ਉਹ ਮਨੁੱਖ ਮਾਇਆ ਦਾ ਮੋਹ ਰੋਕ ਕੇ ਪ੍ਰਭੂ-ਨਾਮ ਵਿਚ ਲੀਨ ਹੋ ਜਾਂਦਾ ਹੈ,
ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਗੁਰੂ ਉਸ ਨੂੰ ਸੰਗਤ ਵਿਚ ਮਿਲਾਂਦਾ ਹੈ।
ਪਰਮਾਤਮਾ ਦਾ ਨਾਮ (ਮਾਨੋ, ਇਕ) ਰਤਨ ਹੈ (ਇਕ ਐਸਾ) ਹੀਰਾ ਹੈ ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ।
(ਗੁਰੂ ਦੀ ਸਰਨ ਪੈ ਕੇ) ਮੇਰਾ ਮਨ ਭੀ ਉਸ ਨਾਮ ਵਿਚ ਰੰਗਿਆ ਗਿਆ ਹੈ ਉਸ ਨਾਮ ਵਿਚ ਟਿਕ ਗਿਆ ਹੈ ॥੨॥
(ਉਸ ਨੂੰ) ਹਉਮੈ-ਰੋਗ ਮਾਇਆ ਦੀ ਮਮਤਾ ਦਾ ਰੋਗ (ਮਨ ਨੂੰ) ਨਹੀਂ ਚੰਬੜਦਾ।
(ਗੁਰੂ ਦੀ ਰਾਹੀਂ) ਪਰਮਾਤਮਾ ਦੀ ਭਗਤੀ ਕੀਤਿਆਂ ਮੌਤ ਦਾ ਡਰ ਦੂਰ ਹੋ ਜਾਂਦਾ ਹੈ।
(ਗੁਰੂ ਦੀ ਕਿਰਪਾ ਨਾਲ) ਭਿਆਨਕ ਜਮ ਭੀ ਮੈਨੂੰ ਨਹੀਂ ਪੋਂਹਦਾ,
(ਕਿਉਂਕਿ) ਪਰਮਾਤਮਾ ਦਾ ਪਵਿਤ੍ਰ ਨਾਮ ਮੇਰੇ ਹਿਰਦੇ ਵਿਚ ਸੋਭ ਰਿਹਾ ਹੈ ॥੩॥
ਗੁਰੂ ਦੇ ਸ਼ਬਦ ਨੂੰ ਸੋਚ-ਮੰਡਲ ਵਿਚ ਟਿਕਾ ਕੇ ਪਰਮਾਤਮਾ ਦੇ ਹੀ (ਸੇਵਕ) ਹੋ ਜਾਈਦਾ ਹੈ।
ਮਨ ਵਿਚ ਗੁਰੂ ਦੀ ਸਿੱਖਿਆ ਪ੍ਰਬਲ ਹੋ ਜਾਂਦੀ ਹੈ ਤੇ ਭੈੜੀ ਮੱਤ ਦੂਰ ਹੋ ਜਾਂਦੀ ਹੈ।
ਜੇਹੜੇ ਮਨੁੱਖ ਪ੍ਰਭੂ-ਚਰਨਾਂ ਵਿਚ ਸੁਰਤ ਜੋੜ ਕੇ ਹਰ ਵੇਲੇ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦੇ ਹਨ,
ਉਹ ਆਪਣੇ ਅੰਦਰ ਉਹ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦੇ ਹਨ ਜੋ ਮਾਇਆ ਵਿਚ ਵਰਤਦਿਆਂ ਹੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਕਰ ਦੇਂਦੀ ਹੈ ॥੪॥
(ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ) ਸਰੀਰ-ਗੁਫਾ ਦੇ ਅੰਦਰ ਹੀ ਮਾਇਆ ਤੋਂ ਨਿਰਲੇਪ ਰਹਿੰਦੇ ਹਨ ਮਾਇਆ ਦੇ ਪ੍ਰਭਾਵ ਤੋਂ ਵੱਖਰੇ ਰਹਿੰਦੇ ਹਨ।
ਗੁਰੂ ਦੇ ਸ਼ਬਦ ਦੀ ਰਾਹੀਂ ਉਹ ਕਾਮਾਦਿਕ ਪੰਜਾਂ ਚੋਰਾਂ ਨੂੰ ਮਾਰ ਲੈਂਦੇ ਹਨ।
(ਗੁਰੂ ਦੀ ਸਰਨ ਪੈ ਕੇ ਸਿਮਰਨ ਕਰਨ ਵਾਲਾ ਬੰਦਾ) ਆਪਣੇ ਮਨ ਨੂੰ ਪਰਾਏ ਘਰ ਵਲ ਜਾ ਕੇ ਡੋਲਣ ਨਹੀਂ ਦੇਂਦਾ।
(ਗੁਰੂ ਦੀ ਕਿਰਪਾ ਨਾਲ ਹੀ ਸਿਮਰਨ ਕਰ ਕੇ) ਮੈਂ ਅਡੋਲ ਆਤਮਕ ਅਵਸਥਾ ਵਿਚ ਇਕ-ਰਸ ਲੀਨ ਰਹਿੰਦਾ ਹਾਂ ॥੫॥
ਅਸਲ ਤਿਆਗੀ ਉਹੀ ਹੈ ਜੋ ਗੁਰੂ ਦੀ ਸਰਨ ਪੈ ਕੇ (ਸਿਮਰਨ ਦੀ ਰਾਹੀਂ ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ।
ਜੇਹੜਾ ਮਨੁੱਖ ਜਗਤ ਦੇ ਮੂਲ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਪ੍ਰੋਈ ਰੱਖਦਾ ਹੈ ਉਹ ਸਦਾ (ਮਾਇਆ ਤੋਂ) ਵੈਰਾਗਵਾਨ ਰਹਿੰਦਾ ਹੈ।
ਜਗਤ ਮਾਇਆ ਦੇ ਮੋਹ ਦੀ ਨੀਂਦ ਵਿਚ (ਪਰਮਾਤਮਾ ਦੀ ਯਾਦ ਵਲੋਂ) ਸੁੱਤਾ ਰਹਿੰਦਾ ਹੈ, ਤੇ, ਆਤਮਕ ਮੌਤ ਸਹੇੜ ਕੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ।
(ਮਾਇਆ ਦੀ ਨੀਂਦ ਵਿਚ ਸੁੱਤੇ ਪਏ ਨੂੰ) ਗੁਰੂ ਦੇ ਸ਼ਬਦ ਤੋਂ ਬਿਨਾ ਇਹ ਸਮਝ ਹੀ ਨਹੀਂ ਪੈਂਦੀ ॥੬॥
(ਉਸ ਦੇ ਅੰਦਰ) ਗੁਰੂ ਦਾ ਸ਼ਬਦ ਦਿਨ ਰਾਤ ਇਕ-ਰਸ ਪ੍ਰਬਲ ਪ੍ਰਭਾਵ ਪਾਈ ਰੱਖਦਾ ਹੈ,
ਜੋ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ। ਉਸ ਨੂੰ ਅਦ੍ਰਿਸ਼ਟ ਪ੍ਰਭੂ ਦੀ (ਸੇਵਾ-ਭਗਤੀ ਦੀ) ਸੂਝ ਆ ਜਾਂਦੀ ਹੈ ।
ਪਰ ਇਹ ਸੂਝ ਮਨੁੱਖ ਨੂੰ ਤਦੋਂ ਹੀ ਆਉਂਦੀ ਹੈ ਜਦੋਂ ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਇਹ ਭੇਤ) ਪਛਾਣਦਾ ਹੈ,
ਕਿ ਵਾਸਨਾ-ਰਹਿਤ ਪ੍ਰਭੂ ਇਹੋ ਜਿਹਾ ਹੈ ਕਿ ਉਹ ਆਪ ਹੀ ਹਰ ਥਾਂ ਵਿਆਪਕ ਹੈ ॥੭॥
(ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਭਗਤੀ ਕਰਦਾ ਹੈ ਉਸ ਦਾ) ਮਨ ਉਸ ਇਕਾਗ੍ਰਤਾ ਵਿਚ ਟਿਕਿਆ ਰਹਿੰਦਾ ਹੈ ਜਿਥੇ ਮਾਇਆ ਦੇ ਫੁਰਨਿਆਂ ਵਲੋਂ ਸਦਾ ਸੁੰਞ ਰਹਿੰਦੀ ਹੈ ਤੇ ਅਡੋਲ ਆਤਮਕ ਅਵਸਥਾ (ਦੇ ਰੰਗ) ਵਿਚ ਰੰਗਿਆ ਜਾਂਦਾ ਹੈ।
ਹਉਮੈ ਤੇ ਲੋਭ ਨੂੰ ਤਿਆਗ ਕੇ ਉਹ ਮਨੁੱਖ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਈ ਰੱਖਦਾ ਹੈ।
ਗੁਰੂ ਦੀ ਸਰਨ ਪਏ ਹੋਏ ਸਿੱਖ ਦਾ ਆਪਣਾ ਮਨ ਗੁਰੂ ਦੀ ਸਿੱਖਿਆ ਵਿਚ ਪਤੀਜ ਜਾਂਦਾ ਹੈ,
ਹੇ ਨਾਨਕ! ਉਹ ਪਰਮਾਤਮਾ ਤੋਂ ਬਿਨਾ ਹੋਰ ਝਾਕ ਮਿਟਾ ਕੇ ਪਰਮਾਤਮਾ ਵਿਚ ਹੀ ਲੀਨ ਰਹਿੰਦਾ ਹੈ ॥੮॥੩॥
ਹੇ ਪੰਡਿਤ! ਤੂੰ (ਵਿਆਹ ਆਦਿਕ ਸਮਿਆਂ ਤੇ ਜਜਮਾਨਾਂ ਵਾਸਤੇ) ਸਭ ਲਗਨ ਮੁਹੂਰਤ ਗਿਣਦਾ ਹੈਂ, ਪਰ ਤੂੰ ਇਹ ਵਿਚਾਰ ਨਹੀਂ ਕਰਦਾ,
ਕਿ ਸ਼ੁਭ ਸਮਾਂ ਬਣਾਣ ਨਾਹ ਬਣਾਣ ਵਾਲਾ ਪਰਮਾਤਮਾ (ਆਪ) ਹੈ।
ਜਿਸ ਮਨੁੱਖ ਨੂੰ ਗੁਰੂ ਮਿਲ ਪਏ ਉਹ ਜਾਣਦਾ ਹੈ (ਕਿ ਵਿਆਹ ਆਦਿਕ ਦਾ ਸਮਾ ਕਿਸ) ਢੰਗ (ਨਾਲ ਸ਼ੁਭ ਬਣ ਸਕਦਾ ਹੈ)।
ਜਦੋਂ ਮਨੁੱਖ ਨੂੰ ਗੁਰੂ ਦੀ ਸਿੱਖਿਆ ਪ੍ਰਾਪਤ ਹੋ ਜਾਏ ਤਦੋਂ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ (ਤੇ ਰਜ਼ਾ ਨੂੰ ਸਮਝਣਾ ਹੀ ਸ਼ੁਭ ਮੁਹੂਰਤ ਦਾ ਮੂਲ ਹੈ) ॥੧॥
ਹੇ ਪੰਡਿਤ! (ਆਪਣੀ ਆਜੀਵਕਾ ਦੀ ਖ਼ਾਤਰ ਜਜਮਾਨਾਂ ਨੂੰ ਪਤਿ-ਆਉਣ ਵਾਸਤੇ ਵਿਆਹ ਆਦਿਕ ਸਮਿਆਂ ਦੇ ਸ਼ੁਭ ਮੁਹੂਰਤ ਲੱਭਣ ਦਾ) ਝੂਠ ਨਾਹ ਬੋਲ। ਸੱਚ ਬੋਲਣਾ ਚਾਹੀਦਾ ਹੈ।
ਜਦੋਂ ਗੁਰੂ ਦੇ ਸ਼ਬਦ ਵਿਚ ਜੁੜ ਕੇ (ਅੰਦਰ ਦੀ) ਹਉਮੈ ਦੂਰ ਹੋ ਜਾਂਦੀ ਹੈ ਤਦੋਂ ਉਹ ਘਰ ਲੱਭ ਪੈਂਦਾ ਹੈ (ਜਿਥੋਂ ਆਤਮਕ ਤੇ ਸੰਸਾਰਕ ਸਾਰੇ ਪਦਾਰਥ ਮਿਲਦੇ ਹਨ) ॥੧॥ ਰਹਾਉ ॥
(ਪੰਡਿਤ) ਜੋਤਸ਼ (ਦੇ ਲੇਖੇ) ਗਿਣ ਗਿਣ ਕੇ (ਕਿਸੇ ਜਜਮਾਨ ਦੇ ਪੁੱਤਰ ਦੀ) ਜਨਮ ਪੱਤ੍ਰੀ ਬਣਾਂਦਾ ਹੈ।
(ਜੋਤਸ਼ ਦਾ ਹਿਸਾਬ ਆਪ) ਪੜ੍ਹਦਾ ਹੈ ਤੇ (ਜਜਮਾਨ ਨੂੰ) ਸੁਣਾਂਦਾ ਹੈ ਪਰ ਅਸਲੀਅਤ ਨੂੰ ਨਹੀਂ ਪਛਾਣਦਾ।
(ਸ਼ੁਭ ਮੁਹੂਰਤ ਆਦਿਕ ਦੀਆਂ) ਸਾਰੀਆਂ ਵਿਚਾਰਾਂ ਤੋਂ ਸ੍ਰੇਸ਼ਟ ਵਿਚਾਰ ਇਹ ਹੈ ਕਿ ਮਨੁੱਖ ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾਏ।
ਮੈਂ (ਗੁਰ-ਸ਼ਬਦ ਦੇ ਟਾਕਰੇ ਤੇ ਸ਼ੁਭ ਮੁਹੂਰਤ ਤੇ ਜਨਮ-ਪੱਤ੍ਰੀ ਆਦਿਕ ਦੀ ਕਿਸੇ) ਹੋਰ ਗੱਲ ਦੀ ਪਰਵਾਹ ਨਹੀਂ ਕਰਦਾ, ਹੋਰ ਸਾਰੀਆਂ ਵਿਚਾਰਾਂ ਵਿਅਰਥ ਹਨ ॥੨॥
(ਹੇ ਪੰਡਿਤ!) ਤੂੰ (ਤੀਰਥ ਆਦਿਕ ਤੇ) ਇਸ਼ਨਾਨ ਕਰਦਾ ਹੈਂ (ਸਰੀਰ ਮਲ ਮਲ ਕੇ) ਧੋਂਦਾ ਹੈਂ, ਤੇ ਪੱਥਰ (ਦੇ ਦੇਵੀ ਦੇਵਤੇ) ਪੂਜਦਾ ਹੈਂ,
ਪਰ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਣ ਤੋਂ ਬਿਨਾ (ਮਨ ਵਿਕਾਰਾਂ ਨਾਲ) ਸਦਾ ਮੈਲਾ ਰਹਿੰਦਾ ਹੈ।
(ਹੇ ਪੰਡਿਤ! ਨਾਮ ਜਪ ਕੇ) ਅਹੰਕਾਰ ਦੂਰ ਕੀਤਿਆਂ (ਜੀਵਨ ਰਥ ਦਾ) ਰਥਵਾਹੀ ਪ੍ਰਭੂ ਮਿਲ ਪੈਂਦਾ ਹੈ।
(ਤਾਂ ਤੇ) ਜਿੰਦ ਨੂੰ ਵਿਕਾਰਾਂ ਤੋਂ ਖ਼ਲਾਸੀ ਦਿਵਾਣ ਵਾਲੇ ਤੇ ਜੀਵਨ ਸਫਲਾ ਕਰਨ ਵਾਲੇ ਪਰਮਾਤਮਾ ਦਾ ਨਾਮ ਜਪ ॥੩॥
(ਪੰਡਿਤ) ਵੇਦ (ਆਦਿਕ ਧਰਮ-ਪੁਸਤਕਾਂ) ਨੂੰ (ਜੀਵਨ ਦੀ ਅਗਵਾਈ ਵਾਸਤੇ) ਨਹੀਂ ਵਿਚਾਰਦਾ, (ਅਰਥ ਤੇ ਕਰਮ ਕਾਂਡ ਆਦਿਕ ਦੀ) ਬਹਿਸ ਨੂੰ ਹੀ ਪੜ੍ਹਦਾ ਹੈ।
(ਇਸ ਤਰ੍ਹਾਂ ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਵਿਚ ਡੁੱਬਾ ਰਹਿੰਦਾ ਹੈ), ਜੇਹੜਾ ਮਨੁੱਖ ਆਪ ਡੁੱਬਿਆ ਰਹੇ ਉਹ ਆਪਣੇ (ਬੀਤ ਚੁਕੇ) ਬਜ਼ੁਰਗਾਂ ਨੂੰ (ਸੰਸਾਰ-ਸਮੁੰਦਰ ਵਿਚੋਂ) ਕਿਵੇਂ ਪਾਰ ਲੰਘਾ ਸਕਦਾ ਹੈ?
ਕੋਈ ਵਿਰਲਾ ਮਨੁੱਖ ਪਛਾਣਦਾ ਹੈ ਕਿ ਪਰਮਾਤਮਾ ਹਰੇਕ ਸਰੀਰ ਵਿਚ ਮੌਜੂਦ ਹੈ।
ਜਿਸ ਮਨੁੱਖ ਨੂੰ ਗੁਰੂ ਮਿਲ ਪਏ, ਉਸ ਨੂੰ ਇਹ ਸਮਝ ਆਉਂਦੀ ਹੈ ॥੪॥
ਜਿਉਂ ਜਿਉਂ ਸ਼ੁਭ ਅਸ਼ੁਭ ਮੁਹੂਰਤਾਂ ਦੇ ਲੇਖੇ ਗਿਣਦੇ ਰਹੀਏ ਤਿਉਂ ਤਿਉਂ ਜਿੰਦ ਨੂੰ ਸਦਾ ਸਹਿਮ ਦਾ ਰੋਗ ਲੱਗਾ ਰਹਿੰਦਾ ਹੈ।
ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਤਦੋਂ ਇਸ ਨੂੰ ਆਤਮਕ ਆਨੰਦ ਮਿਲਦਾ ਹੈ।
ਪਾਪ ਅਪਰਾਧ ਕਰ ਕੇ ਭੀ ਜਦੋਂ ਅਸੀਂ ਪਰਮਾਤਮਾ ਦੀ ਸਰਨ ਆਉਂਦੇ ਹਾਂ,
ਤਾਂ ਪਰਮਾਤਮਾ ਸਾਡੇ ਪੂਰਬਲੇ ਕਰਮਾਂ ਅਨੁਸਾਰ ਗੁਰੂ ਨੂੰ ਮਿਲਾ ਦੇਂਦਾ ਹੈ (ਤੇ ਗੁਰੂ ਸਹੀ ਜੀਵਨ-ਰਾਹ ਵਿਖਾਂਦਾ ਹੈ) ॥੫॥
ਜਦੋਂ ਤਕ ਗੁਰੂ ਦੀ ਸਰਨ ਨਾਹ ਆਵੀਏ ਤਦ ਤਕ ਪਰਮਾਤਮਾ ਨਹੀਂ ਮਿਲਦਾ,
ਭਟਕਣਾ ਵਿਚ ਕੁਰਾਹੇ ਪੈ ਕੇ ਆਤਮਕ ਮੌਤ ਸਹੇੜ ਕੇ ਮੁੜ ਮੁੜ ਜਨਮ ਵਿਚ ਆਉਂਦੇ ਰਹੀਦਾ ਹੈ।
(ਗੁਰੂ ਦੀ ਸਰਨ ਤੋਂ ਬਿਨਾ ਜੀਵ) ਜਮ ਦੇ ਦਰ ਤੇ ਬੱਧਾ ਹੋਇਆ ਵਿਅਰਥ ਹੀ ਆਤਮਕ ਮੌਤੇ ਮਰਦਾ ਹੈ,
ਉਸ ਦੇ ਹਿਰਦੇ ਵਿਚ ਨਾਹ ਪ੍ਰਭੂ ਦਾ ਨਾਮ ਵੱਸਦਾ ਹੈ ਨਾਹ ਗੁਰੂ ਦਾ ਸ਼ਬਦ ਵੱਸਦਾ ਹੈ, ਨਾਹ ਹੀ ਉਸ ਦਾ ਚੰਗਾ ਆਚਰਨ ਬਣਦਾ ਹੈ ॥੬॥
ਅਨੇਕਾਂ (ਕੁਲੀਨ ਤੇ ਵਿਦਵਾਨ ਬ੍ਰਾਹਮਣ) ਆਪਣੇ ਆਪ ਨੂੰ ਪਾਂਧੇ ਪੰਡਿਤ ਮਿਸਰ ਅਖਵਾਂਦੇ ਹਨ,
ਪਰ ਪਰਮਾਤਮਾ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ ਵਿਚ ਗ਼ਲਤਾਨ ਰਹਿੰਦੇ ਹਨ, ਪਰਮਾਤਮਾ ਦਾ ਦਰ-ਘਰ ਨਹੀਂ ਲੱਭ ਸਕਦੇ।