ਸੰਤ ਜਨਾਂ ਦੀ ਇਹੀ ਜ਼ਿੰਦਗੀ ਹੈ-
ਪਰਮਾਤਮਾ ਦੇ ਭਗਤ ਆਤਮਕ ਜੀਵਨ ਦੇਣ ਵਾਲੇ ਸੁਖਾਂ ਦੇ ਸਮੁੰਦਰ ਹਰਿ-ਨਾਮ ਦਾ ਰਸ (ਸਦਾ) ਪੀਂਦੇ ਰਹਿੰਦੇ ਹਨ, ਇਹੀ ਉਹਨਾਂ ਵਾਸਤੇ ਦੁਨੀਆ ਵਾਲੇ ਵਿਸ਼ੇ ਭੋਗਾਂ ਦਾ ਸੁਆਦ ਹੈ ॥੧॥ ਰਹਾਉ ॥
ਸੰਤ ਜਨ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਦੇ ਹਨ, ਨਾਮ-ਰਤਨ ਇਕੱਠੇ ਕਰਦੇ ਹਨ, ਅਤੇ ਆਪਣੇ ਮਨ ਵਿਚ ਹਿਰਦੇ ਵਿਚ (ਉਹਨਾਂ ਨੂੰ) ਪ੍ਰੋ ਰੱਖਦੇ ਹਨ।
ਪਰਮਾਤਮਾ ਦੇ ਨਾਮ-ਰੰਗ ਨਾਲ ਰੰਗੀਜ ਕੇ ਉਹਨਾਂ ਦਾ ਮਨ ਗੂੜ੍ਹੇ ਰੰਗ ਵਾਲਾ ਹੋਇਆ ਰਹਿੰਦਾ ਹੈ, ਉਹ ਹਰਿ-ਨਾਮ ਦੇ ਰਸ ਨਾਲ ਮਸਤ ਰਹਿੰਦੇ ਹਨ ॥੧॥
ਜਿਵੇਂ ਮੱਛੀ ਪਾਣੀ ਨਾਲ ਲਪਟੀ ਰਹਿੰਦੀ ਹੈ (ਪਾਣੀ ਤੋਂ ਬਿਨਾ ਜੀਊ ਨਹੀਂ ਸਕਦੀ) ਤਿਵੇਂ ਸੰਤ ਜਨ ਹਰਿ-ਨਾਮ ਵਿਚ ਲੀਨ ਰਹਿੰਦੇ ਹਨ।
ਹੇ ਨਾਨਕ! ਸੰਤ ਜਨ ਪਪੀਹੇ ਵਾਂਗ ਹਨ (ਜਿਵੇਂ ਪਪੀਹਾ ਸ੍ਵਾਂਤੀ ਨਛੱਤ੍ਰ ਦੀ ਵਰਖਾ ਦੀ ਬੂੰਦ ਪੀ ਕੇ ਤ੍ਰਿਪਤ ਹੁੰਦਾ ਹੈ, ਤਿਵੇਂ ਸੰਤ ਜਨ) ਪਰਮਾਤਮਾ ਦੇ ਨਾਮ ਦੀ ਬੂੰਦ ਪੀ ਕੇ ਸੁਖੀ ਹੁੰਦੇ ਹਨ ॥੨॥੬੮॥੯੧॥
ਪਰਮਾਤਮਾ ਦੇ ਨਾਮ ਤੋਂ ਜੋ ਮਨੁੱਖ ਸੱਖਣੇ ਰਹਿੰਦੇ ਹਨ (ਆਤਮਕ ਜੀਵਨ ਦੀ ਕਸਵੱਟੀ ਅਨੁਸਾਰ) ਉਹ ਭੂਤ-ਪ੍ਰੇਤ ਹੀ ਹਨ।
(ਅਜਿਹੇ ਮਨੁੱਖ) ਜਿਤਨਾ ਕੁਝ ਕਰਦੇ ਹਨ ਜਾਂ ਕਰਾਂਦੇ ਹਨ, ਉਹਨਾਂ ਦੇ ਉਹ ਸਾਰੇ ਕੰਮ ਮਾਇਆ ਦੀਆਂ ਫਾਹੀਆਂ ਮਾਇਆ ਦੇ ਜੰਜਾਲ (ਵਧਾਂਦੇ ਹਨ) ॥੧॥ ਰਹਾਉ ॥
ਪਰਮਾਤਮਾ ਦੀ ਭਗਤੀ ਤੋਂ ਬਿਨਾ ਹੋਰ ਹੋਰ ਦੀ ਸੇਵਾ ਕਰਦਿਆਂ (ਮਨੁੱਖ ਆਪਣੀ ਜ਼ਿੰਦਗੀ ਦਾ) ਸਮਾ ਵਿਅਰਥ ਬਿਤਾਂਦਾ ਹੈ।
ਹੇ ਪ੍ਰਾਣੀ! (ਜੇ ਤੂੰ ਹਰਿ-ਨਾਮ ਤੋਂ ਬਿਨਾ ਹੀ ਰਿਹਾ, ਤਾਂ) ਜਦੋਂ ਜਮਰਾਜ ਆ ਕੇ ਮਾਰਦਾ ਹੈ, ਤਦੋਂ (ਸੋਚ) ਤੇਰਾ ਕੀਹ ਹਾਲ ਹੋਵੇਗਾ? ॥੧॥
ਹੇ ਸਦਾ ਹੀ ਦਇਆ ਦੇ ਸੋਮੇ! ਆਪਣੇ ਦਾਸ (ਨਾਨਕ) ਦੀ ਆਪ ਰੱਖਿਆ ਕਰ (ਤੇ, ਆਪਣਾ ਨਾਮ ਬਖ਼ਸ਼)।
ਹੇ ਨਾਨਕ! ਮੇਰਾ ਪ੍ਰਭੂ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, ਉਸ ਦਾ ਨਾਮ-ਧਨ ਸਾਧ ਸੰਗਤ ਵਿਚ ਹੀ ਮਿਲਦਾ ਹੈ ॥੨॥੬੯॥੯੨॥
ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਹਿਰਦੇ ਵਿਚ (ਸਦਾ) ਪਰਮਾਤਮਾ ਦਾ (ਨਾਮ ਸਿਮਰਨ ਦਾ ਹੀ) ਆਹਰ ਹੈ,
ਜਿਹੜੇ ਮਨੁੱਖ ਪ੍ਰਭੂ-ਪ੍ਰੇਮ ਅਤੇ ਹਰਿ-ਭਗਤੀ (ਦੇ ਮਤਵਾਲੇ ਹਨ) ਜੋ ਪ੍ਰਭੂ ਦੇ ਗੁਣ ਗਾਣ ਵਿਚ ਗਿੱਝੇ ਹੋਏ ਹਨ, ਉਹਨਾਂ ਨੂੰ ਜਗਤ (ਦਾ ਮੋਹ) ਪੋਹ ਨਹੀਂ ਸਕਦਾ ॥੧॥ ਰਹਾਉ ॥
ਕੰਨਾਂ ਨਾਲ ਮਾਲਕ-ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਨੀ, (ਜੀਭ ਨਾਲ ਮਾਲਕ ਦਾ ਨਾਮ) ਸਿਮਰਨਾ-ਸੰਤ ਜਨਾਂ ਦੀ ਇਹ ਨਿੱਤ ਦੀ ਕਾਰ ਹੋਇਆ ਕਰਦੀ ਹੈ।
ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਸਦਾ ਟਿਕਾਉ ਬਣਿਆ ਰਹਿੰਦਾ ਹੈ, ਪ੍ਰਭੂ ਦੀ ਪੂਜਾ-ਭਗਤੀ ਉਹਨਾਂ ਦੇ ਪ੍ਰਾਣਾਂ ਦਾ ਆਸਰਾ ਹੁੰਦਾ ਹੈ ॥੧॥
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! (ਮੇਰੀ) ਬੇਨਤੀ ਸੁਣ, (ਮੇਰੇ ਉਤੇ) ਆਪਣੀ ਮਿਹਰ ਕਰ!
ਨਾਨਕ ਆਖਦਾ ਹੈ- ਤੇਰਾ ਨਾਮ ਹੀ (ਮੇਰੇ ਵਾਸਤੇ ਸਭ ਪਦਾਰਥਾਂ ਦਾ) ਖ਼ਜ਼ਾਨਾ ਹੈ (ਮਿਹਰ ਕਰ, ਮੈਂ ਇਹ ਨਾਮ) ਜੀਭ ਨਾਲ ਸਦਾ ਉਚਰਦਾ ਰਹਾਂ, ਅਤੇ ਤੈਥੋਂ ਸਦਾ ਸਦਕੇ ਹੁੰਦਾ ਰਹਾਂ ॥੨॥੭੦॥੯੩॥
ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਤੋਂ ਵਾਂਝੇ ਰਹਿੰਦੇ ਹਨ, ਉਹਨਾਂ ਦੀ ਮੱਤ ਹੋਛੀ ਜਿਹੀ ਹੀ ਬਣ ਜਾਂਦੀ ਹੈ।
ਉਹ ਲੱਖਮੀ-ਪਤੀ ਮਾਲਕ-ਪ੍ਰਭੂ ਦਾ ਨਾਮ ਨਹੀਂ ਸਿਮਰਦੇ। ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਉਹਨਾਂ ਮਨੁੱਖਾਂ ਨੂੰ ਭਿਆਨਕ (ਆਤਮਕ) ਦੁੱਖ-ਕਲੇਸ ਵਾਪਰਦੇ ਰਹਿੰਦੇ ਹਨ ॥੧॥ ਰਹਾਉ ॥
ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਨਾਲ ਪਿਆਰ ਨਹੀਂ ਪਾਂਦੇ, ਪਰ ਅਨੇਕਾਂ ਧਾਰਮਿਕ ਭੇਖਾਂ ਨਾਲ ਪ੍ਰੀਤ ਜੋੜੀ ਰੱਖਦੇ ਹਨ,
ਉਹਨਾਂ ਦੀ ਇਸ ਪ੍ਰੀਤ ਦੇ ਟੁੱਟਦਿਆਂ ਚਿਰ ਨਹੀਂ ਲੱਗਦਾ, ਜਿਵੇਂ ਟੁੱਟੀ ਹੋਈ ਗਾਗਰ ਵਿਚ ਪਾਣੀ ਨਹੀਂ ਠਹਿਰ ਸਕਦਾ ॥੧॥
ਹੇ ਪ੍ਰਭੂ! ਮਿਹਰ ਕਰ, ਮੈਨੂੰ ਆਪਣੀ ਭਗਤੀ ਦਾ ਸੁਆਦ ਬਖ਼ਸ਼, ਮੇਰਾ ਮਨ ਤੇਰੇ ਪ੍ਰੇਮ-ਰਸ ਦੀ ਖ਼ੁਮਾਰੀ ਵਿਚ ਮਸਤ ਰਹੇ।
(ਤੇਰਾ) ਦਾਸ ਨਾਨਕ ਤੇਰੀ ਸਰਨ ਆਇਆ ਹੈ। ਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ ਹੋਰ ਦੂਜਾ ਸਹਾਰਾ ਨਹੀਂ ਹੈ ॥੨॥੭੧॥੯੪॥
ਮੈਂ ਤਾਂ ਆਪਣੇ ਮਨ ਵਿਚ ਉਸ ਮੌਕੇ ਨੂੰ ਉਡੀਕਦਾ ਰਹਿੰਦਾ ਹਾਂ,
ਜਦੋਂ ਮੈਂ ਸੰਤਾਂ ਸੱਜਣਾਂ ਨੂੰ ਮਿਲਾਂ ਜਿਹੜੇ ਨਿੱਤ ਇਕੱਠੇ ਹੋ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ ॥੧॥ ਰਹਾਉ ॥
ਪਰਮਾਤਮਾ ਦੇ ਭਜਨ ਤੋਂ ਬਿਨਾ ਹੋਰ ਜਿਤਨੇ ਭੀ ਕੰਮ ਕੀਤੇ ਜਾਂਦੇ ਹਨ, ਉਹ ਸਾਰੇ (ਜਿੰਦ ਦੇ ਭਾ ਦੇ) ਵਿਅਰਥ ਚਲੇ ਜਾਂਦੇ ਹਨ।
ਸਰਬ-ਵਿਆਪਕ ਅਤੇ ਸਭ ਤੋਂ ਉੱਚੇ ਆਨੰਦ ਦੇ ਮਾਲਕ ਦਾ ਨਾਮ ਮਨ ਵਿਚ ਮਿੱਠਾ ਲੱਗਣਾ-ਇਹੀ ਹੈ ਅਸਲ ਲਾਹੇਵੰਦਾ ਕੰਮ, (ਕਿਉਂਕਿ) ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ (ਸਾਥੀ) ਨਹੀਂ ਹੈ ॥੧॥
ਜਪ ਤਪ ਸੰਜਮ ਆਦਿਕ ਹਠ-ਕਰਮ ਅਤੇ ਸੁਖ ਦੀ ਭਾਲ ਦੇ ਹੋਰ ਸਾਧਨ-ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ਤੇ ਸੰਤ ਜਨ ਇਹਨਾਂ ਨੂੰ ਕੁਝ ਭੀ ਨਹੀਂ ਸਮਝਦੇ (ਤੁੱਛ ਸਮਝਦੇ ਹਨ)।
ਹੇ ਨਾਨਕ! ਸੰਤ ਜਨਾਂ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਵਿੱਝਿਆ ਰਹਿੰਦਾ ਹੈ, ਸੰਤ ਜਨ ਪਰਮਾਤਮਾ ਦੇ ਚਰਨਾਂ ਵਿਚ ਹੀ ਲੀਨ ਰਹਿੰਦੇ ਹਨ ॥੨॥੭੨॥੯੫॥
ਸਭ ਦੇ ਦਿਲ ਦੀ ਜਾਣਨ ਵਾਲਾ ਮੇਰਾ ਪ੍ਰਭੂ (ਹਰ ਵੇਲੇ ਮੇਰੇ) ਨਾਲ ਹੈ-
(ਜਿਸ ਮਨੁੱਖ ਨੂੰ ਅਜਿਹਾ ਨਿਸਚਾ ਬਣ ਜਾਂਦਾ ਹੈ, ਉਸ ਨੂੰ) ਮਾਲਕ-ਪ੍ਰਭੂ ਦਾ ਨਾਮ ਸਿਮਰਦਿਆਂ ਪਰਲੋਕ ਤੇ ਇਸ ਲੋਕ ਵਿਚ ਸਦਾ ਸੁਖ-ਆਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥