ਜੇ ਗੁਰੂ ਮਿਲ ਪਏ ਤਾਂ ਚੰਗੇ ਮੰਦੇ ਸਭ ਨਾਲ ਪਿਆਰ ਕਰਦਾ ਹੈ।
ਗੁਰੂ ਦੇ ਮਿਲਿਆਂ ਹੀ ਮੱਥੇ ਦੇ ਚੰਗੇ ਲੇਖ ਉੱਘੜਦੇ ਹਨ ॥੫॥
ਜੇ ਗੁਰੂ ਮਿਲ ਪਏ ਤਾਂ ਸਰੀਰ (ਵਿਕਾਰਾਂ ਵਿਚ ਪੈ ਕੇ) ਛਿੱਜਦਾ ਨਹੀਂ (ਭਾਵ, ਮਨੁੱਖ ਵਿਕਾਰਾਂ ਵਿਚ ਪ੍ਰਵਿਰਤ ਨਹੀਂ ਹੁੰਦਾ, ਤੇ ਨਾ ਹੀ ਉਸ ਦੀ ਸੱਤਿਆ ਵਿਅਰਥ ਜਾਂਦੀ ਹੈ);
ਜੇ ਗੁਰੂ ਮਿਲ ਪਏ ਤਾਂ ਉੱਚੀ ਜਾਤ ਆਦਿਕ ਦੇ ਮਾਣ ਵਾਲੇ ਮਨੁੱਖ ਗੁਰੂ ਸ਼ਰਨ ਆਏ ਬੰਦੇ ਉੱਤੇ ਦਬਾਉ ਨਹੀਂ ਪਾ ਸਕਦੇ, ਜਿਵੇਂ ਕਿ ਉਹ ਦੇਹੁਰਾ ਨਾਮਦੇਵ ਵਲ ਪਰਤ ਗਿਆ ਸੀ ਜਿਸ ਵਿਚੋਂ ਉਸ ਨੂੰ ਧੱਕੇ ਪਏ ਸਨ;
ਗੁਰੂ ਦੀ ਸ਼ਰਨ ਪਏ ਗ਼ਰੀਬ ਨੂੰ ਰੱਬ ਆਪ ਬਹੁੜਦਾ ਹੈ ਜਿਵੇਂ ਕਿ ਨਾਮਦੇਵ ਦੀ ਕੁੱਲੀ ਬਣੀ ਸੀ;
ਜੇ ਗੁਰੂ ਮਿਲ ਪਏ ਤਾਂ ਰੱਬ ਆਪ ਸਹਾਈ ਹੁੰਦਾ ਹੈ ਜਿਵੇਂ ਕਿ ਬਾਦਸ਼ਾਹ ਦੇ ਡਰਾਵੇ ਦੇਣ ਤੇ ਮੰਜਾ ਦਰਿਆ ਵਿਚੋਂ ਕਢਾ ਦਿੱਤਾ ॥੬॥
ਜੇ ਗੁਰੂ ਮਿਲ ਪਏ ਤਾਂ ਅਠਾਹਠ ਤੀਰਥਾਂ ਦਾ ਇਸ਼ਨਾਨ ਹੋ ਗਿਆ (ਜਾਣੋ),
ਜੇ ਗੁਰੂ ਮਿਲ ਪਏ ਤਾਂ ਸਰੀਰ ਉੱਤੇ ਚੱਕਰ ਲੱਗ ਗਏ ਸਮਝੋ (ਜਿਵੇਂ ਬੈਰਾਗੀ ਦੁਆਰਕਾ ਜਾ ਕੇ ਲਾਉਂਦੇ ਹਨ),
ਜੇ ਗੁਰੂ ਮਿਲ ਪਏ ਤਾਂ ਬਾਰਾਂ ਹੀ ਸ਼ਿਵ-ਲਿੰਗਾਂ ਦੀ ਪੂਜਾ ਹੋ ਗਈ ਜਾਣੋ;
ਜੇ ਗੁਰੂ ਮਿਲ ਪਏ ਤਾਂ ਉਸ ਮਨੁੱਖ ਲਈ ਸਾਰੇ ਜ਼ਹਿਰ ਭੀ ਮਿੱਠੇ ਫਲ ਬਣ ਜਾਂਦੇ ਹਨ ॥੭॥
ਜੇ ਗੁਰੂ ਮਿਲ ਪਏ ਤਾਂ ਦਿਲ ਦੇ ਸੰਸੇ ਮਿਟ ਜਾਂਦੇ ਹਨ,
ਜੇ ਗੁਰੂ ਮਿਲ ਪਏ ਤਾਂ ਜਮਾਂ ਤੋਂ (ਹੀ) ਖ਼ਲਾਸੀ ਹੋ ਜਾਂਦੀ ਹੈ,
ਜੇ ਗੁਰੂ ਮਿਲ ਪਏ ਤਾਂ ਸੰਸਾਰ-ਸਮੁੰਦਰ ਤੋਂ ਮਨੁੱਖ ਪਾਰ ਲੰਘ ਜਾਂਦਾ ਹੈ,
ਜੇ ਗੁਰੂ ਮਿਲ ਪਏ ਤਾਂ ਜਨਮ ਮਰਨ ਤੋਂ ਬਚ ਜਾਂਦਾ ਹੈ ॥੮॥
ਜੇ ਗੁਰੂ ਮਿਲ ਪਏ ਤਾਂ ਅਠਾਰਾਂ ਸਿੰਮ੍ਰਿਤੀਆਂ ਦੇ ਦੱਸੇ ਕਰਮ-ਕਾਂਡ ਦੀ ਲੋੜ ਨਹੀਂ ਰਹਿ ਜਾਂਦੀ,
ਜੇ ਗੁਰੂ ਮਿਲ ਪਏ ਤਾਂ ਸਾਰੀ ਬਨਸਪਤੀ ਹੀ (ਪ੍ਰਭੂ-ਦੇਵ ਦੀ ਨਿੱਤ ਭੇਟ ਹੁੰਦੀ ਦਿੱਸ ਪੈਂਦੀ ਹੈ)।
ਜੇ ਗੁਰੂ ਮਿਲ ਪਏ ਤਾਂ ਸਤਿਗੁਰੂ ਤੋਂ ਬਿਨਾ ਹੋਰ ਕੋਈ ਥਾਂ ਨਹੀਂ (ਜਿੱਥੇ ਮਨੁੱਖ ਜੀਵਨ ਦਾ ਸਹੀ ਰਸਤਾ ਲੱਭ ਸਕੇ),
ਨਾਮਦੇਵ (ਹੋਰ ਸਭ ਆਸਰੇ-ਪਰਨੇ ਛੱਡ ਕੇ) ਗੁਰੂ ਦੀ ਸ਼ਰਨ ਪਿਆ ਹੈ ॥੯॥੧॥੨॥੧੧॥
ਰਾਗ ਭੈਰਉ, ਘਰ ੨ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਉਸ (ਪ੍ਰਭੂ) ਨੂੰ ਵੇਖਣ ਤੋਂ ਬਿਨਾ (ਉਸ ਨੂੰ ਮਿਲਣ ਦੀ) ਤਾਂਘ ਪੈਦਾ ਨਹੀਂ ਹੁੰਦੀ, (ਇਸ ਦਿੱਸਦੇ ਸੰਸਾਰ ਨਾਲ ਹੀ ਮੋਹ ਬਣਿਆ ਰਹਿੰਦਾ ਹੈ)
ਤੇ, ਇਹ ਜੋ ਕੁਝ ਦਿੱਸਦਾ ਹੈ ਇਹ ਸਭ ਨਾਸ ਹੋ ਜਾਣ ਵਾਲਾ ਹੈ।
ਜੋ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ, ਤੇ, ਪ੍ਰਭੂ ਦਾ ਨਾਮ ਜਪਦਾ ਹੈ,
ਸਿਰਫ਼ ਉਹੀ ਅਸਲ ਜੋਗੀ ਹੈ ਤੇ ਉਹ ਕਾਮਨਾ-ਰਹਿਤ ਹੋ ਜਾਂਦਾ ਹੈ ॥੧॥
ਜਦੋਂ ਕੋਈ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਾਂ ਉਸ ਦਾ ਮਨ ਪ੍ਰਭੂ ਵਿਚ ਪਰਚ ਜਾਂਦਾ ਹੈ।
ਜਦੋਂ ਪਾਰਸ-ਪ੍ਰਭੂ ਨੂੰ ਉਹ ਛੁੰਹਦਾ ਹੈ (ਉਹ, ਮਾਨੋ, ਸੋਨਾ ਹੋ ਜਾਂਦਾ ਹੈ), ਤੇ, ਉਸ ਦੀ ਮੇਰ-ਤੇਰ ਮੁੱਕ ਜਾਂਦੀ ਹੈ ॥੧॥ ਰਹਾਉ ॥
(ਨਾਮ ਸਿਮਰਨ ਵਾਲਾ) ਉਹ ਮਨੁੱਖ (ਅਸਲ) ਰਿਸ਼ੀ ਹੈ, ਉਹ (ਨਾਮ ਦੀ ਬਰਕਤਿ ਨਾਲ) ਆਪਣੇ ਮਨ ਦੀ ਮੇਰ-ਤੇਰ ਮਿਟਾ ਲੈਂਦਾ ਹੈ,
ਤੇ, ਤਿੰਨਾਂ ਲੋਕਾਂ ਵਿਚ ਵਿਆਪਕ ਉਸ ਪ੍ਰਭੂ ਵਿਚ ਸਮਾਇਆ ਰਹਿੰਦਾ ਹੈ ਜਿਸ ਦਾ ਦਸ ਦੁਆਰਿਆਂ ਵਾਲਾ ਕੋਈ ਖ਼ਾਸ ਸਰੀਰ ਨਹੀਂ ਹੈ।
(ਜਗਤ ਵਿਚ) ਹਰੇਕ ਮਨੁੱਖ ਆਪੋ ਆਪਣੇ ਮਨ ਦਾ ਸੁਭਾਉ ਵਰਤਦਾ ਹੈ,
(ਆਪਣੇ ਮਨ ਦੇ ਪਿੱਛੇ ਤੁਰਦਾ ਹੈ; ਪਰ ਨਾਮ ਸਿਮਰਨ ਵਾਲਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਨ ਦੇ ਥਾਂ, ਨਾਮ ਦੀ ਬਰਕਤਿ ਨਾਲ) ਕਰਤਾਰ ਦਾ ਰੂਪ ਹੋ ਜਾਂਦਾ ਹੈ, ਤੇ, ਉਸ ਅਵਸਥਾ ਵਿਚ ਟਿਕਿਆ ਰਹਿੰਦਾ ਹੈ ਜਿੱਥੇ ਕੋਈ ਡਰ ਭਉ ਨਹੀਂ ॥੨॥
(ਜਗਤ ਦੀ ਸਾਰੀ) ਬਨਸਪਤੀ ਫਲ ਦੇਣ ਦੀ ਖ਼ਾਤਰ ਖਿੜਦੀ ਹੈ;
ਜਦੋਂ ਫਲ ਲੱਗਦਾ ਹੈ ਫੁੱਲ ਦੂਰ ਹੋ ਜਾਂਦਾ ਹੈ।
ਇਸੇ ਤਰ੍ਹਾਂ ਦੁਨੀਆ ਦੀ ਰੋਜ਼ਾਨਾ ਕਿਰਤ-ਕਾਰ ਗਿਆਨ ਦੀ ਖ਼ਾਤਰ ਹੈ (ਪ੍ਰਭੂ ਵਿਚ ਪਰਚਣ ਲਈ ਹੈ, ਉੱਚ-ਜੀਵਨ ਦੀ ਸੂਝ ਲਈ ਹੈ),
ਜਦੋਂ ਉੱਚ-ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ ਤਾਂ ਉਸ ਅਵਸਥਾ ਵਿਚ ਅੱਪੜ ਕੇ ਕਿਰਤ-ਕਾਰ ਦਾ (ਮਾਇਕ ਉੱਦਮਾਂ ਦਾ) ਮੋਹ ਮਿਟ ਜਾਂਦਾ ਹੈ ॥੩॥
ਸਿਆਣੀ ਇਸਤ੍ਰੀ ਘਿਉ ਦੀ ਖ਼ਾਤਰ ਦਹੀਂ ਰਿੜਕਦੀ ਹੈ,
(ਤਿਵੇਂ ਜੋ ਮਨੁੱਖ ਨਾਮ ਜਪ ਕੇ ਪ੍ਰਭੂ-ਚਰਨਾਂ ਵਿਚ ਪਰਚਦਾ ਹੈ ਉਹ ਜਾਣਦਾ ਹੈ ਕਿ ਦੁਨੀਆ ਦਾ ਜੀਵਨ-ਨਿਰਬਾਹ, ਦੁਨੀਆ ਦੀ ਕਿਰਤ-ਕਾਰ ਪ੍ਰਭੂ-ਚਰਨਾਂ ਵਿਚ ਜੁੜਨ ਵਾਸਤੇ ਹੀ ਹੈ। ਸੋ, ਉਹ ਮਨੁੱਖ ਨਾਮ ਦੀ ਬਰਕਤਿ ਨਾਲ) ਮਾਇਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮੁਕਤ ਹੁੰਦਾ ਹੈ ਤੇ ਸਦਾ ਵਾਸ਼ਨਾ-ਰਹਿਤ ਰਹਿੰਦਾ ਹੈ।
ਰਵਿਦਾਸ ਇਹ ਸਭ ਤੋਂ ਉੱਚੇ ਵੈਰਾਗ (ਦੀ ਪ੍ਰਾਪਤੀ) ਦੀ ਗੱਲ ਦੱਸਦਾ ਹੈ;
ਹੇ ਭਾਗ-ਹੀਣ! ਪ੍ਰਭੂ ਤੇਰੇ ਹਿਰਦੇ ਵਿਚ ਹੀ ਹੈ, ਤੂੰ ਉਸ ਨੂੰ ਕਿਉਂ ਨਹੀਂ ਯਾਦ ਕਰਦਾ? ॥੪॥੧॥
ਹੇ (ਸੁਹਣੀਆਂ ਜ਼ੁਲਫ਼ਾਂ ਵਾਲੇ) ਕਲੰਦਰ-ਪ੍ਰਭੂ! ਹੇ ਸੁਹਣੇ ਕੇਸਾਂ ਵਾਲੇ ਪ੍ਰਭੂ!
ਤੂੰ ਅਬਦਾਲੀ ਫ਼ਕੀਰਾਂ ਦਾ ਪਹਿਰਾਵਾ ਪਾ ਕੇ (ਆਇਆ ਹੈਂ); ਜੀ ਆਇਆਂ ਨੂੰ (ਆ, ਮੇਰੇ ਹਿਰਦੇ-ਮਸੀਤ ਵਿਚ ਆ ਬੈਠ) ॥ ਰਹਾਉ॥
(ਹੇ ਕਲੰਦਰ! ਹੇ ਕੇਸ਼ਵ! ਤੂੰ ਆ, ਤੂੰ) ਜਿਸ ਨੇ (ਸੱਤ) ਅਸਮਾਨਾਂ ਨੂੰ ਕੁੱਲਾ (ਬਣਾ ਕੇ ਆਪਣੇ) ਸਿਰ ਉੱਤੇ ਪਾਇਆ ਹੋਇਆ ਹੈ, ਜਿਸ ਨੇ ਸੱਤ ਪਤਾਲਾਂ ਨੂੰ ਆਪਣੀਆਂ ਖੜਾਵਾਂ ਬਣਾਇਆ ਹੋਇਆ ਹੈ।
ਹੇ ਕਲੰਦਰ-ਪ੍ਰਭੂ! ਸਾਰੇ ਜੀਆ-ਜੰਤ ਤੇਰੇ ਵੱਸਣ ਲਈ ਘਰ ਹਨ। ਹੇ ਧਰਤੀ ਦੇ ਰੱਖਿਅਕ! ਤੂੰ ਇਸ ਤਰ੍ਹਾਂ ਦਾ ਬਣਿਆ ਹੋਇਆ ਹੈਂ ॥੧॥
(ਹੇ ਕਲੰਦਰ-ਪ੍ਰਭੂ!) ਛਪੰਜਾ ਕਰੋੜ (ਮੇਘ ਮਾਲਾ) ਤੇਰਾ ਚੋਗ਼ਾ ਹੈ, ਸੋਲਾਂ ਹਜ਼ਾਰ ਆਲਮ ਤੇਰਾ ਤੰਬਾ ਹੈ;
ਹੇ ਕੇਸ਼ਵ! ਸਾਰੀ ਬਨਸਪਤੀ ਤੇਰਾ ਸਲੋਤਰ ਹੈ, ਤੇ ਸਾਰਾ ਸੰਸਾਰ ਤੇਰੀ ਸਹਣਕੀ (ਮਿੱਟੀ ਦੀ ਰਕੇਬੀ) ਹੈ ॥੨॥
(ਹੇ ਕਲੰਦਰ-ਪ੍ਰਭੂ! ਆ, ਮੇਰੀ ਮਸੀਤੇ ਆ) ਮੇਰਾ ਸਰੀਰ (ਤੇਰੇ ਲਈ) ਮਸੀਤ ਹੈ, ਮੇਰਾ ਮਨ (ਤੇਰੇ ਨਾਮ ਦੀ ਬਾਂਗ ਦੇਣ ਵਾਲਾ) ਮੁੱਲਾਂ ਹੈ, ਤੇ (ਤੇਰੇ ਚਰਨਾਂ ਵਿਚ ਜੁੜਿਆ ਰਹਿ ਕੇ) ਅਡੋਲਤਾ ਦੀ ਨਿਮਾਜ਼ ਪੜ੍ਹ ਰਿਹਾ ਹੈ।
ਹੇ ਸਾਰੇ ਜਗਤ ਦੇ ਮਾਲਕ ਨਿਰੰਕਾਰ! ਬੀਬੀ ਲੱਛਮੀ ਨਾਲ ਤੇਰਾ ਵਿਆਹ ਹੋਇਆ ਹੈ (ਭਾਵ, ਇਹ ਸਾਰੀ ਮਾਇਆ ਤੇਰੇ ਚਰਨਾਂ ਦੀ ਹੀ ਦਾਸੀ ਹੈ) ॥੩॥
(ਹੇ ਕਲੰਦਰ-ਪ੍ਰਭੂ!) ਮੈਨੂੰ ਭਗਤੀ ਕਰਦੇ ਨੂੰ ਤੂੰ ਹੀ ਮੰਦਰ ਵਿਚੋਂ ਕਢਾਇਆ, (ਤੈਨੂੰ ਛੱਡ ਕੇ ਮੈਂ ਹੋਰ) ਕਿਸ ਅੱਗੇ ਦਿਲ ਦੀਆਂ ਗੱਲਾਂ ਕਰਾਂ?
ਨਾਮਦੇਵ ਦਾ ਮਾਲਕ-ਪਰਮਾਤਮਾ ਹਰੇਕ ਜੀਵ ਦੇ ਅੰਦਰ ਦੀ ਜਾਣਨ ਵਾਲਾ ਹੈ, ਤੇ ਸਾਰੇ ਦੇਸਾਂ ਵਿਚ ਵਿਆਪਕ ਹੈ ॥੪॥੧॥