ਪਰਮਾਤਮਾ ਦਾ ਨਾਮ ਸ਼ਾਂਤੀ ਦੇਣ ਵਾਲਾ ਪ੍ਰਭਾਵ ਹੈ-
ਇਹੀ ਗੱਲ ਵੇਦਾਂ ਪੁਰਾਣਾਂ ਸਿਮ੍ਰਿਤੀਆਂ ਅਤੇ ਸਾਧੂ ਜਨਾਂ ਨੇ ਖੋਜ ਖੋਜ ਕੇ ਦੱਸੀ ਹੈ ॥੧॥ ਰਹਾਉ ॥
ਸ਼ਿਵ-ਲੋਕ, ਬ੍ਰਹਮ-ਲੋਕ, ਇੰਦ੍ਰ-ਲੋਕ-ਇਹਨਾਂ (ਲੋਕਾਂ) ਵਿਚ ਪਹੁੰਚਿਆ ਹੋਇਆ ਭੀ ਤ੍ਰਿਸ਼ਨਾ ਦੀ ਅੱਗ ਵਿਚ ਸੜਦਾ ਹੀ ਫਿਰਦਾ ਹੈ।
ਸੁਆਮੀ-ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਜੀਵ ਸ਼ਾਂਤ-ਮਨ ਹੋ ਜਾਂਦੇ ਹਨ। (ਸਿਮਰਨ ਦੀ ਬਰਕਤਿ ਨਾਲ) ਸਾਰਾ ਦੁੱਖ ਦਰਦ ਅਤੇ ਭਟਕਣਾ ਦੂਰ ਹੋ ਜਾਂਦਾ ਹੈ ॥੧॥
ਪੁਰਾਣੇ ਸਮੇ ਦਾ ਚਾਹੇ ਨਵੇਂ ਸਮੇ ਦਾ ਜਿਹੜਾ ਜਿਹੜਾ ਭੀ (ਭਗਤ) ਸੰਸਾਰ-ਸਮੁੰਦਰ ਤੋਂ ਪਾਰ ਲੰਘਿਆ ਹੈ, ਉਹ ਪ੍ਰਭੂ-ਦੇਵ ਦੀ ਭਗਤੀ ਦੀ ਬਰਕਤਿ ਨਾਲ ਪ੍ਰੇਮ ਦੀ ਬਰਕਤਿ ਨਾਲ ਹੀ ਲੰਘਿਆ ਹੈ।
ਹੇ ਪ੍ਰਭੂ ਜੀ! (ਤੇਰੇ ਦਾਸ) ਨਾਨਕ ਦੀ (ਤੇਰੇ ਦਰ ਤੇ ਇਹੀ) ਬੇਨਤੀ ਹੈ ਕਿ (ਮੈਨੂੰ ਤੇਰੇ) ਸੰਤ ਜਨਾਂ ਦੀ (ਸਰਨ ਵਿਚ ਰਹਿ ਕੇ) ਸੇਵਾ ਕਰਨ ਦਾ ਮੌਕਾ ਮਿਲ ਜਾਏ ॥੨॥੫੨॥੭੫॥
ਹੇ (ਮੇਰੀ) ਜੀਭ! ਪਰਮਾਤਮਾ ਦੇ ਆਤਮਕ ਜੀਵਨ ਦੇਣ ਵਾਲੇ ਗੁਣ ਗਾਇਆ ਕਰ।
ਪਰਮਾਤਮਾ ਦਾ ਨਾਮ ਉਚਾਰਿਆ ਕਰ, ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਿਆ ਕਰ, ਪ੍ਰਭੂ ਦਾ ਨਾਮ ਉਚਾਰਿਆ ਕਰ ॥੧॥ ਰਹਾਉ ॥
ਪਰਮਾਤਮਾ ਦਾ ਨਾਮ ਹੀ ਕੀਮਤੀ ਧਨ ਹੈ, ਇਹ ਧਨ ਇਕੱਠਾ ਕਰਿਆ ਕਰ। ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਪ੍ਰਭੂ ਦਾ ਪਿਆਰ ਬਣਾਇਆ ਕਰ।
(ਨਾਮ ਤੋਂ ਬਿਨਾ) ਹੋਰ ਹੋਰ ਧਨ-ਪਦਾਰਥ ਨੂੰ ਨਾਸਵੰਤ ਸਮਝ। (ਪਰਮਾਤਮਾ ਦਾ ਨਾਮ ਹੀ) ਸਦਾ ਕਾਇਮ ਰਹਿਣ ਵਾਲਾ ਜੀਵਨ-ਮਨੋਰਥ ਹੈ ॥੧॥
ਸਿਰਫ਼ ਪਰਮਾਤਮਾ (ਦੇ ਨਾਮ) ਨਾਲ ਲਗਨ ਪੈਦਾ ਕਰ, ਪਰਮਾਤਮਾ ਹੀ ਜਿੰਦ ਦੇਣ ਵਾਲਾ ਹੈ, ਪ੍ਰਾਣ ਦੇਣ ਵਾਲਾ ਹੈ, ਮੁਕਤੀ (ਉੱਚੀ ਆਤਮਕ ਦਸ਼ਾ) ਦੇਣ ਵਾਲਾ ਹੈ।
ਨਾਨਕ ਆਖਦਾ ਹੈ- ਉਸ ਪਰਮਾਤਮਾ ਦੀ ਸਰਨ ਪਿਆ ਰਹੁ ਜੋ ਸਾਰੇ ਖਾਣ ਪੀਣ ਦੇ ਪਦਾਰਥ ਦੇਂਦਾ ਹੈ ॥੨॥੫੩॥੭੬॥
ਮੈਥੋਂ ਕੋਈ ਸੁਚੱਜਾ ਕਰਤੱਬ ਨਹੀਂ ਹੋ ਸਕਿਆ।
ਸੰਤ ਜਨਾਂ ਨੂੰ ਮਿਲ ਕੇ ਸਿਰਫ਼ ਪਰਮਾਤਮਾ ਦੀ ਸਰਨ ਪਏ ਰਹਿਣਾ-ਸਿਰਫ਼ ਇਹੀ ਆਸਰਾ ਮੈਂ ਲੱਭਾ ਹੈ ॥੧॥ ਰਹਾਉ ॥
(ਕਾਮਾਦਿਕ) ਪੰਜੇ ਵਿਕਾਰ ਅਤੇ ਹੋਰ ਐਬ (ਜੀਵ ਦੇ) ਇਸ ਸਰੀਰ ਵਿਚ ਟਿਕੇ ਰਹਿੰਦੇ ਹਨ, ਵਿਸ਼ੇ-ਵਿਕਾਰਾਂ ਵਾਲੀ ਕਰਣੀ (ਜੀਵ ਦੀ) ਬਣੀ ਰਹਿੰਦੀ ਹੈ।
(ਜੀਵ ਦੀਆਂ) ਆਸਾਂ ਬੇਅੰਤ ਹੁੰਦੀਆਂ ਹਨ, ਪਰ ਜ਼ਿੰਦਗੀ ਦੇ ਦਿਨ ਗਿਣੇ-ਮਿੱਥੇ ਹੁੰਦੇ ਹਨ। ਬੁਢੇਪਾ (ਜੀਵ ਦੇ ਸਰੀਰਕ) ਬਲ ਨੂੰ ਖਾਈ ਜਾਂਦਾ ਹੈ ॥੧॥
ਹੇ ਅਨਾਥਾਂ ਦੇ ਨਾਥ ਪ੍ਰਭੂ! ਹੇ ਦਇਆ ਦੇ ਸੋਮੇ ਪ੍ਰਭੂ! ਹੇ ਸੁਖਾਂ ਦੇ ਸਮੁੰਦਰ! ਹੇ (ਜੀਵਾਂ ਦੇ) ਸਾਰੇ ਵਿਕਾਰ ਤੇ ਡਰ ਦੂਰ ਕਰਨ ਵਾਲੇ!
ਤੇਰਾ ਦਾਸ ਨਾਨਕ (ਤੇਰੇ ਦਰ ਤੋਂ ਇਹ) ਮਨ-ਮੰਗੀ ਮੁਰਾਦ ਚਾਹੁੰਦਾ ਹੈ ਕਿ ਹੇ ਪ੍ਰਭੂ! ਤੇਰੇ ਚਰਨਾਂ ਦਾ ਦਰਸਨ ਕਰ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਰਹਾਂ ॥੨॥੫੪॥੭੭॥
ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਕ ਪਦਾਰਥਾਂ ਦੇ) ਸੁਆਦ ਫਿੱਕੇ ਹਨ।
ਪ੍ਰਭੂ ਦਾ ਕੀਰਤਨ ਹੀ ਆਤਮਕ ਜੀਵਨ ਦੇਣ ਵਾਲਾ ਰਸ ਹੈ, ਹਰੀ ਦਾ ਕੀਰਤਨ ਹੀ ਗਾਣਾ ਚਾਹੀਦਾ ਹੈ (ਜਿਹੜਾ ਮਨੁੱਖ ਗਾਂਦਾ ਹੈ, ਉਸ ਦੇ ਅੰਦਰ) ਦਿਨ ਰਾਤ ਆਤਮਕ ਆਨੰਦ ਦੇ ਵਾਜੇ ਵੱਜਦੇ ਰਹਿੰਦੇ ਹਨ ॥੧॥ ਰਹਾਉ ॥
ਪਰਮਾਤਮਾ ਦਾ ਨਾਮ ਸਿਮਰਦਿਆਂ ਆਤਮਕ ਸ਼ਾਂਤੀ ਮਿਲਦੀ ਹੈ ਬੜਾ ਸੁਖ ਪ੍ਰਾਪਤ ਕਰੀਦਾ ਹੈ, (ਅੰਦਰੋਂ) ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ।
ਪਰ ਪਰਮਾਤਮਾ ਦਾ ਨਾਮ ਸਿਮਰਨ ਦਾ ਇਹ ਲਾਭ ਸਾਧ ਸੰਗਤ ਵਿਚ ਹੀ ਮਿਲਦਾ ਹੈ। (ਜਿਹੜੇ ਮਨੁੱਖ ਗੁਰੂ ਦੀ ਸੰਗਤ ਵਿਚ ਮਿਲ ਬੈਠਦੇ ਹਨ ਉਹ) ਆਪਣੇ ਹਿਰਦੇ-ਘਰ ਵਿਚ ਇਹ ਖੱਟੀ ਲੱਦ ਕੇ ਲੈ ਆਉਂਦੇ ਹਨ ॥੧॥
(ਹੇ ਭਾਈ!) ਪਰਮਾਤਮਾ ਸਭਨਾਂ ਨਾਲੋਂ ਉੱਚਾ ਹੈ, ਉੱਚਿਆਂ ਤੋਂ ਉੱਚਾ ਹੈ, ਉਸ ਦੇ ਹੱਦ-ਬੰਨੇ ਦਾ ਅੰਤ ਨਹੀਂ ਪਾਇਆ ਜਾ ਸਕਦਾ।
ਹੇ ਨਾਨਕ! ਮੈਂ ਉਸ ਦੀ ਵਡਿਆਈ ਬਿਆਨ ਨਹੀਂ ਕਰ ਸਕਦਾ, ਵੇਖ ਕੇ ਹੀ ਹੈਰਾਨ ਰਹਿ ਜਾਈਦਾ ਹੈ ॥੨॥੫੫॥੭੮॥
(ਜਗਤ ਵਿਚ ਜੀਵ) ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਨ ਪੜ੍ਹਨ ਵਾਸਤੇ ਆਇਆ ਹੈ (ਇਹੀ ਹੈ ਇਸ ਦਾ ਅਸਲ ਜਨਮ-ਮਨੋਰਥ)।
ਪਰ ਜਿਹੜੇ ਪ੍ਰਾਣੀ (ਪਰਮਾਤਮਾ ਦਾ) ਨਾਮ ਭੁਲਾ ਕੇ ਹੋਰ ਲਾਲਚ ਵਿਚ ਲੱਗੇ ਰਹਿੰਦੇ ਹਨ, ਉਹਨਾਂ ਦਾ ਮਨੁੱਖ ਜਨਮ ਵਿਅਰਥ ਚਲਾ ਜਾਂਦਾ ਹੈ ॥੧॥ ਰਹਾਉ ॥
ਹੇ ਮੇਰੇ ਗ਼ਾਫ਼ਿਲ ਮਨ! ਹੋਸ਼ ਕਰ, ਅਕੱਥ ਪ੍ਰਭੂ ਦੀ ਜਿਹੜੀ ਸਿਫ਼ਤ-ਸਾਲਾਹ ਸੰਤ ਜਨਾਂ ਨੇ ਦੱਸੀ ਹੈ ਉਸ ਨੂੰ ਚੇਤੇ ਕਰਿਆ ਕਰ।
ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਓ, ਇਹ ਲਾਭ ਖੱਟੋ। (ਇਸ ਖੱਟੀ ਨਾਲ) ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ॥੧॥
ਹੇ ਪ੍ਰਭੂ! ਤੇਰਾ ਹੀ ਦਿੱਤਾ ਉੱਦਮ ਤੇਰੀ ਹੀ ਦਿੱਤੀ ਸ਼ਕਤੀ ਤੇ ਸਿਆਣਪ (ਅਸੀਂ ਜੀਵ ਵਰਤ ਸਕਦੇ ਹਾਂ), ਜੇ ਤੂੰ (ਉੱਦਮ ਸ਼ਕਤੀ ਸਿਆਣਪ) ਦੇਵੇਂ, ਤਾਂ ਹੀ ਮੈਂ ਨਾਮ ਜਪ ਸਕਦਾ ਹਾਂ।
ਹੇ ਨਾਨਕ! ਉਹੀ ਮਨੁੱਖ ਭਗਤ (ਬਣ ਸਕਦੇ ਹਨ) ਉਹੀ ਪਰਮਾਤਮਾ ਦੀ ਭਗਤੀ ਵਿਚ ਲੱਗ ਸਕਦੇ ਹਨ, ਜਿਹੜੇ ਪ੍ਰਭੂ ਨੂੰ ਪਸੰਦ ਆ ਜਾਂਦੇ ਹਨ ॥੨॥੫੬॥੭੯॥
ਅਸਲ ਧਨਾਢ ਮਨੁੱਖ ਉਹ ਹਨ ਜਿਹੜੇ ਪਰਮਾਤਮਾ ਦੇ ਨਾਮ ਦਾ ਵਣਜ ਕਰਦੇ ਹਨ।
ਉਹਨਾਂ ਨਾਲ ਸਾਂਝ ਬਣਾਓ, ਅਤੇ ਗੁਰੂ ਦਾ ਸ਼ਬਦ ਆਪਣੇ ਮਨ ਵਿਚ ਵਸਾ ਕੇ ਪਰਮਾਤਮਾ ਦਾ ਨਾਮ-ਧਨ ਖੱਟੋ ॥੧॥ ਰਹਾਉ ॥