ਹੇ ਭਾਈ! (ਨਾਮ ਖ਼ਜ਼ਾਨਾ ਹਾਸਲ ਕਰਨ ਲਈ) ਮੈਨੂੰ (ਗੁਰੂ ਤੋਂ ਬਿਨਾ) ਹੋਰ ਕੋਈ ਥਾਂ ਨਹੀਂ ਦਿੱਸਦਾ।
ਮੇਰੇ ਵਾਸਤੇ ਤਾਂ ਪ੍ਰਭੂ-ਨਾਮ ਹੀ ਧਨ ਹੈ, ਨਾਮ ਹੀ ਖ਼ਜ਼ਾਨਾ ਹੈ (ਇਹ ਖ਼ਜ਼ਾਨਾ ਜਿਸ ਕਿਸੇ ਨੂੰ ਦਿੱਤਾ ਹੈ) ਗੁਰੂ ਨੇ (ਹੀ) ਦਿੱਤਾ ਹੈ, ਮੈਂ ਗੁਰੂ ਤੋਂ ਕੁਰਬਾਨ ਹਾਂ ॥੧॥ ਰਹਾਉ ॥
ਸ਼ਾਬਾਸ਼ੇ ਉਸ (ਗੁਰੂ) ਤੋਂ ਜਿਸ ਗੁਰੂ ਦੀ ਮਤਿ ਮਿਲਿਆਂ ਇੱਜ਼ਤ ਮਿਲਦੀ ਹੈ। (ਪ੍ਰਭੂ ਮਿਹਰ ਕਰੇ) ਮੈਂ ਉਸ (ਗੁਰੂ) ਦੀ ਸੰਗਤਿ ਵਿਚ ਮਿਲਿਆ ਰਹਾਂ।
(ਨਾਮ ਦੀ ਦਾਤ ਦੇਣ ਵਾਲੇ) ਉਸ ਗੁਰੂ ਤੋਂ ਬਿਨਾ ਮੈਂ ਇਕ ਘੜੀ ਭੀ ਨਹੀਂ ਰਹਿ ਸਕਦਾ, ਕਿਉਂਕਿ ਨਾਮ ਤੋਂ ਬਿਨਾ ਮੇਰੀ ਆਤਮਕ ਮੌਤ ਹੋ ਜਾਂਦੀ ਹੈ।
(ਨਾਮ ਤੋਂ ਬਿਨਾ ਮੈਂ ਮਾਇਆ ਦੇ ਮੋਹ ਵਿਚ ਅੰਨ੍ਹਾ ਹੋ ਜਾਂਦਾ ਹਾਂ, ਪ੍ਰਭੂ ਮਿਹਰ ਕਰੇ) ਮੈਨੂੰ ਅੰਨ੍ਹੇ ਨੂੰ ਉਸ ਦਾ ਨਾਮ ਨਾਹ ਭੁੱਲ ਜਾਏ, ਮੈਂ ਗੁਰੂ ਦਾ ਆਸਰਾ ਪਰਨਾ ਲੈ ਕੇ ਪ੍ਰਭੂ-ਚਰਨਾਂ ਵਿਚ ਜੁੜਿਆ ਰਹਾਂ ॥੨॥
(ਪਰ ਗੁਰੂ ਭੀ ਹੋਵੇ ਤਾਂ ਸੁਜਾਖਾ ਹੋਵੇ) ਜਿਨ੍ਹਾਂ ਦਾ ਗੁਰੂ (ਆਪ ਹੀ ਮਾਇਆ ਦੇ ਮੋਹ ਵਿਚ) ਅੰਨ੍ਹਾ ਹੋ ਗਿਆ ਹੋਵੇ, ਉਹਨਾਂ ਚੇਲਿਆਂ ਨੂੰ (ਆਤਮਕ ਸੁਖ ਦਾ) ਥਾਂ-ਟਿਕਾਣਾ ਨਹੀਂ ਲੱਭ ਸਕਦਾ।
(ਪੂਰੇ) ਗੁਰੂ ਤੋਂ ਬਿਨਾ ਪ੍ਰਭੂ ਦਾ ਨਾਮ ਨਹੀਂ ਮਿਲਦਾ, ਨਾਮ ਤੋਂ ਬਿਨਾ ਹੋਰ ਕੋਈ (ਸੁਚੱਜਾ) ਜੀਵਨ-ਮਨੋਰਥ ਨਹੀਂ ਹੋ ਸਕਦਾ।
ਨਾਮ ਤੋਂ ਵਾਂਜਿਆ ਮਨੁੱਖ ਦੁਨੀਆ ਵਿਚ ਆਇਆ ਤੇ ਤੁਰ ਗਿਆ, ਪਛਤਾਵਾ ਹੀ (ਨਾਲ ਲੈ ਗਿਆ, ਖਾਲੀ-ਹੱਥ ਹੀ ਜਗ ਤੋਂ ਗਿਆ) ਜਿਵੇਂ ਸੁੰਞੇ ਘਰ ਵਿਚ ਕਾਂ (ਆ ਕੇ ਖ਼ਾਲੀ ਜਾਂਦਾ ਹੈ) ॥੩॥
ਨਾਮ ਸਿਮਰਨ ਤੋਂ ਬਿਨਾ ਸਰੀਰ ਨੂੰ (ਚਿੰਤਾ ਆਦਿਕ ਇਤਨਾ) ਦੁੱਖ ਵਿਆਪਦਾ ਹੈ (ਕਿ ਸਰੀਰਕ ਸੱਤਿਆ ਇਉਂ ਕਿਰਦੀ ਜਾਂਦੀ ਹੈ) ਜਿਵੇਂ ਕਲਰ ਦੀ ਕੰਧ (ਕਿਰਦੀ ਰਹਿੰਦੀ ਹੈ)।
ਇਸ ਨੂੰ ਕਿਰਨ ਤੋਂ ਬਚਾਣ ਲਈ) ਤਦ ਤਕ (ਪ੍ਰਭੂ ਦਾ) ਮਹਲ (-ਰੂਪ ਸਹਾਰਾ) ਨਹੀਂ ਮਿਲਦਾ, ਜਦ ਤਕ ਉਹ ਸਦਾ-ਥਿਰ ਪ੍ਰਭੂ (ਜੀਵ ਦੇ) ਚਿੱਤ ਵਿਚ ਨਹੀਂ ਆ ਵੱਸਦਾ।
ਜੇ ਗੁਰੂ ਦੇ ਸ਼ਬਦ ਵਿਚ ਮਨ ਰੰਗਿਆ ਜਾਏ, ਤਾਂ ਪ੍ਰਭੂ ਦੀ ਹਜ਼ੂਰੀ (ਦੀ ਓਟ) ਮਿਲ ਜਾਂਦੀ ਹੈ, ਤੇ ਉਹ ਆਤਮਕ ਅਵਸਥਾ ਸਦਾ ਲਈ ਲੱਭ ਪੈਂਦੀ ਹੈ ਜਿੱਥੇ ਕੋਈ ਵਾਸਨਾ ਨਹੀਂ ਪੋਹ ਸਕਦੀ ॥੪॥
(ਸੋ, ਹੇ ਭਾਈ! ਇਸ 'ਨਿਰਬਾਣ ਪਦ' ਦੀ ਪ੍ਰਾਪਤੀ ਵਾਸਤੇ) ਮੈਂ ਆਪਣੇ ਗੁਰੂ ਨੂੰ ਪੁੱਛਾਂਗੀ, ਗੁਰੂ ਨੂੰ ਪੁੱਛ ਕੇ (ਉਸ ਦੀ ਦੱਸੀ) ਕਾਰ ਕਰਾਂਗੀ।
ਮੈਂ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਾਂਗੀ, (ਭਲਾ ਕਿਤੇ ਪ੍ਰਭੂ ਮੇਰੇ) ਮਨ ਵਿਚ ਆ ਵੱਸੇ (ਪ੍ਰਭੂ ਦੀ ਮਿਹਰ ਹੋਵੇ, ਮੇਰਾ) ਹਉਮੈ ਦਾ ਦੁੱਖ ਸੜ ਜਾਏ।
ਸਹਜ ਅਵਸਥਾ ਵਿਚ ਟਿਕਿਆਂ ਮੇਰਾ ਪ੍ਰਭੂ ਨਾਲ ਸੋਹਣਾ ਮਿਲਾਪ ਹੋ ਜਾਏ, ਸਦਾ ਟਿਕੇ ਰਹਿਣ ਵਾਲੇ ਪ੍ਰਭੂ ਵਿਚ ਮੇਰਾ ਸਦਾ ਲਈ ਮੇਲ ਹੋ ਜਾਏ ॥੫॥
ਜੇਹੜੇ ਬੰਦੇ ਗੁਰੂ ਦੇ ਸ਼ਬਦ ਵਿਚ ਰੰਗੇ ਜਾਂਦੇ ਹਨ ਉਹ ਕਾਮ ਕ੍ਰੋਧ ਅਹੰਕਾਰ (ਆਦਿਕ ਵਿਕਾਰਾਂ) ਨੂੰ ਤਿਆਗ ਕੇ ਪਵਿਤ੍ਰ (ਜੀਵਨ ਵਾਲੇ) ਹੋ ਜਾਂਦੇ ਹਨ।
ਉਹ ਸਦਾ ਪ੍ਰਭੂ ਦਾ ਨਾਮ ਸਲਾਹੁੰਦੇ ਹਨ, ਉਹ ਪਰਮਾਤਮਾ (ਦੀ ਯਾਦ) ਨੂੰ ਸਦਾ ਆਪਣੇ ਹਿਰਦੇ ਵਿਚ ਟਿਕਾ ਰੱਖਦੇ ਹਨ।
(ਹੇ ਭਾਈ!) ਜੇਹੜਾ ਪ੍ਰਭੂ ਸਾਰੇ ਜੀਵਾਂ (ਦੀ ਜ਼ਿੰਦਗੀ) ਦਾ ਆਸਰਾ ਹੈ, ਉਸ ਨੂੰ ਕਦੇ ਭੀ ਮਨੋਂ ਭੁਲਾਣਾ ਨਹੀਂ ਚਾਹੀਦਾ ॥੬॥
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਵਿਕਾਰਾਂ ਵਲੋਂ) ਮਰ ਜਾਂਦਾ ਹੈ ਉਹ (ਇਹ ਮਰਨੀ) ਮਰ ਕੇ ਇਸਥਿਰ ਹੋ ਜਾਂਦਾ ਹੈ (ਵਿਕਾਰਾਂ ਦੇ ਟਾਕਰੇ ਤੇ ਤਕੜਾ ਹੋ ਜਾਂਦਾ ਹੈ, ਉਹ ਮਨੁੱਖ ਵਿਕਾਰਾਂ ਦੇ ਢਹੇ ਚੜ੍ਹ ਕੇ) ਮੁੜ ਕਦੇ ਆਤਮਕ ਮੌਤੇ ਨਹੀਂ ਮਰਦਾ।
(ਇਹ ਅਟੱਲ ਆਤਮਕ ਜੀਵਨ) ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਿਲਦਾ ਹੈ (ਗੁਰੂ ਦੇ ਸ਼ਬਦ ਦੀ ਰਾਹੀਂ ਹੀ) ਪ੍ਰਭੂ ਦੇ ਨਾਮ ਵਿਚ ਪਿਆਰ ਬਣਦਾ ਹੈ।
ਗੁਰੂ ਦੇ ਸ਼ਬਦ ਤੋਂ ਬਿਨਾ ਜਗਤ (ਜੀਵਨ-ਰਾਹ ਤੋਂ) ਖੁੰਝਿਆ ਹੋਇਆ ਭਟਕਦਾ ਹੈ, ਤੇ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੭॥
ਸਾਰੀ ਦੁਨੀਆ ਆਪਣੇ ਆਪ ਨੂੰ ਸਾਲਾਹੁੰਦੀ ਹੈ ਕਿ ਸਾਡੀ ਵਧੀਕ ਤੋਂ ਵਧੀਕ ਵਡਿਆਈ-ਇੱਜ਼ਤ ਹੋਵੇ (ਆਪਣੇ ਆਪ ਦੀ ਸੂਝ ਤੋਂ ਬਿਨਾ ਇਹ ਲਾਲਸਾ ਬਣੀ ਹੀ ਰਹਿੰਦੀ ਹੈ।)
ਗੁਰੂ ਦੀ ਸਰਨ ਪੈਣ ਤੋਂ ਬਿਨਾ ਆਪਣੇ ਆਪ ਦੀ ਪਛਾਣ ਨਹੀਂ ਹੋ ਸਕਦੀ, ਗਿਆਨ ਦੀਆਂ ਗੱਲਾਂ ਨਿਰੀਆਂ ਕਹਿਣ ਸੁਣਨ ਨਾਲ ਕੁਝ ਨਹੀਂ ਬਣਦਾ।
ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਆਪਣਾ ਆਪ ਪਛਾਣਿਆ ਜਾ ਸਕਦਾ ਹੈ (ਜੇਹੜਾ ਮਨੁੱਖ ਆਪੇ ਦੀ ਪਛਾਣ ਕਰ ਲੈਂਦਾ ਹੈ) ਉਹ ਆਪਣੀ ਵਡਿਆਈ ਦੀਆਂ ਗੱਲਾਂ ਨਹੀਂ ਕਰਦਾ ॥੮॥੮॥
(ਜੇ ਇਸਤ੍ਰੀ ਗਹਿਣਿਆਂ ਆਦਿਕ ਨਾਲ) ਆਪਣੇ ਆਪ ਨੂੰ ਸਜਾ ਲਏ, ਪਰ ਉਸ ਨੂੰ ਪਤੀ ਨਾਹ ਮਿਲੇ ਤਾਂ ਉਸ ਦੀ ਜੁਆਨੀ ਵਿਅਰਥ ਜਾਂਦੀ ਹੈ।
ਉਸ ਦਾ ਆਤਮਾ ਭੀ ਦੁਖੀ ਹੁੰਦਾ ਹੈ, ਕਿਉਂਕਿ ਉਹ ਆਨੰਦ ਨਾਲ ਪਤੀ ਦੀ ਸੋਹਣੀ ਸੇਜ ਮਾਣ ਨਹੀਂ ਸਕਦੀ, ਪਤੀ-ਮਿਲਾਪ ਤੋਂ ਬਿਨਾ ਉਸ ਦਾ ਸਿੰਗਾਰ ਵਿਅਰਥ ਜਾਂਦਾ ਹੈ।
ਉਸ ਭਾਗਹੀਣ ਇਸਤ੍ਰੀ ਨੂੰ ਬਹੁਤ ਦੁਖ ਵਿਆਪਦਾ ਹੈ, ਉਸ ਦੇ ਘਰ ਵਿਚ ਸੇਜ ਦਾ ਮਾਲਕ ਖਸਮ ਨਹੀਂ ਆਉਂਦਾ (ਜੀਵ-ਇਸਤ੍ਰੀ ਦੇ ਸਾਰੇ ਬਾਹਰ-ਮੁਖੀ ਧਾਰਮਿਕ ਉੱਦਮ ਵਿਅਰਥ ਜਾਂਦੇ ਹਨ, ਜੇ ਹਿਰਦੇ-ਸੇਜ ਦਾ ਮਾਲਕ ਪ੍ਰਭੂ ਹਿਰਦੇ ਵਿਚ ਪਰਗਟ ਨਾਹ ਹੋਵੇ) ॥੧॥
ਹੇ ਮਨ! ਪਰਮਾਤਮਾ ਦਾ ਨਾਮ ਸਿਮਰ, (ਤੈਨੂੰ) ਸੁਖ ਹੋਵੇਗਾ।
(ਪਰ ਮਨ ਭੀ ਕੀਹ ਕਰੇ? ਜਿਸ ਨਾਲ ਪਿਆਰ ਨਾਹ ਹੋਵੇ, ਉਸ ਨੂੰ ਮੁੜ ਮੁੜ ਕਿਵੇਂ ਯਾਦ ਕੀਤਾ ਜਾਏ? ਪਰਮਾਤਮਾ ਨਾਲ ਇਹ) ਪਿਆਰ ਗੁਰੂ ਤੋਂ ਬਿਨਾ ਨਹੀਂ ਬਣ ਸਕਦਾ। ਜੇਹੜਾ ਮਨ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਪ੍ਰਭੂ ਦੇ ਨਾਮ ਦਾ ਰੰਗ ਚੜ੍ਹ ਜਾਂਦਾ ਹੈ ॥੧॥ ਰਹਾਉ ॥
ਗੁਰੂ ਦੀ ਦੱਸੀ ਸੇਵਾ ਦੀ ਰਾਹੀਂ ਹੀ ਆਤਮਕ ਆਨੰਦ ਮਿਲਦਾ ਹੈ, ਪ੍ਰਭੂ-ਪਤੀ ਉਸੇ ਜੀਵ-ਇਸਤ੍ਰੀ ਨੂੰ ਮਿਲਦਾ ਹੈ ਜਿਸ ਨੇ ਅਡੋਲ ਆਤਮਕ ਅਵਸਥਾ ਵਿਚ (ਜੁੜ ਕੇ) ਆਪਣੇ ਆਪ ਨੂੰ ਸਿੰਗਾਰਿਆ ਹੈ।
ਉਹੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਸੋਹਣੀ ਸੇਜ ਮਾਣ ਸਕਦੀ ਹੈ ਜੋ ਉਸ ਸਦਾ-ਥਿਰ ਪ੍ਰਭੂ ਵਿਚ (ਜੁੜੀ ਰਹਿੰਦੀ ਹੈ), ਜਿਸ ਦਾ ਪ੍ਰਭੂ-ਪਤੀ ਨਾਲ ਗੂੜ੍ਹਾ ਹਿਤ ਹੈ ਗੂੜ੍ਹਾ ਪਿਆਰ ਹੈ।
ਗੁਰੂ ਦੇ ਮਨਮੁਖ ਰਹਿ ਕੇ ਹੀ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ ਉਸਨੂੰ ਸਿੰਞਾਣਿਆ ਜਾ ਸਕਦਾ ਹੈ (ਭਾਵ, ਇਹ ਸਿੰਞਾਣ ਆਉਂਦੀ ਹੈ ਕਿ ਉਹ ਸਾਡਾ ਹੈ), ਉਹ ਸੁੰਦਰ ਗੁਣਾਂ ਦਾ ਮਾਲਕ ਪ੍ਰਭੂ (ਜਿਸ ਜੀਵ-ਇਸਤ੍ਰੀ ਨੂੰ ਮਿਲਾਇਆ ਹੈ) ਗੁਰੂ ਨੇ ਮਿਲਾਇਆ ਹੈ ॥੨॥
ਹੇ ਪ੍ਰਭੂ-ਪਤੀ ਦੀ ਸੁੰਦਰ ਇਸਤ੍ਰੀ! ਉਸ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ (ਸਦਾ) ਮਿਲੀ ਰਹੁ। ਪਤੀ-ਪ੍ਰਭੂ ਨੇ (ਜਿਸ ਜੀਵ-ਇਸਤ੍ਰੀ ਦੇ ਮਨ ਨੂੰ ਆਪਣੇ ਪਿਆਰ ਦਾ) ਰੰਗ ਚਾੜ੍ਹ ਕੇ (ਆਪਣੇ ਵਲ ਖਿੱਚ ਲਿਆ ਹੈ,
ਉਸਦਾ ਮਨ ਉਸਦਾ ਤਨ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਖਿੜ ਪਿਆ ਹੈ (ਉਸਦਾ ਜੀਵਨ ਇਤਨਾ ਅਮੋਲਕ ਬਣ ਜਾਂਦਾ ਹੈ ਕਿ) ਉਸ ਦਾ ਮੁੱਲ ਨਹੀਂ ਪੈ ਸਕਦਾ।
ਉਹ ਸੁਹਾਗ ਭਾਗ ਵਾਲੀ ਜੀਵ-ਇਸਤ੍ਰੀ ਸਦਾ-ਥਿਰ ਹਰੀ ਦੇ ਨਾਮ ਵਿਚ (ਜੁੜ ਕੇ) ਪਵਿਤ੍ਰ ਆਤਮਾ ਹੋ ਜਾਂਦੀ ਹੈ, ਤੇ ਪ੍ਰਭੂ-ਪਤੀ ਨੂੰ ਆਪਣੇ (ਹਿਰਦੇ) ਘਰ ਵਿਚ (ਹੀ ਲੱਭ ਲੈਂਦੀ ਹੈ) ॥੩॥
ਜੇ (ਜੀਵ-ਇਸਤ੍ਰੀ ਦਾ) ਥੋੜ੍ਹ-ਵਿਤਾ ਮਨ (ਪ੍ਰਭੂ ਪਤੀ ਦੇ ਵਿਸ਼ਾਲ) ਮਨ ਵਿਚ (ਥੋੜ੍ਹ-ਵਿਤੇ ਸੁਭਾਅ ਵਲੋਂ) ਮਰ ਜਾਏ, ਤਾਂ ਪ੍ਰਭੂ ਪਤੀ ਉਸ ਜੀਵ-ਨਾਰ ਨੂੰ ਪਿਆਰ ਕਰਦਾ ਹੈ।
ਜਿਵੇਂ ਇਕੋ ਧਾਗੇ ਵਿਚ ਪ੍ਰੋਤੇ ਹੋਏ ਮੋਤੀਆਂ ਦਾ ਹਾਰ ਗਲ ਵਿਚ ਪਾ ਲਈਦਾ ਹੈ, ਉਸੇ ਤਰ੍ਹਾਂ ਜੇ (ਜੀਵ-ਇਸਤ੍ਰੀ ਪ੍ਰਭੂ ਦੇ ਹੀ) ਇਕੋ ਸੁਰਤ ਧਾਗੇ ਵਿਚ ਇਕ ਮਿਕ ਹੋ ਕੇ ਪ੍ਰਭੂ ਵਿਚ ਲੀਨ ਹੋ ਜਾਂਦੀ ਹੈ।
ਪਰ ਇਹ ਆਤਮਕ ਆਨੰਦ ਸਤਸੰਗ ਵਿਚ ਟਿਕਿਆਂ ਹੀ ਮਿਲਦਾ ਹੈ, ਤੇ ਸਤਸੰਗ ਵਿਚ ਗੁਰੂ ਦੀ ਸਰਨ ਪੈ ਕੇ (ਮਨ ਨੂੰ) ਪ੍ਰਭੂ ਦੇ ਨਾਮ ਦਾ ਸਹਾਰਾ ਮਿਲਦਾ ਹੈ ॥੪॥
(ਜੇ ਮਨ ਨਾਮ ਤੋਂ ਵਾਂਜਿਆ ਰਹੇ, ਤਾਂ ਮਾਇਆ ਆਦਿਕ ਦੇ ਲਾਭ ਨਾਲ) ਇਕ ਖਿਨ ਵਿਚ ਹੀ (ਇਉਂ ਹੁੰਦਾ ਹੈ ਜਿਵੇਂ) ਜਿਊ ਪੈਂਦਾ ਹੈ, (ਤੇ ਮਾਇਆ ਆਦਿਕ ਦੀ ਘਾਟ ਨਾਲ) ਇਕ ਖਿਨ ਵਿਚ ਹੀ ਦੁਖੀ ਹੋ ਜਾਂਦਾ ਹੈ, ਇਕ ਖਿਨ (ਗੁਜ਼ਰਦਾ ਹੈ ਤਾਂ) ਉਹ ਜੰਮ ਪੈਂਦਾ ਹੈ, ਇਕ ਖਿਨ (ਗੁਜ਼ਰਦਾ ਹੈ ਤਾਂ) ਉਹ ਮਰ ਜਾਂਦਾ ਹੈ (ਭਾਵ, ਨਾਮ ਦੇ ਸਹਾਰੇ ਤੋਂ ਬਿਨਾ ਮਾਇਆ ਜੀਵ ਦੇ ਜੀਵਨ ਦਾ ਆਸਰਾ ਬਣ ਜਾਂਦੀ ਹੈ। ਜੇ ਮਾਇਆ ਆਵੇ ਤਾਂ ਉਤਸ਼ਾਹ, ਜੇ ਜਾਏ ਤਾਂ ਸਹਮ)।
ਜੋ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਪਾਂਦਾ ਹੈ (ਪ੍ਰਭੂ ਚਰਨਾਂ ਵਿਚ) ਜੁੜਿਆ ਰਹਿੰਦਾ ਹੈ ਉਸ ਨੂੰ ਮੌਤ (ਦਾ ਡਰ) ਸਤਾ ਨਹੀਂ ਸਕਦਾ।