ਉਸ ਦੇ ਘਰ ਵਿਚ ਉਸ ਦੇ ਗੁਣਾਂ-ਰੂਪ ਲਾਲਾਂ ਦੇ ਖ਼ਜ਼ਾਨੇ ਭਰੇ ਪਏ ਹਨ।
ਉਹ ਪ੍ਰਭੂ ਸਭ ਜੀਵਾਂ ਨੂੰ ਆਸਰਾ ਦੇਂਦਾ ਹੈ ॥੩॥
ਹੇ ਮਨ! ਜਿਸ ਪ੍ਰਭੂ ਦਾ ਨਾਮ (ਹੀ ਦੱਸਦਾ ਹੈ ਕਿ ਉਹ) ਸਦਾ ਕਾਇਮ ਰਹਿਣ ਵਾਲਾ ਹੈ ਅਤੇ ਸਰਬ-ਵਿਆਪਕ ਹੈ,
ਉਸ ਦਾ ਜਸ ਹਰ ਵੇਲੇ ਗਾਇਆ ਕਰ, (ਉਸ ਦੀ ਸਿਫ਼ਤਿ-ਸਾਲਾਹ ਦੀ ਬਰਕਤ ਨਾਲ) ਕ੍ਰੋੜਾਂ ਪਾਪ ਮਿਟ ਜਾਂਦੇ ਹਨ।
ਉਹ (ਹਰੇਕ ਜੀਵ ਦਾ) ਮੁੱਢ ਦਾ ਸਾਥੀ ਹੈ, ਭਗਤਾਂ ਦਾ ਮਿੱਤਰ ਹੈ,
ਅਤੇ (ਹਰੇਕ ਦੀ) ਜਿੰਦ ਦਾ ਆਸਰਾ ਹੈ। ਹੇ ਨਾਨਕ! ਆਪਣੇ ਚਿੱਤ ਵਿਚ ਉਸ ਪ੍ਰਭੂ ਦਾ ਪਿਆਰ ਪੈਦਾ ਕਰ ॥੪॥੧॥੩॥
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਹੁਣ) ਮੈਂ ਪ੍ਰਭੂ ਦੇ ਨਾਮ ਨਾਲ (ਆਤਮਕ ਜੀਵਨ ਦਾ) ਵਪਾਰ ਕਰ ਰਿਹਾ ਹਾਂ।
ਪ੍ਰਭੂ ਦਾ ਨਾਮ ਹੀ (ਮੇਰੇ) ਇਸ ਮਨ ਦਾ ਆਸਰਾ ਬਣ ਗਿਆ ਹੈ।
ਨਾਮ ਨੂੰ ਹੀ ਮੈਂ ਆਪਣੇ ਚਿੱਤ ਵਿਚ (ਜੀਵਨ ਦਾ) ਸਹਾਰਾ ਬਣਾ ਲਿਆ ਹੈ।
(ਹੇ ਭਾਈ! ਪ੍ਰਭੂ ਦਾ) ਨਾਮ ਜਪਦਿਆਂ ਕ੍ਰੋੜਾਂ ਪਾਪ ਮਿਟ ਜਾਂਦੇ ਹਨ ॥੧॥
ਹੇ ਭਾਈ! ਗੁਰੂ ਨੇ ਮੈਨੂੰ ਪਰਮਾਤਮਾ ਦਾ ਨਾਮ ਹੀ ਸਰਮਾਇਆ ਦਿੱਤਾ ਹੈ (ਤਾ ਕਿ ਮੈਂ ਉੱਚੇ ਆਤਮਕ ਜੀਵਨ ਦਾ ਵਪਾਰ ਕਰ ਸਕਾਂ)।
(ਹੁਣ ਪ੍ਰਭੂ ਦਾ ਨਾਮ ਹੀ) ਮੇਰੇ ਮਨ ਦਾ ਸਭ ਤੋਂ ਵੱਡਾ ਪਿਆਰਾ (ਪੂਜਣ-ਜੋਗ ਦੇਵਤਾ ਬਣ ਗਿਆ) ਹੈ। (ਪਰ, ਹੇ ਭਾਈ!) ਗੁਰੂ ਦੀ ਸੰਗਤਿ ਵਿਚ ਰਹਿ ਕੇ ਹੀ ਹਰਿ-ਨਾਮ ਦਾ ਧਿਆਨ ਬਣ ਸਕਦਾ ਹੈ (ਹਰਿ-ਨਾਮ ਵਿਚ ਸੁਰਤ ਜੁੜ ਸਕਦੀ ਹੈ) ॥੧॥ ਰਹਾਉ ॥
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਪ੍ਰਭੂ ਦਾ) ਨਾਮ ਮੇਰੀ ਜਿੰਦ ਦਾ ਸਰਮਾਇਆ ਬਣ ਚੁਕਾ ਹੈ,
ਨਾਮ ਹੀ ਮੇਰਾ ਸਾਥੀ ਹਰ ਥਾਂ ਮੇਰੇ ਨਾਲ ਤੁਰਿਆ ਫਿਰਦਾ ਹੈ।
ਪ੍ਰਭੂ ਦਾ ਨਾਮ ਹੀ ਮੇਰੇ ਮਨ ਵਿਚ ਮਿੱਠਾ ਲੱਗ ਰਿਹਾ ਹੈ।
ਪਾਣੀ ਵਿਚ ਧਰਤੀ ਉਤੇ ਸਭ ਜੀਵਾਂ ਵਿਚ ਮੈਨੂੰ ਹਰਿ-ਨਾਮ ਹੀ (ਹਰੀ ਹੀ) ਦਿੱਸ ਰਿਹਾ ਹੈ ॥੨॥
ਹੇ ਭਾਈ! ਨਾਮ ਦੀ ਬਰਕਤ ਨਾਲ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ-ਮਾਣ ਪ੍ਰਾਪਤ ਕਰੀਦਾ ਹੈ,
ਨਾਮ ਦੀ ਰਾਹੀਂ ਸਾਰੀਆਂ ਕੁਲਾਂ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੀਆਂ ਹਨ।
ਪ੍ਰਭੂ ਦੇ ਨਾਮ ਵਿਚ ਜੁੜਿਆਂ ਮੇਰੇ ਸਾਰੇ ਕੰਮ-ਕਾਰ ਸਫਲ ਹੋ ਰਹੇ ਹਨ।
ਹੁਣ ਮੇਰਾ ਇਹ ਮਨ ਪਰਮਾਤਮਾ ਦੇ ਨਾਮ ਨਾਲ ਗਿੱਝ ਗਿਆ ਹੈ ॥੩॥
ਹੇ ਭਾਈ! ਪ੍ਰਭੂ-ਨਾਮ ਦਾ ਸਦਕਾ ਹੀ ਦੁਨੀਆ ਦਾ ਕੋਈ ਡਰ ਪੋਹ ਨਹੀਂ ਸਕਦਾ।
ਹਰਿ-ਨਾਮ ਵਿਚ ਜੁੜਿਆਂ ਹੀ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ।
(ਪਰ) ਪੂਰੇ ਗੁਰੂ ਨੇ (ਹੀ ਸਦਾ) ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨਾਲ (ਜੀਵਾਂ ਨੂੰ) ਮਿਲਾਇਆ ਹੈ (ਗੁਰੂ ਹੀ ਮਿਲਾਂਦਾ ਹੈ)।
ਨਾਨਕ ਆਖਦਾ ਹੈ- (ਪ੍ਰਭੂ ਦੇ ਨਾਮ ਦੀ ਬਰਕਤਿ ਨਾਲ) ਆਨੰਦ ਵਿਚ ਆਤਮਕ ਅਡੋਲਤਾ ਵਿਚ ਟਿਕਾਣਾ ਮਿਲ ਜਾਂਦਾ ਹੈ ॥੪॥੨॥੪॥
ਹੇ ਭਾਈ! ਜੇਹੜਾ ਨਿਮਾਣੇ ਨੂੰ ਮਾਣ ਦੇਂਦਾ ਹੈ,
ਜੇਹੜਾ ਸਾਰੇ ਭੁੱਖਿਆਂ ਨੂੰ ਰੋਜ਼ੀ ਦੇਂਦਾ ਹੈ,
ਅਤੇ ਜੇਹੜਾ ਭਿਆਨਕ ਗਰਭ ਵਿਚ ਰੱਖਿਆ ਕਰਨ ਜੋਗਾ ਹੈ;
ਉਸ ਮਾਲਕ-ਪ੍ਰਭੂ ਨੂੰ ਸਦਾ ਸਿਰ ਨਿਵਾਇਆ ਕਰ ॥੧॥
ਹੇ ਭਾਈ! ਆਪਣੇ ਮਨ ਵਿਚ ਉਸ ਪ੍ਰਭੂ ਦਾ ਧਿਆਨ ਧਰਿਆ ਕਰ,
ਜੇਹੜਾ ਪ੍ਰਭੂ ਸਰੀਰ ਦੇ ਅੰਦਰ ਅਤੇ ਸਰੀਰ ਦੇ ਬਾਹਰ ਹਰ ਥਾਂ ਸਹਾਇਤਾ ਕਰਨ ਵਾਲਾ ਹੈ ॥੧॥ ਰਹਾਉ ॥
(ਹੇ ਭਾਈ! ਉਸ ਪ੍ਰਭੂ ਦਾ ਧਿਆਨ ਧਰਿਆ ਕਰ) ਜਿਸ ਦੀ ਨਿਗਾਹ ਵਿਚ ਇਕ ਕੰਗਾਲ ਮਨੁੱਖ ਅਤੇ ਇਕ ਰਾਜਾ ਇੱਕੋ ਜਿਹੇ ਹਨ,
ਜੋ ਕੀੜੇ ਹਾਥੀ ਸਭਨਾਂ ਵਿਚ ਹੀ ਵਿਆਪਕ ਹੈ,
ਜੇਹੜਾ ਕਿਸੇ ਹੋਰ ਨੂੰ ਪੁੱਛ ਕੇ (ਕੋਈ ਕੰਮ ਕਰਨ ਦੀ) ਸਾਲਾਹ ਨਹੀਂ ਕਰਦਾ,
(ਸਗੋਂ) ਜੋ ਕੁਝ ਕਰਦਾ ਹੈ ਉਹ ਆਪ ਕਰਦਾ ਹੈ ॥੨॥
(ਹੇ ਭਾਈ! ਉਸ ਪ੍ਰਭੂ ਦਾ ਧਿਆਨ ਧਰਿਆ ਕਰ) ਜਿਸ (ਦੀ ਹਸਤੀ) ਦਾ ਅੰਤ ਕੋਈ ਭੀ ਜੀਵ ਜਾਣ ਨਹੀਂ ਸਕੇਗਾ।
ਉਹ ਮਾਇਆ ਤੋਂ ਨਿਰਲੇਪ ਪ੍ਰਭੂ (ਹਰ ਥਾਂ) ਆਪ ਹੀ ਆਪ ਹੈ।
ਇਹ ਸਾਰਾ ਦਿੱਸਦਾ ਜਗਤ ਉਸ ਦਾ ਆਪਣਾ ਹੀ ਸਰੂਪ ਹੈ, ਆਕਾਰ-ਰਹਿਤ ਭੀ ਉਹ ਆਪ ਹੀ ਹੈ।
ਉਹ ਪ੍ਰਭੂ ਸਾਰੇ ਸਰੀਰਾਂ ਵਿਚ ਮੌਜੂਦ ਹੈ ਅਤੇ ਸਾਰੇ ਸਰੀਰਾਂ ਦਾ ਆਸਰਾ ਹੈ ॥੩॥
ਹੇ ਭਾਈ! ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਉਸ ਦੇ ਨਾਮ ਦੇ ਰੰਗ ਵਿਚ ਲਾਲ ਹੋਏ ਰਹਿੰਦੇ ਹਨ।
ਉਸ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਹੋਏ ਸੰਤ ਜਨ ਸਦਾ ਖਿੜੇ ਰਹਿੰਦੇ ਹਨ।
ਹੇ ਭਾਈ! ਪ੍ਰਭੂ ਦੇ ਸੇਵਕ ਪ੍ਰਭੂ ਦੇ ਨਾਮ ਦੇ ਪ੍ਰੇਮ ਵਿਚ ਟਿਕ ਕੇ ਮਾਇਆ ਦੀ ਤ੍ਰਿਸ਼ਨਾ ਤੋਂ ਬਚੇ ਰਹਿੰਦੇ ਹਨ।
ਨਾਨਕ ਉਹਨਾਂ ਸੇਵਕਾਂ ਦੀ ਚਰਨੀਂ ਲੱਗਦਾ ਹੈ ॥੪॥੩॥੫॥
(ਹੇ ਭਾਈ! ਮੇਰੇ ਮਿੱਤਰ ਤਾਂ ਉਹ ਸੰਤ ਜਨ ਹਨ) ਜਿਨ੍ਹਾਂ ਦੀ ਸੰਗਤਿ ਵਿਚ ਰਿਹਾਂ ਇਹ ਮਨ ਪਵਿੱਤਰ ਹੋ ਜਾਂਦਾ ਹੈ,
ਜਿਨ੍ਹਾਂ ਦੀ ਸੰਗਤਿ ਵਿਚ ਸਦਾ ਹਰਿ-ਨਾਮ ਦਾ ਸਿਮਰਨ (ਕਰਨ ਦਾ ਮੌਕਾ ਮਿਲਦਾ) ਹੈ,
ਜਿਨ੍ਹਾਂ ਦੀ ਸੰਗਤਿ ਵਿਚ ਰਿਹਾਂ ਸਾਰੇ ਪਾਪ ਨਾਸ ਹੋ ਜਾਂਦੇ ਹਨ,
ਅਤੇ ਜਿਨ੍ਹਾਂ ਦੀ ਸੰਗਤਿ ਵਿਚ ਟਿਕਿਆਂ ਹਿਰਦੇ ਵਿਚ (ਸੁੱਚੇ ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ ॥੧॥
ਹੇ ਭਾਈ! ਮੇਰੇ ਮਿੱਤਰ ਤਾਂ ਪ੍ਰਭੂ ਦੇ ਉਹ ਸੰਤ ਜਨ ਹਨ,
ਜਿਨ੍ਹਾਂ ਦੀ ਸੰਗਤਿ ਵਿਚ ਸਦਾ ਸਿਰਫ਼ ਹਰਿ-ਨਾਮ ਗਾਇਆ ਜਾਂਦਾ ਹੈ ॥੧॥ ਰਹਾਉ ॥
ਜਿਨ੍ਹਾਂ ਦੇ ਉਪਦੇਸ਼ ਦੀ ਬਰਕਤ ਨਾਲ ਪਰਮਾਤਮਾ ਦਾ ਨਾਮ ਮਨ ਵਿਚ ਆ ਵੱਸਦਾ ਹੈ,
ਜਿਨ੍ਹਾਂ ਦੇ ਉਪਦੇਸ਼ ਨਾਲ (ਮਨ ਵਿਚੋਂ) ਹਰੇਕ ਡਰ ਹਰੇਕ ਭਰਮ-ਵਹਿਮ ਦੂਰ ਹੋ ਜਾਂਦਾ ਹੈ,
ਜਿਨ੍ਹਾਂ ਦੇ ਹਿਰਦੇ ਵਿਚ ਸ੍ਰੇਸ਼ਟ ਅਤੇ ਪਵਿੱਤਰ ਕਰਨ ਵਾਲੀ ਹਰਿ-ਕੀਰਤੀ ਵੱਸਦੀ ਰਹਿੰਦੀ ਹੈ,
ਅਤੇ ਜਿਨ੍ਹਾਂ ਦੀ ਚਰਨ-ਧੂੜ ਸਾਰਾ ਜਗਤ ਲੋੜਦਾ ਰਹਿੰਦਾ ਹੈ, (ਹੇ ਭਾਈ! ਉਹ ਸੰਤ ਜਨ ਮੇਰੇ ਮਿੱਤਰ ਹਨ) ॥੨॥
(ਹੇ ਭਾਈ! ਉਹ ਸੰਤ ਜਨ ਮੇਰੇ ਮਿੱਤਰ ਹਨ) ਜਿਨ੍ਹਾਂ ਦੀ ਸੰਗਤਿ ਵਿਚ ਰਹਿ ਕੇ ਕ੍ਰੋੜਾਂ ਵਿਕਾਰੀਆਂ ਦਾ (ਵਿਕਾਰਾਂ ਵਲੋਂ) ਨਿਸਤਾਰਾ ਹੋ ਜਾਂਦਾ ਹੈ,
ਜਿਨ੍ਹਾਂ ਦੇ ਹਿਰਦੇ ਵਿਚ (ਹਰ ਵੇਲੇ) ਕੇਵਲ ਪਰਮਾਤਮਾ ਹੀ ਵੱਸਦਾ ਹੈ,
ਜਿਨ੍ਹਾਂ ਦੇ ਅੰਦਰ ਉਸ ਪਰਮਾਤਮਾ ਦੇ ਨਾਮ ਦਾ ਆਸਰਾ ਬਣਿਆ ਰਹਿੰਦਾ ਹੈ ਜੋ ਸਾਰੇ ਜੀਵਾਂ (ਦੇ ਦਿਲ) ਦਾ ਭੇਤ ਜਾਣਦਾ ਹੈ,
ਜੋ ਕਿਰਪਾ ਦਾ ਖ਼ਜ਼ਾਨਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਅਤੇ ਜੋ ਪ੍ਰਕਾਸ਼-ਰੂਪ ਹੈ ॥੩॥
(ਹੇ ਭਾਈ!) ਜਦੋਂ ਪ੍ਰਭੂ ਜੀ ਦਇਆਵਾਨ ਹੁੰਦੇ ਹਨ,
ਤਦੋਂ ਇਹੋ ਜਿਹੇ ਦਿਆਲ ਸੰਤ ਜਨ ਮਿਲਦੇ ਹਨ ਤਦੋਂ ਸਤਿਗੁਰੂ ਜੀ ਮਿਲਦੇ ਹਨ।