ਪਰਾਇਆ ਹੱਕ ਖਾਣ ਵਾਲੇ ਗੁਣ-ਹੀਨ ਮਨੁੱਖ ਉੱਤੇ ਭੀ ਜਦੋਂ ਪਰਮਾਤਮਾ ਦਇਆਵਾਨ ਹੋ ਜਾਂਦਾ ਹੈ,
ਉਸ ਦਾ ਮਨ ਉਸ ਦਾ ਤਨ ਸ਼ਾਂਤ ਹੋ ਜਾਂਦਾ ਹੈ, ਉਸ ਦੇ ਮਨ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ।
ਜਿਨ੍ਹਾਂ ਸੇਵਕਾਂ ਉਤੇ ਗੁਰੂ ਪਰਮਾਤਮਾ ਦਇਆਲ ਹੁੰਦੇ ਹਨ,
ਹੇ ਨਾਨਕ! ਉਹ ਦਰਸਨ ਕਰ ਕੇ ਨਿਹਾਲ ਹੋ ਜਾਂਦੇ ਹਨ ॥੪॥੧੦॥੨੩॥
ਪਿਆਰੇ ਗੁਰੂ ਨੂੰ ਕਿਸੇ ਦੀ ਮੁਥਾਜੀ ਨਹੀਂ (ਗੁਰੂ ਦੀ ਕੋਈ ਆਪਣੀ ਜ਼ਾਤੀ ਗ਼ਰਜ਼ ਨਹੀਂ)-
ਗੁਰੂ ਦੀ ਇਹ ਸਦਾ ਕਾਇਮ ਰਹਿਣ ਵਾਲੀ ਮਰਯਾਦਾ ਹੈ (ਕਿ ਉਹ ਸਦਾ ਬੇ-ਗ਼ਰਜ਼ ਹੈ)।
ਗੁਰੂ ਸਭ ਜੀਵਾਂ ਨੂੰ (ਦਾਤਾਂ) ਦੇਣ ਵਾਲਾ ਹੈ।
ਗੁਰੂ ਅਤੇ ਸਿਰਜਣਹਾਰ ਅਕਾਲ ਪੁਰਖ ਇੱਕ-ਰੂਪ ਹੈ ॥੧॥
ਗੁਰੂ ਵਰਗਾ ਹੋਰ ਕੋਈ ਦੇਵਤਾ ਨਹੀਂ ਹੈ।
ਜਿਸ (ਮਨੁੱਖ) ਦੇ ਮੱਥੇ ਉਤੇ ਚੰਗੀ ਕਿਸਮਤ (ਜਾਗ ਪਏ) ਉਹ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ॥੧॥ ਰਹਾਉ ॥
ਪਿਆਰਾ ਗੁਰੂ ਸਭ ਜੀਵਾਂ ਦੀ ਰੱਖਿਆ ਕਰਦਾ ਹੈ,
(ਜਿਹੜਾ ਮਨੁੱਖ ਉਸ ਦੇ ਦਰ ਤੇ ਆਉਂਦਾ ਹੈ, ਉਸ ਨੂੰ ਮਾਇਆ ਦੇ ਮੋਹ ਵੱਲੋਂ) ਮਾਰ ਕੇ ਆਤਮਕ ਜੀਵਨ ਦੇ ਦੇਂਦਾ ਹੈ।
ਗੁਰੂ ਦੀ ਇਹ ਉੱਚੀ ਸੋਭਾ-
ਸਭਨੀਂ ਥਾਈਂ ਰੌਸ਼ਨ ਹੋ ਗਈ ਹੈ ॥੨॥
ਜਿਸ ਮਨੁੱਖ ਦਾ ਹੋਰ ਕੋਈ ਭੀ ਆਸਰਾ ਨਹੀਂ (ਜਦੋਂ ਉਹ ਗੁਰੂ ਦੀ ਸਰਨ ਆ ਪੈਂਦਾ ਹੈ) ਗੁਰੂ (ਉਸ ਦਾ) ਆਸਰਾ ਬਣ ਜਾਂਦਾ ਹੈ,
ਗੁਰੂ ਉਸ ਦੇ ਹਿਰਦੇ-ਘਰ ਵਿਚ ਸਹਾਰਾ ਦੇਂਦਾ ਹੈ।
ਮੈਂ ਉਸ ਤੋਂ ਸਦਾ ਕੁਰਬਾਨ ਜਾਂਦਾ ਹਾਂ,
ਜਿਸ (ਗੁਰੂ) ਨੇ ਆਤਮਕ ਜੀਵਨ ਦਾ) ਸਿੱਧਾ ਰਾਹ ਵਿਖਾਲ ਦਿੱਤਾ ਹੈ ॥੩॥
ਜਿਸ (ਮਨੁੱਖ) ਨੇ ਗੁਰੂ ਦੀ ਸਰਨ ਲਈ ਹੈ, ਕੋਈ ਡਰ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ,
ਜਿਸ (ਮਨੁੱਖ) ਨੇ ਗੁਰੂ ਦੀ ਸਰਨ ਲਈ ਹੈ, ਕੋਈ ਦੁੱਖ-ਕਲੇਸ਼ ਉਸ ਨੂੰ ਸਤਾ ਨਹੀਂ ਸਕਦਾ।
ਹੇ ਨਾਨਕ! ਸਿੰਮ੍ਰਿਤੀਆਂ ਵੇਦ (ਆਦਿਕ ਧਰਮ-ਪੁਸਤਕ) ਖੋਜ ਵੇਖੇ ਹਨ (ਗੁਰੂ ਸਭ ਤੋਂ ਉੱਚਾ ਹੈ)
ਗੁਰੂ ਅਤੇ ਪਰਮਾਤਮਾ ਵਿਚ ਕੋਈ ਭੀ ਫ਼ਰਕ ਨਹੀਂ ਹੈ ॥੪॥੧੧॥੨੪॥
ਪਰਮਾਤਮਾ ਦਾ ਨਾਮ ਜਪਦਿਆਂ (ਮਨੁੱਖ ਦਾ) ਮਨ (ਵਿਕਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ) ਰੌਸ਼ਨ ਹੋ ਜਾਂਦਾ ਹੈ,
(ਕਿਉਂਕਿ) ਨਾਮ ਸਿਮਰਦਿਆਂ (ਹਰੇਕ ਕਿਸਮ ਦਾ) ਪਾਪ ਸਰੀਰ ਤੋਂ ਦੂਰ ਹੋ ਜਾਂਦਾ ਹੈ।
ਨਾਮ ਸਿਮਰਦਿਆਂ (ਮਾਨੋ) ਸਾਰੇ ਪੁਰਬ ਮਨਾਏ ਗਏ,
ਨਾਮ ਜਪਦਿਆਂ ਅਠਾਹਠ ਤੀਰਥਾਂ ਦਾ ਇਸ਼ਨਾਨ ਹੋ ਗਿਆ ॥੧॥
ਪਰਮਾਤਮਾ ਦਾ ਨਾਮ ਹੀ ਸਾਡਾ ਤੀਰਥ ਹੈ।
ਗੁਰੂ ਨੇ (ਸਾਨੂੰ) ਆਤਮਕ ਜੀਵਨ ਦੀ ਸੂਝ ਦਾ ਇਹ ਨਿਚੋੜ ਸਮਝਾ ਦਿੱਤਾ ਹੈ ॥੧॥ ਰਹਾਉ ॥
ਪਰਮਾਤਮਾ ਦਾ ਨਾਮ ਜਪਦਿਆਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ,
ਨਾਮ ਜਪਦਿਆਂ ਵੱਡਾ ਭਾਰਾ ਮੂਰਖ ਭੀ ਆਤਮਕ ਜੀਵਨ ਦੀ ਸੋਹਣੀ ਸੂਝ ਵਾਲਾ ਹੋ ਜਾਂਦਾ ਹੈ।
ਨਾਮ ਸਿਮਰਦਿਆਂ (ਮਨ ਵਿਚ ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ,
(ਕਿਉਂਕਿ) ਨਾਮ ਜਪਦਿਆਂ (ਮਨ ਦੀਆਂ ਮਾਇਆ ਦੇ ਮੋਹ ਦੀਆਂ ਸਾਰੀਆਂ) ਫਾਹੀਆਂ ਮੁੱਕ ਜਾਂਦੀਆਂ ਹਨ ॥੨॥
ਪਰਮਾਤਮਾ ਦਾ ਨਾਮ ਜਪਦਿਆਂ ਜਮ (ਮਨੁੱਖ ਦੇ) ਨੇੜੇ ਨਹੀਂ ਆਉਂਦਾ,
ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਟਿਕ ਕੇ ਆਤਮਕ ਆਨੰਦ ਮਾਣਦਾ ਹੈ,
ਨਾਮ ਸਿਮਰਦਿਆਂ ਪਰਮਾਤਮਾ (ਭੀ) ਆਦਰ-ਮਾਣ ਦੇਂਦਾ ਹੈ।
ਪਰਮਾਤਮਾ ਦਾ ਨਾਮ ਹੀ ਅਸਾਂ ਜੀਵਾਂ ਵਾਸਤੇ ਸਦਾ ਕਾਇਮ ਰਹਿਣ ਵਾਲਾ ਸਰਮਾਇਆ ਹੈ ॥੩॥
ਗੁਰੂ ਨੇ (ਮੈਨੂੰ) ਇਹ ਸਭ ਤੋਂ ਵਧੀਆ ਉਪਦੇਸ਼ ਦੇ ਦਿੱਤਾ ਹੈ,
ਕਿ ਪਰਮਾਤਮਾ ਦੀ ਸਿਫ਼ਤ-ਸਾਲਾਹ ਪਰਮਾਤਮਾ ਦਾ ਨਾਮ (ਹੀ) ਮਨ ਦਾ ਆਸਰਾ ਹੈ।
ਹੇ ਨਾਨਕ! ਉਹ ਮਨੁੱਖ (ਵਿਕਾਰਾਂ ਦੀਆਂ ਲਹਿਰਾਂ ਤੋਂ) ਪਾਰ ਲੰਘ ਜਾਂਦੇ ਹਨ ਜਿਹੜੇ ਨਾਮ ਜਪਣ ਦੇ ਪ੍ਰਾਸ਼ਚਿਤ ਕਰਮ ਕਰਦੇ ਹਨ।
ਹੋਰ ਸਾਰੇ (ਪ੍ਰਾਸ਼ਚਿਤ) ਕਰਮ ਲੋਕਾਂ ਦੀ ਤਸੱਲੀ ਕਰਾਣ ਵਾਸਤੇ ਹਨ (ਕਿ ਅਸੀਂ ਧਾਰਮਿਕ ਬਣ ਗਏ ਹਾਂ) ॥੪॥੧੨॥੨੫॥
ਉਸ ਪਰਮਾਤਮਾ ਅੱਗੇ ਲੱਖਾਂ ਵਾਰੀ ਸਿਰ ਨਿਵਾਣਾ ਚਾਹੀਦਾ ਹੈ,
ਆਪਣਾ ਇਹ ਮਨ ਉਸ ਪਰਮਾਤਮਾ ਦੇ ਅੱਗੇ ਭੇਟਾ ਕਰ ਦੇਣਾ ਚਾਹੀਦਾ ਹੈ।
ਉਸ ਪਰਮਾਤਮਾ ਦਾ ਨਾਮ ਸਿਮਰਨ ਦੀ ਬਰਕਤ ਨਾਲ (ਸਾਰੇ) ਦੁੱਖ-ਕਲੇਸ਼ ਮਿਟ ਜਾਂਦੇ ਹਨ,
(ਮਨ ਵਿਚ) ਖ਼ੁਸ਼ੀ ਪੈਦਾ ਹੁੰਦੀ ਹੈ, ਕੋਈ ਭੀ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦੇ ॥੧॥
(ਜੀਵਾਂ ਦੇ ਹਿਰਦੇ) ਪਵਿੱਤਰ ਕਰਨ ਵਾਲਾ ਹਰਿ-ਨਾਮ ਅਜਿਹਾ ਕੀਮਤੀ ਪਦਾਰਥ ਹੈ,
ਕਿ ਉਸ ਨੂੰ ਜਪਦਿਆਂ ਸਾਰੇ ਕੰਮ ਸਫਲ ਹੋ ਜਾਂਦੇ ਹਨ ॥੧॥ ਰਹਾਉ ॥
ਜਿਸ ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ (ਮਨੁੱਖ ਦੇ ਅੰਦਰੋਂ) ਦੁੱਖਾਂ ਦਾ ਡੇਰਾ ਢਹਿ ਜਾਂਦਾ ਹੈ,
(ਜਿਹੜਾ ਮਨੁੱਖ ਉਸ ਦਾ) ਆਤਮਕ ਜੀਵਨ ਦੇਣ ਵਾਲਾ ਨਾਮ (ਆਪਣੇ) ਮਨ ਵਿਚ ਵਸਾਂਦਾ ਹੈ (ਉਸ ਦਾ ਹਿਰਦਾ) ਠੰਢਾ-ਠਾਰ ਹੋ ਜਾਂਦਾ ਹੈ।
ਅਨੇਕਾਂ ਹੀ ਭਗਤ ਜਿਸ ਪਰਮਾਤਮਾ ਦੇ ਚਰਨ ਪੂਜ ਰਹੇ ਹਨ,
ਉਹ ਪ੍ਰਭੂ (ਆਪਣੇ ਭਗਤਾਂ ਦੇ) ਸਾਰੇ ਮਨੋਰਥ ਪੂਰੇ ਕਰਨ ਵਾਲਾ ਹੈ ॥੨॥
(ਉਸ ਪਰਮਾਤਮਾ ਦਾ ਨਾਮ) ਖ਼ਾਲੀ (ਹਿਰਦਿਆਂ) ਨੂੰ ਇਕ ਖਿਨ ਵਿਚ (ਗੁਣਾਂ ਨਾਲ) ਨਕਾ-ਨਕ ਭਰ ਦੇਂਦਾ ਹੈ,
(ਆਤਮਕ ਜੀਵਨ ਵਲੋਂ) ਸੁੱਕੇ ਹੋਇਆਂ ਨੂੰ ਇਕ ਖਿਨ ਵਿਚ ਹਰੇ ਕਰ ਦੇਂਦਾ ਹੈ।
ਜਿਸ ਮਨੁੱਖ ਨੂੰ ਕਿਤੇ ਆਸਰਾ ਨਹੀਂ ਮਿਲਦਾ, ਪਰਮਾਤਮਾ ਉਸ ਨੂੰ ਇਕ ਖਿਨ ਵਿਚ ਸਹਾਰਾ ਦੇ ਦੇਂਦਾ ਹੈ,
ਜਿਸ ਨੂੰ ਕਿਤੇ ਕੋਈ ਆਦਰ-ਸਤਕਾਰ ਨਹੀਂ ਦੇਂਦਾ, ਉਹ ਪਰਮਾਤਮਾ ਉਸ ਨੂੰ ਇਕ ਖਿਨ ਵਿਚ ਮਾਣ-ਆਦਰ ਬਖ਼ਸ਼ ਦੇਂਦਾ ਹੈ ॥੩॥