ਜੇ ਮੈਂ ਅਨੇਕਾਂ ਹੀ ਸੁਆਦਲੇ ਖਾਣੇ ਖਾਂਦੀ ਰਹਾਂ, ਅਨੇਕਾਂ ਹੀ ਸੋਹਣੇ ਪਹਿਰਾਵੇ ਕਰਦੀ ਰਹਾਂ,
ਫਿਰ ਭੀ ਪਤੀ-ਪ੍ਰਭੂ ਤੋਂ ਵਿਛੁੜ ਕੇ ਮੇਰੀ ਜਵਾਨੀ ਵਿਅਰਥ ਹੀ ਜਾ ਰਹੀ ਹੈ। ਜਦ ਤਕ ਮੈਂ ਛੁੱਟੜ ਹਾਂ, ਮੈਂ (ਸਾਰੀ ਉਮਰ) ਝੁਰ ਝੁਰ ਕੇ ਹੀ ਦਿਨ ਕੱਟਾਂਗੀ ॥੫॥
ਜੇ ਸਦਾ-ਥਿਰ ਪ੍ਰਭੂ ਦਾ ਪਿਆਰ-ਸੁਨੇਹਾ ਸਤਿਗੁਰੂ ਦੀ ਬਾਣੀ ਦੀ ਵਿਚਾਰ ਦੀ ਰਾਹੀਂ ਸੁਣੀਏ,
ਤਾਂ ਉਸ ਸਦਾ-ਥਿਰ ਪਤੀ-ਪ੍ਰਭੂ ਦਾ ਸਦਾ ਲਈ ਸਾਥ ਮਿਲ ਜਾਂਦਾ ਹੈ, ਉਹ ਮੇਹਰ ਦੀ ਨਜ਼ਰ ਵਾਲਾ ਪ੍ਰਭੂ ਮੇਹਰ ਦੀ ਨਜ਼ਰ ਨਾਲ ਤੱਕਦਾ ਹੈ, ਤੇ ਉਸ ਦੇ ਪਿਆਰ ਵਿਚ ਲੀਨ ਹੋ ਜਾਦੀਦਾ ਹੈ ॥੬॥
ਪਰਮਾਤਮਾ ਨਾਲ ਜਾਣ-ਪਛਾਣ ਪਾਣ ਵਾਲਾ ਸਦਾ-ਥਿਰ ਪ੍ਰਭੂ ਦੇ ਨਾਮ ਦਾ ਸੁਰਮਾ ਵਰਤਦਾ ਹੈ, ਤੇ ਉਹ ਪ੍ਰਭੂ ਦਾ ਦੀਦਾਰ ਕਰ ਲੈਂਦਾ ਹੈ ਜੋ ਸਭ ਜੀਵਾਂ ਦੀ ਸੰਭਾਲ ਕਰਨ ਦੇ ਸਮਰੱਥ ਹੈ।
ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਇਸ ਭੇਤ ਨੂੰ) ਸਮਝ ਲੈਂਦਾ ਹੈ ਉਹ ਹਉਮੈ ਅਹੰਕਾਰ ਦੂਰ ਕਰ ਕੇ (ਉਸ ਦੀ ਹਜ਼ੂਰੀ ਵਿਚ) ਆਦਰ ਪਾਂਦਾ ਹੈ ॥੭॥
ਹੇ ਪਤੀ-ਪ੍ਰਭੂ! ਜੇਹੜੀਆਂ ਜੀਵ-ਇਸਤ੍ਰੀਆਂ ਤੈਨੂੰ ਚੰਗੀਆਂ ਲੱਗਦੀਆਂ ਹਨ, ਉਹ ਤੇਰੇ ਵਰਗੀਆਂ ਹੋ ਜਾਂਦੀਆਂ ਹਨ, (ਪਰ ਤੇਰੀ ਮੇਹਰ ਦੀ ਨਿਗਾਹ ਤੋਂ ਵਾਂਜੀਆਂ ਹੋਈਆਂ) ਮੇਰੇ ਵਰਗੀਆਂ ਭੀ ਅਨੇਕਾਂ ਹੀ ਹਨ।
ਹੇ ਨਾਨਕ! ਜੇਹੜੀਆਂ ਜੀਵ-ਇਸਤ੍ਰੀਆਂ ਸਦਾ-ਥਿਰ ਪ੍ਰਭੂ ਦੇ ਪਿਆਰ ਵਿਚ ਰੰਗੀਆਂ ਰਹਿੰਦੀਆਂ ਹਨ, ਉਹਨਾਂ (ਦੇ ਹਿਰਦੇ) ਤੋਂ ਪਤੀ-ਪ੍ਰਭੂ ਕਦੇ ਨਹੀਂ ਵਿਛੁੜਦਾ ॥੮॥੧॥੯॥
ਨਾਹ ਭੈਣਾਂ ਨਾਹ ਭਰਜਾਈਆਂ ਨਾਹ ਸੱਸਾਂ-ਕਿਸੇ ਦਾ ਭੀ ਉਹੋ ਜਿਹਾ ਸਾਕ ਨਹੀਂ ਜੋ (ਸਤਸੰਗੀ) ਸਹੇਲੀਆਂ ਦਾ ਹੈ।
ਗੁਰੂ (ਸਤ ਸੰਗੀ-) ਸਹੇਲੀਆਂ ਨਾਲ ਮਿਲਾਂਦਾ ਹੈ (ਸਤਸੰਗੀਆਂ ਵਾਲਾ) ਸਦਾ-ਥਿਰ ਰਹਿਣ ਵਾਲਾ ਸਾਕ ਕਦੇ ਨਹੀਂ ਟੁੱਟਦਾ ॥੧॥
ਮੈਂ ਆਪਣੇ ਗੁਰੂ ਤੋਂ ਕੁਰਬਾਨ ਹਾਂ, ਸਦਾ ਕੁਰਬਾਨ ਜਾਂਦੀ ਹਾਂ।
ਗੁਰੂ (ਦੇ ਮਿਲਾਪ) ਤੋਂ ਬਿਨਾ ਮੈਂ ਭੌਂ ਭੌਂ ਕੇ ਬਹੁਤ ਥੱਕ ਗਈ ਸਾਂ, (ਹੁਣ) ਗੁਰੂ ਨੇ ਮੈਨੂੰ ਪਤੀ ਮਿਲਾਇਆ ਹੈ, ਮੈਨੂੰ (ਪਤੀ) ਮਿਲਾ ਦਿੱਤਾ ਹੈ ॥੧॥ ਰਹਾਉ ॥
ਫੁੱਫੀਆਂ, ਨਾਨੀਆਂ, ਮਾਸੀਆਂ, ਦਿਰਾਣੀਆਂ, ਜਿਠਾਣੀਆਂ-
ਇਹ (ਸੰਸਾਰ ਵਿਚ) ਆਉਂਦੀਆਂ ਹਨ ਤੇ ਚਲੀਆਂ ਜਾਂਦੀਆਂ ਹਨ, ਸਦਾ (ਸਾਡੇ ਨਾਲ) ਨਹੀਂ ਰਹਿੰਦੀਆਂ। ਇਹਨਾਂ (ਸਾਕਾਂ ਅੰਗਾਂ-) ਰਾਹੀਆਂ ਦੇ ਪੂਰਾਂ ਦੇ ਪੂਰ ਭਰੇ ਹੋਏ ਚਲੇ ਜਾਂਦੇ ਹਨ ॥੨॥
ਮਾਮੇ, ਮਾਮੀਆਂ, ਭਰਾ, ਪਿਉ, ਤੇ ਮਾਂ-(ਕਿਸੇ ਨਾਲ ਭੀ ਸੱਚਾ ਸਾਕ) ਨਹੀਂ ਬਣ ਸਕਦਾ।
(ਇਹ ਭੀ ਪਰਾਹੁਣਿਆਂ ਵਾਂਗ ਹਨ) ਇਹਨਾਂ ਪਰਾਹੁਣਿਆਂ ਦੇ ਕਾਫ਼ਲੇ ਦੇ ਕਾਫ਼ਲੇ ਲੱਦੇ ਚਲੇ ਜਾ ਰਹੇ ਹਨ। ਸੰਸਾਰ-ਦਰੀਆ ਦੇ ਪੱਤਣ ਉਤੇ ਇਹਨਾਂ ਦੀ ਭੀੜ ਲੱਗੀ ਪਈ ਹੈ ॥੩॥
ਹੇ ਸਹੇਲੀਹੋ! ਸਾਡਾ ਖਸਮ-ਪ੍ਰਭੂ ਹੀ ਸਦਾ-ਥਿਰ ਰਹਿਣ ਵਾਲਾ ਹੈ ਤੇ ਉਹ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ।
ਉਸ ਸਦਾ-ਥਿਰ ਦੇ ਨਾਮ ਵਿਚ ਜੁੜਿਆਂ ਉਸ ਨਾਲੋਂ ਵਿਛੋੜਾ ਨਹੀਂ ਹੁੰਦਾ। (ਚਰਨਾਂ ਵਿਚ ਜੁੜੀ ਜੀਵ-ਇਸਤ੍ਰੀ ਨੂੰ) ਉਹ ਖਸਮ ਪਿਆਰ ਨਾਲ ਗਲੇ ਲਾਈ ਰੱਖਦਾ ਹੈ ॥੪॥
ਜੀਵ-ਇਸਤ੍ਰੀ ਨੂੰ ਉਹ ਸਾਰੀਆਂ ਹੀ ਰੁੱਤਾਂ ਚੰਗੀਆਂ ਲੱਗਦੀਆਂ ਹਨ ਜਿਸ ਜਿਸ ਰੁੱਤ ਵਿਚ ਸਦਾ-ਥਿਰ ਪ੍ਰਭੂ-ਪਤੀ ਨਾਲ ਉਸ ਜੀਵ-ਇਸਤ੍ਰੀ ਦਾ ਪਿਆਰ ਬਣਦਾ ਹੈ,
ਜੇਹੜੀ ਜੀਵ-ਇਸਤ੍ਰੀ ਖਸਮ-ਪ੍ਰਭੂ (ਦੇ ਸਾਕ) ਨੂੰ ਪਛਾਣ ਲੈਂਦੀ ਹੈ (ਕਿਉਂਕਿ) ਉਹ ਜੀਵ-ਇਸਤ੍ਰੀ ਦਿਨ ਰਾਤ ਪੂਰਨ ਆਨੰਦ ਵਿਚ ਸ਼ਾਂਤ-ਚਿੱਤ ਰਹਿੰਦੀ ਹੈ ॥੫॥
(ਸੰਸਾਰ-ਦਰੀਆ ਦੇ) ਪੱਤਣ ਉਤੇ (ਖਲੋਤਾ) ਗੁਰੂ-ਮਲਾਹ (ਜੀਵ-ਰਾਹੀਆਂ ਨੂੰ) ਪੁਕਾਰ ਕੇ ਕਹਿ ਰਿਹਾ ਹੈ ਕਿ (ਪ੍ਰਭੂ-ਨਾਮ ਦੇ ਜਹਾਜ਼ ਵਿਚ ਚੜ੍ਹੋ ਤੇ) ਦੌੜ ਕੇ ਛਾਲ ਮਾਰ ਕੇ ਪਾਰ ਲੰਘ ਜਾਵੋ।
ਸਤਿਗੁਰੂ ਦੇ ਜਹਾਜ਼ ਵਿਚ ਚੜ੍ਹ ਕੇ (ਸੰਸਾਰ-ਦਰੀਆ ਤੋਂ) ਪਾਰ ਅੱਪੜੇ ਹੋਏ (ਅਨੇਕਾਂ ਹੀ ਪ੍ਰਾਣੀ) ਮੈਂ (ਆਪ) ਵੇਖੇ ਹਨ ॥੬॥
(ਸਤਿਗੁਰੂ ਦਾ ਹੋਕਾ ਸੁਣ ਕੇ) ਅਨੇਕਾਂ ਜੀਵਾਂ ਨੇ (ਸੰਸਾਰ-ਦਰੀਆ ਤੋਂ ਪਾਰ ਲੰਘਣ ਲਈ ਪ੍ਰਭੂ-ਨਾਮ ਦਾ ਵੱਖਰ ਗੁਰੂ ਦੇ ਜਹਾਜ਼ ਵਿਚ) ਲੱਦ ਲਿਆ ਹੈ, ਅਨੇਕਾਂ ਹੀ ਲੱਦ ਕੇ ਪਾਰ ਪਹੁੰਚ ਗਏ ਹਨ, ਪਰ ਅਨੇਕਾਂ ਹੀ (ਐਸੇ ਭੀ ਮੰਦਭਾਗੀ ਹਨ ਜਿਨ੍ਹਾਂ ਗੁਰੂ ਦੀ ਪੁਕਾਰ ਦੀ ਪਰਵਾਹ ਨਹੀਂ ਕੀਤੀ, ਤੇ ਉਹ ਵਿਕਾਰਾਂ ਦੇ ਭਾਰ ਨਾਲ) ਭਾਰੇ ਹੋ ਕੇ ਸੰਸਾਰ-ਸਮੁੰਦਰ ਦੇ ਵਿਚ (ਡੁੱਬ ਗਏ ਹਨ)।
ਜਿਨ੍ਹਾਂ ਨੇ (ਗੁਰੂ ਦਾ ਉਪਦੇਸ਼ ਸੁਣ ਕੇ) ਸਦਾ-ਥਿਰ ਰਹਿਣ ਵਾਲਾ ਨਾਮ-ਵੱਖਰ ਖ਼ਰੀਦਿਆ ਹੈ ਉਹ (ਸਦਾ-ਥਿਰ ਪ੍ਰਭੂ ਦੇ) ਚਰਨਾਂ ਵਿਚ ਲੀਨ ਹੋ ਗਏ ਹਨ ॥੭॥
(ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਹਉਮੈ ਦੂਰ ਕੀਤੀ ਉਹ ਭਾਗਾਂ ਵਾਲੇ ਬੰਦੇ ਇਹ ਨਿਸ਼ਚਾ ਰੱਖਦੇ ਹਨ ਕਿ) ਅਸੀਂ (ਸਭ ਤੋਂ) ਚੰਗੇ ਨਹੀਂ ਆਖੇ ਜਾ ਸਕਦੇ, ਤੇ ਸਾਥੋਂ ਭੈੜਾ ਕੋਈ ਮਨੁੱਖ (ਜਗਤ ਵਿਚ) ਨਹੀਂ ਦਿੱਸਦਾ।
ਹੇ ਨਾਨਕ! (ਪ੍ਰਭੂ-ਚਰਨਾਂ ਵਿਚ ਇਕ-ਮਿਕ ਹੋਣ ਵਾਸਤੇ) ਹਉਮੈ ਦੂਰ ਕਰਨੀ ਚਾਹੀਦੀ ਹੈ (ਜਿਸ ਮਨੁੱਖ ਨੇ ਹਉਮੈ ਦੂਰ ਕੀਤੀ) ਉਹ ਸਦਾ-ਥਿਰ ਪ੍ਰਭੂ ਵਰਗਾ ਹੀ ਬਣ ਗਿਆ ॥੮॥੨॥੧੦॥
ਮੈਂ ਨਹੀਂ ਸਮਝ ਸਕਦਾ ਕਿ ਜੇਹੜਾ (ਬੰਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ) ਉਹ ਮੂਰਖ (ਕਿਵੇਂ) ਹੈ, ਤੇ ਜੇਹੜਾ ਮਨੁੱਖ ਨਾਮ ਨਹੀਂ ਸਿਮਰਦਾ ਉਹ ਸਿਆਣਾ ਕਿਵੇਂ ਹੈ।
(ਅਸਲ ਸਿਆਣਪ ਨਾਮ ਸਿਮਰਨ ਵਿਚ ਹੈ, ਇਸ ਵਾਸਤੇ) ਮੈਂ ਹਰ ਵੇਲੇ ਪ੍ਰਭੂ ਦਾ ਨਾਮ ਸਿਮਰਦਾ ਹਾਂ ਤੇ ਸਦਾ ਮਾਲਕ-ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹਾਂ ॥੧॥
ਹੇ ਪ੍ਰਭੂ! ਮੈਂ ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ। (ਤੇਰੇ ਨਾਮ ਤੋਂ ਖੁੰਝ ਕੇ) ਮੈਂ ਮੱਤ-ਹੀਨ ਰਹਿੰਦਾ ਹਾਂ,
(ਕਿਉਂਕਿ ਮੈਨੂੰ ਇਹ ਸਮਝ ਨਹੀਂ ਹੁੰਦੀ ਕਿ ਇਸ ਸੰਸਾਰ-ਸਮੁੰਦਰ ਤੋਂ) ਮੈਂ ਤੇਰੇ ਨਾਮ ਵਿਚ ਜੁੜ ਕੇ ਹੀ ਪਾਰ ਲੰਘ ਸਕਦਾ ਹਾਂ। (ਤੇਰੇ ਨਾਮ ਦੀ ਬਰਕਤਿ ਨਾਲ ਹੀ ਮੈਨੂੰ ਸਮਝ ਆਉਂਦੀ ਹੈ ਕਿ) ਤੂੰ ਸਾਡਾ ਸਿਰਜਨਹਾਰ ਹੈਂ, ਤੂੰ ਸਾਡੇ ਦਿਲ ਦੀ ਜਾਣਦਾ ਹੈਂ, ਤੂੰ ਸਾਡੇ ਕੰਮਾਂ ਨੂੰ ਹਰ ਵੇਲੇ ਵੇਖਦਾ ਹੈਂ ॥੧॥ ਰਹਾਉ ॥
ਪਰ ਚਾਹੇ ਕੋਈ ਮੂਰਖ ਹੈ ਚਾਹੇ ਕੋਈ ਸਿਆਣਾ ਹੈ (ਹਰੇਕ ਵਿਚ) ਇਕੋ ਪਰਮਾਤਮਾ ਹੀ ਵੱਸਦਾ ਹੈ। ਮੂਰਖ ਤੇ ਸਿਆਣਾ ਦੋ ਵਖ ਵਖ ਨਾਮ ਹਨ ਜੋਤਿ ਦੋਹਾਂ ਵਿਚ ਇਕੋ ਹੀ ਹੈ।
ਜੇਹੜਾ ਆਦਮੀ ਪਰਮਾਤਮਾ ਦਾ ਨਾਮ ਸਿਮਰਨਾ ਨਹੀਂ ਕਬੂਲਦਾ, ਉਹ ਮਹਾ ਮੂਰਖ ਹੈ ॥੨॥
ਪਰਮਾਤਮਾ ਦਾ ਨਾਮ ਗੁਰੂ ਦੇ ਦਰ ਤੋਂ ਮਿਲਦਾ ਹੈ, ਗੁਰੂ ਦੀ ਸਰਨ ਤੋਂ ਬਿਨਾ ਪ੍ਰਭੂ-ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਜੇ ਗੁਰੂ ਦੇ ਹੁਕਮ ਵਿਚ ਤੁਰ ਕੇ ਮਨੁੱਖ ਦੇ ਮਨ ਵਿਚ ਨਾਮ ਵੱਸ ਪਏ, ਤਾਂ ਉਹ ਦਿਨ ਰਾਤ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ ॥੩॥
ਜੇਹੜੇ ਬੰਦੇ ਰਾਜ, ਰੰਗ-ਤਮਾਸ਼ੇ, ਰੂਪ, ਮਾਲ-ਧਨ ਤੇ ਜਵਾਨੀ-ਸਿਰਫ਼ ਇਹੀ ਵਿਹਾਝਦੇ ਰਹਿੰਦੇ ਹਨ ਉਹਨਾਂ ਨੂੰ ਜੁਆਰੀਏ ਸਮਝੋ।
(ਪਰ ਉਹਨਾਂ ਦੇ ਭੀ ਕੀਹ ਵੱਸ?) ਪ੍ਰਭੂ ਦੇ ਹੁਕਮ ਵਿਚ ਬੱਝੇ ਹੋਏ ਉਹ (ਮਾਇਕ ਪਦਾਰਥਾਂ ਦੀ) ਚਉਪੜ ਖੇਡ ਖੇਡਦੇ ਰਹਿੰਦੇ ਹਨ, ਇਕੋ ਮਾਇਆ ਦੀ ਤ੍ਰਿਸ਼ਨਾ ਹੀ ਉਹਨਾਂ ਦੀ ਨਰਦ ਹੈ ॥੪॥
ਜੇਹੜਾ ਬੰਦਾ ਮਾਇਆ ਦੀ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝਿਆ ਜਾ ਰਿਹਾ ਹੈ ਉਹੀ ਜਗਤ ਵਿਚ ਚਾਤੁਰ ਤੇ ਸਿਆਣਾ ਮੰਨਿਆ ਜਾਂਦਾ ਹੈ; ਪੜ੍ਹਦੇ ਹਨ (ਮਾਇਆ ਕਮਾਣ ਵਾਲੀ) ਮੂਰਖਾਂ ਦੀ ਵਿੱਦਿਆ, ਪਰ ਆਪਣਾ ਨਾਮ ਸਦਾਂਦੇ ਹਨ 'ਪੰਡਿਤ'।
(ਇਹ ਪੰਡਿਤ) ਪਰਮਾਤਮਾ ਦਾ ਨਾਮ ਭੁਲਾ ਦੇਂਦੇ ਹਨ; ਤੇ ਆਪਣੇ ਵਲੋਂ ਵੇਦ (ਆਦਿਕ ਧਰਮ ਪੁਸਤਕਾਂ) ਨੂੰ ਸੰਭਾਲ ਰਹੇ ਹਨ, ਇਹ ਵਿਦਵਾਨ ਆਤਮਕ ਜੀਵਨ ਦੀ ਮੌਤ ਲਿਆਉਣ ਵਾਲੀ ਮਾਇਆ ਦੇ ਜ਼ਹਿਰ ਵਿਚ ਭੁੱਲੇ ਪਏ ਹਨ ॥੫॥