(ਤਾਂਤੇ) ਪਰਮਾਤਮਾ ਦੇ ਕਉਲ ਫੁੱਲ (ਵਰਗੇ ਕੋਮਲ) ਚਰਨਾਂ ਵਿਚ ਚਿੱਤ ਜੋੜਨਾ ਚਾਹੀਦਾ ਹੈ ॥੧॥
ਹੇ ਭਾਈ! ਮੈਂ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਪ੍ਰਭੂ ਦਾ ਨਾਮ ਸਿਮਰਦੇ ਹਨ।
ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ (ਮਾਇਆ ਦੀ ਤ੍ਰਿਸ਼ਨਾ ਅੱਗ ਦੀ) ਸੜਨ ਬੁੱਝ ਜਾਂਦੀ ਹੈ ॥੧॥ ਰਹਾਉ ॥
ਹੇ ਭਾਈ! ਉਹਨਾਂ ਵਡਭਾਗੀਆਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ,
ਗੁਰੂ ਦੀ ਸੰਗਤਿ ਵਿਚ ਟਿਕ ਕੇ ਜਿਨ੍ਹਾਂ ਮਨੁੱਖਾਂ ਦੀ ਸੁਰਤ ਪ੍ਰਭੂ ਵਿਚ ਜੁੜਦੀ ਹੈ ॥੨॥
ਹੇ ਭਾਈ! (ਸੁਰਤ ਪ੍ਰਭੂ ਵਿਚ ਜੋੜ ਕੇ ਲੋਕ ਪਰਲੋਕ ਵਿਚ) ਇੱਜ਼ਤ (ਮਿਲਦੀ ਹੈ), ਆਤਮਕ ਅਡੋਲਤਾ ਦੇ ਸੁਖ-ਆਨੰਦ ਦਾ ਧਨ ਪ੍ਰਾਪਤ ਹੁੰਦਾ ਹੈ।
ਸਭ ਤੋਂ ਉੱਚੇ ਆਨੰਦ ਦੇ ਮਾਲਕ-ਪਰਮਾਤਮਾ ਦਾ ਨਾਮ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਭੁਲਾਵੋ! (ਨਾਮ ਦੀ ਬਰਕਤ ਨਾਲ) ਮਤਿ ਉੱਚੀ ਹੋ ਜਾਂਦੀ ਹੈ ॥੩॥
ਹੇ ਹਰੀ! ਮੇਰੇ ਮਨ ਵਿਚ ਤੇਰਾ ਦਰਸਨ ਕਰਨ ਦੀ ਬੜੀ ਤਾਂਘ ਹੈ (ਮੇਰੀ ਇਹ ਤਾਂਘ ਪੂਰੀ ਕਰ)।
ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ ॥੪॥੮॥੧੩॥
ਹੇ ਭਾਈ! ਮੈਨੂੰ ਗੁਣ-ਹੀਨ ਨੂੰ ਸਾਰੇ ਗੁਣਾਂ ਤੋਂ ਸੱਖਣੇ ਨੂੰ-
ਪ੍ਰਭੂ ਨੇ ਕਿਰਪਾ ਕਰ ਕੇ ਆਪਣਾ (ਦਾਸ) ਬਣਾ ਲਿਆ ॥੧॥
ਹੇ ਭਾਈ! ਗੋਪਾਲ-ਪ੍ਰਭੂ ਨੇ ਮੇਰਾ ਮਨ ਅਤੇ ਮੇਰਾ ਸਰੀਰ ਸੋਹਣਾ ਬਣਾ ਦਿੱਤਾ ਹੈ।
ਮੇਹਰ ਕਰ ਕੇ ਪ੍ਰਭੂ ਮੇਰੇ ਹਿਰਦੇ-ਘਰ ਵਿਚ ਆ ਵੱਸਿਆ ਹੈ ॥੧॥ ਰਹਾਉ ॥
ਹੇ ਭਗਤੀ ਨਾਲ ਪਿਆਰ ਕਰਨ ਵਾਲੇ ਪ੍ਰਭੂ! ਹੇ ਸਾਰੇ ਡਰ ਦੂਰ ਕਰਨ ਵਾਲੇ ਪ੍ਰਭੂ!
ਹੁਣ (ਜਦੋਂ ਤੂੰ ਮੇਰੇ ਹਿਰਦੇ-ਘਰ ਵਿਚ ਆ ਵੱਸਿਆ ਹੈਂ) ਮੈਂ (ਤੇਰੀ ਮੇਹਰ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ਹਾਂ ॥੨॥
ਹੇ ਭਾਈ! ਵੇਦ (ਆਦਿਕ ਹਰੇਕ ਧਰਮ-ਪੁਸਤਕ) ਨੇ ਜਿਸ ਪ੍ਰਭੂ ਦੀ ਬਾਬਤ ਲਿਖਿਆ ਹੈ ਕਿ ਉਹ ਵਿਕਾਰੀਆਂ ਨੂੰ ਭੀ ਪਵਿੱਤਰ ਕਰਨ ਵਾਲਾ ਹੈ,
ਉਸ ਪ੍ਰਭੂ ਨੂੰ ਮੈਂ ਆਪਣੀਆਂ ਅੱਖਾਂ ਨਾਲ (ਹਰ ਥਾਂ ਵੱਸਦਾ) ਵੇਖ ਲਿਆ ਹੈ ॥੩॥
ਗੁਰੂ ਦੀ ਸੰਗਤਿ ਵਿਚ ਟਿਕਿਆਂ ਪਰਮਾਤਮਾ ਜਿਸ ਮਨੁੱਖ ਦੇ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ,
ਹੇ ਦਾਸ ਨਾਨਕ! (ਆਖ-) ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੪॥੯॥੧੪॥
(ਆਪਣੀ ਅਕਲ ਦੇ ਬਲ) ਕੋਈ ਮਨੁੱਖ ਤੇਰੀ ਸੇਵਾ-ਭਗਤੀ ਕਰਨੀ ਨਹੀਂ ਜਾਣਦਾ,
ਹੇ ਨਾਸ-ਰਹਿਤ ਪ੍ਰਭੂ! ਹੇ ਅਦ੍ਰਿਸ਼ਟ ਪ੍ਰਭੂ! ਹੇ ਅਭੇਵ ਪ੍ਰਭੂ! (ਇਹ ਜਾਚ ਤੇਰੀ ਕ੍ਰਿਪਾ ਦੁਆਰਾ ਹੀ ਆ ਸਕਦੀ ਹੈ) ॥੧॥
ਹੇ ਡੂੰਘੇ ਪ੍ਰਭੂ! ਹੇ ਵੱਡੇ ਜਿਗਰੇ ਵਾਲੇ ਪ੍ਰਭੂ! ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ।
ਹੇ ਮੇਰੇ ਮਾਲਕ ਪ੍ਰਭੂ! ਜਿਨ੍ਹਾਂ ਆਤਮਕ ਮੰਡਲਾਂ ਵਿਚ ਤੂੰ ਰਹਿੰਦਾ ਹੈਂ ਉਹ ਬਹੁਤ ਉੱਚੇ ਹਨ।
ਹੇ ਮੇਰੇ ਠਾਕੁਰ! ਤੂੰ ਪਰੇ ਤੋਂ ਪਰੇ ਹੈਂ ॥੧॥ ਰਹਾਉ ॥
ਹੇ ਪ੍ਰਭੂ! ਤੈਥੋਂ ਇੱਕ ਤੋਂ ਬਿਨਾ (ਤੇਰੇ ਵਰਗਾ) ਹੋਰ ਕੋਈ ਨਹੀਂ ਹੈ।
ਆਪਣੀ ਭਗਤੀ (ਕਰਨ ਦਾ ਢੰਗ) ਤੂੰ ਆਪ ਹੀ ਜਾਣਦਾ ਹੈਂ ॥੨॥
ਹੇ ਭਾਈ! (ਜੀਵਾਂ ਪਾਸੋਂ) ਆਪਣੇ ਬਲ ਨਾਲ (ਪ੍ਰਭੂ ਦੀ ਭਗਤੀ) ਰਤਾ ਭਰ ਭੀ ਨਹੀਂ ਹੋ ਸਕਦੀ।
ਉਹੀ ਮਨੁੱਖ ਹਰਿ-ਨਾਮ ਦੀ ਦਾਤ ਹਾਸਲ ਕਰਦਾ ਹੈ ਜਿਸ ਨੂੰ ਪ੍ਰਭੂ (ਆਪ) ਦੇਂਦਾ ਹੈ ॥੩॥
ਨਾਨਕ ਆਖਦਾ ਹੈ- ਜੇਹੜਾ ਮਨੁੱਖ ਪਰਮਾਤਮਾ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ,
ਉਸੇ ਨੇ ਹੀ ਗੁਣਾਂ ਦੇ ਖ਼ਜ਼ਾਨੇ ਪ੍ਰਭੂ (ਦਾ ਮਿਲਾਪ) ਪ੍ਰਾਪਤ ਕੀਤਾ ਹੈ ॥੪॥੧੦॥੧੫॥
(ਹੇ ਮੂਰਖ! ਜਿਸ ਪ੍ਰਭੂ ਨੇ ਤੈਨੂੰ) ਮਾਂ ਦੇ ਪੇਟ ਵਿਚ (ਆਪਣਾ) ਹੱਥ ਦੇ ਕੇ ਬਚਾਇਆ ਸੀ,
ਉਸ ਦੇ ਨਾਮ ਦਾ ਆਨੰਦ ਭੁਲਾ ਕੇ ਤੂੰ ਮਾਇਆ ਦਾ ਫਲ ਚੱਖ ਰਿਹਾ ਹੈਂ ॥੧॥
ਹੇ ਮੂਰਖ (ਮਨੁੱਖ)! ਮੋਹ ਦੀਆਂ ਸਾਰੀਆਂ ਤਣਾਵਾਂ ਛੱਡ ਕੇ ਪਰਮਾਤਮਾ ਦਾ ਨਾਮ ਜਪਿਆ ਕਰ।
ਜਿਸ ਵੇਲੇ ਜਮਦੂਤ ਆ ਕੇ ਮਾਰੂ ਹੱਲਾ ਕਰਦਾ ਹੈ, ਉਸ ਵੇਲੇ ਸਰੀਰ ਦੁੱਖ ਸਹਾਰ ਕੇ ਨਾਸ ਹੋ ਜਾਂਦਾ ਹੈ ॥੧॥ ਰਹਾਉ ॥
(ਹੇ ਮੂਰਖ!) ਤੂੰ ਇਸ ਸਰੀਰ ਨੂੰ, ਇਸ ਧਨ ਨੂੰ ਆਪਣਾ ਮੰਨੀ ਬੈਠਾ ਹੈਂ,
ਪਰ ਜਿਸ ਪ੍ਰਭੂ ਨੇ ਇਹਨਾਂ ਨੂੰ ਪੈਦਾ ਕੀਤਾ ਹੈ, ਉਸ ਨੂੰ ਤੂੰ ਪਲ ਭਰ ਭੀ ਨਹੀਂ ਸਿਮਰਿਆ ॥੨॥
(ਹੇ ਮੂਰਖ!) ਤੂੰ ਮੋਹ ਦੇ ਬੜੇ ਘੁੱਪ ਹਨੇਰੇ ਖੂਹ ਵਿਚ ਡਿੱਗਾ ਪਿਆ ਹੈਂ,
ਮਾਇਆ (ਦੇ ਮੋਹ) ਦੇ ਪਰਦੇ ਦੇ ਓਹਲੇ ਤੈਨੂੰ ਪਰਮਾਤਮਾ ਭੁੱਲ ਚੁਕਾ ਹੈ ॥੩॥
ਜਿਸ ਮਨੁੱਖ ਨੇ ਵੱਡੀ ਕਿਸਮਤ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ,
ਹੇ ਨਾਨਕ! ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ ਉਸ ਨੇ ਪ੍ਰਭੂ (ਦਾ ਮਿਲਾਪ) ਹਾਸਲ ਕਰ ਲਿਆ ॥੪॥੧੧॥੧੬॥
ਹੇ ਭਾਈ! ਮਾਂ, ਪਿਉ, ਪੁੱਤਰ, ਰਿਸ਼ਤੇਦਾਰ, ਭਰਾ-
(ਇਹਨਾਂ ਸਭਨਾਂ ਵਾਂਗ) ਪਰਮਾਤਮਾ ਹੀ ਨਾਨਕ ਦਾ ਮਦਦਗਾਰ ਬਣਿਆ ਹੋਇਆ ਹੈ ॥੧॥
ਹੇ ਭਾਈ! (ਉਸ ਗੁਰੂ ਦੀ ਸਰਨ ਪਿਆਂ) ਆਤਮਕ ਅਡੋਲਤਾ ਦੇ ਅਨੇਕਾਂ ਸੁਖ ਆਨੰਦ ਮਿਲ ਜਾਂਦੇ ਹਨ,
ਜੇਹੜਾ ਗੁਰੂ (ਸਭ ਗੁਣਾਂ ਨਾਲ) ਭਰਪੂਰ ਹੈ, ਜਿਸ ਗੁਰੂ ਦੀ ਬਾਣੀ (ਆਤਮਕ ਆਨੰਦ ਨਾਲ) ਭਰਪੂਰ ਹੈ, ਜਿਸ ਗੁਰੂ ਦੇ ਅਨੇਕਾਂ ਹੀ ਗੁਣ ਹਨ ਜੋ ਗਿਣਨ-ਗੋਚਰੇ ਨਹੀਂ ॥੧॥ ਰਹਾਉ ॥
ਹੇ ਭਾਈ! ਪ੍ਰਭੂ ਆਪ ਹੀ (ਸਰਨ ਪਏ ਮਨੁੱਖ ਦੇ) ਸਾਰੇ ਕੰਮ ਸਿਰੇ ਚਾੜ੍ਹਨ ਦੇ ਪ੍ਰਬੰਧ ਕਰਦਾ ਹੈ,
ਉਸ ਪ੍ਰਭੂ ਦਾ ਨਾਮ ਜਪਿਆਂ ਮਨ ਦੀਆਂ ਸਾਰੀਆਂ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ ॥੨॥
ਹੇ ਭਾਈ! (ਦੁਨੀਆ ਦੇ ਪ੍ਰਸਿੱਧ ਮੰਨੇ ਹੋਏ ਚਾਰ ਪਦਾਰਥਾਂ) ਧਰਮ ਅਰਥ ਕਾਮ ਮੋਖ ਦਾ ਦੇਣ ਵਾਲਾ ਪਰਮਾਤਮਾ ਆਪ ਹੀ ਹੈ।