ਇਹ ਨਾਮ ਪੂਰੇ ਗੁਰੂ ਪਾਸੋਂ ਹੀ ਮਿਲਦਾ ਹੈ।
ਹਰਿ-ਨਾਮ (ਦੇ ਪਿਆਰ-ਰੰਗ) ਵਿਚ ਰੰਗੀਜ ਕੇ ਮਨੁੱਖ ਸਦਾ (ਹਰੇਕ ਜੁਗ ਵਿਚ) ਸੁਖ ਮਾਣਦਾ ਹੈ।
ਨਾਮ ਤੋਂ ਬਿਨਾ ਮਨੁੱਖ ਹਉਮੈ ਦੀ ਅੱਗ ਵਿਚ ਆਪਣਾ ਆਤਮਕ ਜੀਵਨ ਸੁਆਹ ਕਰ ਲੈਂਦਾ ਹੈ ॥੩॥
ਜਿਹੜਾ ਭਾਗਾਂ ਵਾਲਾ ਮਨੁੱਖ ਪਰਮਾਤਮਾ ਦੇ ਨਾਮ ਨੂੰ ਆਪਣੇ ਸੋਚ-ਮੰਡਲ ਵਿਚ ਵਸਾਂਦਾ ਹੈ,
ਨਾਮ ਦੀ ਬਰਕਤਿ ਨਾਲ ਉਸ ਦਾ ਸਾਰਾ ਦੁੱਖ ਮੁੱਕ ਜਾਂਦਾ ਹੈ।
(ਉਹ ਜਾਣਦਾ ਹੈ ਕਿ ਜਿਹੜਾ ਪ੍ਰਭੂ) ਹਿਰਦੇ ਵਿਚ ਵੱਸ ਰਿਹਾ ਹੈ, ਬਾਹਰ ਜਗਤ ਵਿਚ ਭੀ ਉਹੀ ਪਸਰਿਆ ਹੋਇਆ ਹੈ।
ਹੇ ਨਾਨਕ! ਉਹ ਮਨੁੱਖ ਹਰ ਥਾਂ ਸਿਰਜਣਹਾਰ ਨੂੰ ਵੱਸਦਾ ਸਮਝਦਾ ਹੈ ॥੪॥੧੨॥
ਹੇ ਪ੍ਰਭੂ! ਮੈਂ ਤੇਰਾ ਹੀ ਪੈਦਾ ਕੀਤਾ ਹੋਇਆ ਤੁੱਛ ਜੀਵ ਹਾਂ,
ਜੇ ਤੂੰ ਆਪ ਹੀ ਦੇਵੇਂ, ਤਾਂ ਹੀ ਮੈਂ ਤੇਰਾ ਸਤਿਨਾਮ-ਮੰਤ੍ਰ ਜਪ ਸਕਦਾ ਹਾਂ ॥੧॥
ਹੇ ਮਾਂ! (ਮੇਰੀ ਤਾਂਘ ਇਹ ਹੈ ਕਿ) ਮੈਂ ਪਰਮਾਤਮਾ ਦੇ ਗੁਣ ਉਚਾਰ ਕੇ ਉਹਨਾਂ ਨੂੰ ਆਪਣੇ ਮਨ ਵਿਚ ਵਸਾਈ ਰੱਖਾਂ,
ਹਰਿ-ਨਾਮ ਜਪ ਜਪ ਕੇ ਹਰੀ ਦੇ ਚਰਨਾਂ ਵਿਚ ਜੁੜਿਆ ਰਹਾਂ ॥੧॥ ਰਹਾਉ ॥
ਮਨੁੱਖ ਗੁਰੂ ਦੀ ਕਿਰਪਾ ਨਾਲ (ਹੀ) ਨਾਮ ਦੇ ਰਸ ਵਿਚ ਲੱਗ ਸਕਦਾ ਹੈ।
ਵੈਰ ਵਿਚ ਵਿਰੋਧ ਵਿਚ ਕਿਉਂ ਆਪਣੀ ਜ਼ਿੰਦਗੀ ਗਵਾ ਰਹੇ ਹੋ? (ਗੁਰੂ ਦੀ ਸਰਨ ਪਵੋ) ॥੨॥
ਜਿਸ ਮਨੁੱਖ ਉਤੇ ਗੁਰੂ ਨੇ ਮਿਹਰ ਕੀਤੀ, ਉਸ ਦੇ ਅੰਦਰੋਂ ਅਹੰਕਾਰ ਮੁੱਕ ਗਿਆ।
ਉਸ ਨੇ ਆਤਮਕ ਅਡੋਲਤਾ ਦੇਣ ਵਾਲੇ ਪ੍ਰੇਮ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ ॥੩॥
ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਪੜ੍ਹਨ ਵਾਲਾ ਕੰਮ (ਹੋਰ ਸਾਰੇ ਕੰਮਾਂ ਨਾਲੋਂ) ਸ੍ਰੇਸ਼ਟ ਹੈ ਉੱਚਾ ਹੈ,
(ਤਾਹੀਏਂ) ਨਾਨਕ ਸਦਾ-ਥਿਰ ਪ੍ਰਭੂ ਦਾ ਨਾਮ ਉਚਾਰਦਾ ਰਹਿੰਦਾ ਹੈ ॥੪॥੧॥੧੩॥
(ਜਿਵੇਂ ਜਦੋਂ) ਬਸੰਤ ਚੜ੍ਹਦਾ ਹੈ ਤਾਂ ਸਾਰੀ ਬਨਸਪਤੀ ਹਰੀ-ਭਰੀ ਹੋ ਜਾਂਦੀ ਹੈ,
(ਤਿਵੇਂ) ਗੁਰੂ ਦੀ ਸੰਗਤ ਵਿਚ ਰਹਿ ਕੇ ਇਹ ਮਨ (ਆਤਮਕ ਜੀਵਨ ਨਾਲ) ਹਰਾ-ਭਰਾ ਹੋ ਜਾਂਦਾ ਹੈ ॥੧॥
ਹੇ (ਮੇਰੇ) ਮੂਰਖ ਮਨ! ਤੂੰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਿਆ ਕਰ।
ਤਦੋਂ ਹੀ, ਹੇ ਮੇਰੇ ਮਨ! ਤੂੰ ਆਨੰਦ ਮਾਣ ਸਕੇਂਗਾ ॥੧॥ ਰਹਾਉ ॥
ਉਸ ਮਨੁੱਖ ਦਾ ਇਹ ਮਨ ਖਿੜ ਪੈਣ ਨਾਲ ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੋ ਗਿਆ ਹੈ,
(ਜਿਸ ਮਨੁੱਖ ਨੇ ਗੁਰੂ ਦੀ ਸੰਗਤ ਵਿਚ) ਗੋਬਿੰਦ ਦਾ ਨਾਮ ਹਾਸਲ ਕਰ ਲਿਆ, ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਕਰ ਲਿਆ ॥੨॥
ਉਂਞ ਤਾਂ ਹਰੇਕ ਮਨੁੱਖ ਆਖ ਕੇ ਦੱਸਦਾ ਹੈ ਕਿ (ਸਭ ਥਾਈਂ) ਪਰਮਾਤਮਾ ਆਪ ਹੀ ਆਪ ਹੈ,
ਪਰ ਜਦੋਂ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝਦਾ ਹੈ, ਤਦੋਂ ਹੀ ਉਸ ਨਾਲ ਡੂੰਘੀ ਸਾਂਝ ਪਾਂਦਾ ਹੈ ॥੩॥
ਨਾਨਕ ਆਖਦਾ ਹੈ ਕਿ (ਜਦੋਂ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਤਦੋਂ) ਮਨੁੱਖ 'ਮੈਂ, ਮੈਂ' ਨਹੀਂ ਕਰਦਾ।
(ਤਦੋਂ ਉਸ ਨੂੰ ਇਹ ਸਮਝ ਪੈ ਜਾਂਦੀ ਹੈ ਕਿ) ਜੀਵ ਉਹੀ ਕੁਝ ਆਖਦਾ ਵੇਖਦਾ ਹੈ ਜੋ ਮਾਲਕ ਵਲੋਂ ਪ੍ਰੇਰਨਾ ਹੁੰਦੀ ਹੈ ॥੪॥੨॥੧੪॥
ਹੇ ਪ੍ਰਭੂ! ਸਾਰੇ ਜੁਗ (ਸਾਰੇ ਸਮੇ) ਤੇਰੇ ਹੀ ਬਣਾਏ ਹੋਏ ਹਨ।
(ਤੇਰੇ ਨਾਮ ਦੀ ਪ੍ਰਾਪਤੀ ਜੁਗਾਂ ਦੇ ਵਿਤਕਰੇ ਨਾਲ ਨਹੀਂ ਹੁੰਦੀ। ਜਿਸ ਮਨੁੱਖ ਨੂੰ ਤੇਰੀ ਮਿਹਰ ਨਾਲ) ਗੁਰੂ ਮਿਲ ਪੈਂਦਾ ਹੈ (ਉਸ ਦੇ ਅੰਦਰ ਨਾਮ ਜਪਣ ਵਾਲੀ) ਮੱਤ ਅਕਲ ਪੈਦਾ ਹੋ ਜਾਂਦੀ ਹੈ ॥੧॥
ਹੇ ਪ੍ਰਭੂ ਜੀ! (ਜਿਸ ਮਨੁੱਖ ਨੂੰ) ਤੂੰ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ,
ਗੁਰੂ ਦੇ ਸ਼ਬਦ ਦੀ ਰਾਹੀਂ (ਉਹ ਮਨੁੱਖ) (ਤੇਰੇ) ਸਦਾ ਕਾਇਮ ਰਹਿਣ ਵਾਲੇ ਨਾਮ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥
(ਜਿਨ੍ਹਾਂ ਮਨੁੱਖਾਂ ਦੇ) ਮਨ ਵਿਚ ਸਦਾ ਖਿੜੇ ਰਹਿਣ ਵਾਲਾ ਪ੍ਰਭੂ ਆ ਵੱਸਦਾ ਹੈ, ਉਹ ਸਾਰੇ ਹੀ ਇਸ ਜਗਤ ਵਿਚ ਆਤਮਕ ਜੀਵਨ ਵਾਲੇ ਹੋ ਜਾਂਦੇ ਹਨ,
ਉਹ ਮਨੁੱਖ ਦੁਨੀਆ ਵਿਚ ਭੀ ਕਾਮਯਾਬ ਹੁੰਦੇ ਹਨ, ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਉਹਨਾਂ ਦੇ ਅੰਦਰ ਆਤਮਕ ਆਨੰਦ (ਭੀ) ਬਣਿਆ ਰਹਿੰਦਾ ਹੈ ॥੨॥
ਉਸ ਮਨੁੱਖ ਦੇ ਅੰਦਰ ਸਦਾ ਆਤਮਕ ਖਿੜਾਉ ਬਣਿਆ ਰਹਿੰਦਾ ਹੈ,
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾਂਦਾ ਹੈ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿਚ ਟਿਕਾਈ ਰੱਖਦਾ ਹੈ ॥੩॥
ਜਿਸ ਮਨੁੱਖ ਦੇ ਮਨ ਵਿਚ ਸਦਾ ਖਿੜੇ ਰਹਿਣ ਵਾਲਾ ਹਰੀ ਆ ਵੱਸਦਾ ਹੈ, ਉਸ ਦਾ ਤਨ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ ਉਸ ਦਾ ਮਨ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ।
ਹੇ ਨਾਨਕ! ਇਹ ਸਰੀਰ (ਮਾਨੋ) ਰੁੱਖ ਹੈ, (ਜਿਸ ਦੇ ਮਨ ਵਿਚ ਬਸੰਤ ਆ ਜਾਂਦੀ ਹੈ) ਉਸ ਮਨੁੱਖ ਦਾ ਇਹ ਸਰੀਰ-ਰੁੱਖ ਹਰਿ-ਨਾਮ-ਫਲ ਪ੍ਰਾਪਤ ਕਰ ਲੈਂਦਾ ਹੈ ॥੪॥੩॥੧੫॥
ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਉਹਨਾਂ ਦੇ ਅੰਦਰ ਆਤਮਕ ਖਿੜਾਉ ਬਣਿਆ ਰਹਿੰਦਾ ਹੈ।
(ਪਰ ਜੀਵ ਦੇ ਵੱਸ ਦੀ ਗੱਲ ਨਹੀਂ ਹੈ) ਵੱਡੀ ਕਿਸਮਤ ਨਾਲ ਪਰਮਾਤਮਾ (ਆਪ ਹੀ ਜੀਵ ਪਾਸੋਂ) ਭਗਤੀ ਕਰਾਂਦਾ ਹੈ ॥੧॥
(ਉਸ ਮਨੁੱਖ ਦੇ) ਇਸ ਮਨ ਨੂੰ ਆਤਮਕ ਖਿੜਾਉ ਦੀ ਛੁਹ ਹਾਸਲ ਨਹੀਂ ਹੁੰਦੀ,
(ਜਿਸ ਮਨੁੱਖ ਦਾ) ਇਹ ਮਨ ਮਾਇਆ ਦੇ ਮੋਹ ਵਿਚ (ਫਸ ਕੇ) ਮੇਰ-ਤੇਰ ਵਿਚ (ਫਸ ਕੇ) ਆਤਮਕ ਮੌਤ ਸਹੇੜ ਲੈਂਦਾ ਹੈ ॥੧॥ ਰਹਾਉ ॥
ਜਿਸ ਮਨੁੱਖ ਦਾ ਇਹ ਮਨ ਮਾਇਆ ਦੇ ਧੰਧੇ ਵਿਚ ਬੱਝਾ ਰਹਿੰਦਾ ਹੈ,
(ਤੇ ਇਸ ਹਾਲਤ ਵਿਚ ਟਿਕਿਆ ਰਹਿ ਕੇ) ਕਰਮ ਕਮਾਂਦਾ ਹੈ, ਮਾਇਆ (ਦਾ ਮੋਹ) ਉਸ ਦੇ ਆਤਮਕ ਜੀਵਨ ਨੂੰ ਲੁੱਟ ਲੈਂਦਾ ਹੈ, ਉਹ ਸਦਾ ਦੁਖੀ ਰਹਿੰਦਾ ਹੈ ॥੨॥
ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਮਨੁੱਖ ਦਾ ਇਹ ਮਨ (ਮਾਇਆ ਦੇ ਮੋਹ ਦੇ ਪੰਜੇ ਵਿਚੋਂ) ਬਚ ਨਿਕਲਦਾ ਹੈ।
ਫਿਰ ਉਹ ਆਤਮਕ ਮੌਤ ਦੀ ਮਾਰ ਦੇ ਕਾਬੂ ਨਹੀਂ ਆਉਂਦਾ ॥੩॥
ਪਰ, (ਮਾਇਆ ਦੇ ਮੋਹ ਵਿਚੋਂ ਨਿਕਲਣਾ ਜੀਵ ਦੇ ਆਪਣੇ ਵੱਸ ਦੀ ਗੱਲ ਨਹੀਂ, ਜਿਸ ਮਨੁੱਖ ਨੂੰ) ਗੁਰੂ ਨੇ (ਮਾਇਆ ਦੇ ਪੰਜੇ ਵਿਚੋਂ) ਛਡਾ ਲਿਆ, ਉਸ ਦਾ ਇਹ ਮਨ (ਮਾਇਆ ਦੇ ਮੋਹ ਤੋਂ) ਬਚ ਗਿਆ।
ਹੇ ਨਾਨਕ! ਉਹ ਮਨੁੱਖ ਮਾਇਆ ਦੇ ਮੋਹ ਨੂੰ ਗੁਰੂ ਦੇ ਸ਼ਬਦ ਦੀ ਸਹਾਇਤਾ ਨਾਲ ਸਾੜ ਦੇਂਦਾ ਹੈ ॥੪॥੪॥੧੬॥
(ਜਿਵੇਂ ਜਦੋਂ) ਬਸੰਤ ਦਾ ਮੌਸਮ ਸ਼ੁਰੂ ਹੁੰਦਾ ਹੈ ਤਦੋਂ ਸਾਰੀ ਬਨਸਪਤੀ ਖਿੜ ਪੈਂਦੀ ਹੈ,
(ਤਿਵੇਂ) ਇਹ ਸਾਰੇ ਜੀਵ ਪਰਮਾਤਮਾ ਵਿਚ ਚਿੱਤ ਜੋੜ ਕੇ ਆਤਮਕ ਜੀਵਨ ਨਾਲ ਖਿੜ ਪੈਂਦੇ ਹਨ ॥੧॥