ਜਿਸ ਨੂੰ ਸਿਮਰਿਆਂ (ਇਉਂ ਹੋ ਜਾਈਦਾ ਹੈ ਜਿਵੇਂ) ਪਾਰਸ ਦੀ ਛੁਹ ਨਾਲ ਕੱਚ ਸੋਨਾ ਹੋ ਜਾਂਦਾ ਹੈ ਅਤੇ (ਚੰਦਨ ਦੀ ਛੁਹ ਨਾਲ) ਹੋਰ ਰੁੱਖਾਂ ਵਿਚ ਚੰਦਨ ਦੀ ਸੁਗੰਧੀ ਆ ਜਾਂਦੀ ਹੈ।
ਜਿਸ ਗੁਰੂ (ਰਾਮਦਾਸ ਜੀ) ਦੇ ਦਰ ਦਾ ਦਰਸ਼ਨ ਕੀਤਿਆਂ ਕਾਮ ਕ੍ਰੋਧ (ਆਦਿਕ ਇਹ ਸਾਰੇ) ਦੂਰ ਹੋ ਜਾਂਦੇ ਹਨ, ਮੈਂ ਸਦਕੇ ਹਾਂ, ਉਸ ਸੱਚੇ ਗੁਰੂ ਦੇ ਨਾਮ ਤੋਂ ॥੩॥
ਉਸ (ਅਕਾਲ ਪੁਰਖ) ਨੇ ਗੁਰੂ ਰਾਮਦਾਸ (ਜੀ) ਨੂੰ ਰਾਜ ਤੇ ਜੋਗ (ਵਾਲਾ) ਤਖ਼ਤ ਦਿੱਤਾ ਹੈ।
ਪਹਿਲਾਂ ਗੁਰੂ ਨਾਨਕ ਦੇਵ ਜੀ ਚੰਦ੍ਰਮਾ (-ਰੂਪ ਪ੍ਰਗਟ ਹੋਏ), ਮਨੁੱਖਾਂ ਨੂੰ ਤਾਰਨ ਲਈ (ਆਪ ਨੇ) ਚਾਨਣਾ ਕੀਤਾ ਤੇ (ਸਾਰੇ) ਸੰਸਾਰ ਨੂੰ ਖ਼ੁਸ਼ੀ ਹੋਈ।
(ਫਿਰ ਗੁਰੂ ਨਾਨਕ ਦੇਵ ਨੇ) ਗੁਰੂ ਅੰਗਦ ਦੇਵ ਜੀ ਨੂੰ ਹਰੀ ਦੀ ਅਕੱਥ ਕਥਾ ਦਾ ਗਿਆਨ-ਰੂਪ ਖ਼ਜ਼ਾਨਾ ਬਖ਼ਸ਼ਿਆ, (ਜਿਸ ਕਰਕੇ ਗੁਰੂ ਅੰਗਦ ਦੇਵ ਨੇ) ਕਾਮਾਦਿਕ ਪੰਜੇ ਵੈਰੀ ਵੱਸ ਵਿਚ ਕਰ ਲਏ, ਤੇ (ਉਸ ਨੂੰ ਉਹਨਾਂ ਦਾ) ਡਰ ਨਾਹ ਰਿਹਾ।
(ਫਿਰ ਗੁਰੂ ਅੰਗਦ ਦੇਵ ਦੀ ਛੁਹ ਨਾਲ) ਸ੍ਰੀ ਸਤਿਗੁਰੂ ਗੁਰੂ ਅਮਰਦਾਸ (ਪ੍ਰਗਟ ਹੋਇਆ), (ਉਸ ਨੇ) ਕਲਿਜੁਗ ਦੀ ਪਤਿ ਰੱਖੀ, ਆਪ ਦੇ ਚਰਨ ਕਮਲਾਂ ਦਾ ਦਰਸ਼ਨ ਕਰ ਕੇ (ਕਲਿਜੁਗ ਦੇ) ਪਾਪ ਭੱਜ ਗਏ।
(ਜਦੋਂ ਗੁਰੂ ਅਮਰਦਾਸ ਜੀ ਦਾ) ਮਨ ਪੂਰਨ ਤੌਰ ਤੇ ਪਤੀਜ ਗਿਆ, ਤਦੋਂ (ਉਹ ਗੁਰੂ ਰਾਮਦਾਸ ਜੀ ਉਤੇ) ਤ੍ਰੁੱਠੇ ਤੇ (ਉਹਨਾਂ) ਗੁਰੂ ਰਾਮਦਾਸ ਨੂੰ ਰਾਜ ਜੋਗ ਵਾਲਾ ਤਖ਼ਤ ਬਖ਼ਸ਼ਿਆ ॥੪॥
ਜਿਸ ਹਰੀ-ਨਾਮ ਨੇ ਧਰਤੀ ਤੇ ਅਕਾਸ਼ ਨੂੰ ਟਿਕਾ ਰੱਖਿਆ ਹੈ, ਅਤੇ ਜਿਸ ਨੇ ਪਵਣ, ਸਰੋਵਰਾਂ ਦੇ ਉਹ ਜਲ, ਅੱਗ ਤੇ ਅੰਨ ਆਦਿਕ ਪੈਦਾ ਕੀਤੇ ਹਨ,
(ਜਿਸ ਦੀ ਬਰਕਤਿ ਨਾਲ) ਰਾਤ ਨੂੰ ਚੰਦ੍ਰਮਾ ਤੇ ਤਾਰੇ ਅਤੇ ਦਿਨ ਵੇਲੇ ਸੂਰਜ (ਚੜ੍ਹਦਾ ਹੈ), ਜਿਸ ਨੇ ਪਹਾੜ ਰਚੇ ਹਨ ਅਤੇ ਜਿਸ ਨੇ ਰੁੱਖਾਂ ਨੂੰ ਫਲ ਫੁੱਲ ਲਾਏ ਹਨ।
ਜਿਸ ਨੇ ਦੇਵਤੇ ਮਨੁੱਖ ਤੇ ਸੱਤ ਸਮੁੰਦਰ ਪੈਦਾ ਕੀਤੇ ਹਨ ਅਤੇ ਤਿੰਨੇ ਭਵਣ ਟਿਕਾ ਰੱਖੇ ਹਨ,
ਉਹੀ ਇਕ ਹਰੀ-ਨਾਮ ਸਦਾ ਅਟੱਲ ਹੈ, (ਗੁਰੂ ਰਾਮਦਾਸ ਜੀ ਨੇ ਉਹੀ ਨਾਮ-ਰੂਪ) ਚਾਨਣਾ ਗੁਰੂ ਅਮਰਦਾਸ ਜੀ ਤੋਂ ਲੱਭਾ ਹੈ ॥੧॥੫॥
(ਜਿਸ ਮਨੁੱਖ ਨੇ) ਗੁਰੂ ਦਾ ਸ਼ਬਦ ਕੰਨਾਂ ਨਾਲ ਸੁਣਿਆ ਹੈ, ਉਹ (ਮਾਨੋ) ਕੱਚ ਤੋਂ ਸੋਨਾ ਹੋ ਗਿਆ ਹੈ।
ਜਿਸ ਨੇ ਸਤਿਗੁਰੂ ਦਾ ਨਾਮ ਮੂੰਹੋਂ ਉਚਾਰਿਆ ਹੈ, ਉਹ ਵਿਹੁ ਤੋਂ ਅੰਮ੍ਰਿਤ ਬਣ ਗਿਆ ਹੈ।
ਜੇ ਸਤਿਗੁਰੂ (ਮਿਹਰ ਦੀ) ਨਜ਼ਰ ਕਰੇ, ਤਾਂ (ਜੀਵ) ਲੋਹੇ ਤੋਂ ਲਾਲ ਬਣ ਜਾਂਦਾ ਹੈ।
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਦੱਸੇ ਗਿਆਨ ਨੂੰ ਵਿਚਾਰ ਕੇ ਜਪਿਆ ਹੈ ਉਹਨਾਂ ਨੂੰ ਗੁਰੂ (ਮਾਨੋ) ਪੱਥਰਾਂ ਤੋਂ ਮਾਣਕ ਕਰ ਦੇਂਦਾ ਹੈ।
ਉਹਨਾਂ ਮਨੁੱਖਾਂ ਦੇ ਦੁੱਖ ਦਰਦ੍ਰਿ ਦੂਰ ਹੋ ਗਏ ਹਨ ਅਤੇ ਸਤਿਗੁਰੂ ਨੇ ਉਹਨਾਂ ਨੂੰ (ਮਾਨੋ) ਕਾਠ ਤੋਂ ਚੰਦਨ ਬਣਾ ਦਿਤਾ ਹੈ,
ਜਿਨ੍ਹਾਂ ਨੇ ਸਤਿਗੁਰੂ ਦੇ ਚਰਨ ਪਰਸੇ ਹਨ, ਉਹ ਪਸੂ ਤੇ ਪਰੇਤਾਂ ਤੋਂ ਦੇਵਤੇ ਤੇ ਮਨੁੱਖ ਬਣ ਗਏ ਹਨ ॥੨॥੬॥
ਜਦੋਂ ਸਤਿਗੁਰੂ (ਕਿਸੇ ਮਨੁੱਖ ਦਾ) ਪੱਖ ਕਰੇ ਤਾਂ ਉਹ ਧਨ ਦੇ ਕਾਰਨ ਅਹੰਕਾਰ ਨਹੀਂ ਕਰਦਾ।
ਜਦੋਂ ਗੁਰੂ ਪੱਖ ਤੇ ਹੋਵੇ, ਤਾਂ ਲੱਖਾਂ ਫ਼ੌਜਾਂ ਕੀਹ ਵਿਗਾੜ ਸਕਦੀਆਂ ਹਨ?
ਜਦੋਂ ਗੁਰੂ ਪੱਖ ਕਰੇ, ਤਾਂ ਮਨੁੱਖ ਗਿਆਨ ਅਤੇ ਧਿਆਨ ਦੀ ਦਾਤ ਹੋਣ ਦੇ ਕਾਰਨ (ਹਰੀ ਤੋਂ ਬਿਨਾ) ਕਿਸੇ ਹੋਰ ਨਾਲ ਪਿਆਰ ਨਹੀਂ ਪਾਂਦਾ।
ਜਦੋਂ ਗੁਰੂ ਸਹੈਤਾ ਕਰੇ, ਤਾਂ ਜੀਵ ਦੇ ਹਿਰਦੇ ਵਿਚ ਸ਼ਬਦ ਸਾਖਿਆਤ ਹੋ ਜਾਂਦਾ ਹੈ ਤੇ ਉਹ ਸੱਚੇ ਹਰੀ ਦੇ ਘਰ ਵਿਚ (ਟਿਕ ਜਾਂਦਾ) ਹੈ।
ਦਾਸ (ਨਲ੍ਯ੍ਯ) ਭੱਟ ਬੇਨਤੀ ਕਰਦਾ ਹੈ ਕਿ ਜੋ ਮਨੁੱਖ ਦਿਨ ਰਾਤ 'ਗੁਰੂ ਗੁਰੂ' ਜਪਦਾ ਹੈ,
ਜੋ ਸਤਿਗੁਰੂ ਦਾ ਨਾਮ ਹਿਰਦੇ ਵਿਚ ਟਿਕਾਉਂਦਾ ਹੈ, ਉਹ ਮਨੁੱਖ ਜੰਮਣ ਮਰਨ ਦੋਹਾਂ ਤੋਂ ਬਚ ਜਾਂਦਾ ਹੈ ॥੩॥੭॥
ਸਤਿਗੁਰੂ (ਦੀ ਸਰਨ ਪੈਣ) ਤੋਂ ਬਿਨਾ (ਮਨੁੱਖਾ ਜੀਵਨ ਦੇ ਰਾਹ ਵਿਚ) ਹਨੇਰਾ ਹੀ ਹਨੇਰਾ ਹੈ, ਗੁਰੂ ਤੋਂ ਬਿਨਾ (ਸਹੀ ਜੀਵਨ ਦੀ) ਸਮਝ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਗੁਰੂ ਤੋਂ ਬਿਨਾ ਸੁਰਤ (ਉੱਚੀ) ਨਹੀਂ ਹੁੰਦੀ ਤੇ (ਜੀਵਨ-ਸੰਗ੍ਰਾਮ ਵਿਚ) ਸਫਲਤਾ ਭੀ ਪ੍ਰਾਪਤ ਨਹੀਂ ਹੁੰਦੀ, ਗੁਰੂ ਤੋਂ ਬਿਨਾ (ਵਿਕਾਰਾਂ ਤੋਂ) ਖ਼ਲਾਸੀ ਨਹੀਂ ਮਿਲਦੀ।
ਹੇ ਮੇਰੇ ਮਨ! ਸਤਿਗੁਰੂ ਦੀ ਸਰਨ ਪਉ, ਇਹੀ ਉੱਤਮ ਵਿਚਾਰ ਹੈ।
ਸ਼ਬਦ ਦੇ ਸੂਰੇ ਗੁਰੂ ਦੀ ਸਰਨ ਪਉ, ਤੇਰੇ ਸਾਰੇ ਪਾਪ ਕੱਟੇ ਜਾਣਗੇ।
ਕਵੀ ਨਲ੍ਯ੍ਯ ਆਖਦਾ ਹੈ ਕਿ (ਹੇ ਮੇਰੇ ਮਨ!) ਆਪਣੀ ਅੱਖ ਵਿਚ, ਆਪਣੇ ਬੋਲ ਵਿਚ ਕੇਵਲ ਗੁਰੂ ਨੂੰ ਵਸਾਓ, ਗੁਰੂ ਸਦਾ-ਥਿਰ ਰਹਿਣ ਵਾਲਾ ਹੈ।
ਜਿਸ ਜਿਸ ਮਨੁੱਖ ਨੇ ਸਤਿਗੁਰੂ ਦੇ ਦਰਸ਼ਨ ਨਹੀਂ ਕੀਤੇ, ਤੇ ਜੋ ਜੋ ਮਨੁੱਖ ਸਤਿਗੁਰੂ ਦੀ ਸਰਨ ਨਹੀਂ ਪਿਆ, ਉਹ ਸਾਰੇ ਸੰਸਾਰ ਵਿਚ ਨਿਸਫਲ (ਹੀ ਆਏ) ॥੪॥੮॥
ਹੇ ਮੇਰੇ ਮਨ! 'ਗੁਰੂ' 'ਗੁਰੂ' ਜਪ।