ਅਸੀਂ ਜੀਵ ਜਦੋਂ ਸੰਸਾਰ ਵਿਚ ਆਉਂਦੇ ਹਾਂ ਤਾਂ ਉਸ ਪਰਮਾਤਮਾ ਨੇ ਹੀ ਸਾਨੂੰ ਭੇਜਿਆ ਹੁੰਦਾ ਹੈ, ਇਥੋਂ ਜਾਂਦੇ ਹਾਂ ਤਦੋਂ ਭੀ ਉਸੇ ਨੇ ਬੁਲਾ ਭੇਜਿਆ ਹੁੰਦਾ ਹੈ।
ਜੋ ਕੁਝ ਉਹ ਪ੍ਰਭੂ ਕਰਨਾ ਚਾਹੁੰਦਾ ਹੈ ਉਹ ਕਰ ਰਿਹਾ ਹੈ। (ਅਸੀਂ ਜੀਵ ਉਸ ਦੀ ਰਜ਼ਾ ਨੂੰ ਭੁੱਲ ਜਾਂਦੇ ਹਾਂ, ਪਰ) ਉਹ ਬਖ਼ਸ਼ਣਹਾਰ ਹੈ ਉਹ ਬਖ਼ਸ਼ ਲੈਂਦਾ ਹੈ ॥੧੦॥
(ਜੇ ਜੀਵ!) ਪਰਮਾਤਮਾ ਦਾ ਨਾਮ ਸਾਰੇ ਆਨੰਦ ਰਸ ਦੇਣ ਵਾਲਾ ਹੈ, ਜਿਸ ਜਿਸ ਬੰਦੇ ਨੇ ਇਹ ਨਾਮ-ਰਸ ਚੱਖ ਲਿਆ ਹੈ ਉਹਨਾਂ ਦੀ ਸੰਗਤ ਵਿਚ ਰਿਹਾਂ ਇਸ ਭੇਤ ਦੀ ਸਮਝ ਆਉਂਦੀ ਹੈ।
ਗੁਰੂ ਦੀ ਸਰਨ ਪੈ ਕੇ ਗੁਰੂ ਤੋਂ ਹੀ ਪਰਮਾਤਮਾ ਦਾ ਨਾਮ-ਪਦਾਰਥ ਮਿਲਦਾ ਹੈ, ਇਸ ਨਾਮ ਵਿਚ ਸਭ ਕਰਾਮਾਤੀ ਤਾਕਤਾਂ ਹਨ, ਉੱਚੀ ਅਕਲ ਹੈ, ਸਹੀ ਜੀਵਨ-ਰਾਹ ਦੀ ਸੂਝ ਹੈ, ਤੇ ਇਸ ਨਾਮ ਨਾਲ ਹੀ ਮਾਇਆ ਦੇ ਮੋਹ ਤੋਂ ਖ਼ਲਾਸੀ ਮਿਲਦੀ ਹੈ ॥੧੧॥
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ (ਵਾਪਰਦੇ) ਦੁੱਖ ਸੁਖ ਨੂੰ ਇਕੋ ਜਿਹਾ ਜਾਣਦਾ ਹੈ, ਉਹ ਖ਼ੁਸ਼ੀ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ।
ਹੇ ਨਾਨਕ! ਗੁਰੂ ਦੀ ਸਰਨ ਪਿਆ ਮਨੁੱਖ ਆਪਾ-ਭਾਵ ਮਾਰ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ ਤੇ ਅਡੋਲ ਆਤਮਕ ਅਵਸਥਾ ਵਿਚ ਰਹਿੰਦਾ ਹੈ ॥੧੨॥੭॥
(ਮੇਰਾ ਗੁਰੂ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ-ਰਸ ਵਿਚ ਲੀਨ ਰਹਿੰਦਾ ਹੈ ਮੇਰੇ ਗੁਰੂ ਨੇ ਮੈਨੂੰ ਇਹ ਯਕੀਨ ਕਰਾ ਦਿੱਤਾ ਹੈ ਕਿ ਕਾਮ-ਵਾਸ਼ਨਾ ਤੋਂ ਬਚੇ ਰਹਿਣਾ, ਉੱਚਾ ਆਚਰਨ, ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣਾ, ਤੇ ਸਦਾ-ਥਿਰ ਪ੍ਰਭੂ ਦਾ ਸਿਮਰਨ-ਇਹੀ ਹੈ ਸਹੀ ਜੀਵਨ ॥੧॥
ਮੇਰਾ ਗੁਰੂ ਦਇਆ ਦਾ ਘਰ ਹੈ, ਉਹ ਸਦਾ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ।
(ਮੇਰੇ ਗੁਰੂ ਦੀ) ਸੁਰਤ ਦਿਨ ਰਾਤ ਇਕ ਪਰਮਾਤਮਾ (ਦੇ ਚਰਨਾਂ) ਵਿਚ ਲੱਗੀ ਰਹਿੰਦੀ ਹੈ, (ਮੇਰਾ ਗੁਰੂ) ਸਦਾ-ਥਿਰ ਪਰਮਾਤਮਾ ਦਾ (ਹਰ ਥਾਂ) ਦੀਦਾਰ ਕਰ ਕੇ (ਉਸ ਦੀਦਾਰ ਵਿਚ) ਮਸਤ ਰਹਿੰਦਾ ਹੈ ॥੧॥ ਰਹਾਉ ॥
(ਮੇਰੇ ਗੁਰੂ) ਸਦਾ ਉੱਚੀ ਅਡੋਲ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ, (ਮੇਰੇ ਗੁਰੂ ਦੀ) (ਪਿਆਰ-ਭਰੀ) ਨਿਗਾਹ (ਸਭ ਵਲ) ਇਕੋ ਜਿਹੀ ਹੈ। (ਮੇਰਾ ਗੁਰੂ) ਉਸ ਸ਼ਬਦ ਵਿਚ ਰੰਗਿਆ ਹੋਇਆ ਹੈ ਜਿਸ ਦੀ ਧੁਨਿ ਉਸ ਦੇ ਅੰਦਰ ਇਕ-ਰਸ ਹੋ ਰਹੀ ਹੈ ॥੨॥
ਉੱਚਾ ਆਚਰਨ (-ਰੂਪ) ਲੰਗੋਟ ਬੰਨ੍ਹ ਕੇ (ਮੇਰਾ ਗੁਰੂ) ਸਰਬ-ਵਿਆਪਕ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ, ਉਸ ਦੀ ਜੀਭ (ਪ੍ਰਭੂ ਦੇ) ਪ੍ਰੇਮ ਵਿਚ ਰਸੀ ਰਹਿੰਦੀ ਹੈ ॥੩॥
ਕਦੇ ਉਕਾਈ ਨਾਹ ਖਾਣ ਵਾਲੇ (ਮੇਰੇ) ਗੁਰੂ ਨੂੰ ਉਹ ਪਰਮਾਤਮਾ ਸਦਾ ਮਿਲਿਆ ਰਹਿੰਦਾ ਹੈ ਜਿਸ ਨੇ ਜਗਤ-ਰਚਨਾ ਰਚੀ ਹੈ, ਉਸ ਦੀ ਜਗਤ-ਕਿਰਤ ਨੂੰ ਵੇਖ ਵੇਖ ਕੇ (ਮੇਰਾ ਗੁਰੂ ਉਸ ਦੀ ਸਰਬ-ਸਮਰੱਥਾ ਵਿਚ) ਨਿਸ਼ਚਾ ਰੱਖਦਾ ਹੈ ॥੪॥
ਸ੍ਰਿਸ਼ਟੀ ਦੇ ਸਾਰੇ ਹੀ ਜੀਵ ਇਕ ਪਰਮਾਤਮਾ ਵਿਚ ਹਨ (ਭਾਵ, ਇਕ ਪ੍ਰਭੂ ਹੀ ਸਭ ਦੀ ਜ਼ਿੰਦਗੀ ਦਾ ਆਧਾਰ ਹੈ), ਸਾਰੇ ਜੀਵਾਂ ਵਿਚ ਇਕ ਪਰਮਾਤਮਾ ਵਿਆਪਕ ਹੈ-ਇਹ ਕੌਤਕ (ਮੇਰੇ) ਗੁਰੂ ਨੇ (ਆਪ) ਵੇਖ ਕੇ (ਮੈਨੂੰ) ਵਿਖਾ ਦਿੱਤਾ ਹੈ ॥੫॥
(ਮੇਰੇ ਗੁਰੂ ਨੇ ਹੀ ਮੈਨੂੰ ਦੱਸਿਆ ਹੈ ਕਿ) ਜਿਸ ਪ੍ਰਭੂ ਨੇ ਸਾਰੇ ਖੰਡ ਮੰਡਲ ਬ੍ਰਹਿਮੰਡ ਬਣਾਏ ਹਨ ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ॥੬॥
(ਗੁਰੂ ਨੇ ਆਪਣੀ ਰੌਸ਼ਨ ਜੋਤਿ ਦੇ) ਦੀਵੇ ਤੋਂ (ਮੇਰੇ ਅੰਦਰ) ਦੀਵਾ ਜਗਾ ਦਿੱਤਾ ਹੈ ਤੇ ਮੈਨੂੰ ਉਹ (ਰੱਬੀ) ਜੋਤਿ ਵਿਖਾ ਦਿੱਤੀ ਹੈ, ਜੋ ਤਿੰਨਾਂ ਭਵਨਾਂ ਵਿਚ ਮੌਜੂਦ ਹੈ ॥੭॥
(ਮੇਰਾ ਗੁਰੂ ਇਕ ਐਸਾ ਨਾਥਾਂ ਦਾ ਭੀ ਨਾਥ ਹੈ ਜੋ) ਸਦਾ ਅਟੱਲ ਰਹਿਣ ਵਾਲੇ ਅਡੋਲਤਾ ਦੇ ਤਖ਼ਤ ਉਤੇ ਬੈਠਾ ਹੋਇਆ ਹੈ ਜੋ ਸਦਾ-ਥਿਰ ਰਹਿਣ ਵਾਲੇ ਮਹਿਲ ਵਿਚ ਬੈਠਾ ਹੋਇਆ ਹੈ, (ਉਥੇ ਆਸਣ ਜਮਾਈ) ਬੈਠੇ (ਮੇਰੇ ਗੁਰੂ-ਜੋਗੀ) ਨੇ ਨਿਡਰਤਾ ਦੀ ਸਮਾਧੀ ਲਾਈ ਹੋਈ ਹੈ ॥੮॥
ਮਾਇਆ ਤੋਂ ਨਿਰਲੇਪ ਮੇਰੇ ਜੋਗੀ ਗੁਰੂ ਨੇ (ਸਾਰੇ ਸੰਸਾਰ ਨੂੰ) ਮੋਹ ਲਿਆ ਹੈ, ਉਸ ਨੇ ਹਰੇਕ ਦੇ ਅੰਦਰ (ਆਤਮਕ ਜੀਵਨ ਦੀ ਰੌ) ਕਿੰਗੁਰੀ ਵਜਾ ਦਿੱਤੀ ਹੈ ॥੯॥
ਹੇ ਨਾਨਕ! ਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਮੇਰੇ) ਗੁਰੂ ਦਾ ਮਿੱਤਰ ਹੈ, ਗੁਰੂ ਦੀ ਰਾਹੀਂ ਪ੍ਰਭੂ ਦੀ ਸਰਨ ਪੈ ਕੇ ਜੀਵ (ਮਾਇਆ ਦੇ ਮੋਹ ਤੋਂ) ਬਚ ਜਾਂਦੇ ਹਨ ॥੧੦॥੮॥
ਧਰਤੀ ਅਕਾਸ਼ ਨੂੰ ਆਪਣੀ ਸੱਤਿਆ ਨਾਲ ਟਿਕਾ ਰੱਖਣ ਵਾਲਾ ਪਰਮਾਤਮਾ (ਜਿਸ ਜੀਵ ਨੂੰ ਮਾਇਆ-ਮੋਹ ਆਦਿਕ ਤੋਂ ਬਚਾਂਦਾ ਹੈ ਉਸ ਦੇ) ਹਿਰਦੇ ਵਿਚ ਟਿਕ ਕੇ ਉਸ ਦੇ ਸਰੀਰ ਨੂੰ ਆਪਣੇ ਰਹਿਣ ਲਈ ਘਰ ਬਣਾ ਲੈਂਦਾ ਹੈ (ਭਾਵ, ਉਸ ਦੇ ਅੰਦਰ ਆਪਣਾ ਆਪ ਪਰਗਟ ਕਰਦਾ ਹੈ) ॥੧॥
ਹੇ ਸੰਤ ਜਨੋ! ਗੁਰੂ ਦੇ ਸਨਮੁਖ ਕਰ ਕੇ ਗੁਰੂ ਦੇ ਸ਼ਬਦ ਵਿਚ ਜੋੜ ਕੇ ਪਰਮਾਤਮਾ ਬੇਅੰਤ ਲੁਕਾਈ ਨੂੰ (ਹਉਮੈ ਮਮਤਾ ਕਾਮਾਦਿਕ ਤੋਂ) ਬਚਾਂਦਾ (ਚਲਿਆ ਆ ਰਿਹਾ) ਹੈ ॥੧॥ ਰਹਾਉ ॥
ਹੇ ਪ੍ਰਭੂ! (ਗੁਰੂ ਦੀ ਰਾਹੀਂ ਜਿਸ ਮਨੁੱਖ ਦਾ ਤੂੰ ਉੱਧਾਰ ਕਰਦਾ ਹੈਂ) ਉਹ ਅਪਣੱਤ ਨੂੰ (ਆਪਣੇ ਅੰਦਰੋਂ) ਮਾਰ ਕੇ ਹਉਮੈ ਨੂੰ ਭੀ ਮੁਕਾ ਲੈਂਦਾ ਹੈ, ਤੇ ਉਸ ਨੂੰ ਇਸ ਤ੍ਰਿ-ਭਵਨੀ ਜਗਤ ਵਿਚ ਤੇਰੀ ਹੀ ਜੋਤਿ ਨਜ਼ਰੀਂ ਆਉਂਦੀ ਹੈ ॥੨॥
(ਹੇ ਪ੍ਰਭੂ! ਜਿਸ ਜੀਵ ਨੂੰ ਤੂੰ ਤਾਰਦਾ ਹੈਂ) ਉਹ ਗੁਰੂ ਦੇ ਸ਼ਬਦ ਦੀ ਰਾਹੀਂ ਉੱਚੀ ਵਿਚਾਰ ਦਾ ਮਾਲਕ ਹੋ ਕੇ ਆਪਣੇ ਮਨ ਦੇ ਮਾਇਕ ਫੁਰਨਿਆਂ ਨੂੰ ਮੁਕਾ ਕੇ (ਤੇਰੀ ਯਾਦ ਨੂੰ) ਆਪਣੇ ਮਨ ਵਿਚ ਟਿਕਾਂਦਾ ਹੈ ॥੩॥
(ਹੇ ਪ੍ਰਭੂ! ਜਿਸ ਉਤੇ ਤੇਰੀ ਮੇਹਰ ਹੁੰਦੀ ਹੈ ਉਹ ਹੈ ਅਸਲ ਜੋਗੀ, ਉਸ ਦੀ) ਸੁਰਤ ਤੇਰੇ ਨਾਸ-ਰਹਿਤ ਸਰੂਪ ਵਿਚ ਟਿਕਦੀ ਹੈ (ਇਹ, ਮਾਨੋ, ਉਸ ਦੇ ਅੰਦਰ ਜੋਗੀ ਵਾਲੀ) ਸਿੰਙੀ ਵੱਜਦੀ ਹੈ, ਉਸ ਨੂੰ ਹਰੇਕ ਸਰੀਰ ਵਿਚ ਤੇਰੀ ਹੀ ਜੋਤਿ ਦਿੱਸਦੀ ਹੈ (ਉਹ ਕਿਸੇ ਨੂੰ ਤਿਆਗ ਕੇ ਜੰਗਲੀਂ ਪਹਾੜੀਂ ਨਹੀਂ ਭਟਕਦਾ) ॥੪॥
(ਗੁਰੂ ਦੇ ਸ਼ਬਦ ਵਿਚ ਟਿਕਿਆ ਹੋਇਆ ਮਨੁੱਖ ਅਸਲ ਜੋਗੀ ਹੈ,) ਉਹ ਆਪਣੇ ਮਨ ਨੂੰ ਉਸ ਪਰਮਾਤਮਾ ਵਿਚ ਜੋੜੀ ਰੱਖਦਾ ਹੈ ਜਿਸ ਵਿਚ ਜਗਤ-ਰਚਨਾ ਦੀ ਬੀਣਾ ਸਦਾ ਵੱਜ ਰਹੀ ਹੈ, ਉਹ ਆਪਣੇ ਅੰਦਰ ਰੱਬੀ ਜੋਤਿ ਚੰਗੀ ਤਰ੍ਹਾਂ ਜਗਾ ਲੈਂਦਾ ਹੈ ॥੫॥
(ਹੇ ਅਉਧੂ! ਜਿਸ ਮਨੁੱਖ ਨੂੰ ਪਰਮਾਤਮਾ ਗੁਰੂ ਦੀ ਸਰਨ ਪਾ ਕੇ ਆਤਮ-ਉੱਧਾਰ ਦੇ ਰਸਤੇ ਪਾਂਦਾ ਹੈ) ਉਹ ਮਨੁੱਖ ਇਸ ਪੰਜ-ਤੱਤੀ ਮਨੁੱਖਾ ਸਰੀਰ ਨੂੰ ਹਾਸਲ ਕਰ ਕੇ (ਜੰਗਲੀਂ ਪਹਾੜੀਂ ਜਾ ਕੇ ਇਸ ਨੂੰ ਸੁਆਹ ਵਿਚ ਨਹੀਂ ਰੋਲਦਾ, ਉਹ ਤਾਂ) ਬੇਅੰਤ ਪਰਮਾਤਮਾ ਦੀ ਪਵਿੱਤਰ ਜੋਤਿ ਦਾ ਦੀਵਾ ਦਿਨ ਰਾਤ (ਆਪਣੇ ਅੰਦਰ ਜਗਾਈ ਰੱਖਦਾ ਹੈ) ॥੬॥
(ਹੇ ਅਉਧੂ! ਪ੍ਰਭੂ ਦੀ ਕਿਰਪਾ ਦਾ ਪਾਤਰ ਬਣਿਆ ਹੋਇਆ ਮਨੁੱਖ ਆਪਣੇ ਇਸ ਸਰੀਰ ਨੂੰ ਕਿੰਗੁਰੀ ਬਣਾਂਦਾ ਹੈ, ਸੁਆਸ ਸੁਆਸ ਨਾਮ ਜਪਣ ਨੂੰ ਇਸ ਸਰੀਰ-ਕਿੰਗੁਰੀ ਦੇ ਤੂੰਬੇ ਬਣਾਂਦਾ ਹੈ, ਉਸ ਦੇ ਅੰਦਰ ਗੁਰੂ ਦਾ ਸ਼ਬਦ ਅਨੋਖੀ ਖਿੱਚ ਨਾਲ ਵੱਜਦਾ ਹੈ (ਭਾਵ, ਗੁਰੂ ਦਾ ਸ਼ਬਦ ਉਸ ਦੇ ਅੰਦਰ ਸੁਆਦਲਾ ਪ੍ਰੇਮ-ਰਾਗ ਪੈਦਾ ਕਰਦਾ ਹੈ) ॥੭॥
ਹੇ ਅਉਧੂ! (ਜਿਸ ਮਨੁੱਖ ਨੂੰ ਪਰਮਾਤਮਾ ਗੁਰੂ ਦੇ ਸ਼ਬਦ ਦੀ ਰਾਹੀਂ ਉੱਧਾਰਦਾ ਹੈ, ਉਹ) ਉਸ ਆਤਮਕ ਅਵਸਥਾ-ਰੂਪ ਨਗਰੀ ਵਿਚ ਅਡੋਲ-ਚਿੱਤ ਹੋ ਕੇ ਜੁੜਦਾ ਹੈ ਜਿਥੇ ਕੱਲਿਆਣ-ਸਰੂਪ ਪ੍ਰਭੂ ਦਾ ਹੀ ਪ੍ਰਭਾਵ ਹੈ, ਜਿੱਥੇ ਉਸ ਦੇ ਅੰਦਰ ਅਲੱਖ ਅਪਹੁੰਚ ਤੇ ਬੇਅੰਤ ਪਰਮਾਤਮਾ ਪਰਗਟ ਹੋ ਪੈਂਦਾ ਹੈ (ਉਹ ਉੱਚੀ ਆਤਮਕ ਅਵਸਥਾ ਹੀ ਗੁਰਸਿੱਖ ਜੋਗੀ ਦੀ ਸ਼ਿਵ-ਨਗਰੀ ਹੈ) ॥੮॥
(ਹੇ ਅਉਧੂ! ਪ੍ਰਭੂ ਤੋਂ ਵਰੋਸਾਏ ਹੋਏ ਮਨੁੱਖ ਦਾ ਇਹ) ਸਰੀਰ (ਮਾਨੋ, ਵੱਸਦਾ) ਸ਼ਹਿਰ ਬਣ ਜਾਂਦਾ ਹੈ ਜਿਸ ਵਿਚ ਪੰਜੇ ਗਿਆਨ-ਇੰਦ੍ਰੇ ਵਿਚਾਰਵਾਨ ਹੋ ਕੇ (ਉੱਚੀ ਆਤਮਕ ਸੂਝ-ਬੂਝ ਵਾਲੇ ਹੋ ਕੇ) ਵੱਸਦੇ ਹਨ (ਭਾਵ, ਵਿਕਾਰਾਂ ਦੇ ਪਿੱਛੇ ਭਟਕਦੇ ਨਹੀਂ ਫਿਰਦੇ, ਵਰੋਸਾਏ ਮਨੁੱਖ ਦਾ) ਇਹ ਮਨ (ਸਰੀਰ-ਨਗਰੀ ਵਿਚ) ਰਾਜਾ ਬਣ ਜਾਂਦਾ ਹੈ (ਕਾਮਾਦਿਕਾਂ ਨੂੰ ਵੱਸ ਵਿਚ ਰੱਖੀ ਬੈਠਦਾ ਹੈ) ॥੯॥
(ਹੇ ਅਉਧੂ! ਜਿਸ ਮਨੁੱਖ ਦਾ, ਪਰਮਾਤਮਾ ਗੁਰੂ ਦੇ ਸ਼ਬਦ ਦੀ ਰਾਹੀਂ, ਉੱਧਾਰ ਕਰਦਾ ਹੈ ਉਸ ਦਾ ਮਨ ਕਾਮਾਦਿਕਾਂ ਉਤੇ) ਬਲੀ ਹੋ ਕੇ (ਆਤਮਕ ਅਡੋਲਤਾ ਦੇ) ਆਸਣ ਉਤੇ ਬੈਠਦਾ ਹੈ ਆਪਣੇ ਅੰਦਰ ਹੀ ਟਿਕਿਆ ਰਹਿੰਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹੈ, ਨਿਆਂ ਕਰਦਾ ਹੈ (ਭਾਵ, ਸਾਰੇ ਇੰਦ੍ਰਿਆਂ ਨੂੰ ਆਪੋ ਆਪਣੀ ਹੱਦ ਵਿਚ ਰੱਖਦਾ ਹੈ), ਤੇ ਪਰਉਪਕਾਰੀ ਹੋ ਜਾਂਦਾ ਹੈ ॥੧੦॥
(ਹੇ ਅਉਧੂ! ਜਿਸ ਮਨੁੱਖ ਉਤੇ ਪ੍ਰਭੂ ਦੀ ਮੇਹਰ ਹੁੰਦੀ ਹੈ ਉਹ ਧੂਣੀਆਂ ਤਪਾ ਤਪਾ ਕੇ ਨਹੀਂ ਸੜਦਾ, ਉਹ ਤਾਂ ਇਹ ਸੰਸਾਰਕ ਜੀਵਨ) ਜੀਊਂਦਾ ਹੀ (ਹਉਮੈ ਮਮਤਾ ਕਾਮਾਦਿਕਾਂ ਵਲੋਂ) ਮਰ ਜਾਂਦਾ ਹੈ, ਉਹ ਆਪਣੇ ਮਨ ਨੂੰ (ਇਹਨਾਂ ਵਲੋਂ) ਮਾਰ ਦੇਂਦਾ ਹੈ, (ਇਸ ਅਵਸਥਾ ਵਿਚ ਪਹੁੰਚੇ ਹੋਏ ਦਾ) ਵਿਚਾਰੇ ਜਨਮ ਮਰਨ ਕੁਝ ਵਿਗਾੜ ਨਹੀਂ ਸਕਦੇ ॥੧੧॥