ਰਾਗ ਬਸੰਤੁ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਤੁਕੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ (ਮੇਰੇ) ਮਨ! (ਗੁਰੂ ਦੀ) ਸਿੱਖਿਆ ਸੁਣ ਕੇ ਪ੍ਰੇਮ ਨਾਲ (ਪਰਮਾਤਮਾ ਦਾ ਨਾਮ) ਜਪਿਆ ਕਰ।
ਅਜਾਮਲ (ਪ੍ਰਭੂ ਦਾ ਨਾਮ) ਜਪ ਕੇ ਸਦਾ ਲਈ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ।
ਬਾਲਮੀਕ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੋਈ (ਉਸ ਨੇ ਭੀ ਹਰਿ-ਨਾਮ ਜਪਿਆ, ਤੇ, ਉਸ ਦਾ ਪਾਰ-ਉਤਾਰਾ ਹੋ ਗਿਆ)।
(ਨਾਮ ਜਪਣ ਦੀ ਹੀ ਬਰਕਤਿ ਨਾਲ) ਧ੍ਰੂ ਨੂੰ ਪਰਮਾਤਮਾ ਪ੍ਰਤੱਖ ਹੋ ਕੇ ਮਿਲ ਪਿਆ ॥੧॥
ਹੇ ਪ੍ਰਭੂ! ਮੈਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ,
ਦੇਣ ਦੀ ਕਿਰਪਾ ਕਰ (ਉਹ ਚਰਨ-ਧੂੜ ਲੈ ਕੇ) ਮੈਂ ਆਪਣੇ ਮੱਥੇ ਤੇ ਲਾਵਾਂਗਾ ॥੧॥ ਰਹਾਉ ॥
ਹੇ (ਮੇਰੇ) ਮਨ! (ਜਿਉਂ ਜਿਉਂ) ਤੋਤਾ ਰਾਮ-ਨਾਮ ਉਚਾਰਦਾ ਸੀ (ਉਸ ਨੂੰ ਰਾਮ-ਨਾਮ ਸਿਖਾਲਣ ਲਈ ਗਨਿਕਾ ਭੀ ਰਾਮ-ਨਾਮ ਉਚਾਰਦੀ ਸੀ, ਤੇ, ਨਾਮ ਸਿਮਰਨ ਦੀ ਬਰਕਤਿ ਨਾਲ) ਗਨਿਕਾ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਈ।
(ਸਰਾਪ ਦੇ ਕਾਰਨ ਗੰਧਰਬ ਤੋਂ ਬਣੇ ਹੋਏ) ਵੱਡੇ ਹਾਥੀ ਨੇ (ਸਰੋਵਰ ਵਿਚ ਤੰਦੂਏ ਦੀ ਫਾਹੀ ਵਿਚ ਫਸ ਕੇ) ਪਰਮਾਤਮਾ ਦਾ ਧਿਆਨ ਧਰਿਆ, ਪਰਮਾਤਮਾ ਨੇ ਉਸ ਨੂੰ (ਤੰਦੂਏ ਦੀ) ਫਾਹੀ ਵਿਚੋਂ ਬਚਾ ਲਿਆ।
ਸੁਦਾਮੇ ਬ੍ਰਾਹਮਣ ਦੀ (ਕ੍ਰਿਸ਼ਨ ਜੀ ਨੇ) ਗਰੀਬੀ ਕੱਟੀ।
ਹੇ (ਮੇਰੇ) ਮਨ! ਤੂੰ ਭੀ ਪਰਮਾਤਮਾ ਦਾ ਭਜਨ ਕਰਿਆ ਕਰ ॥੨॥
ਹੇ (ਮੇਰੇ) ਮਨ! (ਕ੍ਰਿਸ਼ਨ ਜੀ ਨੂੰ) ਤੀਰ ਨਾਲ ਮਾਰਨ ਵਾਲੇ ਸ਼ਿਕਾਰੀ ਨੂੰ (ਕ੍ਰਿਸ਼ਨ ਜੀ ਨੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ।
(ਕ੍ਰਿਸ਼ਨ ਜੀ ਦੇ) ਅੰਗੂਠੇ ਦੀ ਛੁਹ ਨਾਲ ਕੁਬਿਜਾ ਪਾਰ ਲੰਘ ਗਈ।
ਬਿਦਰ ਨੂੰ (ਉਸ ਦੇ) ਸੇਵਾ ਭਾਵ ਦੇ ਕਾਰਨ (ਕ੍ਰਿਸ਼ਨ ਜੀ ਨੇ) ਪਾਰ ਲੰਘਾ ਦਿੱਤਾ।
ਹੇ (ਮੇਰੇ) ਮਨ! ਤੂੰ ਭੀ ਪਰਮਾਤਮਾ ਦਾ ਧਿਆਨ ਧਰਿਆ ਕਰ ॥੩॥
ਹੇ (ਮੇਰੇ) ਮਨ! ਪ੍ਰਹਲਾਦ ਦੀ ਇੱਜ਼ਤ ਪਰਮਾਤਮਾ ਨੇ ਆਪ ਰੱਖੀ।
(ਦੁਰਜੋਧਨ ਦੀ ਸਭਾ ਵਿਚ ਦ੍ਰੋਪਤੀ ਨੂੰ ਨਗਨ ਕਰਨ ਲਈ ਜਦੋਂ) ਦ੍ਰੋਪਤੀ ਦੇ ਬਸਤ੍ਰ ਲਾਹੇ ਜਾ ਰਹੇ ਸਨ, ਤਦੋਂ (ਕ੍ਰਿਸ਼ਨ ਜੀ ਨੇ ਉਸ ਦੀ) ਇੱਜ਼ਤ ਬਚਾਈ।
ਹੇ ਮਨ! ਜਿਸ ਜਿਸ ਨੇ ਭੀ ਔਖੇ ਵੇਲੇ ਪਰਮਾਤਮਾ ਦਾ ਪੱਲਾ ਫੜਿਆ (ਪਰਮਾਤਮਾ ਨੇ ਉਸ ਦੀ ਲਾਜ ਰੱਖੀ)।
ਹੇ (ਮੇਰੇ) ਮਨ! ਤੂੰ ਭੀ ਪਰਮਾਤਮਾ ਦੀ ਸਰਨ ਪਉ, (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਹਿਂਗਾ ॥੪॥
ਹੇ (ਮੇਰੇ) ਮਨ! ਧੰਨੇ ਨੇ (ਗੁਰੂ ਦੀ ਸਰਨ ਪੈ ਕੇ) ਬਾਲਾਂ ਵਾਲੀ (ਨਿਰਵੈਰ) ਬੁੱਧੀ ਪ੍ਰਾਪਤ ਕਰ ਕੇ ਪਰਮਾਤਮਾ ਦੀ ਭਗਤੀ ਕੀਤੀ।
ਗੁਰੂ ਨੂੰ ਮਿਲ ਕੇ ਤ੍ਰਿਲੋਚਨ ਨੂੰ ਭੀ ਆਤਮਕ ਜੀਵਨ ਵਿਚ ਸਫਲਤਾ ਪ੍ਰਾਪਤ ਹੋਈ।
ਗੁਰੂ ਨੇ (ਭਗਤ) ਬੇਣੀ ਨੂੰ ਆਤਮਕ ਜੀਵਨ ਦਾ ਚਾਨਣ ਬਖ਼ਸ਼ਿਆ।
ਹੇ (ਮੇਰੇ) ਮਨ! ਤੂੰ ਭੀ ਪਰਮਾਤਮਾ ਦਾ ਭਗਤ (ਇਸੇ ਤਰ੍ਹਾਂ) ਬਣ ॥੫॥
ਹੇ (ਮੇਰੇ) ਮਨ! (ਗੁਰੂ ਨੂੰ ਮਿਲ ਕੇ) ਜੈਦੇਵ ਨੇ (ਆਪਣੇ ਬ੍ਰਾਹਮਣ ਹੋਣ ਦਾ) ਮਾਣ ਛੱਡਿਆ।
ਸੈਣ ਨਾਈ (ਗੁਰੂ ਦੀ ਸਰਨ ਪੈ ਕੇ) ਭਗਤੀ ਦੀ ਬਰਕਤਿ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ,
(ਸੈਣ ਦਾ) ਮਨ ਕਿਸੇ ਭੀ ਥਾਂ (ਮਾਇਆ ਦੇ ਠੇਡਿਆਂ ਨਾਲ) ਡਿੱਗ ਕੇ ਡੋਲਦਾ ਨਹੀਂ ਸੀ।
ਹੇ (ਮੇਰੇ) ਮਨ! (ਗੁਰੂ ਦੀ) ਸਰਨ ਪੈ ਕੇ ਤੂੰ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਹਿਂਗਾ ॥੬॥
ਹੇ ਪ੍ਰਭੂ! ਜਿਨ੍ਹਾਂ ਭਗਤ ਜਨਾਂ ਉਤੇ ਤੈਂ ਠਾਕੁਰ ਨੇ ਆਪ ਮਿਹਰ ਕੀਤੀ,
ਉਹਨਾਂ ਨੂੰ ਤੂੰ (ਸੰਸਾਰ-ਸਮੁੰਦਰ ਵਿਚੋਂ) ਬਚਾ ਲਿਆ।
ਤੂੰ ਉਹਨਾਂ ਦਾ ਨਾਹ ਕੋਈ ਗੁਣ ਤੇ ਨਾਹ ਕੋਈ ਔਗੁਣ ਵਿਚਾਰਿਆ।
ਹੇ ਪ੍ਰਭੂ! ਤੇਰੀ ਇਸ ਕਿਸਮ ਦੀ ਦਇਆਲਤਾ ਵੇਖ ਕੇ (ਮੇਰਾ ਭੀ) ਮਨ (ਤੇਰੀ) ਭਗਤੀ ਵਿਚ ਲੱਗ ਪਿਆ ਹੈ ॥੭॥
ਹੇ ਨਾਨਕ! ਕਬੀਰ ਨੇ ਇਕ-ਰਸ ਪਿਆਰ ਵਿਚ ਟਿਕ ਕੇ ਪਰਮਾਤਮਾ ਦਾ ਧਿਆਨ ਧਰਿਆ।
ਪ੍ਰਭੂ ਜੀ ਨਾਮਦੇਵ ਜੀ ਦੇ ਭੀ ਨਾਲ ਵੱਸਦੇ ਹਨ।
ਰਵਿਦਾਸ ਨੇ ਭੀ ਸੋਹਣੇ ਪ੍ਰਭੂ ਦਾ ਸਿਮਰਨ ਕੀਤਾ।
(ਇਹਨਾਂ ਸਭਨਾਂ ਉੱਤੇ ਗੁਰੂ ਨੇ ਹੀ ਕਿਰਪਾ ਕੀਤੀ)। ਹੇ ਨਾਨਕ! ਗੁਰੂ ਪਰਮਾਤਮਾ ਦਾ ਰੂਪ ਹੈ (ਤੂੰ ਭੀ ਗੁਰੂ ਦੀ ਸਰਨ ਪਿਆ ਰਹੁ) ॥੮॥੧॥
ਮਨੁੱਖ ਅਨੇਕਾਂ ਜੂਨਾਂ ਅਨੇਕਾਂ ਜਨਮਾਂ ਵਿਚ ਭਟਕਦੇ ਫਿਰਦੇ ਹਨ।
ਪਰਮਾਤਮਾ ਦੇ ਸਿਮਰਨ ਤੋਂ ਬਿਨਾ ਨਰਕ ਵਿਚ ਪਏ ਰਹਿੰਦੇ ਹਨ।
ਭਗਤੀ ਤੋਂ ਬਿਨਾ (ਉਹਨਾਂ ਦਾ ਮਨ ਅਨੇਕਾਂ ਦੌੜਾਂ-ਭੱਜਾਂ ਵਿਚ) ਟੋਟੇ ਟੋਟੇ ਹੋਇਆ ਰਹਿੰਦਾ ਹੈ।
ਆਤਮਕ ਜੀਵਨ ਦੀ ਸੂਝ ਤੋਂ ਬਿਨਾ ਜਮਰਾਜ ਭੀ ਉਹਨਾਂ ਨੂੰ ਸਜ਼ਾ ਦੇਂਦਾ ਹੈ ॥੧॥
ਹੇ ਮੇਰੇ ਮਿੱਤਰ! ਸਦਾ ਪਰਮਾਤਮਾ ਦਾ ਭਜਨ ਕਰਿਆ ਕਰ।
ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਨਾਲ ਸਦਾ ਪਿਆਰ ਬਣਾਈ ਰੱਖ ॥੧॥ ਰਹਾਉ ॥
ਕਿਸੇ ਭੀ ਕੰਮਾਂ ਵਿਚ (ਉਸ ਮਨੁੱਖ ਨੂੰ) ਮਾਇਆ ਵਲੋਂ ਤ੍ਰਿਪਤੀ ਨਹੀਂ ਹੁੰਦੀ।
(ਉਸ ਨੂੰ ਇਹ ਸਮਝ ਨਹੀਂ ਆਉਂਦੀ ਕਿ) ਮਾਇਆ ਦੇ ਸਾਰੇ ਕੌਤਕ-ਤਮਾਸ਼ੇ ਧੂੰਏ ਦੇ ਬੱਦਲ (ਹੀ) ਹਨ (ਹਵਾ ਦੇ ਇੱਕੋ ਬੁੱਲੇ ਨਾਲ ਉੱਡ ਜਾਣ ਵਾਲੇ)।
(ਮਾਇਆ ਵਿਚ ਮਸਤ ਮਨੁੱਖ) ਪਾਪ ਕਰਦਾ ਭੀ ਝਿਜਕਦਾ ਨਹੀਂ।
ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦਾ ਮੱਤਾ ਹੋਇਆ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੨॥
ਮੈਂ ਮੈਂ ਕਰਦਿਆਂ ਉਸ ਮਨੁੱਖ ਦੇ ਅੰਦਰ ਵਿਕਾਰ ਵਧਦੇ ਜਾਂਦੇ ਹਨ,
ਜਗਤ ਦੇ ਮੋਹ ਅਤੇ ਲੋਭ ਵਿਚ ਉਹ ਸਦਾ ਡੁੱਬਾ ਰਹਿੰਦਾ ਹੈ,
ਕਾਮ-ਵਾਸਨਾ ਨੇ ਕ੍ਰੋਧ ਨੇ (ਉਸ ਦਾ) ਮਨ ਸਦਾ ਆਪਣੇ ਕਾਬੂ ਵਿਚ ਕੀਤਾ ਹੁੰਦਾ ਹੈ,
ਜਿਸ ਮਨੁੱਖ ਨੇ ਕਦੇ ਸੁਪਨੇ ਵਿਚ ਭੀ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ ॥੩॥
(ਨਾਮ ਤੋਂ ਸੱਖਣਾ ਮਨੁੱਖ) ਚਾਹੇ ਕਦੇ ਰਾਜਾ ਹੈ ਚਾਹੇ ਮੰਗਤਾ,
ਉਹ ਸਦਾ ਜਗਤ ਦੇ ਦੁੱਖਾਂ ਸੁਖਾਂ ਵਿਚ ਜਕੜਿਆ ਰਹਿੰਦਾ ਹੈ।
ਆਪਣੇ ਮਨ ਨੂੰ (ਸੰਸਾਰ-ਸਮੁੰਦਰ ਦੇ ਵਿਕਾਰਾਂ ਵਿਚ ਡੁੱਬਣ ਤੋਂ) ਬਚਾਣ ਦਾ ਉਹ ਕੋਈ ਉੱਦਮ ਨਹੀਂ ਕਰਦਾ।
ਪਾਪਾਂ ਦੀਆਂ ਫਾਹੀਆਂ ਉਸ ਨੂੰ ਸਦਾ ਪੈਂਦੀਆਂ ਜਾਂਦੀਆਂ ਹਨ ॥੪॥
ਪਿਆਰੇ ਮਿੱਤਰਾਂ ਵਿਚੋਂ ਕੋਈ ਭੀ (ਤੋੜ ਤਕ ਸਾਥ ਨਿਬਾਹੁਣ ਵਾਲਾ) ਸਾਥੀ ਨਹੀਂ ਬਣ ਸਕਦਾ।
(ਸਾਰੇ ਜੀਵ ਚੰਗੇ ਮੰਦੇ) ਕਰਮ ਆਪ ਕਰ ਕੇ ਆਪ ਹੀ (ਉਹਨਾਂ ਕੀਤੇ ਕਰਮਾਂ ਦਾ) ਫਲ ਭੋਗਦੇ ਹਨ (ਕੋਈ ਮਿੱਤਰ ਮਦਦ ਨਹੀਂ ਕਰ ਸਕਦਾ)।