(ਮਿਹਰ ਕਰ) ਮੈਨੂੰ ਉੱਚੀ ਆਤਮਕ ਅਵਸਥਾ ਦੇਹ ॥੧॥ ਰਹਾਉ ॥
ਹੇ ਪ੍ਰਭੂ! ਮੈਂ ਕੋਈ ਜਪ ਨਹੀਂ ਕੀਤੇ, ਮੈਂ ਕੋਈ ਤਪ ਨਹੀਂ ਕੀਤੇ, ਮੈਂ (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ ਕੋਈ ਧਾਰਮਿਕ) ਕਰਮ ਨਹੀਂ ਕੀਤੇ;
ਕੋਈ ਧਾਰਮਿਕ ਰੀਤ-ਰਸਮ ਕਰਨੀ ਭੀ ਮੈਨੂੰ ਨਹੀਂ ਆਉਂਦੀ।
ਪਰ, ਹੇ ਪ੍ਰਭੂ! ਮੈਂ ਆਪਣੇ ਮਨ ਵਿਚ ਸਿਰਫ਼ ਇਹ ਆਸ ਰੱਖੀ ਬੈਠਾ ਹਾਂ,
ਕਿ ਤੇਰੇ ਨਾਮ ਦੇ ਆਸਰੇ ਮੈਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਵਾਂਗਾ ॥੨॥
ਹੇ ਪ੍ਰਭੂ! ਤੂੰ ਸਾਰੀਆਂ ਹੀ ਤਾਕਤਾਂ ਵਿਚ ਪੂਰਨ ਹੈਂ।
(ਅਸੀਂ ਜੀਵ ਤੇਰਾ ਅੰਤ ਨਹੀਂ ਪਾ ਸਕਦੇ, ਜਿਵੇਂ ਸਮੁੰਦਰ ਦੇ) ਪਾਣੀ ਦੀਆਂ ਮੱਛੀਆਂ (ਸਮੁੰਦਰ ਦਾ) ਅੰਤ ਨਹੀਂ ਪਾ ਸਕਦੀਆਂ।
ਹੇ ਪ੍ਰਭੂ! ਤੂੰ ਅਪਹੁੰਚ ਹੈਂ, ਤੂੰ ਅਪਹੁੰਚ ਹੈਂ, ਤੂੰ ਉੱਚਿਆਂ ਤੋਂ ਉੱਚਾ ਹੈਂ।
ਅਸੀਂ ਜੀਵ ਥੋੜ-ਵਿਤੇ ਹਾਂ, ਤੂੰ ਵੱਡੇ ਜਿਗਰੇ ਵਾਲਾ ਹੈਂ ॥੩॥
ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੇ ਤੇਰਾ ਨਾਮ ਸਿਮਰਿਆ ਹੈ, ਉਹ (ਅਸਲ) ਧਨਾਢ ਹਨ।
ਜਿਨ੍ਹਾਂ ਨੇ ਤੈਨੂੰ ਲੱਭ ਲਿਆ ਉਹ ਅਸਲ ਦੌਲਤਮੰਦ ਹਨ।
ਜਿਸ ਜਿਸ ਮਨੁੱਖ ਨੇ ਤੇਰੀ ਭਗਤੀ ਕੀਤੀ, ਉਹ ਸਭ ਸੁਖੀ ਹਨ,
ਹੇ ਨਾਨਕ! ਉਹ ਤੇਰੇ ਸੰਤ ਜਨਾਂ ਦੀ ਸਰਨ ਪਏ ਰਹਿੰਦੇ ਹਨ ॥੪॥੭॥
ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਉਸ ਦੀ ਸੇਵਾ-ਭਗਤੀ ਕਰਿਆ ਕਰ।
ਜਿਸ ਨੇ ਤੈਨੂੰ ਜਿੰਦ ਦਿੱਤੀ ਹੈ ਉਸ ਦਾ ਨਾਮ ਸਿਮਰਿਆ ਕਰ।
ਜੇ ਤੂੰ ਉਸ (ਪਰਮਾਤਮਾ) ਦਾ ਦਾਸ ਬਣਿਆ ਰਹੇਂ, ਤਾਂ ਤੈਨੂੰ (ਜਮ ਆਦਿਕ ਕਿਸੇ ਵਲੋਂ ਭੀ) ਡੰਨ ਨਹੀਂ ਲੱਗ ਸਕਦਾ।
(ਬੇਅੰਤ ਭੰਡਾਰਿਆਂ ਦੇ ਮਾਲਕ) ਉਸ ਪਰਮਾਤਮਾ ਦਾ ਸਿਰਫ਼ ਭੰਡਾਰੀ ਬਣਿਆ ਰਹੁ (ਫਿਰ ਉਸ ਦੇ ਦਿੱਤੇ ਕਿਸੇ ਪਦਾਰਥ ਦੇ ਖੁੱਸ ਜਾਣ ਤੇ) ਤੈਨੂੰ ਕੋਈ ਦੁੱਖ ਨਹੀਂ ਵਿਆਪੇਗਾ ॥੧॥
ਜਿਸ ਮਨੁੱਖ ਦੇ ਬੜੇ ਵੱਡੇ ਭਾਗ ਹੋਣ,
ਉਸ ਮਨੁੱਖ ਨੂੰ ਉਹ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ ॥੧॥ ਰਹਾਉ ॥
(ਪਰਮਾਤਮਾ ਨੂੰ ਛੱਡ ਕੇ) ਕਿਸੇ ਹੋਰ ਦੀ ਖ਼ਿਦਮਤ ਵਿਚ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ,
ਤੇ, ਲੋੜ ਭੀ ਕੋਈ ਪੂਰੀ ਨਹੀਂ ਹੁੰਦੀ।
ਮਨੁੱਖ ਦੀ ਖ਼ਿਦਮਤ ਬਹੁਤ ਦੁਖਦਾਈ ਹੋਇਆ ਕਰਦੀ ਹੈ।
ਗੁਰੂ ਦੀ ਸੇਵਾ ਸਦਾ ਹੀ ਸੁਖ ਦੇਣ ਵਾਲੀ ਹੁੰਦੀ ਹੈ ॥੨॥
ਹੇ ਭਾਈ! ਜੇ ਤੂੰ ਚਾਹੁੰਦਾ ਹੈਂ ਕਿ ਸਦਾ ਆਤਮਕ ਆਨੰਦ ਮਿਲਿਆ ਰਹੇ,
ਤਾਂ, ਗੁਰੂ ਨੇ ਦੱਸਿਆ ਹੈ ਕਿ ਸਾਧ ਸੰਗਤ ਕਰਿਆ ਕਰ।
ਸਾਧ ਸੰਗਤ ਵਿਚ ਸਿਰਫ਼ ਪਰਮਾਤਮਾ ਦਾ ਨਾਮ ਜਪੀਦਾ ਹੈ,
ਸਾਧ ਸੰਗਤ ਵਿਚ ਟਿਕ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਜਾਈਦਾ ਹੈ ॥੩॥
ਪਰਮਾਤਮਾ ਨਾਲ ਜਾਣ-ਪਛਾਣ ਬਣਾਣੀ ਸਭ ਵਿਚਾਰਾਂ ਨਾਲੋਂ ਸ੍ਰੇਸ਼ਟ ਵਿਚਾਰ ਹੈ।
ਪਰਮਾਤਮਾ ਵਿਚ ਸੁਰਤ ਟਿਕਾਈ ਰੱਖਣੀ ਹੋਰ ਸਾਰੀਆਂ ਸਮਾਧੀਆਂ ਨਾਲੋਂ ਵਧੀਆ ਸਮਾਧੀ ਹੈ।
ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਸੁਰਤ ਜੋੜਨੀ ਸਭ ਤੋਂ ਸ੍ਰੇਸ਼ਟ ਕੰਮ ਹੈ।
ਹੇ ਨਾਨਕ! ਗੁਰੂ ਨੂੰ ਮਿਲ ਕੇ ਗੁਣ ਗਾਂਦਾ ਰਿਹਾ ਕਰ ॥੪॥੮॥
(ਉਹ ਹਰਿ-ਨਾਮ ਉਚਾਰਿਆ ਕਰ) ਜਿਸ ਨੂੰ ਉਚਾਰਦਿਆਂ ਮੂੰਹ ਪਵਿੱਤਰ ਹੋ ਜਾਂਦਾ ਹੈ,
ਜਿਸ ਨੂੰ ਸਿਮਰਦਿਆਂ (ਲੋਕ ਪਰਲੋਕ ਵਿਚ) ਬੇ-ਦਾਗ਼ ਸੋਭਾ ਮਿਲਦੀ ਹੈ,
ਜਿਸ ਨੂੰ ਅਰਾਧਦਿਆਂ ਜਮ-ਰਾਜ ਕੁਝ ਨਹੀਂ ਆਖਦਾ (ਡਰਾ ਨਹੀਂ ਸਕਦਾ),
ਜਿਸ ਦੀ ਸੇਵਾ-ਭਗਤੀ ਨਾਲ (ਮਨੁੱਖ) ਹਰੇਕ (ਲੋੜੀਂਦੀ) ਚੀਜ਼ ਹਾਸਲ ਕਰ ਲੈਂਦਾ ਹੈ ॥੧॥
ਸਦਾ (ਉਸ) ਪਰਮਾਤਮਾ ਦਾ ਨਾਮ ਉਚਾਰਿਆ ਕਰ, ਹਰਿ-ਨਾਮ ਉਚਾਰਿਆ ਕਰ।
ਆਪਣੇ ਮਨ ਦੀਆਂ ਹੋਰ ਸਾਰੀਆਂ ਵਾਸ਼ਨਾਂ ਛੱਡ ਦੇਹ ॥੧॥ ਰਹਾਉ ॥
(ਉਸ ਪਰਮਾਤਮਾ ਦਾ ਨਾਮ ਸਿਮਰਿਆ ਕਰ) ਧਰਤੀ ਤੇ ਆਕਾਸ਼ ਜਿਸ ਦੇ ਟਿਕਾਏ ਹੋਏ ਹਨ,
ਜਿਸ ਦਾ ਨੂਰ ਹਰੇਕ ਸਰੀਰ ਵਿਚ ਹੈ,
ਜਿਸ ਨੂੰ ਸਿਮਰਦਿਆਂ ਵਿਕਾਰੀ ਮਨੁੱਖ (ਭੀ) ਸੁੱਚੇ ਜੀਵਨ ਵਾਲਾ ਹੋ ਜਾਂਦਾ ਹੈ,
(ਤੇ, ਜਿਸ ਦੀ ਬਰਕਤਿ ਨਾਲ) ਅੰਤ ਸਮੇ (ਮਨੁੱਖ) ਮੁੜ ਮੁੜ ਦੁਖੀ ਨਹੀਂ ਹੁੰਦਾ ॥੨॥
(ਪਰਮਾਤਮਾ ਦਾ ਨਾਮ ਸਿਮਰਿਆ ਕਰ) ਸਾਰੇ ਧਰਮਾਂ ਵਿਚੋਂ (ਨਾਮ-ਸਿਮਰਨ ਹੀ) ਸਭ ਤੋਂ ਸ੍ਰੇਸ਼ਟ ਧਰਮ ਹੈ,
ਇਹੀ ਕਰਮ ਹੋਰ ਸਾਰੇ ਧਾਰਮਿਕ ਕਰਮਾਂ ਨਾਲੋਂ ਉੱਤਮ ਹੈ।
(ਉਸ ਪਰਮਾਤਮਾ ਨੂੰ ਯਾਦ ਕਰਿਆ ਕਰ) ਜਿਸ ਨੂੰ (ਮਿਲਣ ਲਈ) ਦੈਵੀ ਗੁਣਾਂ ਵਾਲੇ ਮਨੁੱਖ ਅਤੇ ਦੇਵਤੇ ਭੀ ਲੋਚਦੇ ਹਨ।
ਸਾਧ ਸੰਗਤ ਦੀ ਸੇਵਾ ਕਰਿਆ ਕਰ (ਸਾਧ ਸੰਗਤ ਵਿਚੋਂ ਹੀ ਨਾਮ-ਸਿਮਰਨ ਦੀ ਦਾਤ ਮਿਲਦੀ ਹੈ) ॥੩॥
ਸਭ ਦੇ ਮੂਲ ਅਤੇ ਸਰਬ-ਵਿਆਪਕ ਪ੍ਰਭੂ ਨੇ ਜਿਸ ਮਨੁੱਖ ਨੂੰ ਦਾਤ ਬਖ਼ਸ਼ੀ,
ਉਸ ਨੂੰ ਹਰਿ-ਨਾਮ ਦਾ ਖ਼ਜ਼ਾਨਾ ਮਿਲ ਗਿਆ।
ਉਸ ਦੀ ਬਾਬਤ ਇਹ ਨਹੀਂ ਦੱਸਿਆ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ ਅਤੇ ਕੇਡਾ ਵੱਡਾ ਹੈ।
ਹੇ ਦਾਸ ਨਾਨਕ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ ॥੪॥੯॥
(ਹੁਣ) ਮੇਰੇ ਮਨ ਵਿਚ ਮੇਰੇ ਤਨ ਵਿਚ (ਹਰਿ-ਨਾਮ ਦੀ) ਲਗਨ ਬਣ ਗਈ ਹੈ।
ਦਇਆਵਾਨ ਗੁਰੂ ਨੇ ਮੇਰੀ (ਚਿਰਾਂ ਦੀ) ਆਸ ਪੂਰੀ ਕਰ ਦਿੱਤੀ ਹੈ।
ਗੁਰੂ ਦੀ ਸੰਗਤ ਵਿਚ (ਮੇਰੇ ਸਾਰੇ) ਪਾਪ ਕੱਟੇ ਗਏ ਹਨ,
(ਕਿਉਂਕਿ ਗੁਰੂ ਦੀ ਕਿਰਪਾ ਨਾਲ) ਮੈਂ ਪ੍ਰੇਮ-ਰੰਗ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਜਪ ਰਿਹਾ ਹਾਂ ॥੧॥
ਗੁਰੂ ਦੀ ਕਿਰਪਾ ਨਾਲ (ਮੇਰੇ ਅੰਦਰ) ਬਸੰਤ (ਰੁੱਤ ਵਾਲਾ ਖਿੜਾਉ) ਬਣ ਗਿਆ ਹੈ।
(ਗੁਰੂ ਦੀ ਮਿਹਰ ਨਾਲ) ਮੈਂ ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਦਿਲ ਵਿਚ ਵਸਾ ਲਏ ਹਨ। ਹੁਣ ਮੈਂ ਹਰ ਵੇਲੇ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਦਾ ਹਾਂ ॥੧॥ ਰਹਾਉ ॥