(ਹੇ ਮਨ! ਵੇਖ, ਮਨੁੱਖ ਦਾ) ਮਨ (ਸਦਾ) ਕਾਮ ਵਿਚ ਕ੍ਰੋਧ ਵਿਚ ਲੋਭ ਵਿਚ ਮੋਹ ਵਿਚ ਫਸਿਆ ਰਹਿੰਦਾ ਹੈ।
(ਪਰ ਜਦੋਂ ਉਹ ਗੁਰੂ ਦੇ ਸਰਨ ਆਇਆ), ਗੁਰੂ ਨੇ (ਉਸ ਦੇ ਇਹ ਸਾਰੇ) ਬੰਧਨ ਕੱਟ ਕੇ ਉਸ ਨੂੰ (ਇਹਨਾਂ ਵਿਕਾਰਾਂ ਤੋਂ) ਖ਼ਲਾਸੀ ਦੇ ਦਿੱਤੀ ॥੨॥
ਹੇ ਮਨ! ਦੁੱਖ ਸੁਖ ਕਰਦਿਆਂ ਮਨੁੱਖ ਕਦੇ ਮਰਦਾ ਹੈ ਕਦੇ ਜੀਊ ਪੈਂਦਾ ਹੈ।
(ਦੁੱਖ ਵਾਪਰਿਆਂ ਸਹਿਮ ਜਾਂਦਾ ਹੈ, ਸੁਖ ਮਿਲਣ ਤੇ ਸੌਖਾ ਸਾਹ ਲੈਣ ਲੱਗ ਪੈਂਦਾ ਹੈ। ਇਸ ਤਰ੍ਹਾਂ ਡੁਬਕੀਆਂ ਲੈਂਦਾ ਮਨੁੱਖ ਜਦੋਂ ਗੁਰੂ ਦੀ ਸਰਨ ਆਇਆ) ਗੁਰੂ ਨੇ ਉਸ ਨੂੰ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਦੇ ਦਿੱਤਾ ॥੩॥
ਜਗਤ ਤ੍ਰਿਸ਼ਨਾ ਦੀ ਅੱਗ ਦੇ ਸਮੁੰਦਰ ਵਿਚ ਡੁੱਬ ਰਿਹਾ ਹੈ।
(ਜੇਹੜਾ ਮਨੁੱਖ ਗੁਰੂ ਦੀ ਸਰਨ ਪਿਆ) ਹੇ ਨਾਨਕ! ਗੁਰੂ ਨੇ (ਉਸ ਦੀ) ਬਾਂਹ ਫੜ ਕੇ (ਉਸ ਨੂੰ ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘਾ ਦਿੱਤਾ ॥੪॥੩॥੮॥
(ਜੇ ਕੋਈ ਗੁਰਮੁਖਿ ਮੈਨੂੰ ਸਿਮਰਨ ਦੀ ਬਰਕਤ ਵਾਲੀ ਸੁਮਤਿ ਦੇ ਦੇਵੇ, ਤਾਂ) ਮੈਂ ਆਪਣਾ ਸਰੀਰ ਆਪਣਾ ਮਨ ਆਪਣਾ ਧਨ ਸਭ ਕੁਝ ਭੇਟਾ ਕਰਨ ਨੂੰ ਤਿਆਰ ਹਾਂ।
ਹੇ ਭਾਈ! ਉਹ ਕੇਹੜੀ ਚੰਗੀ ਸਿੱਖਿਆ ਹੈ ਜਿਸ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ? ॥੧॥
ਹੇ ਪ੍ਰਭੂ! ਆਸਾ ਧਾਰ ਕੇ ਮੈਂ (ਤੇਰੇ ਦਰ ਤੇ ਤੇਰੇ ਨਾਮ ਦੀ ਦਾਤਿ) ਮੰਗਣ ਆਇਆ ਹਾਂ।
ਤੇਰਾ ਦਰਸਨ ਕੀਤਿਆਂ ਮੇਰੇ (ਹਿਰਦੇ-) ਵੇਹੜੇ ਵਿਚ ਉਤਸ਼ਾਹ ਪੈਦਾ ਹੋ ਜਾਂਦਾ ਹੈ ॥੧॥ ਰਹਾਉ ॥
ਹੇ ਭਾਈ! ਮੈਂ ਅਨੇਕਾਂ ਢੰਗ (ਆਪਣੇ ਸਾਹਮਣੇ) ਰੱਖ ਕੇ ਬੜਾ ਵਿਚਾਰਦਾ ਹਾਂ (ਕਿ ਕਿਸ ਢੰਗ ਨਾਲ ਇਸ ਨੂੰ ਵਿਕਾਰਾਂ ਤੋਂ ਬਚਾਇਆ ਜਾਏ।
ਅਖ਼ੀਰ ਤੇ ਇਹੀ ਸਮਝ ਆਉਂਦੀ ਹੈ ਕਿ) ਗੁਰਮੁਖਾਂ ਦੀ ਸੰਗਤਿ ਵਿਚ (ਹੀ) ਇਸ ਮਨ ਨੂੰ (ਵਿਕਾਰਾਂ ਤੋਂ) ਮੈਂ ਬਚਾ ਸਕਦਾ ਹਾਂ ॥੨॥
ਹੇ ਭਾਈ! ਕਿਸੇ ਮਤਿ, ਕਿਸੇ ਅਕਲ, ਕਿਸੇ ਧਿਆਨ, ਕਿਸੇ ਭੀ ਚਤੁਰਾਈ ਨਾਲ ਪਰਮਾਤਮਾ ਨਹੀਂ ਮਿਲ ਸਕਦਾ।
ਜਦੋਂ ਉਹ ਪ੍ਰਭੂ ਆਪ ਹੀ ਜੀਵ ਨੂੰ ਮਿਲਾਂਦਾ ਹੈ ਤਦੋਂ ਹੀ ਉਸ ਨੂੰ ਮਿਲ ਸਕੀਦਾ ਹੈ ॥੩॥
(ਦਰਸਨ ਦੀ ਬਰਕਤਿ ਨਾਲ) ਜਿਸ ਦੀਆਂ ਅੱਖਾਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਈਆਂ ਹਨ,
ਨਾਨਕ ਆਖਦਾ ਹੈ- ਉਸ ਮਨੁੱਖ ਦਾ ਜਗਤ ਵਿਚ ਆਉਣਾ ਮੁਬਾਰਿਕ ਹੈ, ਜਿਸ ਨੇ ਪਰਮਾਤਮਾ ਦਾ ਦਰਸਨ ਕਰ ਲਿਆ ਹੈ ॥੪॥੪॥੯॥
ਹੇ ਭਾਈ! ਮਾਂ, ਪਿਉ, ਪੁੱਤਰ, ਮਾਇਆ-(ਇਹਨਾਂ ਵਿਚੋਂ ਕੋਈ ਭੀ ਜੀਵ ਦਾ ਸਦਾ ਲਈ) ਸਾਥੀ ਨਹੀਂ ਬਣ ਸਕਦਾ, (ਦੁੱਖ ਵਾਪਰਨ ਤੇ ਭੀ ਸਹਾਈ ਨਹੀਂ ਬਣ ਸਕਦਾ)।
ਗੁਰੂ ਦੀ ਸੰਗਤਿ ਵਿਚ ਟਿਕਿਆਂ ਸਾਰਾ ਦੁੱਖ-ਕਲੇਸ਼ ਦੂਰ ਕਰ ਸਕੀਦਾ ਹੈ ॥੧॥
ਹੇ ਭਾਈ! (ਜੇਹੜਾ) ਪਰਮਾਤਮਾ ਆਪ ਹੀ ਸਭ ਜੀਵਾਂ ਵਿਚ ਵਿਆਪਕ ਹੈ,
ਉਸ (ਦੇ ਨਾਮ) ਦਾ ਜਾਪ ਜੀਭ ਨਾਲ ਕਰਦਾ ਰਹੁ (ਇਸ ਤਰ੍ਹਾਂ) ਕੋਈ ਦੁੱਖ ਜ਼ੋਰ ਨਹੀਂ ਪਾ ਸਕਦਾ ॥੧॥ ਰਹਾਉ ॥
ਹੇ ਭਾਈ! ਜਗਤ ਮਾਇਆ ਦੀ ਤ੍ਰਿਸ਼ਨਾ, ਮਾਇਆ ਦੀ ਭੁੱਖ ਤੇ ਸੜਨ ਵਿਚ ਫਸਿਆ ਪਿਆ ਹੈ।
ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ, (ਉਹਨਾਂ ਦੇ ਹਿਰਦੇ) ਠੰਢੇ-ਠਾਰ ਹੋ ਜਾਂਦੇ ਹਨ ॥੨॥
ਹੇ ਭਾਈ! ਕ੍ਰੋੜਾਂ ਜਤਨ ਕੀਤਿਆਂ ਭੀ (ਮਾਇਆ ਦੀ ਤ੍ਰਿਸ਼ਨਾ ਵਲੋਂ) ਸੰਤੋਖ ਪ੍ਰਾਪਤ ਨਹੀਂ ਹੁੰਦਾ।
ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਇਆਂ ਮਨ ਰੱਜ ਜਾਂਦਾ ਹੈ ॥੩॥
ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ! ਮੈਨੂੰ ਆਪਣੀ ਭਗਤੀ ਦਾ ਦਾਨ ਦੇਹ,
ਹੇ ਮਾਲਕ! (ਤੇਰੇ ਦਾਸ) ਨਾਨਕ ਦੀ (ਤੇਰੇ ਦਰ ਤੇ ਏਹੋ) ਬੇਨਤੀ ਹੈ ॥੪॥੫॥੧੦॥
ਹੇ ਭਾਈ! ਪੂਰੀ ਵੱਡੀ ਕਿਸਮਤ ਨਾਲ (ਹੀ) ਗੁਰੂ ਮਿਲਦਾ ਹੈ।
ਗੁਰੂ ਨੂੰ ਮਿਲ ਕੇ (ਹੀ) ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ ॥੧॥
ਹੇ ਪਾਰਬ੍ਰਹਮ ਪ੍ਰਭੂ! (ਮੈਂ) ਤੇਰੀ ਸਰਨ ਆਇਆ ਹਾਂ (ਮੈਨੂੰ ਗੁਰੂ ਮਿਲਾ)।
ਹੇ ਭਾਈ! ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਵਸਾ ਲੈ, ਗੁਰੂ ਸਾਰੇ ਪਾਪ ਕੱਟ ਦੇਂਦਾ ਹੈ ॥੧॥ ਰਹਾਉ ॥
ਹੇ ਭਾਈ! (ਗੁਰੂ ਦੀ ਸਰਨ ਤੋਂ ਬਿਨਾ) ਹੋਰ ਸਾਰੇ ਕਰਮ ਨਿਰਾ ਵਿਖਾਵਾ ਹੀ ਹਨ।
ਗੁਰੂ ਦੀ ਸੰਗਤਿ ਵਿਚ ਮਿਲ ਕੇ (ਹੀ) ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ ਹੁੰਦਾ ਹੈ ॥੨॥
ਹੇ ਭਾਈ! ਸਾਰੇ ਸ਼ਾਸਤ੍ਰ, ਸਿੰਮ੍ਰਿਤੀਆਂ ਅਤੇ ਵੇਦ ਵਿਚਾਰ ਕੇ ਵੇਖ ਲਏ ਹਨ।
(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ, ਇਸ ਹਰਿ-ਨਾਮ ਦੀ ਰਾਹੀਂ ਹੀ ਗੁਰੂ ਪਾਰ ਲੰਘਾਂਦਾ ਹੈ ॥੩॥
ਹੇ ਪ੍ਰਭੂ! ਆਪਣੇ ਦਾਸ ਨਾਨਕ ਉਤੇ ਮੇਹਰ ਕਰ।
(ਤੇਰੇ ਦਾਸ ਨੂੰ) ਗੁਰੂ ਦੇ ਚਰਨਾਂ ਦੀ ਧੂੜ ਮਿਲ ਜਾਏ। (ਗੁਰੂ ਦੀ ਕਿਰਪਾ ਨਾਲ ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘੀਦਾ ਹੈ ॥੪॥੬॥੧੧॥
ਹੇ ਭਾਈ! (ਜਿਨ੍ਹਾਂ ਵਡ-ਭਾਗੀਆਂ ਨੇ) ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿਚ ਵਿਚਾਰਿਆ,
ਉਹਨਾਂ ਦੇ ਸਾਰੇ ਮਨੋਰਥ ਪੂਰੇ ਹੋ ਗਏ, ਉਹਨਾਂ ਦੀਆਂ ਸਾਰੀਆਂ ਆਸਾਂ ਸਿਰੇ ਚੜ੍ਹ ਗਈਆਂ ॥੧॥
ਹੇ ਭਾਈ! ਉਹਨਾਂ ਸੰਤ ਜਨਾਂ ਦਾ ਮੂੰਹ (ਲੋਕ ਪਰਲੋਕ ਵਿਚ) ਰੌਸ਼ਨ ਹੋ ਗਿਆ,
ਪਰਮਾਤਮਾ ਨੇ ਮੇਹਰ ਕਰ ਕੇ (ਜਿਨ੍ਹਾਂ ਸੰਤ ਜਨਾਂ ਨੂੰ) ਆਪਣਾ ਨਾਮ ਬਖ਼ਸ਼ਿਆ ॥੧॥ ਰਹਾਉ ॥
ਹੇ ਭਾਈ! ਜਿਨ੍ਹਾਂ ਵਡ-ਭਾਗੀਆਂ ਨੂੰ ਪ੍ਰਭੂ ਨੇ (ਮਾਇਆ ਦੇ ਮੋਹ ਦੇ) ਹਨੇਰੇ ਖੂਹ ਵਿਚੋਂ ਹੱਥ ਫੜ ਕੇ ਕੱਢ ਲਿਆ।
ਸਾਰੇ ਜਗਤ ਵਿਚ ਉਹਨਾਂ ਦੀ ਬੜੀ ਸੋਭਾ ਖਿਲਰ ਗਈ ॥੨॥
ਹੇ ਭਾਈ! ਉਹ ਮਨੁੱਖ ਨੀਵਿਆਂ ਤੋਂ ਉੱਚੇ ਬਣ ਗਏ, ਉਹ (ਪਹਿਲਾਂ ਗੁਣਾਂ ਤੋਂ) ਸੱਖਣੇ (ਗੁਣਾਂ ਨਾਲ) ਭਰ ਗਏ,
(ਜਿਨ੍ਹਾਂ ਨੇ) ਆਤਮਕ ਜੀਵਨ ਦੇਣ ਵਾਲਾ ਅਤੇ ਬੜਾ ਸੁਆਦਲਾ ਹਰਿ-ਨਾਮ ਜਪਣਾ ਸ਼ੁਰੂ ਕਰ ਦਿੱਤਾ ॥੩॥
ਉਹਨਾਂ ਮਨੁੱਖਾਂ ਦੇ ਮਨ, ਉਹਨਾਂ ਦੇ ਸਰੀਰ ਪਵਿੱਤਰ ਹੋ ਗਏ, ਉਹਨਾਂ ਦੇ ਸਾਰੇ ਪਾਪ ਸੜ ਕੇ ਸੁਆਹ ਹੋ ਗਏ,
ਨਾਨਕ ਆਖਦਾ ਹੈ- (ਜਿਨ੍ਹਾਂ ਉਤੇ) ਪ੍ਰਭੂ ਜੀ ਪ੍ਰਸੰਨ ਹੋ ਗਏ ॥੪॥੭॥੧੨॥
ਹੇ ਮਿੱਤਰ! (ਪਰਮਾਤਮਾ ਨਾਲ ਜੁੜ ਕੇ) ਮਨ ਦੀਆਂ ਸਾਰੀਆਂ ਮੁਰਾਦਾਂ ਹਾਸਲ ਕਰ ਲਈਦੀਆਂ ਹਨ।