ਸਤਿਗੁਰੂ ਨੇ (ਮੇਹਰ ਕਰ ਕੇ ਜੀਵ-ਇਸਤ੍ਰੀ ਮਾਇਆ ਦੇ ਪ੍ਰਭਾਵ ਤੋਂ ਇਤਨੀ) ਦੂਰ ਅਪੜਾ ਦਿੱਤੀ ਕਿ ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦੀ।
ਪ੍ਰਭੂ-ਪਤੀ ਦਾ ਪ੍ਰਤੱਖ ਦੀਦਾਰ ਕਰ ਕੇ ਉਹ ਪ੍ਰਸੰਨ-ਚਿੱਤ ਹੁੰਦੀ ਹੈ। ਪ੍ਰਭੂ-ਪਤੀ ਨੇ (ਜਦੋਂ) ਉਸ ਨਾਲ ਪਿਆਰ ਕੀਤਾ, ਤਾਂ ਉਸ ਦੇ ਚਰਨਾਂ ਵਿਚ ਜੁੜ ਕੇ ਉਹ ਆਪਣਾ ਆਤਮਕ ਜੀਵਨ ਸੰਵਾਰਦੀ ਹੈ।
ਸਦਾ-ਥਿਰ ਪ੍ਰੀਤਮ ਪ੍ਰਭੂ ਨੂੰ ਉਸ ਜੀਵ-ਇਸਤ੍ਰੀ ਦੀ ਲੋੜ ਪਈ (ਭਾਵ, ਜੀਵ-ਇਸਤ੍ਰੀ ਉਸ ਦੇ ਲੇਖੇ ਵਿਚ ਆ ਗਈ) ਉਸ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ। (ਇਸ ਮਿਲਾਪ ਦੀ ਬਰਕਤਿ ਨਾਲ) ਉਸ ਦੀ ਮਤਿ ਉਕਾਈ-ਹੀਣ ਹੋ ਗਈ, ਉਹ ਮੰਨੀ-ਪ੍ਰਮੰਨੀ ਗਈ।
ਚੰਗੇ ਭਾਗਾਂ ਨਾਲ ਉਸ ਦਾ ਮਿਲਾਪ ਹੋ ਗਿਆ, ਪ੍ਰਭੂ-ਚਰਨਾਂ ਵਿਚ ਉਸ ਦਾ ਜੀਵਨ ਸੁਖੀ ਹੋ ਗਿਆ, ਉਹ ਗੁਣਾਂ ਵਾਲੀ ਹੋ ਗਈ, ਗੁਰੂ ਦੇ ਦਿੱਤੇ ਗਿਆਨ ਵਾਲੀ ਹੋ ਗਈ।
ਸਤ ਸੰਤੋਖ ਤੇ ਸਦਾ-ਥਿਰ ਯਾਦ ਉਸ ਦੇ ਹਿਰਦੇ ਵਿਚ ਟਿਕ ਜਾਂਦੀ ਹੈ, ਉਹ ਸਦਾ-ਥਿਰ ਪ੍ਰਭੂ ਨੂੰ ਸਦਾ ਸਿਮਰਦੀ ਹੈ, ਉਹ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ।
ਹੇ ਨਾਨਕ! ਜੀਵ-ਇਸਤ੍ਰੀ (ਪ੍ਰਭੂ-ਚਰਨਾਂ ਤੋਂ) ਵਿਛੁੜ ਕੇ ਦੁੱਖ ਨਹੀਂ ਪਾਂਦੀ, ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਉਹ ਪ੍ਰਭੂ ਦੀ ਗੋਦ ਵਿਚ ਹੀ ਲੀਨ ਹੋ ਜਾਂਦੀ ਹੈ ॥੪॥੧॥
ਰਾਗ ਸੂਹੀ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਛੰਤ' (ਛੰਦ)।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮੇਰੇ ਹਿਰਦੇ-ਘਰ ਵਿਚ ਮਿੱਤਰ-ਪ੍ਰਭੂ ਜੀ ਆ ਪ੍ਰਗਟੇ ਹਨ।
ਸਦਾ-ਥਿਰ ਪ੍ਰਭੂ ਨੇ ਮੈਨੂੰ ਆਪਣੇ ਚਰਨਾਂ ਵਿਚ ਜੋੜ ਲਿਆ ਹੈ।
ਪ੍ਰਭੂ ਜੀ ਨੇ ਮੈਨੂੰ ਆਤਮਕ ਅਡੋਲਤਾ ਵਿਚ ਟਿਕਾ ਦਿੱਤਾ ਹੈ, ਹੁਣ ਪ੍ਰਭੂ ਜੀ ਮੇਰੇ ਮਨ ਵਿਚ ਪਿਆਰੇ ਲੱਗ ਰਹੇ ਹਨ, ਮੇਰੇ ਪੰਜੇ ਗਿਆਨ-ਇੰਦ੍ਰੇ (ਆਪੋ ਆਪਣੇ ਵਿਸ਼ੇ ਵਲ ਦੌੜਨ ਦੇ ਥਾਂ ਪ੍ਰਭੂ-ਪਿਆਰ ਵਿਚ) ਇਕੱਠੇ ਹੋ ਬੈਠੇ ਹਨ, ਮੈਂ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ।
ਜਿਸ ਨਾਮ-ਵਸਤੂ ਦੀ ਮੇਰੇ ਅੰਦਰ ਤਾਂਘ ਪੈਦਾ ਹੋ ਰਹੀ ਸੀ, ਉਹ ਹੁਣ ਮੈਨੂੰ ਮਿਲ ਗਈ ਹੈ।
ਹੁਣ ਹਰ ਵੇਲੇ ਪ੍ਰਭੂ ਦੇ ਨਾਮ ਨਾਲ ਮੇਰਾ ਮਿਲਾਪ ਬਣਿਆ ਰਹਿੰਦਾ ਹੈ, ਮੇਰਾ ਮਨ (ਉਸ ਨਾਮ ਨਾਲ) ਗਿੱਝ ਗਿਆ ਹੈ, ਮੇਰਾ ਹਿਰਦਾ ਤੇ ਗਿਆਨ-ਇੰਦ੍ਰੇ ਸੁਹਾਵਣੇ ਹੋ ਗਏ ਹਨ।
ਮੇਰੇ ਹਿਰਦੇ-ਘਰ ਵਿਚ ਸੱਜਣ-ਪ੍ਰਭੂ ਜੀ ਆ ਪ੍ਰਗਟੇ ਹਨ (ਹੁਣ ਮੇਰੇ ਅੰਦਰ ਅਜੇਹਾ ਆਨੰਦ ਬਣਿਆ ਪਿਆ ਹੈ, ਮਾਨੋ) ਪੰਜ ਕਿਸਮਾਂ ਦੇ ਸਾਜ ਲਗਾਤਾਰ ਮਿਲਵੀਂ ਸੁਰ ਵਿਚ (ਮੇਰੇ ਅੰਦਰ) ਵੱਜ ਰਹੇ ਹਨ ॥੧॥
ਹੇ ਮੇਰੇ ਗਿਆਨ-ਇੰਦ੍ਰਿਓ! ਆਓ!
ਹੇ ਮੇਰੀ ਸਹੇਲੀਓ! ਪਰਮਾਤਮਾ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਵੋ ਜੋ ਮਨ ਵਿਚ ਹੁਲਾਰਾ ਪੈਦਾ ਕਰਦੇ ਹਨ।
ਉਹ ਗੀਤ ਗਾਵੋ ਜੋ ਅਟੱਲ ਆਤਮਕ ਆਨੰਦ ਪੈਦਾ ਕਰਦਾ ਹੈ, ਸਿਫ਼ਤਿ-ਸਾਲਾਹ ਦਾ ਉਹ ਗੀਤ ਗਾਵੋ ਜੋ ਚਹੁ ਜੁਗਾਂ ਵਿਚ ਆਤਮਕ ਹੁਲਾਰਾ ਦੇਈ ਰੱਖਦਾ ਹੈ, ਤਦੋਂ ਹੀ ਤੁਸੀ ਪ੍ਰਭੂ ਨੂੰ ਚੰਗੀਆਂ ਲੱਗੋਗੀਆਂ।
(ਹੇ ਸਹੇਲੀਓ! ਮੇਰੇ ਹਿਰਦੇ ਨੂੰ ਆਪਣਾ ਘਰ ਬਣਾ ਕੇ ਸੱਜਣ-ਪ੍ਰਭੂ) ਆਪਣੇ ਘਰ ਵਿਚ ਆਇਆ ਹੈ, ਮੇਰੇ ਹਿਰਦੇ-ਥਾਂ ਵਿਚ ਬੈਠਾ ਸੋਭਾ ਦੇ ਰਿਹਾ ਹੈ, ਗੁਰੂ ਦੇ ਸ਼ਬਦ ਨੇ ਮੇਰੇ ਜੀਵਨ-ਮਨੋਰਥ ਸਵਾਰ ਦਿੱਤੇ ਹਨ।
ਉੱਚੇ ਤੋਂ ਉੱਚਾ ਆਤਮਕ ਆਨੰਦ ਦੇਣ ਵਾਲਾ ਸਤਿਗੁਰੂ ਦੇ ਬਖ਼ਸ਼ੇ ਗਿਆਨ ਦਾ ਸੁਰਮਾ ਮੈਨੂੰ ਅੱਖਾਂ ਵਿਚ ਪਾਣ ਲਈ ਮਿਲਿਆ ਹੈ (ਉਸ ਦੀ ਬਰਕਤਿ ਨਾਲ ਗੁਰੂ ਨੇ) ਮੈਨੂੰ ਤਿੰਨਾਂ ਭਵਨਾਂ ਵਿਚ ਵਿਆਪਕ ਪ੍ਰਭੂ ਦਾ ਦਰਸਨ ਕਰਾ ਦਿੱਤਾ ਹੈ।
ਹੇ ਸਹੇਲੀਓ! ਪ੍ਰਭੂ ਚਰਨਾਂ ਵਿਚ ਜੁੜੋ ਤੇ ਆਨੰਦ ਨਾਲ ਸਿਫ਼ਤਿ-ਸਾਲਾਹ ਦਾ ਉਹ ਗੀਤ ਗਾਵੋ ਜੋ ਆਤਮਕ ਹੁਲਾਰਾ ਪੈਦਾ ਕਰਦਾ ਹੈ, ਮੇਰੇ ਹਿਰਦੇ-ਘਰ ਵਿਚ ਸੱਜਣ ਪ੍ਰਭੂ ਆ ਪ੍ਰਗਟਿਆ ਹੈ ॥੨॥
(ਹੇ ਸਹੇਲੀਹੋ!) ਮੇਰਾ ਮਨ ਤੇ ਸਰੀਰ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਿੱਜ ਗਿਆ ਹੈ,
ਮੇਰੇ ਹਿਰਦੇ ਵਿਚ ਪ੍ਰੇਮ-ਰਤਨ ਪੈਦਾ ਹੋ ਪਿਆ ਹੈ।
ਮੇਰੇ ਹਿਰਦੇ ਵਿਚ ਪਰਮਾਤਮਾ ਦੇ ਗੁਣਾਂ ਦੀ ਵਿਚਾਰ (ਦਾ ਇਕ ਐਸਾ) ਸੋਹਣਾ ਰਤਨ ਪੈਦਾ ਹੋ ਪਿਆ ਹੈ,
(ਜਿਸ ਦੀ ਬਰਕਤਿ ਨਾਲ ਮੈਂ ਉਸ ਦੇ ਦਰ ਤੇ ਇਉਂ ਅਰਦਾਸਿ ਕਰਦੀ ਹਾਂ-ਹੇ ਪ੍ਰਭੂ! ਸਾਰੇ ਜੀਵ ਤੇਰੇ ਦਰ ਦੇ ਭਿਖਾਰੀ ਹਨ) ਤੂੰ ਭਿਖਾਰੀ ਜੀਵਾਂ ਦਾ ਕਾਮਯਾਬ ਦਾਤਾ ਹੈਂ, ਤੂੰ ਹਰੇਕ ਜੀਵ ਦੇ ਸਿਰ ਉਤੇ (ਰਾਖਾ ਤੇ) ਦਾਤਾਰ ਹੈਂ।
ਤੂੰ ਸਿਆਣਾ ਹੈਂ, ਗਿਆਨ-ਵਾਨ ਹੈਂ, ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈਂ, ਤੂੰ ਆਪ ਹੀ ਇਹ (ਸਾਰਾ) ਜਗਤ ਰਚਿਆ ਹੈ (ਤੇ ਆਪ ਹੀ ਹਰੇਕ ਦੀਆਂ ਲੋੜਾਂ ਪੂਰੀਆਂ ਕਰਨੀਆਂ ਜਾਣਦਾ ਹੈਂ ਤੇ ਪੂਰੀਆਂ ਕਰਦਾ ਹੈਂ)।
ਹੇ ਸਹੇਲੀਓ! (ਮੇਰਾ ਹਾਲ ਸੁਣੋ) ਮੋਹਨ-ਪ੍ਰਭੂ ਨੇ ਮੇਰਾ ਮਨ ਆਪਣੇ ਪ੍ਰੇਮ ਦੇ ਵੱਸ ਵਿਚ ਕਰ ਲਿਆ ਹੈ, ਮੇਰਾ ਮਨ ਮੇਰਾ ਤਨ ਉਸ ਦੇ ਨਾਮ-ਅੰਮ੍ਰਿਤ ਨਾਲ ਭਿੱਜਾ ਪਿਆ ਹੈ ॥੩॥
ਹੇ ਪ੍ਰਭੂ! ਤੂੰ ਸੰਸਾਰ ਦੀ ਜਿੰਦ-ਜਾਨ ਹੈਂ,
ਇਹ ਸੰਸਾਰ ਤੇਰੀ ਸਚ-ਮੁਚ ਦੀ ਰਚੀ ਹੋਈ ਖੇਡ ਹੈ (ਭਾਵ, ਹੈ ਤਾਂ ਇਹ ਸੰਸਾਰ ਇਕ ਖੇਡ ਹੀ, ਹੈ ਤਾਂ ਨਾਸਵੰਤ, ਪਰ ਮਨ ਦਾ ਭਰਮ ਨਹੀਂ, ਸਚ-ਮੁਚ ਮੌਜੂਦ ਹੈ)।
ਹੇ ਅਪਹੁੰਚ ਤੇ ਬੇਅੰਤ ਪ੍ਰਭੂ! ਇਹ ਸੰਸਾਰ ਤੇਰੀ ਸਚ-ਮੁਚ ਦੀ ਰਚੀ ਹੋਈ ਇਕ ਖੇਡ ਹੈ (ਇਹ ਅਸਲੀਅਤ) ਤੈਥੋਂ ਬਿਨਾ ਕੋਈ ਸਮਝਾ ਨਹੀਂ ਸਕਦਾ।
(ਇਹ ਸੰਸਾਰ ਵਿਚ) ਅਨੇਕਾਂ ਹੀ ਪੁੱਗੇ ਹੋਏ ਜੋਗੀ ਅਨੇਕਾਂ ਹੀ ਸਾਧਨਾਂ ਕਰਨ ਵਾਲੇ ਤੇ ਅਨੇਕਾਂ ਹੀ ਸਿਆਣੇ ਹੁੰਦੇ ਆਏ ਹਨ (ਤੇਰੀ ਹੀ ਮੇਹਰ ਨਾਲ ਇਸ ਮਰਾਤਬੇ ਤੇ ਪਹੁੰਚਦੇ ਹਨ) ਤੈਥੋਂ ਬਿਨਾ ਹੋਰ ਕੋਈ ਤੇਰਾ ਸਿਮਰਨ ਨਹੀਂ ਕਰਾ ਸਕਦਾ।
(ਤੇਰੀ ਹੀ ਮੇਹਰ ਨਾਲ) ਗੁਰੂ ਨੇ ਜਿਸ ਦਾ ਮਨ ਤੇਰੇ ਚਰਨਾਂ ਵਿਚ ਜੋੜਿਆ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਗਿਆ।
ਹੇ ਨਾਨਕ! (ਪ੍ਰਭੂ ਦੀ ਮੇਹਰ ਦਾ ਸਦਕਾ) ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ) ਔਗੁਣ ਸਾੜ ਲਏ, ਉਸ ਨੇ ਗੁਣਾਂ ਦੇ ਮਿਲਾਪ ਨਾਲ ਪ੍ਰਭੂ ਨੂੰ ਲੱਭ ਲਿਆ ॥੪॥੧॥੨॥
ਰਾਗ ਸੂਹੀ, ਘਰ ੩ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਸੱਜਣ-ਪ੍ਰਭੂ! ਆ, ਮੈਂ ਤੇਰਾ ਦਰਸਨ ਕਰ ਸਕਾਂ।
(ਹੇ ਸੱਜਣ!) ਮੈਂ ਆਪਣੇ ਹਿਰਦੇ ਵਿਚ ਪੂਰੀ ਸਾਵਧਾਨਤਾ ਨਾਲ ਤੇਰੀ ਉਡੀਕ ਕਰ ਰਹੀ ਹਾਂ, ਮੇਰੇ ਮਨ ਵਿਚ ਬੜਾ ਹੀ ਚਾਉ ਹੈ (ਕਿ ਮੈਨੂੰ ਤੇਰਾ ਦਰਸਨ ਹੋਵੇ)।
ਹੇ ਮੇਰੇ ਪ੍ਰਭੂ! (ਮੇਰੀ ਬੇਨਤੀ) ਸੁਣ, ਮੇਰੇ ਮਨ ਵਿਚ (ਤੇਰੇ ਦਰਸਨ ਲਈ) ਬੜਾ ਹੀ ਚਾਉ ਹੈ, ਮੈਨੂੰ ਆਸਰਾ ਭੀ ਤੇਰਾ ਹੀ ਹੈ।
(ਹੇ ਪ੍ਰਭੂ!) ਜਿਸ ਜੀਵ-ਇਸਤ੍ਰੀ ਨੇ ਤੇਰਾ ਦਰਸਨ ਕਰ ਲਿਆ, ਉਹ ਪਵਿੱਤ੍ਰ-ਆਤਮਾ ਹੋ ਗਈ, ਉਸ ਦਾ ਜਨਮ ਮਰਨ ਦਾ ਦੁੱਖ ਦੂਰ ਹੋ ਗਿਆ।