ਗੁਰੂ ਦੀ ਸਰਨ ਪਿਆਂ ਸਰਬ-ਵਿਆਪਕ ਕਰਤਾਰ ਪ੍ਰਭੂ ਮਨ ਤੋਂ ਨਹੀਂ ਭੁੱਲਦਾ।
ਜਿਨ੍ਹਾਂ ਮਨੁੱਖਾਂ ਨੇ (ਸਦਾ) ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹਨਾਂ ਉੱਤੇ ਕੋਈ ਰੋਗ, ਕੋਈ ਦੁੱਖ, ਕੋਈ ਡਰ ਆਪਣਾ ਜ਼ੋਰ ਨਹੀਂ ਪਾ ਸਕਦਾ।
ਉਹਨਾਂ ਨੇ ਗੁਰੂ ਦੀ ਕਿਰਪਾ ਨਾਲ ਇਹ ਸੰਸਾਰ-ਸਮੁੰਦਰ ਤਰ ਲਿਆ (ਸਮਝੋ), ਪੂਰਬਲੇ ਜਨਮ ਵਿਚ ਕੀਤੀ ਕਮਾਈ ਅਨੁਸਾਰ (ਮੱਥੇ ਉੱਤੇ ਭਗਤੀ ਦਾ) ਲਿਖਿਆ ਲੇਖ ਉਹਨਾਂ ਨੂੰ ਪ੍ਰਾਪਤ ਹੋ ਗਿਆ।
ਉਹਨਾਂ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਗਈ, ਉਹਨਾਂ ਦੇ ਮਨ ਵਿਚ ਠੰਡ ਪੈ ਗਈ, ਉਹਨਾਂ ਨੂੰ ਬੇਅੰਤ ਪ੍ਰਭੂ ਮਿਲ ਪਿਆ।
ਨਾਨਕ ਬੇਨਤੀ ਕਰਦਾ ਹੈ, ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਮੇਰੀ ਭੀ (ਪ੍ਰਭੂ-ਮਿਲਾਪ ਵਾਲੀ ਚਿਰਾਂ ਦੀ) ਆਸ ਪੂਰੀ ਹੋ ਗਈ ਹੈ ॥੪॥੩॥
ਰਾਗ ਬਿਹਾਗੜਾ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਆਤਮਕ ਆਨੰਦ ਦੇਣ ਵਾਲੀ ਸੋਹਣੀ (ਜੀਵਨ) ਰਾਤ! ਤੂੰ ਲੰਮੀ ਹੁੰਦੀ ਜਾ ਤਾਂ ਜੋ (ਮੇਰੇ ਹਿਰਦੇ ਵਿਚ) ਪਿਆਰੇ ਦਾ ਪ੍ਰੇਮ ਬਣਿਆ ਰਹੇ।
ਹੇ ਦੁਖਦਾਈ ਕੋਝੀ (ਗ਼ਫ਼ਲਤ ਦੀ) ਨੀਂਦ! ਤੂੰ ਘਟਦੀ ਜਾ, ਮੈਂ (ਤੈਥੋਂ ਬਚ ਕੇ) ਪ੍ਰਭੂ ਦੇ ਚਰਨ ਸਦਾ ਛੁੰਹਦੀ ਰਹਾਂ।
ਮੈਂ (ਪ੍ਰਭੂ ਦੇ) ਚਰਨਾਂ ਦੀ ਧੂੜ ਲੋਚਦੀ ਹਾਂ, ਮੈਂ ਸਦਾ (ਉਸ ਦੇ ਦਰ ਤੋਂ ਇਹੀ) ਮੰਗਦੀ ਹਾਂ ਕਿ ਉਸ ਦੇ ਨਾਮ ਦੇ ਸਵਾਦ ਵਿਚ (ਦੁਨੀਆ ਵਲੋਂ) ਵੈਰਾਗਵਾਨ ਹੋਈ ਰਹਾਂ,
ਪਿਆਰੇ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ, ਆਤਮਕ ਅਡੋਲਤਾ ਦੇ (ਆਨੰਦ ਵਿਚ) ਮਸਤ ਮੈਂ ਇਸ ਵੱਡੀ (ਵੈਰਨ) ਭੈੜੀ ਮਤਿ ਦਾ ਤਿਆਗ ਕਰੀ ਰੱਖਾਂ।
(ਪ੍ਰਭੂ ਨੇ ਮੇਰੀ) ਬਾਂਹ ਫੜ ਕੇ ਮੈਨੂੰ ਆਪਣੀ ਬਣਾ ਲਿਆ ਹੈ, ਮੈਂ ਉਸ ਦੇ ਪ੍ਰੇਮ-ਰਸ ਵਿਚ ਭਿੱਜ ਗਈ ਹਾਂ, ਸਦਾ ਕਾਇਮ ਰਹਿਣ ਵਾਲੇ ਪ੍ਰੀਤਮ ਨੂੰ ਮਿਲਣਾ ਹੀ (ਜ਼ਿੰਦਗੀ ਦਾ ਸਹੀ) ਰਸਤਾ ਹੈ।
ਨਾਨਕ ਬੇਨਤੀ ਕਰਦਾ ਹੈ ਕਿ (-ਹੇ ਪ੍ਰਭੂ!) ਕਿਰਪਾ ਕਰ, ਮੈਂ ਸਦਾ ਤੇਰੇ ਚਰਨਾਂ ਨਾਲ ਜੁੜਿਆ ਰਹਾਂ ॥੧॥
ਹੇ ਮੇਰੀ ਸਖੀਹੋ! ਹੇ ਮੇਰੀ ਪਿਆਰੀ ਸਹੇਲੀਹੋ! ਆਓ, ਅਸੀਂ ਪ੍ਰਭੂ ਦੇ ਚਰਨਾਂ ਵਿਚ ਜੁੜੀਏ।
(ਮੇਰੇ) ਮਨ ਵਿਚ ਪਿਆਰੇ ਦਾ ਬਹੁਤ ਪ੍ਰੇਮ ਵੱਸ ਰਿਹਾ ਹੈ, ਆਓ ਅਸੀਂ (ਉਸ ਪਾਸੋਂ) ਭਗਤੀ ਦੀ ਦਾਤ ਮੰਗੀਏ।
ਜਾ ਕੇ ਹਰੀ ਦੇ ਸੰਤ ਜਨਾਂ ਨੂੰ ਮਿਲਣਾ ਚਾਹੀਦਾ ਹੈ ਤੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, (ਇਸੇ ਤਰ੍ਹਾਂ) ਪਰਮਾਤਮਾ ਦੀ ਭਗਤੀ ਪ੍ਰਾਪਤ ਹੁੰਦੀ ਹੈ।
ਆਪਣਾ ਇਹ ਮਨ ਇਹ ਸਰੀਰ ਇਹ ਧਨ (ਸਭ ਕੁਝ) ਭੇਟਾ ਕਰ ਕੇ (ਆਪਣੇ ਅੰਦਰੋਂ) ਅਹੰਕਾਰ, ਮਾਇਆ ਦਾ ਮੋਹ, ਵਿਕਾਰ ਦੂਰ ਕਰ ਦੇਣਾ ਚਾਹੀਦਾ ਹੈ।
ਜੋ ਪ੍ਰਭੂ ਸਭ ਤੋਂ ਵੱਡਾ ਹੈ, ਸਰਬ-ਵਿਆਪਕ ਹੈ, ਸਾਰੇ ਗੁਣਾਂ ਨਾਲ ਭਰਪੂਰ ਹੈ, ਉਸ ਨੂੰ ਮਿਲ ਕੇ (ਉਸ ਨਾਲੋਂ ਵਿੱਥ ਪਾਣ ਵਾਲੀ ਆਪਣੇ ਅੰਦਰੋਂ) ਭਟਕਣਾ ਦੀ ਕੰਧ ਢਾਹ ਦੇਈਏ।
ਨਾਨਕ ਬੇਨਤੀ ਕਰਦਾ ਹੈ ਕਿ ਹੇ ਮੇਰੀ ਸਹੇਲੀਏ! ਮੇਰੀ ਸਲਾਹ ਸੁਣ, ਆਓ ਸਦਾ ਹੀ ਸਦਾ ਹੀ ਪਰਮਾਤਮਾ ਦਾ ਨਾਮ ਜਪਦੇ ਰਹੀਏ ॥੨॥
ਜੇਹੜੀ ਜੀਵ-ਇਸਤ੍ਰੀ ਆਪਣੇ ਆਪ ਨੂੰ ਪ੍ਰਭੂ-ਪਤੀ ਦੇ ਹਵਾਲੇ ਕਰ ਦੇਂਦੀ ਹੈ ਉਹ ਭਾਗਾਂ ਵਾਲੀ ਬਣ ਜਾਂਦੀ ਹੈ, ਉਹ ਸਾਰੇ ਆਨੰਦ ਮਾਣਦੀ ਹੈ,
ਤੇ ਉਹ ਕਦੇ ਵੀ ਨਿਖਸਮੀ ਨਹੀਂ ਹੁੰਦੀ, (ਉਸ ਦੇ ਸਿਰ ਉੱਤੇ) ਮੁੱਢ-ਕਦੀਮਾਂ ਦਾ ਖਸਮ-ਪ੍ਰਭੂ (ਹੱਥ ਰੱਖੀ ਰੱਖਦਾ ਹੈ),
ਉਸ ਜੀਵ-ਇਸਤ੍ਰੀ ਨੂੰ ਕੋਈ ਦੁੱਖ ਨਹੀਂ ਵਿਆਪਦਾ ਉਹ ਸਦਾ ਪ੍ਰਭੂ-ਪਤੀ ਦਾ ਧਿਆਨ ਧਰਦੀ ਹੈ ਤੇ ਇੰਜ ਸਲਾਹੁਣ-ਯੋਗ ਤੇ ਵਢੇ ਭਾਗਾਂ ਵਾਲੀ ਬਣ ਜਾਂਦੀ ਹੈ।
ਜੇਹੜੀਆਂ ਜੀਵ-ਇਸਤ੍ਰੀਆਂ ਪ੍ਰਭੂ ਦੇ ਨਾਮ ਦੇ ਸਵਾਦ ਵਿਚ ਪ੍ਰਭੂ ਦੇ ਪ੍ਰੇਮ ਵਿਚ ਸੁਚੇਤ ਰਹਿੰਦੀਆਂ ਹਨ, ਉਹ ਆਤਮਕ ਆਨੰਦ ਤੇ ਅਡੋਲਤਾ ਵਿਚ ਲੀਨ ਰਹਿੰਦੀਆਂ ਹਨ ਅਤੇ (ਆਪਣੇ ਅੰਦਰੋਂ ਸਾਰੇ) ਪਾਪ ਦੂਰ ਕਰ ਲੈਂਦੀਆਂ ਹਨ।
ਜੇਹੜੀਆਂ ਜੀਵ-ਇਸਤ੍ਰੀਆਂ (ਸਾਧ ਸੰਗਤ ਵਿਚ) ਪ੍ਰੇਮ ਨਾਲ ਮਿਲ ਕੇ ਰਹਿੰਦੀਆਂ ਹਨ, ਪ੍ਰਭੂ ਦਾ ਨਾਮ ਜਿਨ੍ਹਾਂ ਦੀ ਜ਼ਿੰਦਗੀ ਦਾ ਸਿੰਗਾਰ ਬਣਿਆ ਰਹਿੰਦਾ ਹੈ, ਜਿਨ੍ਹਾਂ ਨੂੰ ਪ੍ਰੀਤਮ-ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਬੋਲ ਮਿੱਠੇ ਲੱਗਦੇ ਹਨ, ਚੰਗੇ ਲੱਗਦੇ ਹਨ,
ਨਾਨਕ ਬੇਨਤੀ ਕਰਦਾ ਹੈ ਕਿ ਉਹਨਾਂ ਦੀ (ਚਿਰਾਂ ਦੀ) ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ (ਭਾਵ) ਉਹਨਾਂ ਨੂੰ ਮੁੱਢ-ਕਦੀਮਾਂ ਦਾ ਪਤੀ-ਪ੍ਰਭੂ ਮਿਲ ਪੈਂਦਾ ਹੈ ॥੩॥
ਉਸ ਹਿਰਦੇ-ਘਰ ਵਿਚ (ਮਾਨੋ) ਖ਼ੁਸੀ ਦੇ ਗੀਤ ਤੇ ਕੌਤਕ-ਤਮਾਸ਼ੇ ਆਨੰਦ ਹੋ ਰਹੇ ਹਨ,
ਜਿਸ ਦੇ ਮਨ ਤੇ ਤਨ ਵਿੱਚ ਸਭ ਤੋਂ ਸ੍ਰੇਸ਼ਟ ਆਨੰਦ ਦਾ ਮਾਲਕ-ਪ੍ਰਭੂ ਆ ਵੱਸਦਾ ਹੈ।
ਪ੍ਰਭੂ-ਪਤੀ ਬੇਅੰਤ ਹੈ, ਸਦਾ ਦਇਆ ਦਾ ਘਰ ਹੈ, ਲੱਛਮੀ ਦਾ ਆਸਰਾ ਹੈ, ਸ੍ਰਿਸ਼ਟੀ ਦੀ ਸਾਰ ਲੈਣ ਵਾਲਾ ਹੈ, ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ ਹੈ।
ਉਸ ਮੁਰਾਰੀ ਪ੍ਰਭੂ ਨੇ ਜਿਸ ਜੀਵ ਉੱਤੇ ਮੇਹਰ ਦੀ ਨਿਗਾਹ ਕਰ ਦਿੱਤੀ, ਉਸ ਜੀਵ ਨੂੰ ਅਨੇਕਾਂ ਸਹਿਮਾਂ-ਭਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲਿਆ।
ਮਾਲਕ-ਪ੍ਰਭੂ ਦਾ ਇਹ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਜੇਹੜਾ ਜੀਵ ਉਸ ਦੀ ਸਰਨ ਆਉਂਦਾ ਹੈ ਉਸ ਨੂੰ ਉਹ ਆਪਣੇ ਗਲ ਨਾਲ ਲਾ ਲੈਂਦਾ ਹੈ।
ਨਾਨਕ ਬੇਨਤੀ ਕਰਦਾ ਹੈ ਕਿ ਤੇ ਉਹ ਸਦਾ ਚੋਜ-ਤਮਾਸ਼ੇ ਕਰਨ ਵਾਲਾ ਪ੍ਰਭੂ (ਉਸ ਸਰਨ ਆਏ ਨੂੰ) ਮਿਲ ਪੈਂਦਾ ਹੈ ॥੪॥੧॥੪॥