ਉਹਨਾਂ ਮਨੁੱਖਾਂ ਨੂੰ (ਜਗਤ ਦੇ) ਆਦਿ ਵਿਚ ਹੁਣ ਅਖ਼ੀਰ ਵਿਚ (ਕਾਇਮ ਰਹਿਣ ਵਾਲਾ) ਉਹ ਪਰਮਾਤਮਾ ਹੀ ਦਿੱਸਦਾ ਹੈ,
(ਉਹਨਾਂ ਨੂੰ ਨਿਸ਼ਚਾ ਹੁੰਦਾ ਹੈ ਕਿ) ਕਰਤਾਰ ਆਪ ਹੀ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ,
ਸਾਧ ਸੰਗਤ ਦੀ ਬਰਕਤਿ ਨਾਲ ਜਿਨ੍ਹਾਂ ਮਨੁੱਖਾਂ ਦੀ ਹਰੇਕ ਭਟਕਣਾ ਜਿਨ੍ਹਾਂ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ। ਕੋਈ ਭੀ ਦੁੱਖ-ਕਲੇਸ਼ ਉਹਨਾਂ ਦੀ ਆਤਮਕ ਮੌਤ ਨਹੀਂ ਲਿਆ ਸਕਦੇ ॥੬॥
ਜੀਵਨ ਨੂੰ ਉੱਚਾ ਕਰਨ ਵਾਲੀ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਗਾਇਆ ਕਰੋ,
(ਹਰ ਵੇਲੇ) ਸਾਧ ਸੰਗਤ ਦੀ ਚਰਨ-ਧੂੜ ਮੰਗਿਆ ਕਰੋ,
(ਇਸ ਤਰ੍ਹਾਂ ਆਪਣੇ ਅੰਦਰ ਦੀਆਂ) ਸਾਰੀਆਂ ਵਾਸਨਾਂ ਮਿਟਾ ਕੇ ਵਾਸਨਾ-ਰਹਿਤ ਹੋ ਜਾਈਦਾ ਹੈ, ਅਤੇ ਆਪਣੇ ਸਾਰੇ ਪਾਪ ਸਾੜ ਲਈਦੇ ਹਨ ॥੭॥
ਸੰਤ ਜਨਾਂ ਦੀ (ਦੁਨੀਆ ਦੇ ਲੋਕਾਂ ਨਾਲੋਂ) ਇਹ ਵੱਖਰੀ ਹੀ ਜੀਵਨ-ਚਾਲ ਹੈ,
ਕਿ ਉਹ ਪਰਮਾਤਮਾ ਨੂੰ (ਸਦਾ ਆਪਣੇ) ਨਾਲ ਹੀ ਵੱਸਦਾ ਵੇਖਦੇ ਹਨ।
ਸੰਤ ਜਨ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਆਰਾਧਨ ਕਰਦੇ ਰਹਿੰਦੇ ਹਨ (ਉਹ ਜਾਣਦੇ ਹਨ ਕਿ) ਪਰਮਾਤਮਾ ਦਾ ਨਾਮ ਸਿਮਰਦਿਆਂ ਕਦੇ ਆਲਸ ਨਹੀਂ ਕਰਨਾ ਚਾਹੀਦਾ ॥੮॥
ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ! ਮੈਂ ਜਿਧਰ ਵੇਖਦਾ ਹਾਂ, ਉਧਰ (ਮੈਨੂੰ ਤੂੰ ਹੀ ਦਿੱਸਦਾ ਹੈਂ)।
ਹੇ ਮੇਰੇ ਮਾਲਕ-ਪ੍ਰਭੂ! (ਮਿਹਰ ਕਰ, ਮੈਨੂੰ) ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਵਿਸਰ।
ਹੇ ਪ੍ਰਭੂ! ਤੇਰੇ ਦਾਸ ਤੈਨੂੰ ਸਿਮਰ ਸਿਮਰ ਕੇ ਆਤਮਕ ਜੀਵਨ ਹਾਸਲ ਕਰਦੇ ਰਹਿੰਦੇ ਹਨ। ਹੇ ਪ੍ਰਭੂ! ਤੂੰ ਜੰਗਲ ਵਿਚ ਜਲ ਵਿਚ ਥਲ ਵਿਚ (ਹਰ ਥਾਂ ਵੱਸਦਾ ਹੈਂ) ॥੯॥
ਉਸ ਮਨੁੱਖ ਨੂੰ ਰਤਾ ਭਰ ਭੀ ਕੋਈ ਦੁੱਖ ਪੋਹ ਨਹੀਂ ਸਕਦਾ,
ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਿਆਂ ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦਾ ਹੈ।
ਉਹ ਮਨੁੱਖ (ਜਿਉਂ ਜਿਉਂ) ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹੈ (ਤਿਉਂ ਤਿਉਂ) ਆਤਮਕ ਆਨੰਦ ਮਾਣਦਾ ਹੈ, ਉਸ ਦਾ ਮਾਇਆ ਦੇ ਨਾਲ ਡੂੰਘਾ ਸੰਬੰਧ ਨਹੀਂ ਬਣਦਾ ॥੧੦॥
ਉਸ ਉਸ ਮਨੁੱਖ ਨੂੰ ਕੋਈ ਰੋਗ ਸੋਗ ਦੁੱਖ ਪੋਹ ਨਹੀਂ ਸਕਦੇ,
ਜਿਹੜੇ ਗੁਰੂ ਦੀ ਸੰਗਤ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ।
ਹੇ ਪ੍ਰੀਤਮ ਪ੍ਰਭੂ! ਹੇ ਖ਼ਲਕਤ ਦੇ ਪੈਦਾ ਕਰਨ ਵਾਲੇ! (ਮੇਰੀ ਭੀ) ਬੇਨਤੀ ਸੁਣ, (ਮੈਨੂੰ ਭੀ) ਆਪਣਾ ਨਾਮ ਦੇਹ ॥੧੧॥
ਹੇ ਪਿਆਰੇ! ਤੇਰਾ ਨਾਮ ਬਹੁਤ ਹੀ ਕੀਮਤੀ ਪਦਾਰਥ ਹੈ।
ਹੇ ਬੇਅੰਤ ਪ੍ਰਭੂ! ਤੇਰੇ ਦਾਸ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ।
ਹੇ ਪ੍ਰਭੂ! ਜਿਹੜੇ ਮਨੁੱਖ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਤੇਰੇ ਵਰਗੇ ਹੋ ਜਾਂਦੇ ਹਨ। ਪਰ ਅਜਿਹੇ ਬੰਦੇ ਬਹੁਤ ਵਿਰਲੇ ਲੱਭਦੇ ਹਨ ॥੧੨॥
ਹੇ ਪ੍ਰਭੂ! ਮੇਰਾ ਮਨ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ,
ਜਿਨ੍ਹਾਂ ਮਨੁੱਖਾਂ ਨੂੰ ਤੂੰ ਕਿਸੇ ਭੀ ਵੇਲੇ ਭੁੱਲਦਾ ਨਹੀਂ।
(ਅਜਿਹੇ) ਉਹਨਾਂ ਮਨੁੱਖਾਂ ਦੀ ਸੰਗਤ ਵਿਚ ਮੈਂ ਭੀ (ਉਸ ਪ੍ਰਭੂ ਦੀ ਮਿਹਰ ਨਾਲ) ਉੱਚਾ ਆਤਮਕ ਦਰਜਾ ਹਾਸਲ ਕਰ ਸਕਾਂਗਾ, ਅਤੇ ਪਰਮਾਤਮਾ (ਮੇਰਾ) ਸਦਾ ਸਾਥੀ ਬਣਿਆ ਰਹੇਗਾ ॥੧੩॥
ਉਹੀ ਮਨੁੱਖ ਮੇਰਾ ਪਿਆਰਾ ਸਜਣ ਹੈ ਮਿੱਤਰ ਹੈ,
ਜਿਹੜਾ ਮੇਰੀ ਖੋਟੀ ਮੱਤ ਦੂਰ ਕਰ ਕੇ (ਮੇਰੇ ਹਿਰਦੇ ਵਿਚ) ਇਕ (ਪਰਮਾਤਮਾ ਦੀ ਯਾਦ) ਨੂੰ ਪੱਕਾ ਕਰ ਦੇਵੇ,
ਜਿਹੜਾ ਮੇਰੇ ਪਾਸੋਂ ਕਾਮ ਕ੍ਰੋਧ ਅਹੰਕਾਰ (ਦਾ ਖਹਿੜਾ) ਛਡਾ ਦੇਵੇ। ਉਸ ਮਨੁੱਖ ਨੂੰ ਅਜਿਹਾ ਉਪਦੇਸ਼ (ਫੁਰਦਾ ਹੈ ਜੋ ਸੁਣਨ ਵਾਲਿਆਂ ਨੂੰ) ਪਵਿੱਤਰ ਕਰ ਦੇਂਦਾ ਹੈ ॥੧੪॥
ਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ (ਸਹਾਰਾ) ਨਹੀਂ।
ਗੁਰੂ ਨੇ ਮੈਨੂੰ ਪ੍ਰਭੂ ਦੇ ਪੈਰ ਫੜਾਏ ਹਨ।
ਮੈਂ ਪੂਰੇ ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਮੇਰੀ ਭਟਕਣਾ ਨਾਸ ਕੀਤੀ ਹੈ, ਜਿਸ ਨੇ ਵਿਕਾਰਾਂ ਦਾ ਝੱਖੜ ਥੰਮ੍ਹ ਲਿਆ ਹੈ ॥੧੫॥
(ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਹਰੇਕ ਸਾਹ ਦੇ ਨਾਲ (ਉਸ ਨੂੰ ਸਿਮਰਦਾ ਰਹਾਂ, ਮੈਨੂੰ ਕਿਸੇ ਭੀ ਵੇਲੇ ਉਹ) ਭੁੱਲੇ ਨਾਹ।
ਮੈਂ ਅੱਠੇ ਪਹਰ ਪ੍ਰਭੂ ਦਾ ਧਿਆਨ ਧਰਦਾ ਰਹਾਂ।
ਹੇ ਨਾਨਕ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਸਭ ਤੋਂ ਵੱਡਾ ਹੈਂ, ਤੇਰੇ ਸੰਤ ਤੇਰੇ ਪ੍ਰੇਮ-ਰੰਗ ਵਿਚ ਸਦਾ ਰੰਗੇ ਰਹਿੰਦੇ ਹਨ ॥੧੬॥੪॥੧੩॥
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਜੇ ਪ੍ਰਭੂ ਮਿਹਰ ਕਰੇ ਤਾਂ) ਮੈਂ (ਗੁਰੂ ਦੇ) ਸੋਹਣੇ ਚਰਣ ਸਦਾ (ਆਪਣੇ) ਹਿਰਦੇ ਵਿਚ ਟਿਕਾਈ ਰੱਖਾਂ,
ਪੂਰੇ ਗੁਰੂ ਨੂੰ ਹਰੇਕ ਖਿਨ ਨਮਸਕਾਰ ਕਰਦਾ ਰਹਾਂ,
ਆਪਣਾ ਤਨ ਆਪਣਾ ਮਨ ਸਭ ਕੁਝ (ਗੁਰੂ ਦੇ) ਅੱਗੇ ਭੇਟਾ ਕਰ ਕੇ ਰੱਖ ਦਿਆਂ (ਕਿਉਂਕਿ ਗੁਰੂ ਪਾਸੋਂ ਹੀ ਪਰਮਾਤਮਾ ਦਾ ਨਾਮ ਮਿਲਦਾ ਹੈ, ਤੇ) ਨਾਮ ਹੀ ਜਗਤ ਵਿਚ (ਜੀਵ ਨੂੰ) ਸੋਹਣਾ ਬਣਾਂਦਾ ਹੈ ॥੧॥
ਹੇ ਭਾਈ! ਤੂੰ ਉਸ ਮਾਲਕ-ਪ੍ਰਭੂ ਨੂੰ (ਆਪਣੇ) ਮਨ ਤੋਂ ਕਿਉਂ ਭੁਲਾਂਦਾ ਹੈਂ,
ਜਿਹੜਾ ਜਿੰਦ ਦੇ ਕੇ ਸਰੀਰ ਦੇ ਕੇ ਪੈਦਾ ਕਰ ਕੇ ਸੋਹਣਾ ਬਣਾਂਦਾ ਹੈ?
ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ (ਖਾਂਦਿਆਂ ਸਾਹ ਲੈਂਦਿਆਂ) ਕਰਤਾਰ ਨੂੰ ਆਪਣੇ ਹਿਰਦੇ ਵਿਚ ਸੰਭਾਲ ਰੱਖ। ਆਪਣੀ ਹੀ ਕੀਤੀ ਕਮਾਈ ਦਾ ਫਲ ਮਿਲਦਾ ਹੈ ॥੨॥
ਜਿਸ (ਕਰਤਾਰ ਦੇ ਦਰ) ਤੋਂ ਕਦੇ ਕੋਈ ਖ਼ਾਲੀ ਨਹੀਂ ਮੁੜਦਾ,
ਉਸ ਨੂੰ ਅੱਠੇ ਪਹਰ ਮਨ ਵਿਚ ਸਾਂਭ ਰੱਖ।