ਜਿਸ ਉਤੇ ਉਹ ਆਪ ਹੀ ਬਖ਼ਸ਼ਸ਼ ਕਰਦਾ ਹੈ, ਉਸ ਦੇ ਹਿਰਦੇ ਵਿਚ ਆਪਣਾ ਸਦਾ-ਥਿਰ ਨਾਮ ਪੱਕਾ ਕਰ ਦੇਂਦਾ ਹੈ; ਉਸ ਮਨੁੱਖ ਦਾ ਮਨ ਉਸ ਦਾ ਤਨ ਸਦਾ-ਥਿਰ ਹਰਿ-ਨਾਮ ਵਿਚ ਰੰਗਿਆ ਜਾਂਦਾ ਹੈ ॥੧੧॥
(ਵਿਕਾਰਾਂ ਦੇ ਕਾਰਨ ਮਨੁੱਖ ਦਾ) ਮਨ ਅਤੇ ਤਨ ਗੰਦਾ ਹੋਇਆ ਰਹਿੰਦਾ ਹੈ, (ਫਿਰ ਭੀ ਉਸ ਦੇ) ਅੰਦਰ ਬੇਅੰਤ ਪਰਮਾਤਮਾ ਦੀ ਜੋਤਿ ਮੌਜੂਦ ਹੈ।
ਜਦੋਂ ਗੁਰੂ ਦੀ ਮੱਤ ਦੀ ਰਾਹੀਂ ਉਹ ਵਿਚਾਰ ਕਰ ਕੇ (ਆਤਮਕ ਜੀਵਨ ਦੇ ਭੇਤ ਨੂੰ) ਸਮਝਦਾ ਹੈ,
ਤਦੋਂ ਹਉਮੈ ਨੂੰ ਦੂਰ ਕਰ ਕੇ, ਅਤੇ ਜੀਭ ਨਾਲ ਸੁਖਾਂ ਦੇ ਦਾਤੇ ਪ੍ਰਭੂ ਦਾ ਨਾਮ ਜਪ ਕੇ, ਉਸ ਦਾ ਮਨ ਸਦਾ ਲਈ ਪਵਿੱਤਰ ਹੋ ਜਾਂਦਾ ਹੈ ॥੧੨॥
ਇਸ ਸਰੀਰ-ਕਿਲ੍ਹੇ ਵਿਚ (ਮਨ ਗਿਆਨ-ਇੰਦ੍ਰੇ ਆਦਿਕ) ਕਈ ਹੱਟ ਹਨ ਕਈ ਬਜ਼ਾਰ ਹਨ (ਜਿੱਥੇ ਪਰਮਾਤਮਾ ਦੇ ਨਾਮ-ਵੱਖਰ ਦਾ ਸੌਦਾ ਕੀਤਾ ਜਾ ਸਕਦਾ ਹੈ)।
ਇਸ (ਸਰੀਰ-ਕਿਲ੍ਹੇ) ਦੇ ਵਿਚ (ਹੀ) ਪਰਮਾਤਮਾ ਦਾ ਬਹੁਤ ਕੀਮਤੀ ਨਾਮ-ਪਦਾਰਥ ਹੈ।
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਨਾਮ-ਵੱਖਰ ਖ਼ਰੀਦਦਾ ਹੈ, ਉਹ ਮਨੁੱਖ) ਪਰਮਾਤਮਾ ਦੇ ਦਰ ਤੇ ਸਦਾ ਆਦਰ ਪਾਂਦਾ ਹੈ, (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ (ਉਹ ਮਨੁੱਖ ਇਸ ਨਾਮ-ਰਤਨ ਦੀ) ਕਦਰ ਸਮਝਦਾ ਹੈ ॥੧੩॥
ਕੋਈ ਭੀ ਦੁਨੀਆਵੀ ਪਦਾਰਥ ਅਪਹੁੰਚ ਤੇ ਬੇਅੰਤ ਪਰਮਾਤਮਾ ਦੇ ਨਾਮ-ਰਤਨ ਦੀ ਬਰਾਬਰ ਦੀ ਕੀਮਤ ਦਾ ਨਹੀਂ ਹੈ।
ਜੀਵ ਵਿਚਾਰਾ ਇਸ ਨਾਮ-ਰਤਨ ਦਾ ਮੁੱਲ ਪਾ ਹੀ ਨਹੀਂ ਸਕਦਾ।
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਇਸ ਨਾਮ-ਰਤਨ ਨੂੰ ਪਰਖ ਕੇ ਖ਼ਰੀਦਦਾ ਹੈ, ਉਹ ਸ਼ਬਦ ਦੀ ਬਰਕਤਿ ਨਾਲ ਆਪਣੇ ਅੰਦਰ ਹੀ ਇਸ ਨੂੰ ਲੱਭ ਲੈਂਦਾ ਹੈ ॥੧੪॥
ਸਿਮ੍ਰਿਤੀਆਂ ਸ਼ਾਸਤਰ (ਆਦਿਕ ਧਰਮ ਪੁਸਤਕ ਹਰਿ-ਨਾਮ ਤੋਂ ਬਿਨਾ ਹੋਰ) ਬਹੁਤ ਵਿਚਾਰ-ਖਿਲਾਰਾ ਖਿਲਾਰਦੇ ਹਨ,
(ਪਰ ਉਹਨਾਂ ਵਿਚ) ਮਾਇਆ ਦਾ ਮੋਹ ਹੀ ਹੈ (ਕਰਮ ਕਾਂਡ ਦਾ ਹੀ) ਖਿਲਾਰਾ ਖਿਲਾਰਿਆ ਹੋਇਆ ਹੈ।
(ਨਾਮ ਵਲੋਂ ਖੁੰਝੇ ਹੋਏ) ਮੂਰਖ (ਉਹਨਾਂ ਪੁਸਤਕਾਂ ਨੂੰ) ਪੜ੍ਹਦੇ ਹਨ, ਪਰ ਸਿਫ਼ਤ-ਸਾਲਾਹ ਦੀ ਬਾਣੀ ਦੀ ਕਦਰ ਨਹੀਂ ਸਮਝਦੇ। ਗੁਰੂ ਦੇ ਸਨਮੁਖ ਰਹਿਣ ਵਾਲੇ ਵਿਰਲੇ ਮਨੁੱਖ ਨੇ (ਸ਼ਬਦ ਦੀ ਕਦਰ) ਸਮਝ ਲਈ ਹੈ ॥੧੫॥
(ਪਰ ਜੀਵਾਂ ਦੇ ਕੀਹ ਵੱਸ?) ਕਰਤਾਰ ਆਪ ਹੀ (ਜੀਵਾਂ ਵਿਚ ਵਿਆਪਕ ਹੋ ਕੇ ਸਭ ਕੁਝ) ਕਰ ਰਿਹਾ ਹੈ ਤੇ (ਜੀਵਾਂ ਪਾਸੋਂ) ਕਰਾ ਰਿਹਾ ਹੈ।
(ਜਿਸ ਉਤੇ ਮਿਹਰ ਕਰਦਾ ਹੈ) ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ (ਉਸ ਦੇ ਹਿਰਦੇ ਵਿਚ) ਸਦਾ-ਥਿਰ ਹਰਿ-ਨਾਮ ਪੱਕਾ ਕਰ ਦੇਂਦਾ ਹੈ।
ਹੇ ਨਾਨਕ! ਜਿਸ ਮਨੁੱਖ ਨੂੰ ਪ੍ਰਭੂ ਦਾ ਨਾਮ ਮਿਲ ਜਾਂਦਾ ਹੈ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲ ਜਾਂਦੀ ਹੈ। ਉਹ ਮਨੁੱਖ ਹਰੇਕ ਜੁਗ ਵਿਚ ਇਕ ਪਰਮਾਤਮਾ ਨੂੰ ਹੀ ਵਿਆਪਕ ਸਮਝਦਾ ਹੈ ॥੧੬॥੯॥
ਉਸ ਸਦਾ ਕਾਇਮ ਰਹਿਣ ਵਾਲੇ ਕਰਤਾਰ ਦਾ ਸਿਮਰਨ ਕਰਿਆ ਕਰੋ,
ਉਹ ਗੁਰੂ ਦੇ ਸ਼ਬਦ ਵਿਚ ਜੋੜ ਕੇ (ਜੀਵਾਂ ਦੇ ਸਾਰੇ) ਦੁੱਖ ਦੂਰ ਕਰਨ ਦੀ ਸਮਰਥਾ ਵਾਲਾ ਹੈ।
ਉਹ ਅਪਹੁੰਚ ਅਗੋਚਰ ਤੇ ਅਥਾਹ ਪ੍ਰਭੂ (ਆਪਣੇ ਵਰਗਾ) ਆਪ ਹੀ ਹੈ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ॥੧॥
ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ ਆਪਣਾ ਅਟੱਲ ਹੁਕਮ ਵਰਤਾ ਰਿਹਾ ਹੈ।
ਕਈ ਭਗਤ-ਜਨ ਐਸੇ ਹਨ ਜਿਨ੍ਹਾਂ ਨੂੰ ਉਸ ਸਦਾ-ਥਿਰ ਕਰਤਾਰ ਨੇ ਆਪ ਹੀ ਆਪਣੇ ਚਰਨਾਂ ਵਿਚ ਜੋੜ ਰੱਖਿਆ ਹੈ।
ਉਹ ਭਗਤ-ਜਨ ਸਦਾ-ਥਿਰ ਦਾ ਹੀ ਸਿਮਰਨ ਕਰਦੇ ਰਹਿੰਦੇ ਹਨ, ਸਦਾ-ਥਿਰ ਨਾਮ (ਸਿਮਰਨ) ਦੀ ਕਮਾਈ ਕਰਦੇ ਹਨ, ਨਾਮ (ਸਿਮਰਨ ਦੀ ਬਰਕਤਿ) ਨਾਲ ਉਹ ਉਸ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦੇ ਹਨ ॥੨॥
ਧੁਰ ਦਰਗਾਹ ਤੋਂ ਭਗਤਾਂ ਨੂੰ ਪ੍ਰਭੂ ਆਪ ਹੀ ਆਪਣੇ ਨਾਲ ਮਿਲਾਂਦਾ ਹੈ,
ਆਪ ਹੀ ਉਹਨਾਂ ਨੂੰ ਆਪਣੀ ਸੱਚੀ ਭਗਤੀ ਵਿਚ ਜੋੜਦਾ ਹੈ।
(ਉਸ ਦੀ ਆਪਣੀ ਮਿਹਰ ਨਾਲ ਹੀ ਮਨੁੱਖ) ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਸਦਾ ਉਸ ਦੇ ਗੁਣ ਗਾਂਦਾ ਹੈ-ਇਹ ਸਿਫ਼ਤ-ਸਾਲਾਹ ਹੀ ਇਸ ਮਨੁੱਖਾ ਜਨਮ ਦੀ ਖੱਟੀ ਹੈ ॥੩॥
ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ ਉਹ (ਨਾਮ ਜਪਣ ਦਾ) ਵਣਜ ਕਰਦੇ ਰਹਿੰਦੇ ਹਨ, (ਇਸ ਤਰ੍ਹਾਂ ਕਿਸੇ) ਪਰਾਏ ਨੂੰ ਤੇ ਕਿਸੇ ਆਪਣੇ ਨੂੰ (ਇਉਂ) ਪਛਾਣਦੇ ਹਨ,
(ਕਿ ਇਹਨਾਂ ਵਿਚ) ਇਕ ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ ਵੱਸਦਾ ਉਹ ਨਹੀਂ ਜਾਣਦੇ।
(ਉਹ ਸਮਝਦੇ ਹਨ ਕਿ ਸਭਨਾਂ ਨੂੰ ਆਤਮਕ ਜੀਵਨ ਦੀ ਪੂੰਜੀ ਦੇਣ ਵਾਲਾ) ਸ਼ਾਹ-ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਜੀਵ ਉਸ ਦੇ ਸਦਾ-ਥਿਰ ਨਾਮ ਦਾ ਵਣਜ ਕਰਨ ਵਾਲੇ ਹਨ, (ਪਰਮਾਤਮਾ ਪਾਸੋਂ) ਪੂੰਜੀ (ਲੈ ਕੇ ਉਸ ਦਾ) ਨਾਮ-ਸੌਦਾ ਖ਼ਰੀਦਦੇ ਹਨ ॥੪॥
ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈ, ਆਪ ਹੀ ਸ੍ਰਿਸ਼ਟੀ ਰਚਦਾ ਹੈ।
(ਕਿਸੇ) ਵਿਰਲੇ (ਭਾਗਾਂ ਵਾਲੇ) ਨੂੰ ਗੁਰੂ ਦੇ ਸ਼ਬਦ ਦੀ ਸੂਝ ਭੀ ਆਪ ਹੀ ਬਖ਼ਸ਼ਦਾ ਹੈ।
(ਉਸ ਦੀ ਮਿਹਰ ਨਾਲ ਜਿਹੜੇ ਮਨੁੱਖ) ਗੁਰੂ ਦੀ ਸਰਨ ਪੈਂਦੇ ਹਨ, ਉਹ ਅਡੋਲ ਜੀਵਨ ਵਾਲੇ ਹੋ ਜਾਂਦੇ ਹਨ, ਪਰਮਾਤਮਾ ਆਪ ਹੀ ਉਹਨਾਂ ਦੀ ਜਮ (ਆਤਮਕ ਮੌਤ) ਦੀ ਫਾਹੀ ਕੱਟਦਾ ਹੈ ॥੫॥
(ਜੀਵਾਂ ਦੇ ਸਰੀਰ-ਭਾਂਡੇ) ਘੜ ਕੇ (ਆਪ ਹੀ) ਭੰਨਦਾ ਹੈ, ਆਪ ਹੀ ਪੈਦਾ ਕਰਦਾ ਤੇ ਸੰਵਾਰਦਾ ਹੈ।
ਮਾਇਆ ਦੇ ਮੋਹ ਵਿਚ, ਮੇਰ-ਤੇਰ ਵਿਚ ਭੀ ਜੀਵ (ਉਸ ਨੇ ਆਪ ਹੀ) ਪਾਏ ਹੋਏ ਹਨ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਮੋਹ ਵਿਚ) ਭਟਕਦੇ ਫਿਰਦੇ ਹਨ, ਸਦਾ ਅੰਨ੍ਹਿਆਂ ਵਾਲਾ ਕੰਮ ਕਰਦੇ ਰਹਿੰਦੇ ਹਨ, ਉਹਨਾਂ ਦੇ ਗਲ ਵਿਚ ਆਤਮਕ ਮੌਤ ਦੀ ਰੱਸੀ ਫਾਹੀ ਪਈ ਰਹਿੰਦੀ ਹੈ ॥੬॥
ਪ੍ਰਭੂ ਆਪ (ਜਿਨ੍ਹਾਂ ਉੱਤੇ) ਬਖ਼ਸ਼ਸ਼ ਕਰਦਾ ਹੈ (ਉਹਨਾਂ ਨੂੰ) ਗੁਰੂ ਦੀ ਸੇਵਾ ਵਿਚ ਜੋੜਦਾ ਹੈ,
ਗੁਰੂ ਦੀ ਮੱਤ ਦੇ ਕੇ (ਆਪਣਾ) ਨਾਮ (ਉਹਨਾਂ ਦੇ) ਮਨ ਵਿਚ ਵਸਾਂਦਾ ਹੈ।
ਜਿਹੜਾ ਮਨੁੱਖ ਹਰ ਵੇਲੇ ਹਰਿ-ਨਾਮ ਸਿਮਰਦਾ ਹੈ, ਉਹ ਅਡੋਲ ਜੀਵਨ ਵਾਲਾ ਹੋ ਜਾਂਦਾ ਹੈ। ਪਰਮਾਤਮਾ ਦਾ ਨਾਮ ਹੀ ਇਸ ਜਗਤ ਵਿਚ ਖੱਟੀ ਹੈ ॥੭॥
ਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਵਡਿਆਈ ਭੀ ਸਦਾ ਕਾਇਮ ਰਹਿਣ ਵਾਲੀ ਹੈ।
ਗੁਰੂ ਦੇ ਸਨਮੁਖ ਰੱਖ ਕੇ (ਜੀਵ ਨੂੰ ਆਪਣੀ ਵਡਿਆਈ) ਦੇਂਦਾ ਹੈ (ਜੀਵ ਦੇ) ਮਨ ਵਿਚ ਵਸਾਂਦਾ ਹੈ।
ਜਿਨ੍ਹਾਂ ਦੇ ਮਨ ਵਿਚ (ਪਰਮਾਤਮਾ ਦਾ ਨਾਮ) ਆ ਵੱਸਦਾ ਹੈ, ਉਹ ਮਨੁੱਖ (ਲੋਕ ਪਰਲੋਕ ਵਿਚ) ਸੋਭਦੇ ਹਨ, ਉਹਨਾਂ ਦੇ ਸਿਰ ਉੱਤੇ (ਪਿਆ) ਭਾਰਾ ਮੁੱਕ ਜਾਂਦਾ ਹੈ ॥੮॥
ਪਰਮਾਤਮਾ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ (ਕਿਸੇ ਦੁਨਿਆਵੀ ਪਦਾਰਥ ਦੇ ਵੱਟੇ ਨਹੀਂ ਮਿਲ ਸਕਦਾ)।
ਮੈਂ ਤਾਂ ਉਸ ਨੂੰ ਗੁਰੂ ਦੀ ਕਿਰਪਾ ਨਾਲ (ਆਪਣੇ) ਮਨ ਵਿਚ ਵਸਾਂਦਾ ਹਾਂ।
ਗੁਰੂ ਦੇ ਸ਼ਬਦ ਦੀ ਰਾਹੀਂ ਮੈਂ ਸਦਾ ਉਸ ਗੁਣਾਂ ਦੇ ਦਾਤੇ ਦੀ ਸਿਫ਼ਤ-ਸਾਲਾਹ ਕਰਦਾ ਹਾਂ। (ਜਿਹੜਾ ਉਸ ਗੁਣ-ਦਾਤੇ ਦੀ ਸਿਫ਼ਤ-ਸਾਲਾਹ ਕਰਦਾ ਹੈ) ਉਸ (ਦੇ ਕਰਮਾਂ ਦਾ) ਲੇਖਾ ਕੋਈ ਨਹੀਂ ਮੰਗਦਾ ॥੯॥
ਬ੍ਰਹਮਾ ਵਿਸ਼ਨੂ ਸ਼ਿਵ (ਇਹ ਸਾਰੇ) ਉਸ (ਪਰਮਾਤਮਾ) ਦੀ ਹੀ ਸਰਨ ਵਿਚ ਰਹਿੰਦੇ ਹਨ।
(ਇਹ ਵੱਡੇ ਵੱਡੇ ਦੇਵਤੇ ਭੀ ਉਸ) ਅਲੱਖ ਅਤੇ ਅਭੇਵ ਪਰਮਾਤਮਾ (ਦੇ ਗੁਣਾਂ) ਦਾ ਅੰਤ ਨਹੀਂ ਪਾ ਸਕਦੇ।
ਹੇ ਪ੍ਰਭੂ! ਜਿਨ੍ਹਾਂ ਉਤੇ ਤੂੰ ਆਪਣੀ ਮਿਹਰ ਦੀ ਨਿਗਾਹ ਕਰਦਾ ਹੈਂ ਉਹਨਾਂ ਨੂੰ ਗੁਰੂ ਦੀ ਸਰਨ ਪਾ ਕੇ ਤੂੰ ਆਪਣਾ ਅਲੱਖ ਸਰੂਪ ਸਮਝਾ ਦੇਂਦਾ ਹੈ ॥੧੦॥