ਉਸ ਪਰਮਾਤਮਾ ਦਾ ਨਾਮ (ਮਨ ਵਿਚ) ਠੰਢ ਪਾਣ ਵਾਲਾ ਹੈ, ਉਸ ਦਾ ਨਾਮ ਸਿਮਰਿਆਂ (ਮਨ ਵਿਚੋਂ ਤ੍ਰਿਸ਼ਨਾ ਦੀ) ਤਪਸ਼ ਬੁੱਝ ਜਾਂਦੀ ਹੈ ॥੩॥
ਹੇ ਨਾਨਕ! (ਆਖ-) ਜੋ ਮਨੁੱਖ ਸੰਤ ਜਨਾਂ ਦੇ ਚਰਨਾਂ ਦੀ ਧੂੜ ਵਿਚ ਟਿਕਿਆ ਰਹਿੰਦਾ ਹੈ ਉਸ ਨੂੰ ਆਤਮਕ ਅਡੋਲਤਾ ਦੇ ਬਹੁਤ ਸੁਖ-ਆਨੰਦ ਪ੍ਰਾਪਤ ਹੋਏ ਰਹਿੰਦੇ ਹਨ।
ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਸ ਨੂੰ ਸਾਰੇ ਕੰਮਾਂ-ਕਾਜਾਂ ਵਿਚ ਸਫਲਤਾ ਹੁੰਦੀ ਹੈ ॥੪॥੧੦॥੧੧੨॥
(ਹੇ ਸੰਤ ਜਨੋ!) ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਗੁਰੂ ਦੀ ਸਰਨ ਪੈ ਕੇ ਹੀ ਉਸ ਨਾਲ ਡੂੰਘੀ ਸਾਂਝ ਪਾਈ ਜਾ ਸਕਦੀ ਹੈ,
ਜੇ ਉਹ ਪ੍ਰਭੂ ਦਇਆਵਾਨ ਹੋਵੇ ਤ੍ਰੁੱਠ ਪਏ ਤਾਂ ਉਸ ਦਾ ਪ੍ਰੇਮ (-ਆਨੰਦ) ਮਾਣਿਆ ਜਾ ਸਕਦਾ ਹੈ ॥੧॥
ਹੇ ਸੰਤ ਜਨੋ! ਆਓ, ਅਸੀਂ ਇਕੱਠੇ ਬੈਠੀਏ ਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰੀਏ,
ਲੋਕ-ਲਾਜ ਛੱਡ ਕੇ ਹਰ ਵੇਲੇ ਉਸ ਦਾ ਨਾਮ ਸਿਮਰਦੇ ਰਹੀਏ ॥੧॥ ਰਹਾਉ ॥
(ਹੇ ਸੰਤ ਜਨੋ!) ਮੈਂ ਤਾਂ ਜਿਉਂ ਜਿਉਂ (ਪਰਮਾਤਮਾ ਦਾ) ਨਾਮ ਜਪਦਾ ਹਾਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ਮੇਰੇ ਅੰਦਰ ਬੜਾ ਆਨੰਦ ਪੈਦਾ ਹੁੰਦਾ ਹੈ।
(ਉਸ ਵੇਲੇ ਮੈਨੂੰ ਪ੍ਰਤੱਖ ਅਨੁਭਵ ਹੁੰਦਾ ਹੈ ਕਿ) ਸੰਸਾਰ (ਦਾ ਮੋਹ) ਵਿਅਰਥ ਮੋਹ ਹੈ, ਸੰਸਾਰ ਸਦਾ ਕਾਇਮ ਰਹਿਣ ਵਾਲਾ ਨਹੀਂ, ਸੰਸਾਰ ਤਾਂ ਨਾਸ ਹੋ ਜਾਣ ਵਾਲਾ ਹੈ (ਇਸ ਦੇ ਮੋਹ ਵਿਚੋਂ ਸੁਖ-ਆਨੰਦ ਕਿਵੇਂ ਮਿਲੇ?) ॥੨॥
(ਪਰ, ਹੇ ਸੰਤ ਜਨੋ!) ਕਿਸੇ ਵਿਰਲੇ (ਭਾਗਾਂ ਵਾਲੇ) ਮਨੁੱਖ ਨੇ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਨਾਲ ਪਿਆਰ ਪਾਇਆ ਹੈ।
ਜਿਸ ਨੇ (ਇਹ ਪਿਆਰ ਪਾਇਆ ਹੈ) ਪਰਮਾਤਮਾ ਦਾ ਨਾਮ ਸਿਮਰਿਆ ਹੈ ਉਸ ਦਾ ਮੂੰਹ ਭਾਗਾਂ ਵਾਲਾ ਹੈ ਉਸ ਦਾ ਮੂੰਹ ਸੋਹਣਾ ਲੱਗਦਾ ਹੈ ॥੩॥
(ਹੇ ਸੰਤ ਜਨੋ!) ਪਰਮਾਤਮਾ ਦਾ ਨਾਮ ਸਿਮਰਿਆਂ ਜਨਮ ਮਰਨ (ਦੇ ਗੇੜ) ਦਾ ਦੁੱਖ ਮਿਟ ਜਾਂਦਾ ਹੈ।
(ਹੇ ਸੰਤ ਜਨੋ!) ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ (ਉਹੀ ਚੰਗਾ ਹੈ ਇਹ ਨਿਸ਼ਚਾ ਜੋ ਸਿਮਰਨ ਦੀ ਬਰਕਤਿ ਨਾਲ ਪੈਦਾ ਹੁੰਦਾ ਹੈ) ਨਾਨਕ ਦੇ ਹਿਰਦੇ ਵਿਚ ਆਨੰਦ (ਪੈਦਾ ਕਰੀ ਰੱਖਦਾ ਹੈ) ॥੪॥੧੧॥੧੧੩॥
ਹੇ ਮਿੱਤਰੋ! ਆਓ, ਰਲ ਕੇ (ਹਰਿ-ਨਾਮ ਜਪੀਏ। ਇਹੀ ਹਨ ਮਾਨੋ) ਸਾਰੇ ਸੁਆਦਲੇ ਪਦਾਰਥ, ਆਓ, ਇਹ ਸਾਰੇ ਸੁਆਦਲੇ ਪਦਾਰਥ ਖਾਈਏ।
ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪੀਏ (ਤੇ ਨਾਮ ਦੀ ਬਰਕਤਿ ਨਾਲ ਆਪਣੇ ਸਾਰੇ) ਪਾਪ ਨਾਸ ਕਰ ਲਈਏ ॥੧॥
ਹੇ ਸੰਤ ਜਨੋ! ਇਹ ਸੋਚਿਆ ਕਰੋ ਕਿ ਮਨੁੱਖਾ ਜੀਵਨ ਦਾ ਅਸਲ ਮਨੋਰਥ ਕੀਹ ਹੈ, ਇਸ ਉੱਦਮ ਨਾਲ (ਜੀਵਨ-ਸਫ਼ਰ ਵਿਚ) ਕੋਈ ਰੁਕਾਵਟ ਨਹੀਂ ਪੈਂਦੀ,
ਕਾਮਾਦਿਕ ਸਾਰੇ ਚੋਰ ਨਾਸ ਹੋ ਜਾਂਦੇ ਹਨ (ਕਿਉਂਕਿ) ਗੁਰੂ ਦੀ ਸਰਨ ਪਿਆਂ ਮਨੁੱਖ (ਇਹਨਾਂ ਚੋਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ ॥੧॥ ਰਹਾਉ ॥
ਹੇ ਸੰਤ ਜਨੋ! ਨਿਮ੍ਰਤਾ ਵਾਲੀ ਬੁੱਧੀ ਧਾਰਨ ਕਰੋ-ਇਹ ਜੀਵਨ-ਸਫ਼ਰ ਦਾ ਖ਼ਰਚ ਪੱਲੇ ਬੰਨ੍ਹੋ। (ਨਾਮ ਦੀ ਬਰਕਤਿ ਨਾਲ ਆਪਣੇ ਅੰਦਰੋਂ) ਹਉਮੈ ਨੂੰ ਸਾੜ ਦਿਉ (ਜੋ ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੀ) ਜ਼ਹਰ (ਹੈ)।
(ਹੇ ਸੰਤ ਜਨੋ! ਹਰਿ-ਨਾਮ ਗੁਰੂ ਪਾਸੋਂ ਮਿਲਦਾ ਹੈ, ਗੁਰੂ ਦਾ ਘਰ ਹੀ) ਸਦਾ ਕਾਇਮ ਰਹਿਣ ਵਾਲਾ ਹੱਟ ਹੈ (ਗੁਰੂ-ਦਰ ਤੋਂ ਹੀ ਹਰਿ-ਨਾਮ ਦਾ) ਪੂਰਾ ਸੌਦਾ ਮਿਲਦਾ ਹੈ (ਗੁਰੂ-ਦਰ ਤੋਂ) ਨਾਮ-ਸੌਦਾ ਖ਼ਰੀਦੋ ॥੨॥
(ਹੇ ਸੰਤ ਜਨੋ! ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਧਨ ਖ਼ਰੀਦਣ ਵਾਸਤੇ) ਆਪਣੀ ਜਿੰਦ ਆਪਣਾ ਸਰੀਰ ਆਪਣਾ ਦੁਨਿਆਵੀ ਧਨ ਭੇਟਾ ਕਰ ਦਿੱਤਾ, ਉਹ ਮਨੁੱਖ (ਲੋਕ ਪਰਲੋਕ ਵਿਚ) ਇੱਜ਼ਤ ਵਾਲੇ ਬਣ ਗਏ।
ਉਹ ਆਪਣੇ ਪਰਮਾਤਮਾ ਨੂੰ ਪਿਆਰੇ ਲੱਗਣ ਲੱਗ ਪਏ, ਉਹ ਸਦਾ ਆਤਮਕ ਆਨੰਦ ਮਾਣਨ ਲੱਗ ਪਏ ॥੩॥
(ਹੇ ਸੰਤ ਜਨੋ!) ਖੋਟੀ ਮਤਿ (ਮਾਨੋ) ਸ਼ਰਾਬ ਹੈ ਜੋ ਮਨੁੱਖ ਇਹ ਸ਼ਰਾਬ ਪੀਣ ਲੱਗ ਪੈਂਦੇ ਹਨ (ਜੋ ਗੁਰੂ ਦਾ ਆਸਰਾ ਛੱਡ ਕੇ ਖੋਟੀ ਮਤਿ ਦੇ ਪਿੱਛੇ ਤੁਰਨ ਲੱਗ ਪੈਂਦੇ ਹਨ) ਉਹ ਦੁਰਾਚਾਰੀ ਹੋ ਜਾਂਦੇ ਹਨ ਉਹ (ਵਿਕਾਰਾਂ ਵਿਚ) ਝੱਲੇ ਹੋ ਜਾਂਦੇ ਹਨ।
ਪਰ, ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਦੇ ਸ੍ਰੇਸ਼ਟ ਰਸ ਵਿਚ ਮਸਤ ਰਹਿੰਦੇ ਹਨ ਉਹਨਾਂ ਨੂੰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਅਮਲ ਲੱਗ ਜਾਂਦਾ ਹੈ ॥੪॥੧੨॥੧੧੪॥
(ਹੇ ਭਾਈ!) ਜਿਵੇਂ ਗੁਰੂ ਨੇ ਉੱਦਮ ਕਰਨ ਲਈ ਪ੍ਰੇਰਨਾ ਕੀਤੀ ਹੈ ਤਿਵੇਂ ਹੀ ਮੈਂ ਉੱਦਮ ਕੀਤਾ ਹੈ ਤੇ ਪਰਮਾਤਮਾ ਦਾ ਨਾਮ ਜਪਣ ਦੇ ਉੱਦਮ ਦਾ ਮੁੱਢ ਮੈਂ ਬੰਨ੍ਹ ਦਿੱਤਾ ਹੈ।
ਗੁਰੂ ਨੇ ਮੇਰੇ ਹਿਰਦੇ ਵਿਚ ਨਾਮ-ਮੰਤ੍ਰ ਪੱਕਾ ਕਰ ਕੇ ਟਿਕਾ ਦਿੱਤਾ ਹੈ, ਹੁਣ ਨਾਮ ਜਪ ਜਪ ਕੇ ਮੈਨੂੰ ਆਤਮਕ ਜੀਵਨ ਮਿਲ ਗਿਆ ਹੈ ॥੧॥
(ਹੇ ਭਾਈ! ਆਓ) ਉਸ ਗੁਰੂ ਦੇ ਚਰਨਾਂ ਉਤੇ ਢਹਿ ਪਈਏ ਜਿਸ ਨੇ ਸਾਡੇ ਮਨ ਦੀ ਭਟਕਣਾ ਨਾਸ ਕਰ ਦਿੱਤੀ ਹੈ।
(ਗੁਰੂ ਦੀ ਬਰਕਤਿ ਨਾਲ ਹੀ) ਪਰਮਾਤਮਾ ਨੇ ਆਪਣੀ ਕਿਰਪਾ ਕਰ ਕੇ (ਆਪਣਾ) ਸਦਾ-ਥਿਰ ਨਾਮ (ਜਪਣ ਦਾ ਰਸਤਾ) ਚਲਾ ਕੇ ਸਾਡਾ ਜੀਵਨ ਸੋਹਣਾ ਬਣਾ ਦਿੱਤਾ ਹੈ ॥੧॥ ਰਹਾਉ ॥
(ਹੇ ਭਾਈ!) ਉਹ ਰਜ਼ਾ ਦਾ ਮਾਲਕ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਉਸ ਨੇ ਆਪਣੇ ਹੁਕਮ ਵਿਚ ਹੀ ਮੇਰਾ ਹੱਥ ਫੜ ਕੇ ਮੈਨੂੰ ਆਪਣੇ ਚਰਨਾਂ ਵਿਚ ਲੀਨ ਕਰ ਲਿਆ ਹੈ।
(ਆਪਣੇ ਨਾਮ ਦੀ) ਜੇਹੜੀ ਦਾਤਿ ਮੈਨੂੰ ਦਿੱਤੀ ਹੈ ਉਹੀ ਮੇਰੇ ਵਾਸਤੇ ਸਭ ਤੋਂ ਵੱਡਾ ਆਦਰ-ਮਾਣ ਹੈ ॥੨॥
(ਹੇ ਭਾਈ! ਹੁਣ ਮੇਰੇ ਹਿਰਦੇ ਵਿਚ) ਸਦਾ ਹੀ ਪਰਮਾਤਮਾ ਦੇ ਗੁਣ ਗਾਏ ਜਾ ਰਹੇ ਹਨ, ਮੈਂ ਸਦਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹਾਂ।
ਪ੍ਰਭੂ ਨੇ ਮੇਹਰ ਕੀਤੀ ਹੈ। ਗੁਰੂ ਮੇਰਾ (ਨਾਮ ਜਪਣ ਦਾ) ਨੇਮ ਤੋੜ ਚਾੜ੍ਹ ਰਿਹਾ ਹੈ ॥੩॥
(ਹੇ ਭਾਈ! ਹੁਣ) ਪਰਮਾਤਮਾ ਦਾ ਨਾਮ ਹੀ (ਮੇਰਾ) ਧਨ ਹੈ, ਮੈਂ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ ਪੂਰੇ ਗੁਰੂ ਨੇ ਮੈਨੂੰ (ਮਨੁੱਖਾ ਜਨਮ ਵਿਚ ਕੀਤੇ ਜਾਣ ਵਾਲੇ ਵਣਜ ਦਾ ਇਹ) ਲਾਭ ਦਿੱਤਾ ਹੈ।
ਹੇ ਨਾਨਕ! (ਆਖ-ਹੇ ਭਾਈ! ਨਾਮ-ਰਾਸਿ ਦਾ) ਸਾਹੂਕਾਰ ਪਰਮਾਤਮਾ ਬੇਅੰਤ ਤਾਕਤ ਦਾ ਮਾਲਕ ਹੈ ਉਸ ਦੇ ਸੰਤ-ਜਨ (ਉਸ ਦੀ ਮੇਹਰ ਨਾਲ ਹੀ ਉਸ ਦੇ ਨਾਮ ਦੇ) ਵਣਜਾਰੇ ਹਨ (ਮਨੁੱਖਾ ਜਨਮ ਦਾ ਲਾਭ ਹਾਸਲ ਕਰਨ ਲਈ ਸੰਤ ਜਨਾਂ ਦੀ ਸਰਨ ਪੈਣਾ ਚਾਹੀਦਾ ਹੈ) ॥੪॥੧੩॥੧੧੫॥
ਹੇ ਪ੍ਰਭੂ! ਤੂੰ ਆਪ ਹੀ ਜਿਸ ਮਨੁੱਖ ਦੇ ਸਿਰ ਉੱਤੇ ਮਾਲਕ ਹੈਂ ਉਸ ਦੇ ਵੱਡੇ ਭਾਗ (ਸਮਝਣੇ ਚਾਹੀਦੇ) ਹਨ,
ਉਹ ਸਦਾ ਸੌਖਾ (ਜੀਵਨ ਬਿਤੀਤ ਕਰਦਾ) ਹੈ ਉਹ ਸਦਾ ਸੁਖੀ (ਰਹਿੰਦਾ) ਹੈ ਉਸ ਦਾ ਹਰੇਕ ਕਿਸਮ ਦਾ ਡਰ ਤੇ ਭਰਮ ਦੂਰ ਹੋ ਜਾਂਦਾ ਹੈ ॥੧॥
(ਹੇ ਭਾਈ!) ਮੈਂ ਉਸ ਗੋਬਿੰਦ ਦਾ ਸੇਵਕ ਹਾਂ ਮੇਰਾ ਉਹ ਮਾਲਕ ਹੈ ਜੋ ਸਭ ਤੋਂ ਵੱਡਾ ਹੈ,
ਜੋ (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਸਾਰੇ ਤਰੀਕਿਆਂ ਨਾਲ (ਸਭ ਕੁਝ) ਕਰਨ ਵਾਲਾ ਹੈ ਤੇ (ਜੀਵਾਂ ਪਾਸੋਂ) ਕਰਾਣ ਵਾਲਾ ਹੈ, ਉਹੀ ਮੇਰਾ ਗੁਰੂ ਹੈ (ਮੈਨੂੰ ਜੀਵਨ-ਰਾਹ ਦਾ ਚਾਨਣ ਦੇਣ ਵਾਲਾ ਹੈ) ॥੧॥ ਰਹਾਉ ॥
(ਹੇ ਭਾਈ! ਜਗਤ ਵਿਚ) ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਜਿਸ ਦਾ ਡਰ ਮੰਨਿਆ ਜਾਏ।