ਅੰਨ੍ਹੇ ਮਨਮੁਖ ਹਰੀ ਨੂੰ ਸਿਮਰਦੇ ਨਹੀਂ, ਜਨਮ ਮਰਨ ਦੇ ਗੇੜ ਵਿਚ ਪੈ ਕੇ ਤਬਾਹ ਹੋ ਰਹੇ ਹਨ।
ਹੇ ਨਾਨਕ! ਗੁਰੂ ਦੇ ਸਨਮੁਖ ਹੋ ਕੇ ਉਹਨਾਂ ਨੇ ਨਾਮ ਸਿਮਰਿਆ ਹੈ, ਜਿਨ੍ਹਾਂ ਦੇ ਹਿਰਦੇ ਵਿਚ ਧੁਰ ਮੁੱਢ ਤੋਂ (ਕੀਤੇ ਕਰਮਾ ਦੇ ਸੰਸਕਾਰਾਂ ਅਨੁਸਾਰ) ਇਹ ਲਿਖਿਆ ਪਿਆ ਹੈ ॥੨॥
ਹਰੀ ਦਾ ਨਾਮ ਸਾਡਾ ਛੱਤੀ (੩੬) ਤਰ੍ਹਾਂ ਦਾ (ਭਾਵ, ਕਈ ਸੁਆਦਾਂ ਵਾਲਾ) ਭੋਜਨ ਹੈ, ਜਿਸ ਨੂੰ ਖਾ ਕੇ ਅਸੀਂ ਰੱਜ ਗਏ ਹਾਂ (ਭਾਵ, ਮਾਇਕ ਪਦਾਰਥਾਂ ਵਲੋਂ ਤ੍ਰਿਪਤ ਹੋ ਗਏ ਹਾਂ)।
ਹਰੀ ਦਾ ਨਾਮ ਹੀ ਸਾਡੀ ਪੁਸ਼ਾਕ ਹੈ ਜਿਸ ਨੂੰ ਪਹਿਨ ਕੇ ਕਦੇ ਬੇ-ਪੜਦਾ ਨਾਹ ਹੋਵਾਂਗੇ, ਤੇ ਹੋਰ (ਸੁੰਦਰ) ਪੁਸ਼ਾਕਾਂ ਪਾਉਣ ਦੀ ਸਾਡੀ ਚਾਹ ਦੂਰ ਹੋ ਗਈ ਹੈ।
ਹਰੀ ਦਾ ਨਾਮ ਸਾਡਾ ਵਣਜ, ਨਾਮ ਹੀ ਸਾਡਾ ਵਪਾਰ ਹੈ ਤੇ ਸਤਿਗੁਰੂ ਨੇ ਸਾਨੂੰ ਨਾਮ ਦੀ ਹੀ ਮੁਖ਼ਤਿਆਰੀ ਦਿੱਤੀ ਹੈ।
ਹਰੀ ਦੇ ਨਾਮ ਦਾ ਹੀ ਅਸਾਂ ਲੇਖਾ ਲਿਖਿਆ ਹੈ, (ਜਿਸ ਲੇਖੇ ਕਰ ਕੇ) ਜਮ ਦੀ ਪਹਿਲੀ ਖ਼ੁਸ਼ਾਮਦ ਦੂਰ ਹੋ ਗਈ ਹੈ।
ਪਰ ਕਿਸੇ ਵਿਰਲੇ ਗੁਰਮੁਖ ਨੇ ਨਾਮ ਸਿਮਰਿਆ ਹੈ (ਉਹੀ ਸਿਮਰਦੇ ਹਨ) ਜਿਨ੍ਹਾਂ ਨੂੰ ਧੁਰੋਂ ਬਖ਼ਸ਼ਸ਼ ਦੀ ਰਾਹੀਂ (ਪਿਛਲੇ ਕੀਤੇ ਕੰਮਾਂ ਦੇ ਸੰਸਕਾਰਾਂ ਅਨੁਸਾਰ ਉੱਕਰੇ ਹੋਏ) ਲੇਖ ਦੀ ਪਰਾਪਤੀ ਹੋਈ ਹੈ ॥੧੭॥
ਸੰਸਾਰ ਅੰਨ੍ਹਾ ਤੇ ਅਗਿਆਨੀ ਹੈ, ਮਾਇਆ ਦੇ ਮੋਹ ਵਿਚ ਕੰਮ ਕਰ ਰਿਹਾ ਹੈ;
(ਪਰ) ਮਾਇਆ ਦੇ ਮੋਹ ਵਿਚ ਜਿਤਨੇ ਭੀ ਕਰਮ ਕਰਦਾ ਹੈ (ਉਤਨਾ ਹੀ) ਸਰੀਰ ਨੂੰ ਦੁੱਖ ਧਾ ਕੇ ਲੱਗਦਾ ਹੈ (ਭਾਵ, ਖ਼ਾਸ ਤੌਰ ਤੇ ਦੁੱਖ ਲੱਗਦਾ ਹੈ)।
ਸਤਿਗੁਰੂ ਦੀ ਮੇਹਰ ਨਾਲ ਜੀਵ ਸੁਖ ਉਪਜਦਾ ਹੈ, ਜੇ ਗੁਰੂ ਦਾ ਸ਼ਬਦ ਕਮਾਏ,
ਤੇ ਸੱਚੀ ਬਾਣੀ ਦੀ ਰਾਹੀਂ ਹਰ ਵੇਲੇ ਨਾਮ ਸਿਮਰਨ ਦੇ ਕਰਮ ਕਰੇ,
ਹੇ ਨਾਨਕ! ਕੋਈ ਗੱਲ ਆਖ ਨਹੀਂ ਸਕੀਦੀ, ਜਿੱਧਰ ਆਪ ਹਰੀ (ਜੀਵਾਂ ਨੂੰ) ਜੋੜਦਾ ਹੈ, ਉਧਰ ਹੀ ਜੁੜਦੇ ਹਨ ॥੧॥
ਸਾਡੇ (ਹਿਰਦੇ-ਰੂਪ) ਘਰ ਵਿਚ ਸਦਾ ਨਾਮ (ਰੂਪ) ਖ਼ਜ਼ਾਨਾ (ਮੌਜੂਦ) ਹੈ ਤੇ ਭਗਤੀ ਦੇ ਭੰਡਾਰ ਭਰੇ ਹੋਏ ਹਨ,
(ਕਿਉਂਕਿ) ਆਤਮਕ ਜੀਵਨ ਦੇਣ ਵਾਲਾ ਸਤਿਗੁਰੂ ਸਦਾ ਅਸਾਡੇ ਸਿਰ ਤੇ ਕਾਇਮ ਹੈ।
(ਨਾਮ ਖ਼ਜ਼ਾਨੇ ਦੀ ਬਰਕਤਿ ਨਾਲ) ਅਸੀਂ ਸਤਿਗੁਰੂ ਦੇ ਅਪਾਰ ਸ਼ਬਦ ਦੀ ਰਾਹੀਂ ਸਦਾ ਹਰ ਵੇਲੇ ਹਰੀ ਦੇ ਗੁਣ ਗਾਉਂਦੇ ਹਾਂ,
ਤੇ ਸਤਿਗੁਰੂ ਦਾ ਸ਼ਬਦ, ਜੋ ਹਰੇਕ ਜੁਗ ਵਿਚ (ਨਾਮ ਦੀ ਦਾਤਿ) ਵਰਤਾਉਣ ਵਾਲਾ ਹੈ, ਸਦਾ ਉਚਾਰਦੇ ਹਾਂ।
(ਸਤਿਗੁਰੂ ਦੇ ਸ਼ਬਦ ਨਾਲ) ਸਾਡਾ ਇਹ ਮਨ ਸਦਾ ਸੁਖੀ ਰਹਿੰਦਾ ਹੈ ਤੇ ਸੁਤੇ ਹੀ (ਭਾਵ, ਕਿਸੇ ਖ਼ਾਸ ਜਤਨ ਤੋਂ ਬਿਨਾ ਹੀ) ਨਾਮ ਦਾ ਵਾਪਾਰ ਕਰਦਾ ਹੈ,
ਅਤੇ ਮਨ ਦੇ ਅੰਦਰ ਸਤਿਗੁਰੂ ਦਾ (ਬਖ਼ਸ਼ਿਆ ਹੋਇਆ) ਗਿਆਨ ਤੇ ਮੁਕਤੀ ਕਰਾਉਣ ਵਾਲਾ ਹਰੀ-ਨਾਮ (ਰੂਪ) ਰਤਨ ਵੱਸਦਾ ਹੈ।
ਹੇ ਨਾਨਕ! ਜਿਸ ਤੇ ਕ੍ਰਿਪਾ ਦ੍ਰਿਸ਼ਟੀ ਕਰਦਾ ਹੈ, ਉਸ ਨੂੰ (ਇਹ ਦਾਤਿ) ਮਿਲਦੀ ਹੈ ਤੇ ਦਰਗਾਹ ਵਿਚ ਉਹ ਸੁਰਖ਼ਰੂ ਹੋ ਜਾਂਦਾ ਹੈ ॥੨॥
ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ ਜੋ ਆਪਣੇ ਸਤਿਗੁਰੂ ਦੀ ਚਰਨੀਂ ਜਾ ਲੱਗਦਾ ਹੈ।
ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ, ਜਿਸ ਨੇ ਮੂੰਹੋਂ ਹਰੀ ਦਾ ਨਾਮ ਉਚਾਰਿਆ ਹੈ।
ਉਸ ਗੁਰਸਿੱਖ ਨੂੰ ਧੰਨੁ ਧੰਨੁ ਆਖਣਾ ਚਾਹੀਦਾ ਹੈ, ਜਿਸ ਦੇ ਮਨ ਵਿਚ ਹਰੀ ਦਾ ਨਾਮ ਸੁਣ ਕੇ ਚਾਅ ਪੈਦਾ ਹੁੰਦਾ ਹੈ।
ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ ਜਿਸ ਨੇ ਸਤਿਗੁਰੂ ਦੀ ਸੇਵਾ ਕਰ ਕੇ ਪਰਮਾਤਮਾ ਦਾ ਨਾਮ ਲੱਭਾ ਹੈ।
ਮੈਂ ਸਦਾ ਉਸ ਗੁਰਸਿੱਖ ਅਗੇ ਆਪਣਾ ਸਿਰ ਨਿਵਾਉਂਦਾ ਹਾਂ, ਜੋ ਗੁਰਸਿੱਖ ਸਤਿਗੁਰੂ ਦੇ ਭਾਣੇ ਵਿਚ ਚੱਲਦਾ ਹੈ ॥੧੮॥
ਕਿਸੇ ਮਨੁੱਖ ਨੇ ਮਨ ਦੇ ਹਠ ਨਾਲ ਰੱਬ ਨੂੰ ਨਹੀਂ ਲੱਭਾ, ਸਾਰੇ ਜੀਵ (ਭਾਵ, ਕਈ ਮਨੁੱਖ) (ਹਠ ਨਾਲ) ਕਰਮ ਕਰ ਕੇ (ਓੜਕ) ਥੱਕ ਗਏ ਹਨ।
ਮਨ ਦੇ ਹਠ ਨਾਲ (ਕਈ ਤਰ੍ਹਾਂ ਦੇ) ਭੇਖ ਕਰ ਕਰ ਕੇ ਭਟਕਦੇ ਹਨ ਤੇ ਮਾਇਆ ਦੇ ਮੋਹ ਵਿਚ ਦੁੱਖ ਉਠਾਉਂਦੇ ਹਨ।
ਰਿੱਧੀਆਂ ਤੇ ਸਿੱਧੀਆਂ (ਭੀ) ਨਿਰੋਲ ਮੋਹ (ਰੂਪ) ਹਨ, (ਇਹਨਾਂ ਨਾਲ) ਹਰੀ ਦਾ ਨਾਮ ਹਿਰਦੇ ਵਿਚ ਨਹੀਂ ਵੱਸ ਸਕਦਾ।
ਸਤਿਗੁਰੂ ਦੀ ਸੇਵਾ ਨਾਲ ਮਨ ਸਾਫ਼ ਹੁੰਦਾ ਹੈ ਤੇ ਅਗਿਆਨ (ਰੂਪ) ਹਨੇਰਾ ਦੂਰ ਹੁੰਦਾ ਹੈ।
ਹੇ ਨਾਨਕ! ਨਾਮ (ਰੂਪ) ਰਤਨ ਹਿਰਦੇ ਵਿਚ ਪਰਤੱਖ ਹੋ ਜਾਂਦਾ ਹੈ ਤੇ ਸਹਿਜ ਅਵਸਥਾ ਵਿਚ ਮਨੁੱਖ ਲੀਨ ਹੋ ਜਾਂਦਾ ਹੈ ॥੧॥