ਕਿ ਮੈਂ ਤੇਰੇ ਚਰਨ ਹਿਰਦੇ ਵਿਚ ਵਸ ਕੇ ਆਤਮਕ ਜੀਵਨ ਪ੍ਰਾਪਤ ਕਰਾਂ ॥੧॥ ਰਹਾਉ ॥
ਹੇ ਮੇਰੇ ਦਾਤੇ ਪ੍ਰਭੂ! ਹੇ ਦਇਆ ਦੇ ਘਰ ਅਕਾਲ ਪੁਰਖ!
ਜਿਸ ਮਨੁੱਖ ਨੂੰ ਤੂੰ ਆਪ ਸੂਝ ਬਖ਼ਸ਼ਦਾ ਹੈਂ, ਉਸੇ ਨੇ ਹੀ ਤੇਰੇ ਨਾਲ ਸਾਂਝ ਪਾਈ ਹੈ ॥੨॥
(ਹੇ ਪ੍ਰਭੂ!) ਮੈਂ ਸਦਾ ਹੀ ਸਦਾ ਹੀ ਤੈਥੋਂ ਸਦਕੇ ਜਾਂਦਾ ਹਾਂ।
ਇਸ ਲੋਕ ਵਿਚ ਤੇ ਪਰਲੋਕ ਵਿਚ ਮੈਂ ਤੇਰਾ ਹੀ ਆਸਰਾ ਤੱਕਦਾ ਹਾਂ ॥੩॥
(ਹੇ ਪ੍ਰਭੂ!) ਮੈਂ ਗੁਣ-ਹੀਣ ਹਾਂ, ਮੈਂ ਤੇਰੇ ਗੁਣ (ਉਪਕਾਰ) ਕੁਝ ਭੀ ਨਹੀਂ ਸੀ ਸਮਝ ਸਕਿਆ।
ਹੇ ਨਾਨਕ! ਗੁਰੂ ਦਾ ਦਰਸਨ ਕਰ ਕੇ ਮੇਰਾ ਮਨ (ਤੇਰੇ ਪ੍ਰੇਮ ਵਿਚ) ਰੰਗਿਆ ਗਿਆ ਹੈ ॥੪॥੩॥
ਉਹ ਪ੍ਰਭੂ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਸਾਰੇ ਗੁਣਾਂ ਨਾਲ ਭਰਪੂਰ ਹੈ।
(ਜਦੋਂ ਪ੍ਰਭੂ ਮੇਹਰ ਕਰਦਾ ਹੈ ਤਾਂ) ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼ੀਸ਼ (ਵਜੋਂ) ਦੇਂਦਾ ਹੈ ॥੧॥
ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! (ਮੇਰੇ ਉੱਤੇ) ਕਿਰਪਾ ਕਰ।
ਹੇ ਸਰਬ-ਵਿਆਪਕ! ਹੇ ਸ੍ਰਿਸ਼ਟੀ-ਪਾਲਕ! ਮੈਨੂੰ ਤੇਰਾ ਹੀ ਆਸਰਾ ਹੈ ॥੧॥ ਰਹਾਉ ॥
ਪ੍ਰਭੂ ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ, ਹਰ ਥਾਂ ਜ਼ੱਰੇ ਜ਼ੱਰੇ ਵਿਚ ਮੌਜੂਦ ਹੈ,
ਉਹ (ਹਰੇਕ ਜੀਵ ਦੇ) ਨੇੜੇ ਵੱਸਦਾ ਹੈ, ਕਿਸੇ ਤੋਂ ਦੂਰ ਨਹੀਂ ਹੈ ॥੨॥
ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ ਉਹ ਮਨੁੱਖ ਉਸ ਦਾ ਸਿਮਰਨ ਕਰਦਾ ਰਹਿੰਦਾ ਹੈ,
ਤੇ ਉਹ ਮਨੁੱਖ ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੩॥
ਪਰਮਾਤਮਾ ਸਾਰੇ ਹੀ ਜੀਵਾਂ ਦੀ ਪਾਲਣਾ ਕਰਦਾ ਹੈ।
ਨਾਨਕ ਪ੍ਰਭੂ ਦੇ ਦਰ ਤੇ ਆ ਕੇ ਤੇਰੀ (ਪ੍ਰਭੂ ਦੀ) ਸਰਨ ਪਿਆ ਹੈ ॥੪॥੪॥
(ਹੇ ਪ੍ਰਭੂ!) ਤੂੰ ਸਭ ਤੋਂ ਵੱਡਾ ਦਾਤਾ ਹੈਂ, ਤੂੰ (ਜੀਵਾਂ ਦੇ) ਦਿਲ ਦੀ ਜਾਣਨ ਵਾਲਾ ਹੈਂ,
ਹੇ ਮੇਰੇ ਸੁਆਮੀ! ਹੇ ਸਰਬ-ਵਿਆਪਕ! ਤੂੰ ਸਭ ਦੇ ਅੰਦਰ ਮੌਜੂਦ ਹੈਂ ॥੧॥
ਹੇ ਮੇਰੇ ਪ੍ਰੀਤਮ ਪ੍ਰਭੂ! ਤੇਰਾ ਨਾਮ (ਮੇਰੀ ਜ਼ਿੰਦਗੀ ਦਾ) ਆਸਰਾ ਹੈ।
ਤੇਰਾ ਨਾਮ ਸੁਣ ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ ॥੧॥ ਰਹਾਉ ॥
ਹੇ ਮੇਰੇ ਪੂਰੇ ਸਤਿਗੁਰੂ! ਮੈਂ ਤੇਰੀ ਸਰਨ ਆਇਆ ਹਾਂ,
ਕਿਉਂ ਕਿ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਨਾਲ ਮਨ ਪਵਿਤ੍ਰ ਹੋ ਜਾਂਦਾ ਹੈ ॥੨॥
(ਹੇ ਪ੍ਰਭੂ!) ਤੇਰੇ ਸੋਹਣੇ ਕੋਮਲ ਚਰਨ ਮੈਂ ਆਪਣੇ ਹਿਰਦੇ ਵਿਚ ਟਿਕਾਏ ਹੋਏ ਹਨ,
ਤੇ ਮੈਂ ਤੇਰੇ ਦਰਸ਼ਨ ਤੋਂ ਕੁਰਬਾਨ ਜਾਂਦਾ ਹਾਂ ॥੩॥
(ਹੇ ਪ੍ਰਭੂ!) ਮੇਹਰ ਕਰ, ਮੈਂ ਤੇਰੇ ਗੁਣ ਗਾਂਦਾ ਰਹਾਂ,
ਤੇ ਤੇਰਾ ਨਾਮ ਜਪਦਿਆਂ ਆਤਮਕ ਆਨੰਦ ਮਾਣਦਾ ਰਹਾਂ, ਹੇ ਨਾਨਕ! ॥੪॥੫॥
ਗੁਰੂ ਦੀ ਸੰਗਤ ਵਿਚ ਹੀ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਲ ਪੀਣਾ ਚਾਹੀਦਾ ਹੈ,
ਜਿਸ ਨਾਲ ਜਿੰਦ ਨਾਂ ਆਤਮਕ ਮੌਤੇ ਮਰਦੀ ਹੈ ਤੇ ਨਾਂ ਕਦੇ ਆਤਮਕ ਜੀਵਨ ਵਿੱਚ ਕਮਜ਼ੋਰੀ ਹੁੰਦੀ ਹੈ ॥੧॥
ਪੂਰਾ ਗੁਰੂ ਵੱਡੀ ਕਿਸਮਤ ਨਾਲ ਮਿਲਦਾ ਹੈ,
ਤੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ ॥੧॥ ਰਹਾਉ ॥
ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਬਚਨ (ਮਾਨੋ) ਰਤਨ ਹਨ, ਜਵਾਹਰ ਹਨ, ਮੋਤੀ ਹਨ, ਲਾਲ ਹਨ।
ਪ੍ਰਭੂ ਜੀ ਦਾ ਨਾਮ ਸਿਮਰ ਸਿਮਰ ਕੇ ਸਦਾ ਖਿੜੇ ਰਹੀਦਾ ਹੈ ॥੨॥
ਮੈਂ ਜਿਧਰ ਕਿਧਰ ਵੇਖਦਾ ਹਾਂ, ਕੇਵਲ ਗੁਰੂ ਦੀ ਸਰਨ ਦੀ ਰਾਹੀਂ ਹੀ,
ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾ ਗਾ ਕੇ ਮਨ ਨੂੰ ਪਵਿਤ੍ਰ ਕੀਤਾ ਜਾ ਸਕਦਾ ਹੈ ॥੩॥
ਮੇਰਾ ਮਾਲਕ-ਪ੍ਰਭੂ ਹਰੇਕ ਸਰੀਰ ਵਿਚ ਵੱਸਦਾ ਹੈ।
ਜਦ ਪ੍ਰਭੂ ਪ੍ਰਸੰਨ ਹੁੰਦਾ ਹੈ ਤਾਂ ਉਸ ਦਾ ਨਾਮ (-ਸਿਮਰਨ) ਪ੍ਰਾਪਤ ਹੁੰਦਾ ਹੈ, ਹੇ ਨਾਨਕ! ॥੪॥੬॥
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਮੇਰੇ ਤੋਂ ਕਦੇ ਨਾ ਭੁਲ!
ਮੈਂ ਤੇਰੀ ਸਰਨ ਆਇਆ ਹਾਂ, ਹੇ ਸਰਬ-ਵਿਆਪਕ! ਹੇ ਕਿਰਪਾ ਦੇ ਘਰ! ॥੧॥ ਰਹਾਉ ॥
ਜਿਸ ਹਿਰਦੇ ਵਿਚ ਤੂੰ ਆ ਵੱਸਦਾ ਹੈਂ ਉਹ ਹਿਰਦਾ-ਥਾਂ ਸੋਹਣਾ ਬਣ ਜਾਂਦਾ ਹੈ।
ਜਿਸ ਵੇਲੇ ਤੂੰ (ਮੈਨੂੰ) ਭੁੱਲ ਜਾਂਦਾ ਹੈ ਤਦੋਂ (ਮੈਨੂੰ) ਹਉਕਾ ਲੱਗਦਾ ਹੈ ॥੧॥
(ਹੇ ਪ੍ਰਭੂ!) ਜੀਵ ਤੇਰੇ (ਪੈਦਾ ਕੀਤੇ ਹੋਏ) ਹਨ, ਤੂੰ ਸਦਾ ਹੀ ਇਨ੍ਹਾਂ ਦਾ ਮਦਦਗਾਰ ਹੈਂ।
(ਹੇ ਪ੍ਰਭੂ! ਆਪਣਾ) ਹੱਥ ਦੇ ਕੇ (ਜੀਵਾਂ ਨੂੰ) ਸੰਸਾਰ-ਸਮੁੰਦਰ ਵਿਚੋਂ ਕੱਢ ਲੈ ॥੨॥
(ਹੇ ਪ੍ਰਭੂ!) ਜਨਮ ਮਰਨ ਦਾ ਗੇੜ ਤੂੰ ਹੀ ਬਣਾਇਆ ਹੋਇਆ ਹੈ,
ਜਿਸ ਜੀਵ ਨੂੰ ਤੂੰ (ਇਸ ਗੇੜ ਵਿਚੋਂ) ਬਚਾ ਲੈਂਦਾ ਹੈਂ, ਉਸ ਨੂੰ ਕੋਈ ਦੁਖ ਪੋਹ ਨਹੀਂ ਸਕਦਾ ॥੩॥
(ਹੇ ਪ੍ਰਭੂ!) ਤੂੰ ਹੀ ਇਕ ਮਾਲਕ ਹੈਂ ਐਸਾ ਕੋਈ ਹੋਰ ਨਹੀਂ।
ਨਾਨਕ (ਤੇਰੇ ਅੱਗੇ) ਹੱਥ ਜੋੜ ਕੇ ਬੇਨਤੀ ਕਰਦਾ ਹੈ ॥੪॥੭॥
(ਹੇ ਪ੍ਰਭੂ!) ਜਦੋਂ ਕਿਸੇ ਮਨੁੱਖ ਨੂੰ ਤੂੰ ਸੂਝ ਬਖ਼ਸ਼ਦਾ ਹੈਂ, ਤਦੋਂ ਹੀ ਕੋਈ ਤੇਰੇ ਨਾਲ ਡੂੰਘੀ ਸਾਂਝ ਪਾਂਦਾ ਹੈ,
ਤੇ ਤੇਰਾ ਬਖ਼ਸ਼ਿਆ ਹੋਇਆ ਤੇਰਾ ਨਾਮ ਉਚਾਰਦਾ ਹੈ ॥੧॥
(ਹੇ ਪ੍ਰਭੂ!) ਤੂੰ ਹੈਰਾਨ ਕਰ ਦੇਣ ਵਾਲੀ ਹਸਤੀ ਵਾਲਾ ਹੈਂ ਤੇ ਤੇਰੀ ਰਚੀ ਰਚਨਾ ਭੀ ਹੈਰਾਨਗੀ ਪੈਦਾ ਕਰਨ ਵਾਲੀ ਹੈ ॥੧॥ ਰਹਾਉ ॥