ਪਰਮਾਤਮਾ ਦੇ ਨਾਮ ਦੇ ਬਰਾਬਰ ਦਾ ਹੋਰ ਕੋਈ ਪਦਾਰਥ ਹੈ ਹੀ ਨਹੀਂ। ਹੇ ਪ੍ਰਭੂ! (ਆਪਣੇ) ਦਾਸ ਨਾਨਕ ਉਤੇ ਮਿਹਰ ਕਰ (ਅਤੇ ਆਪਣਾ ਨਾਮ ਬਖ਼ਸ਼) ॥੮॥੧॥
ਹੇ ਹਰੀ! ਗੁਰੂ (ਹੀ ਅਸਲ) ਪਾਰਸ ਹੈ, (ਮੇਰੀ ਗੁਰੂ ਨਾਲ) ਛੁਹ ਕਰ ਦੇਹ (ਮੈਨੂੰ ਗੁਰੂ ਮਿਲਾ ਦੇਹ)।
ਅਸੀਂ ਜੀਵ ਗੁਣ-ਹੀਨ ਹਾਂ, ਸੜਿਆ ਹੋਇਆ ਲੋਹਾ ਹਾਂ, ਬੜੇ ਰੁੱਖੇ ਜੀਵਨ ਵਾਲੇ ਹਾਂ। (ਇਹ ਮਿਹਰ) ਕਰ ਕਿ ਗੁਰੂ ਨੂੰ ਮਿਲ ਕੇ ਪਾਰਸ (ਹੋ ਜਾਈਏ) ॥੧॥ ਰਹਾਉ ॥
ਸਾਰੇ ਲੋਕ ਸੁਰਗ ਮੁਕਤੀ ਬੈਕੁੰਠ (ਹੀ) ਮੰਗਦੇ ਰਹਿੰਦੇ ਹਨ, ਸਦਾ (ਸੁਰਗ ਮੁਕਤੀ ਬੈਕੁੰਠ ਦੀ ਹੀ) ਆਸ ਕੀਤੀ ਜਾ ਰਹੀ ਹੈ।
ਪਰ ਪਰਮਾਤਮਾ ਦੇ ਦਰਸ਼ਨ ਦੇ ਪ੍ਰੇਮੀ ਭਗਤ ਮੁਕਤੀ ਨਹੀਂ ਮੰਗਦੇ। (ਪਰਮਾਤਮਾ ਨੂੰ) ਮਿਲ ਕੇ (ਪਰਮਾਤਮਾ ਦੇ) ਦਰਸਨ ਦੇ ਰਜੇਵੇਂ ਨਾਲ (ਉਹਨਾਂ ਦਾ) ਮਨ ਸ਼ਾਂਤ ਰਹਿੰਦਾ ਹੈ ॥੧॥
(ਸੰਸਾਰ ਵਿਚ) ਮਾਇਆ ਦਾ ਮੋਹ ਬਹੁਤ ਬਲਵਾਨ ਹੈ, (ਮਾਇਆ ਦਾ) ਮੋਹ (ਜੀਵਾਂ ਦੇ ਮਨ ਵਿਚ ਵਿਕਾਰਾਂ ਦੀ) ਕਾਲਖ ਦੇ ਦਾਗ਼ ਲਾ ਦੇਂਦਾ ਹੈ।
ਪਰ ਪਰਮਾਤਮਾ ਦੇ ਭਗਤ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦੇ ਹਨ, ਵਿਕਾਰਾਂ ਤੋਂ ਬਚੇ ਰਹਿੰਦੇ ਹਨ, ਜਿਵੇਂ ਮੁਰਗਾਈ ਦਾ ਖੰਭ (ਪਾਣੀ ਵਿਚ) ਭਿੱਜਦਾ ਨਹੀਂ ॥੨॥
ਚੰਦਨ ਦੀ ਖ਼ੁਸ਼ਬੂ ਸੱਪਾਂ ਨਾਲ ਘਿਰੀ ਰਹਿੰਦੀ ਹੈ। (ਚੰਦਨ ਨੂੰ) ਕਿਵੇਂ ਮਿਲਿਆ ਜਾ ਸਕਦਾ ਹੈ? ਚੰਦਨ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ? (ਮਨੁੱਖ ਦੀ ਜਿੰਦ ਵਿਕਾਰਾਂ ਨਾਲ ਘਿਰੀ ਰਹਿੰਦੀ ਹੈ, ਪ੍ਰਭੂ-ਮਿਲਾਪ ਦੀ ਸੁਗੰਧੀ ਮਨੁੱਖ ਨੂੰ ਪ੍ਰਾਪਤ ਨਹੀਂ ਹੁੰਦੀ)।
ਗੁਰੂ ਦਾ ਬਖ਼ਸ਼ਿਆ ਹੋਇਆ (ਆਤਮਕ ਜੀਵਨ ਦੀ ਸੂਝ ਦਾ) ਗਿਆਨ ਤੇਜ਼ ਖੰਡਾ (ਹੈ, ਇਹ ਖੰਡਾ) ਕੱਢ ਕੇ (ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲਾ ਮਾਇਆ ਦੇ ਮੋਹ ਦਾ) ਜ਼ਹਰ (ਜੜ੍ਹਾਂ ਤੋਂ) ਵੱਢ ਵੱਢ ਕੇ ਨਾਮ-ਰਸ ਪੀਤਾ ਜਾ ਸਕਦਾ ਹੈ ॥੩॥
(ਲੱਕੜਾਂ) ਲਿਆ ਲਿਆ ਕੇ ਲੱਕੜਾਂ ਦਾ ਬੜਾ ਢੇਰ ਇਕੱਠਾ ਕੀਤਾ ਜਾਏ (ਉਸ ਨੂੰ) ਅੱਗ (ਦੀ ਇਕ ਚੰਗਿਆੜੀ) ਪਲ ਵਿਚ ਸੁਆਹ ਕਰ ਸਕਦੀ ਹੈ।
ਪਰਮਾਤਮਾ ਨਾਲੋਂ ਟੁੱਟ ਹੋਏ ਮਨੁੱਖ ਬੜੇ ਬੜੇ ਬੱਜਰ ਪਾਪ ਕਰਦੇ ਹਨ, (ਉਹਨਾਂ ਪਾਪਾਂ ਨੂੰ ਸਾੜਨ ਵਾਸਤੇ) ਗੁਰੂ ਨੂੰ ਮਿਲ ਕੇ (ਹਰਿ-ਨਾਮ-ਅੱਗ ਦੀ) ਚੁਆਤੀ ਦਿੱਤੀ ਜਾ ਸਕਦੀ ਹੈ ॥੪॥
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਿਆ ਰਹਿੰਦਾ ਹੈ, ਉਹ ਹਨ ਸਾਧ ਜਨ ਉਹ ਹਨ ਭਲੇ ਮਨੁੱਖ।
(ਪਰਮਾਤਮਾ ਦੇ ਨਾਮ ਦੀ) ਛੁਹ ਨਾਲ (ਉਹ ਮਨੁੱਖ) ਸਾਧੂ-ਜਨ ਬਣੇ ਹਨ, (ਉਹਨਾਂ ਨੂੰ) ਮਾਨੋ, (ਹਰ ਥਾਂ) ਹਰੀ ਭਗਵਾਨ ਦਿੱਸ ਪਿਆ ਹੈ ॥੫॥
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੀ ਜੀਵਨ ਡੋਰ (ਵਿਕਾਰਾਂ ਦੀਆਂ) ਅਨੇਕਾਂ ਗੁੰਝਲਾਂ ਨਾਲ ਭਰੀ ਰਹਿੰਦੀ ਹੈ।
(ਵਿਕਾਰਾਂ ਦੀਆਂ ਗੁੰਝਲਾਂ ਨਾਲ ਭਰੇ ਹੋਏ ਜੀਵਨ-ਸੂਤਰ ਨਾਲ ਪਵਿੱਤਰ ਜੀਵਨ ਦਾ) ਤਾਣਾ ਤਣਿਆ ਹੀ ਨਹੀਂ ਜਾ ਸਕਦਾ, (ਕਿਉਂਕਿ ਉਹਨਾਂ ਗੁੰਝਲਾਂ ਵਿਚੋਂ ਇੱਕ ਭੀ ਸਿੱਧੀ) ਤੰਦ ਨਹੀਂ ਨਿਕਲਦੀ, ਇੱਕ ਭੀ ਧਾਗਾ ਨਹੀਂ ਨਿਕਲਦਾ। (ਇਸ ਵਾਸਤੇ ਹੇ ਭਾਈ!) ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦਾ ਸਾਥ ਨਹੀਂ ਕਰਨਾ ਚਾਹੀਦਾ ॥੬॥
ਗੁਰੂ ਦੀ ਸਾਧ ਸੰਗਤ ਭਲੀ (ਸੁਹਬਤ) ਹੈ, ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ।
(ਮਨੁੱਖ ਦੇ) ਅੰਦਰ (ਗੁਪਤ ਟਿਕਿਆ ਹੋਇਆ ਹਰਿ-ਨਾਮ, ਮਾਨੋ) ਰਤਨ ਜਵਾਹਰਾਤ ਮੋਤੀ ਹਨ (ਇਹ ਹਰਿ-ਨਾਮ ਸਾਧ ਸੰਗਤ ਵਿਚ ਟਿਕ ਕੇ) ਗੁਰੂ ਦੀ ਕਿਰਪਾ ਨਾਲ ਲਿਆ ਜਾ ਸਕਦਾ ਹੈ ॥੭॥
ਮੇਰਾ ਮਾਲਕ-ਸੁਆਮੀ ਬਹੁਤ ਵੱਡਾ ਹੈ, ਅਸੀਂ ਜੀਵ (ਆਪਣੇ ਹੀ ਉੱਦਮ ਨਾਲ ਉਸ ਨੂੰ) ਕਿਵੇਂ ਮਿਲ ਸਕਦੇ ਹਾਂ? (ਇਸ ਤਰ੍ਹਾਂ ਉਹ) ਨਹੀਂ ਮਿਲ ਸਕਦਾ।
ਹੇ ਨਾਨਕ! ਪੂਰਾ ਗੁਰੂ (ਹੀ ਆਪਣੇ ਸ਼ਬਦ ਵਿਚ) ਜੋੜ ਕੇ (ਪਰਮਾਤਮਾ ਨਾਲ) ਮਿਲਾਂਦਾ ਹੈ। (ਸੋ, ਗੁਰੂ ਪਰਮੇਸਰ ਦੇ ਦਰ ਤੇ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਕਿ ਹੇ ਪ੍ਰਭੂ! ਆਪਣੇ) ਸੇਵਕ ਨੂੰ ਪੂਰਨਤਾ ਦਾ ਦਰਜਾ ਬਖ਼ਸ਼ ॥੮॥੨॥
ਸਰਬ-ਵਿਆਪਕ ਰਾਮ (ਦਾ ਨਾਮ) ਸਦਾ ਸਿਮਰਨਾ ਚਾਹੀਦਾ ਹੈ।
(ਸਿਮਰਨ ਦੀ ਬਰਕਤਿ ਨਾਲ ਹੀ ਮਨੁੱਖ) ਉੱਚੇ ਜੀਵਨ ਵਾਲੇ ਗੁਰਮੁਖ ਸਾਧ ਬਣ ਜਾਂਦੇ ਹਨ। ਸਾਧੂ ਜਨਾਂ ਨੂੰ ਮਿਲ ਕੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਨਾ ਚਾਹੀਦਾ ਹੈ ॥੧॥ ਰਹਾਉ ॥
ਹੇ ਹਰੀ! ਇਹ ਜਿਤਨਾ ਭੀ ਸਾਰਾ ਜਗਤ ਹੈ (ਇਸ ਦੇ ਸਾਰੇ) ਜੀਵਾਂ ਦਾ ਮਨ (ਮਾਇਆ ਦੇ ਅਸਰ ਹੇਠ) ਹਰ ਵੇਲੇ ਡਾਵਾਂ-ਡੋਲ ਹੁੰਦਾ ਰਹਿੰਦਾ ਹੈ।
ਹੇ ਪ੍ਰਭੂ! ਮਿਹਰ ਕਰ, ਮਿਹਰ ਕਰ, (ਜੀਵਾਂ ਨੂੰ) ਗੁਰੂ ਮਿਲਾ (ਗੁਰੂ ਜਗਤ ਲਈ ਥੰਮ੍ਹ ਹੈ), ਜਗਤ ਨੂੰ ਸਹਾਰਾ ਦੇਣ ਲਈ (ਇਹ) ਥੰਮ੍ਹ ਦੇਹ ॥੧॥
ਧਰਤੀ ਸਦਾ (ਜੀਵਾਂ ਦੇ) ਪੈਰਾਂ ਹੇਠ ਹੀ ਰਹਿੰਦੀ ਹੈ, (ਆਖ਼ਰ) ਸਭਨਾਂ ਦੇ ਉੱਤੇ ਆ ਜਾਂਦੀ ਹੈ। ਗੁਰੂ ਨੂੰ ਮਿਲ ਕੇ (ਸਭਨਾਂ ਦੇ) ਪੈਰਾਂ ਹੇਠ ਟਿਕੇ ਰਹਿਣਾ ਚਾਹੀਦਾ ਹੈ।
(ਜੇ ਇਸ ਜੀਵਨ-ਰਾਹ ਤੇ ਤੁਰੋਗੇ ਤਾਂ) ਬੜੇ ਹੀ ਉੱਚੇ ਜੀਵਨ ਵਾਲੇ ਬਣ ਜਾਵੋਗੇ (ਨਿਮ੍ਰਤਾ ਦੀ ਬਰਕਤਿ ਨਾਲ) ਸਾਰੀ ਧਰਤੀ (ਆਪਣੇ) ਪੈਰਾਂ ਹੇਠ ਦਿੱਤੀ ਜਾ ਸਕਦੀ ਹੈ ॥੨॥
ਗੁਰੂ ਦੀ ਸਰਨ ਪਿਆਂ ਪਰਮਾਤਮਾ ਦੀ ਭਲੀ ਸੋਹਣੀ ਜੋਤਿ (ਮਨੁੱਖ ਦੇ ਅੰਦਰ ਜਗ ਪੈਂਦੀ ਹੈ, ਤਦੋਂ) ਮਾਇਆ (ਭੀ ਉਸ ਵਾਸਤੇ) ਲਿਆ ਕੇ ਪਾਣੀ ਭਰਦੀ ਹੈ (ਮਾਇਆ ਉਸ ਦੀ ਟਹਲਣ ਬਣਦੀ ਹੈ)।
ਗੁਰੂ ਦੇ ਬਚਨਾਂ ਦੀ ਰਾਹੀਂ ਉਸ ਦੇ ਹਿਰਦੇ ਵਿਚ (ਅਜਿਹੀ) ਕੋਮਲਤਾ ਪੈਦਾ ਹੁੰਦੀ ਹੈ ਕਿ ਬਲੀ ਵਿਕਾਰਾਂ ਨੂੰ ਵੱਸ ਵਿਚ ਕਰ ਕੇ ਪਰਮਾਤਮਾ ਦਾ ਨਾਮ-ਰਸ ਪੀਤਾ ਜਾ ਸਕਦਾ ਹੈ ॥੩॥
ਸਾਧ ਗੁਰੂ ਪੁਰਖ ਨੂੰ ਮਿਲਣਾ ਚਾਹੀਦਾ ਹੈ, ਗੁਰੂ ਪਰਮਾਤਮਾ ਦਾ ਨਾਮ-ਦਾਨ ਦੇਣ ਦੀ ਮਿਹਰ ਕਰਦਾ ਹੈ।
ਗੁਰੂ ਪਰਮਾਤਮਾ ਦਾ ਨਾਮ ਪਰਮਾਤਮਾ ਦੇ ਗੁਣ (ਸਾਰੇ ਜਗਤ ਵਿਚ) ਖਿਲਾਰਦਾ ਹੈ, (ਗੁਰੂ ਦੀ ਰਾਹੀਂ) ਪਰਮਾਤਮਾ ਦੀ ਸਿਫ਼ਤ-ਸਾਲਾਹ ਸਾਰੇ ਭਵਨਾਂ ਵਿਚ ਵੰਡੀ ਜਾਂਦੀ ਹੈ ॥੪॥
ਸੰਤ ਜਨਾਂ ਦੇ ਮਨ ਵਿਚ (ਸਦਾ) ਪ੍ਰੀਤਮ ਪ੍ਰਭੂ ਜੀ ਵੱਸਦੇ ਹਨ, (ਪ੍ਰਭੂ ਦਾ) ਦਰਸਨ ਕਰਨ ਤੋਂ ਬਿਨਾ (ਉਹਨਾਂ ਪਾਸੋਂ) ਰਿਹਾ ਨਹੀਂ ਜਾ ਸਕਦਾ;
ਜਿਵੇਂ ਪਾਣੀ ਦੀ ਮੱਛੀ ਦਾ ਹਰ ਵੇਲੇ ਪਾਣੀ ਨਾਲ ਹੀ ਪਿਆਰ ਹੈ, ਪਾਣੀ ਤੋਂ ਬਿਨਾ ਇਕ ਖਿਨ ਵਿਚ ਹੀ ਉਹ ਤੜਪ ਕੇ ਮਰ ਜਾਂਦੀ ਹੈ ॥੫॥