰ ਦਿਆਂ ॥੧॥ ਰਹਾਉ ॥
(ਕੋਈ ਐਸਾ ਮਿੱਤਰ ਮਿਲ ਪਏ ਜਿਸ ਦੀ ਕਿਰਪਾ ਨਾਲ) ਪਰਾਇਆ ਧਨ, ਪਰਾਈ ਇਸਤ੍ਰੀ, ਪਰਾਈ ਨਿੰਦਾ-ਇਹਨਾਂ ਨਾਲ ਮੇਰਾ ਪਿਆਰ ਨਾਹ ਬਣੇ।
ਮੈਂ ਸੰਤਾਂ ਦਾ ਸੰਗ ਕਰਿਆ ਕਰਾਂ, ਮੇਰਾ ਸੰਤਾਂ ਨਾਲ ਹੀ ਬਚਨ-ਬਿਲਾਸ ਰਹੇ, ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਮੇਰਾ ਮਨ ਹਰ ਵੇਲੇ ਸੁਚੇਤ ਰਿਹਾ ਕਰੇ ॥੨॥
ਹੇ ਗੁਣਾਂ ਦੇ ਖ਼ਜ਼ਾਨੇ! ਹੇ ਦਇਆ ਦੇ ਘਰ! ਹੇ ਸਰਬ-ਵਿਆਪਕ! ਹੇ ਪ੍ਰਭੂ! ਹੇ ਸਾਰੇ ਸੁਖਾਂ ਦੀ ਬਖਸ਼ਸ਼ ਕਰਨ ਵਾਲੇ!
ਹੇ ਗੋਪਾਲ! ਜਿਵੇਂ ਬੱਚੇ ਆਪਣੀ ਮਾਂ ਪਾਸੋਂ (ਖਾਣ ਪੀਣ ਲਈ ਮੰਗਦੇ ਹਨ) ਮੈਂ ਤੇਰਾ ਦਾਸ ਨਾਨਕ ਤੇਰੇ ਪਾਸੋਂ ਤੇਰੇ ਨਾਮ ਦਾ ਦਾਨ ਮੰਗਦਾ ਹਾਂ ॥੩॥੧੪॥
ਹੇ ਭਾਈ! ਪਰਮਾਤਮਾ ਆਪਣੇ ਸੰਤਾਂ ਨੂੰ ਸਦਾ ਹੀ ਬਚਾਂਦਾ ਆ ਰਿਹਾ ਹੈ।
ਜੇ ਕੋਈ ਮਨੁੱਖ ਪਰਮਾਤਮਾ ਦੇ ਸੇਵਕ ਦੀ ਕੋਈ ਹਾਨੀ ਕਰਨ ਦੀਆਂ ਸੋਚਾਂ ਸੋਚਦਾ ਹੈ, ਤਾਂ ਪਰਮਾਤਮਾ ਉਸੇ ਨੂੰ ਹੀ ਆਤਮਕ ਮੌਤੇ ਮਾਰ ਦੇਂਦਾ ਹੈ ॥੧॥ ਰਹਾਉ ॥
ਹੇ ਭਾਈ! ਪਰਮਾਤਮਾ ਆਪਣੇ ਸੇਵਕ ਦਾ ਆਪ ਮਦਦਗਾਰ ਬਣਦਾ ਹੈ, ਉਸ ਦੇ ਨਿੰਦਕ (ਨਿੰਦਾ ਦੇ ਕੰਮ ਵਿਚ) ਹਾਰ ਖਾ ਕੇ ਭੱਜ ਜਾਂਦੇ ਹਨ।
ਨਿੰਦਕ ਮਨੁੱਖ ਨਿੰਦਾ ਦੇ ਕੰਮ ਵਿਚ ਭਟਕ ਕੇ ਨਿੰਦਾ ਦੇ ਗੇੜ ਵਿਚ ਹੀ ਆਤਮਕ ਮੌਤ ਸਹੇੜ ਲੈਂਦੇ ਹਨ, ਤੇ ਫਿਰ ਅਨੇਕਾਂ ਜੂਨਾਂ ਵਿਚ ਜਾ ਪੈਂਦੇ ਹਨ ॥੧॥
ਹੇ ਨਾਨਕ! (ਆਖ-ਹੇ ਭਾਈ! ਜੇਹੜਾ ਮਨੁੱਖ) ਦੁੱਖਾਂ ਦੇ ਨਾਸ ਕਰਨ ਵਾਲੇ ਪਰਮਾਤਮਾ ਦੀ ਸਰਨ ਆ ਪੈਂਦਾ ਹੈ, ਉਹ ਉਸ ਬੇਅੰਤ ਪ੍ਰਭੂ ਵਿਚ ਲੀਨ ਹੋ ਕੇ ਸਦਾ ਉਸ ਦੇ ਗੁਣ ਗਾਂਦਾ ਰਹਿੰਦਾ ਹੈ।
ਪਰ ਉਸ ਦੀ ਨਿੰਦਾ ਕਰਨ ਵਾਲੇ ਮਨੁੱਖ ਦਾ ਮੂੰਹ ਦੁਨੀਆ ਦੇ ਦਰਬਾਰ ਵਿਚ ਅਤੇ ਦੀਨ ਦੇ ਦਰਬਾਰ ਵਿਚ (ਲੋਕ ਪਰਲੋਕ ਵਿਚ) ਕਾਲਾ ਹੁੰਦਾ ਹੈ (ਨਿੰਦਕ ਲੋਕ ਪਰਲੋਕ ਵਿਚ ਬਦਨਾਮੀ ਖੱਟਦਾ ਹੈ) ॥੨॥੧੫॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਇਸ ਮਨੁੱਖਾ ਜਨਮ ਵਿਚ (ਵਿਕਾਰਾਂ ਤੋਂ) ਬਚਾ ਸਕਣ ਵਾਲੇ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ,
ਪਰਮਾਤਮਾ ਨੇ ਇਕ ਛਿਨ ਵਿਚ ਉਹਨਾਂ ਨੂੰ ਵਿਕਾਰੀਆਂ ਤੋਂ ਪਵਿਤ੍ਰ ਜੀਵਨ ਵਾਲੇ ਬਣਾ ਦਿੱਤਾ, ਉਹਨਾਂ ਦਾ ਸਾਰਾ ਰੋਗ ਕੱਟ ਦਿੱਤਾ ॥੧॥ ਰਹਾਉ ॥
ਹੇ ਭਾਈ! ਗੁਰੂ ਦੀ ਸੰਗਤਿ ਵਿਚ ਜਿਨ੍ਹਾਂ ਮਨੁੱਖਾਂ ਦਾ ਮੇਲ ਹੋ ਗਿਆ, (ਪਰਮਾਤਮਾ ਨੇ ਉਹਨਾਂ ਦੇ ਅੰਦਰੋਂ) ਕਾਮ ਕ੍ਰੋਧ ਲੋਭ ਮਾਰ ਮੁਕਾਇਆ।
ਸਰਬ-ਵਿਆਪਕ ਪਰਮਾਤਮਾ ਦਾ ਨਾਮ ਮੁੜ ਮੁੜ ਸਿਮਰ ਕੇ ਉਹਨਾਂ ਨੇ ਆਪਣੇ ਸਾਰੇ ਸਾਥੀ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਏ ॥੧॥