ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਗੂਜਰੀ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
(ਹੇ ਪ੍ਰਭੂ!) ਜੇ ਮੈਂ ਤੇਰੇ ਨਾਮ (ਦੀ ਯਾਦ) ਨੂੰ ਚੰਨਣ ਦੀ ਲੱਕੜੀ ਬਣਾ ਲਵਾਂ, ਜੇ ਮੇਰਾ ਮਨ (ਉਸ ਚੰਦਨ ਦੀ ਲੱਕੜੀ ਨੂੰ ਘਸਾਣ ਵਾਸਤੇ) ਸਿਲ ਬਣ ਜਾਏ,
ਜੇ ਮੇਰਾ ਉੱਚਾ ਆਚਰਨ (ਇਹਨਾਂ ਦੇ ਨਾਲ) ਕੇਸਰ (ਬਣ ਕੇ) ਰਲ ਜਾਏ, ਤਾਂ ਤੇਰੀ ਪੂਜਾ ਮੇਰੇ ਹਿਰਦੇ ਦੇ ਅੰਦਰ ਹੀ ਪਈ ਹੋਵੇਗੀ ॥੧॥
ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਇਹੀ ਪੂਜਾ ਕਰਨੀ ਚਾਹੀਦੀ ਹੈ। ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਹੋਰ ਕੋਈ ਪੂਜਾ (ਐਸੀ) ਨਹੀਂ (ਜੋ ਪਰਵਾਨ ਹੋ ਸਕੇ) ॥੧॥ ਰਹਾਉ ॥
ਜਿਵੇਂ ਬਾਹਰ ਦੇਵ-ਮੂਰਤੀਆਂ ਦੇ ਇਸ਼ਨਾਨ ਕਰਾਈਦੇ ਹਨ, ਤਿਵੇਂ ਜੇ ਕੋਈ ਮਨੁੱਖ ਆਪਣੇ ਮਨ ਨੂੰ (ਨਾਮ-ਸਿਮਰਨ ਨਾਲ) ਧੋਵੇ,
ਤਾਂ ਉਸ ਦੇ ਮਨ ਦੀ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ, ਉਸ ਦੀ ਜਿੰਦ ਸੁੱਧ-ਪਵਿਤ੍ਰ ਹੋ ਜਾਂਦੀ ਹੈ, ਉਸ ਦਾ ਜੀਵਨ-ਸਫ਼ਰ ਵਿਕਾਰਾਂ ਤੋਂ ਆਜ਼ਾਦ ਹੋ ਜਾਂਦਾ ਹੈ ॥੨॥
(ਇਸ ਧਰਤੀ ਉਤੇ ਮਨੁੱਖ, ਪਸ਼ੂ ਪੰਛੀ ਆਦਿਕ ਸਭ ਦਾ ਸਿਰਦਾਰ ਮੰਨਿਆ ਜਾਂਦਾ ਹੈ, ਪਰ) ਪਸ਼ੂਆਂ ਨੂੰ ਸ਼ਾਬਾਸ਼ੇ ਮਿਲਦੀਆਂ ਹਨ, ਉਹ ਘਾਹ ਖਾਂਦੇ ਹਨ ਤੇ (ਦੁੱਧ ਵਰਗਾ) ਉੱਤਮ ਪਦਾਰਥ ਦੇਂਦੇ ਹਨ।
ਨਾਮ ਤੋਂ ਸੱਖਣੇ ਮਨੁੱਖਾਂ ਦਾ ਜੀਵਨ ਫਿਟਕਾਰ-ਜੋਗ ਹੈ ਕਿਉਂਕਿ ਉਹ (ਨਾਮ ਵਿਸਾਰ ਕੇ ਹੋਰ ਹੋਰ) ਕੰਮ ਹੀ ਕਰਦੇ ਹਨ ॥੩॥
(ਹੇ ਭਾਈ!) ਸਾਡੀ ਤੇ ਪ੍ਰਭੂ ਦੀ ਬੜੀ ਨੇੜੇ ਦੀ ਸਾਂਝ ਹੈ (ਇਤਨੀ ਨੇੜੇ ਦੀ ਕਿ) ਜੋ ਕੁਝ ਉਹ ਸਾਨੂੰ ਦੇਂਦਾ ਹੈ ਉਹੀ ਅਸੀਂ ਖਾਂਦੇ ਹਾਂ (ਖਾ ਕੇ ਜੀਵਨ-ਨਿਰਬਾਹ ਕਰਦੇ ਹਾਂ), ਉਹ (ਦਾਤਾ) ਹੈ ਭੀ ਸਦਾ (ਸਾਡੇ ਸਿਰ ਉਤੇ) ਕਾਇਮ।
ਨਾਨਕ ਆਖਦਾ ਹੈ- ਉਸ ਨੂੰ ਆਪਣੇ ਤੋਂ ਦੂਰ ਨਾਹ ਸਮਝੋ, ਉਹ ਸਦਾ ਸਾਡੀ ਸਾਰ ਲੈਂਦਾ ਹੈ ਸੰਭਾਲ ਕਰਦਾ ਹੈ (ਮੂਰਤੀਆਂ ਦੀ ਪੂਜਾ ਕਰਨ ਦੇ ਥਾਂ ਉਸ ਹਾਜ਼ਰ-ਨਾਜ਼ਰ ਪ੍ਰਭੂ ਦਾ ਨਾਮ ਧਿਆਵੋ) ॥੪॥੧॥
(ਪੁਰਾਣਾਂ ਵਿਚ ਕਥਾ ਆਉਂਦੀ ਹੈ ਕਿ ਜਿਸ ਬ੍ਰਹਮਾ ਦੇ ਰਚੇ ਹੋਏ) ਵੇਦ (ਪੰਡਿਤ ਲੋਕ) ਮੂੰਹੋਂ ਗਲੇ ਨਾਲ ਮਿੱਠੀ ਸੁਰ ਵਿਚ ਨਿੱਤ ਪੜ੍ਹਦੇ ਹਨ, ਉਹ ਬ੍ਰਹਮਾ ਵਿਸ਼ਨੂੰ ਦੀ ਧੁੰਨੀ ਵਿਚੋਂ ਉੱਗੇ ਹੋਏ ਕੌਲ ਦੀ ਨਾਲ ਤੋਂ ਜੰਮਿਆ,
(ਤੇ ਆਪਣੇ ਜਨਮ-ਦਾਤੇ ਦੀ ਕੁਦਰਤਿ ਦਾ ਅੰਤ ਲੱਭਣ ਲਈ ਉਸ ਨਾਲ ਵਿਚ ਚੱਲ ਪਿਆ, ਕਈ ਜੁਗ ਉਸ ਨਾਲ ਦੇ) ਹਨੇਰੇ ਵਿਚ ਹੀ ਆਉਂਦਾ ਜਾਂਦਾ ਰਿਹਾ, ਪਰ ਉਸ ਦਾ ਅੰਤ ਨਾਹ ਲੱਭ ਸਕਿਆ ॥੧॥
ਹੇ ਮੇਰੀ ਜ਼ਿੰਦਗੀ ਦੇ ਆਸਰੇ ਪ੍ਰੀਤਮ! ਮੈਨੂੰ ਨਾਹ ਭੁੱਲ।
ਤੂੰ ਉਹ ਹੈਂ ਜਿਸ ਦੀ ਭਗਤੀ ਪੂਰਨ ਪੁਰਖ ਸਦਾ ਕਰਦੇ ਰਹਿੰਦੇ ਹਨ, ਜਿਸ ਨੂੰ ਰਿਸ਼ੀ ਮੁਨੀ ਗੁਰੂ ਦੀ ਦੱਸੀ ਸੂਝ ਦੇ ਆਸਰੇ ਸਦਾ ਸਿਮਰਦੇ ਹਨ ॥੧॥ ਰਹਾਉ ॥
ਉਹ ਪ੍ਰਭੂ ਇਤਨਾ ਵੱਡਾ ਹੈ ਕਿ ਸੂਰਜ ਤੇ ਚੰਦ੍ਰਮਾ ਉਸ ਦੇ ਤ੍ਰਿਭਵਣੀ ਜਗਤ ਵਿਚ (ਮਾਨੋ ਨਿਕੇ ਜਿਹੇ) ਦੀਵੇ (ਹੀ) ਹਨ, ਸਾਰੇ ਜਗਤ ਵਿਚ ਉਸੇ ਦੀ ਜੋਤਿ ਵਿਆਪਕ ਹੈ।
ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉਸ ਨੂੰ ਦਿਨ ਰਾਤ ਮਿਲਦਾ ਹੈ ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ। ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਦੀ ਜ਼ਿੰਦਗੀ ਦੀ ਰਾਤ (ਅਗਿਆਨਤਾ ਦੇ) ਹਨੇਰੇ ਵਿਚ ਬੀਤਦੀ ਹੈ ॥੨॥
ਵੱਡੇ ਵੱਡੇ ਜੋਗੀ (ਆਪਣੇ ਹੀ ਉੱਦਮ ਦੀ ਟੇਕ ਰੱਖ ਕੇ) ਸਮਾਧੀਆਂ ਲਾਂਦੇ ਹਨ ਤੇ ਮਨ ਨੂੰ ਜਿੱਤਣ ਦੇ ਜਤਨ ਕਰਦੇ ਹਨ (ਪਰ ਜੇਹੜਾ ਮਨੁੱਖ ਆਪਣੇ ਉੱਦਮ ਉਤੇ ਹੀ ਟੇਕ ਰੱਖੇ, ਉਸ ਨੂੰ) ਉਹ ਅੰਦਰ-ਵੱਸਦੀ ਜੋਤਿ ਇਹਨਾਂ ਅੱਖਾਂ ਨਾਲ ਨਹੀਂ ਦਿੱਸਦੀ।
(ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ) ਉਸ ਦਾ ਮਨ ਵਾਲਾ ਝਗੜਾ ਗੁਰੂ ਮੁਕਾ ਦੇਂਦਾ ਹੈ, ਉਸ ਦੇ ਅੰਦਰ ਗੁਰੂ ਦਾ ਸ਼ਬਦ-ਰੂਪ ਮਿੱਠੀ ਲਗਨ ਲੱਗ ਪੈਂਦੀ ਹੈ, ਉਸ ਦੇ ਅੰਦਰ ਪਰਮਾਤਮਾ ਦੀ ਜੋਤਿ ਜਗ ਪੈਂਦੀ ਹੈ ॥੩॥
ਹੇ ਦੇਵਤਿਆਂ ਤੇ ਮਨੁੱਖਾਂ ਦੇ ਖਸਮ! ਹੇ ਬੇਅੰਤ! ਹੇ ਜੂਨ-ਰਹਿਤ! ਤੇ ਅਟੱਲ ਮਹਲ ਵਿਚ ਟਿਕੇ ਰਹਿਣ ਵਾਲੇ ਅਪਾਰ ਪ੍ਰਭੂ!
ਹੇ ਨਾਨਕ! (ਅਰਦਾਸ ਕਰ-) ਹੇ ਜਗਤ ਦੇ ਜੀਵਨ! (ਮੇਹਰ ਕਰ ਮੈਨੂੰ) ਅਡੋਲਤਾ ਵਿਚ ਨਿਵਾਸ ਮਿਲੇ। ਮੇਹਰ ਦੀ ਨਿਗਾਹ ਕਰ ਕੇ ਮੇਰਾ ਬੇੜਾ ਪਾਰ ਕਰ ॥੪॥੨॥