ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 1370


ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ ॥੧੦੪॥

ਇਹ ਲੋਕ ਆਪ ਭੀ ਚਹੁੰਆਂ ਵੇਦਾਂ (ਦੇ ਕਰਮ-ਕਾਂਡ) ਵਿਚ ਪੈ ਕੇ (ਦੇਹ-ਅੱਧਿਆਸ ਦੇ ਡੂੰਘੇ ਪਾਣੀਆਂ ਵਿਚ) ਡੁੱਬੇ ਹੋਏ ਹਨ, ਜੋ ਜੋ ਬੰਦੇ ਇਹਨਾਂ ਦੇ ਪਿੱਛੇ ਲੱਗਦੇ ਹਨ ਉਹਨਾਂ ਨੂੰ ਭੀ ਇਹਨਾਂ ਉਸੇ ਮੋਹ ਵਿਚ ਰੋੜ੍ਹ ਦਿੱਤਾ ਹੈ ॥੧੦੪॥

ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਇ ॥

(ਪਰਮਾਤਮਾ ਦੀ ਯਾਦ ਭੁਲਾਇਆਂ ਮਨੁੱਖ ਸਰੀਰਕ ਮੋਹ ਦੇ ਵਹਿਣ ਵਿਚ ਪੈ ਕੇ ਵਿਕਾਰਾਂ ਵਾਲੇ ਰਾਹੇ ਪੈ ਜਾਂਦਾ ਹੈ; ਤਿਲਕ, ਮਾਲਾ, ਪੂਜਾ, ਧੋਤੀ ਆਦਿਕ ਧਰਮ-ਭੇਖ ਨਾਲ ਲੋਕ ਸ਼ਾਇਦ ਪਤੀਜ ਜਾਣ ਕਿ ਇਹ ਭਗਤ ਹਨ; ਪਰ ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਹੇ ਕਬੀਰ! ਜੋ ਜੋ ਪਾਪ ਕੀਤੇ ਜਾਂਦੇ ਹਨ (ਭਾਵੇਂ ਉਹ ਪਾਪ) ਆਪਣੇ ਅੰਦਰ ਲੁਕਾ ਕੇ ਰੱਖੇ ਜਾਂਦੇ ਹਨ,

ਪਰਗਟ ਭਏ ਨਿਦਾਨ ਸਭ ਜਬ ਪੂਛੇ ਧਰਮ ਰਾਇ ॥੧੦੫॥

ਫਿਰ ਭੀ ਜਦੋਂ ਧਰਮਰਾਜ ਪੁੱਛਦਾ ਹੈ ਉਹ ਪਾਪ ਆਖ਼ਰ ਸਾਰੇ ਉੱਘੜ ਆਉਂਦੇ ਹਨ (ਭਾਵ, ਵੇਦ ਆਦਿਕਾਂ ਦਾ ਕਰਮ-ਕਾਂਡ ਵਿਕਾਰਾਂ ਤੋਂ ਨਹੀਂ ਬਚਾ ਸਕਦਾ, ਬਾਹਰਲੇ ਧਰਮ-ਭੇਖ ਨਾਲ ਲੋਕ ਤਾਂ ਭਾਵੇਂ ਪਤੀਜ ਜਾਣ, ਪਰ ਅੰਦਰਲੇ ਪਾਪ ਪਰਮਾਤਮਾ ਤੋਂ ਲੁਕੇ ਨਹੀਂ ਰਹਿ ਸਕਦੇ) ॥੧੦੫॥

ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਪਾਲਿਓ ਬਹੁਤੁ ਕੁਟੰਬੁ ॥

ਹੇ ਕਬੀਰ! ਪਰਮਾਤਮਾ ਦਾ ਸਿਮਰਨ ਛੱਡਣ ਦਾ ਹੀ ਇਹ ਨਤੀਜਾ ਹੈ ਕਿ ਮਨੁੱਖ ਸਾਰੀ ਉਮਰ ਨਿਰਾ ਟੱਬਰ ਹੀ ਪਾਲਦਾ ਰਹਿੰਦਾ ਹੈ,

ਧੰਧਾ ਕਰਤਾ ਰਹਿ ਗਇਆ ਭਾਈ ਰਹਿਆ ਨ ਬੰਧੁ ॥੧੦੬॥

(ਟੱਬਰ ਦੀ ਖ਼ਾਤਰ) ਜਗਤ ਦੇ ਧੰਧੇ ਕਰਦਾ (ਤੇ, ਜਿੰਦ ਦੇ ਸਾਥੀ ਪਰਮਾਤਮਾ ਤੋਂ ਵਿਛੜਿਆ ਰਹਿ ਕੇ) ਆਖ਼ਰ ਆਤਮਕ ਮੌਤੇ ਮਰ ਜਾਂਦਾ ਹੈ (ਇਸ ਆਤਮਕ ਮੌਤ ਤੋਂ) ਕੋਈ ਰਿਸ਼ਤੇਦਾਰ ਬਚਾਣ-ਜੋਗਾ ਨਹੀਂ ਹੁੰਦਾ ॥੧੦੬॥

ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਰਾਤਿ ਜਗਾਵਨ ਜਾਇ ॥

ਹੇ ਕਬੀਰ! ਪਰਮਾਤਮਾ ਦੇ ਸਿਮਰਨ ਤੋਂ ਵਾਂਜੀ ਰਹਿਣ ਕਰਕੇ ਹੀ, (ਕੋਈ ਔਤਰੀ ਜਾਹਲ ਜ਼ਨਾਨੀ) ਰਾਤ ਨੂੰ ਮਸਾਣ ਜਗਾਣ ਲਈ (ਮਸਾਣ-ਭੂਮੀ ਵਿਚ) ਜਾਂਦੀ ਹੈ।

ਸਰਪਨਿ ਹੋਇ ਕੈ ਅਉਤਰੈ ਜਾਏ ਅਪੁਨੇ ਖਾਇ ॥੧੦੭॥

(ਪਰ ਮੰਦੇ ਕੰਮਾਂ ਤੋਂ ਸੁਖ ਕਿੱਥੇ? ਅਜੇਹੀ ਤ੍ਰੀਮਤ ਮਨੁੱਖਾ ਜਨਮ ਹੱਥੋਂ ਗਵਾਣ ਪਿਛੋਂ) ਸੱਪਣੀ ਬਣ ਕੇ ਜੰਮਦੀ ਹੈ, ਤੇ ਆਪਣੇ ਹੀ ਬੱਚੇ ਖਾਂਦੀ ਹੈ ॥੧੦੭॥

ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ ॥

ਹੇ ਕਬੀਰ! ("ਰਾਮੁ ਨ ਛੋਡੀਐ, ਤਨੁ ਧਨੁ ਜਾਇ ਤ ਜਾਉ" ਨਹੀਂ ਤਾਂ) ਰਾਮ-ਨਾਮ ਛੱਡਣ ਦਾ ਹੀ ਇਹ ਨਤੀਜਾ ਹੈ ਕਿ (ਮੂਰਖ) ਇਸਤ੍ਰੀ ਸੀਤਲਾ ਦੀ ਵਰਤ ਰੱਖਦੀ ਫਿਰਦੀ ਹੈ।

ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ ॥੧੦੮॥

(ਤੇ, ਜੇ ਭਲਾ ਸੀਤਲਾ ਉਸ ਨਾਲ ਬੜਾ ਹੀ ਪਿਆਰ ਕਰੇਗੀ ਤਾਂ ਉਸ ਨੂੰ ਹਰ ਵੇਲੇ ਆਪਣੇ ਪਾਸ ਰੱਖਣ ਲਈ ਆਪਣੀ ਸਵਾਰੀ ਖੋਤੀ ਬਣਾ ਲਏਗੀ) ਸੋ, ਉਹ ਮੂਰਖ ਇਸਤ੍ਰੀ ਖੋਤੀ ਦੀ ਜੂਨੇ ਪੈਂਦੀ ਹੈ ਤੇ (ਹੋਰ ਖੋਤੇ ਖੋਤੀਆਂ ਵਾਂਗ ਛੱਟਾ ਆਦਿਕ ਦਾ) ਚਾਰ ਮਣ ਭਾਰ ਢੋਂਦੀ ਹੈ ॥੧੦੮॥

ਕਬੀਰ ਚਤੁਰਾਈ ਅਤਿ ਘਨੀ ਹਰਿ ਜਪਿ ਹਿਰਦੈ ਮਾਹਿ ॥

ਹੇ ਕਬੀਰ! (ਦੁਨੀਆ ਦੇ ਸਹਿਮਾਂ ਭਰਮਾਂ-ਵਹਿਮਾਂ ਤੋਂ ਬਚਣ ਲਈ) ਸਭ ਤੋਂ ਵੱਡੀ ਸਿਆਣਪ ਇਹੀ ਹੈ ਕਿ ਪਰਮਾਤਮਾ ਦਾ ਨਾਮ ਹਿਰਦੇ ਵਿਚ ਹੀ ਯਾਦ ਕਰ।

ਸੂਰੀ ਊਪਰਿ ਖੇਲਨਾ ਗਿਰੈ ਤ ਠਾਹਰ ਨਾਹਿ ॥੧੦੯॥

(ਪਰ) ਇਹ ਸਿਮਰਨ ਕਰਨਾ ਕੋਈ ਸੌਖੀ ਕਾਰ ਨਹੀਂ ਹੈ; (ਜਾਤਿ-ਅਭਿਮਾਨ, ਨਿੰਦਾ, ਕੁਸੰਗ; ਚਸਕੇ, ਵਰਤ ਆਦਿਕ ਭਰਮ ਛੱਡਣੇ ਪੈਂਦੇ ਹਨ; ਸੋ,) ਪ੍ਰਭੂ ਦਾ ਸਿਮਰਨ ਸੂਲੀ ਉਤੇ ਚੜ੍ਹਨ ਸਮਾਨ ਹੈ, ਇਸ ਸੂਲੀ ਤੋਂ ਡਿਗਿਆਂ ਹੀ (ਭਾਵ, ਸਿਮਰਨ ਦੀ ਇਹ ਅੱਤ ਔਖੀ ਕਾਰ ਛੱਡਿਆਂ ਭੀ) ਨਹੀਂ ਬਣ ਆਉਂਦੀ, ਕਿਉਂਕਿ ਸਿਮਰਨ ਤੋਂ ਬਿਨਾਂ (ਦੁਨੀਆ ਦੇ ਦੁੱਖ-ਕਲੇਸ਼ਾਂ ਤੇ ਸਹਿਮਾਂ ਤੋਂ ਬਚਣ ਲਈ) ਹੋਰ ਕੋਈ ਆਸਰਾ ਭੀ ਨਹੀਂ ਹੈ ॥੧੦੯॥

ਕਬੀਰ ਸੁੋਈ ਮੁਖੁ ਧੰਨਿ ਹੈ ਜਾ ਮੁਖਿ ਕਹੀਐ ਰਾਮੁ ॥

(ਇਸ ਵਾਸਤੇ) ਹੇ ਕਬੀਰ! ਉਹੀ ਮੂੰਹ ਭਾਗਾਂ ਵਾਲਾ ਹੈ ਜਿਸ ਮੂੰਹ ਨਾਲ ਰਾਮ ਦਾ ਨਾਮ ਉਚਾਰਿਆ ਜਾਂਦਾ ਹੈ।

ਦੇਹੀ ਕਿਸ ਕੀ ਬਾਪੁਰੀ ਪਵਿਤ੍ਰੁ ਹੋਇਗੋ ਗ੍ਰਾਮੁ ॥੧੧੦॥

ਉਸ ਸਰੀਰ ਵਿਚਾਰੇ ਦੀ ਕੀਹ ਗੱਲ ਹੈ? (ਉਸ ਸਰੀਰ ਦਾ ਪਵਿੱਤ੍ਰ ਹੋਣਾ ਤਾਂ ਇਕ ਨਿੱਕੀ ਜਿਹੀ ਗੱਲ ਹੈ, ਨਿਰਾ ਉਹ ਸਰੀਰ ਤਾਂ ਕਿਤੇ ਰਿਹਾ,) ਉਹ ਸਾਰਾ ਪਿੰਡ ਹੀ ਪਵਿੱਤ੍ਰ ਹੋ ਜਾਂਦਾ ਹੈ ਜਿਥੇ ਰਹਿੰਦਾ ਹੋਇਆ ਮਨੁੱਖ ਨਾਮ ਸਿਮਰਦਾ ਹੈ ॥੧੧੦॥

ਕਬੀਰ ਸੋਈ ਕੁਲ ਭਲੀ ਜਾ ਕੁਲ ਹਰਿ ਕੋ ਦਾਸੁ ॥

ਹੇ ਕਬੀਰ! ਜਿਸ ਕੁਲ ਵਿਚ ਪਰਮਾਤਮਾ ਦਾ ਸਿਮਰਨ ਕਰਨ ਵਾਲਾ ਭਗਤ ਪਰਗਟ ਹੋ ਪਏ, ਉਹੀ ਕੁਲ ਸੁਲੱਖਣੀ ਹੈ।

ਜਿਹ ਕੁਲ ਦਾਸੁ ਨ ਊਪਜੈ ਸੋ ਕੁਲ ਢਾਕੁ ਪਲਾਸੁ ॥੧੧੧॥

ਜਿਸ ਕੁਲ ਵਿਚ ਪ੍ਰਭੂ ਦੀ ਭਗਤੀ ਕਰਨ ਵਾਲਾ ਬੰਦਾ ਨਹੀਂ ਪਰਗਟਦਾ, ਉਹ ਕੁਲ ਢਾਕ ਪਲਾਹ (ਆਦਿਕ ਨਿਕੰਮੇ ਰੁੱਖਾਂ ਵਰਗੀ ਅਫਲ ਜਾਣੋ) ॥੧੧੧॥

ਕਬੀਰ ਹੈ ਗਇ ਬਾਹਨ ਸਘਨ ਘਨ ਲਾਖ ਧਜਾ ਫਹਰਾਹਿ ॥

ਹੇ ਕਬੀਰ! ਜੇ ਸਵਾਰੀ ਕਰਨ ਲਈ ਬੇਅੰਤ ਘੋੜੇ ਤੇ ਹਾਥੀ ਹੋਣ, ਜੇ (ਮਹੱਲਾਂ ਉਤੇ) ਲੱਖਾਂ ਝੰਡੇ ਝੂਲਦੇ ਹੋਣ (ਇਤਨਾ ਤੇਜ-ਪ੍ਰਤਾਪ ਭੀ ਹੋਵੇ, ਪਰ ਪਰਮਾਤਮਾ ਦੇ ਨਾਮ ਤੋਂ ਖੁੰਝੇ ਰਹਿ ਕੇ ਇਹ ਰਾਜ-ਭਾਗ ਕਿਸੇ ਕੰਮ ਦਾ ਨਹੀਂ ਹੈ)।

ਇਆ ਸੁਖ ਤੇ ਭਿਖੵਾ ਭਲੀ ਜਉ ਹਰਿ ਸਿਮਰਤ ਦਿਨ ਜਾਹਿ ॥੧੧੨॥

ਜੇ ਪਰਮਾਤਮਾ ਦਾ ਸਿਮਰਨ ਕਰਦਿਆਂ (ਜ਼ਿੰਦਗੀ ਦੇ) ਦਿਨ ਗੁਜ਼ਰਨ ਤਾਂ ਉਸ (ਸਿਮਰਨ-ਹੀਣ ਰਾਜ-ਭਾਗ ਦੇ) ਸੁਖ ਨਾਲੋਂ ਉਹ ਟੁੱਕਰ ਚੰਗਾ ਹੈ ਜੋ ਲੋਕਾਂ ਦੇ ਦਰ ਤੋਂ ਮੰਗ ਕੇ ਮੰਗਤੇ ਫ਼ਕੀਰ ਖਾਂਦੇ ਹਨ ॥੧੧੨॥

ਕਬੀਰ ਸਭੁ ਜਗੁ ਹਉ ਫਿਰਿਓ ਮਾਂਦਲੁ ਕੰਧ ਚਢਾਇ ॥

ਹੇ ਕਬੀਰ! ਢੋਲ ਮੋਢਿਆਂ ਤੇ ਰੱਖ ਕੇ ਮੈਂ (ਵਜਾਂਦਾ ਫਿਰਿਆ ਹਾਂ ਤੇ) ਸਾਰਾ ਜਗਤ ਗਾਹਿਆ ਹੈ (ਮੈਂ ਪੁੱਛਦਾ ਫਿਰਿਆ ਹਾਂ ਕਿ ਦੱਸੋ, ਭਾਈ! ਇਸ ਰਾਜ-ਭਾਗ, ਮਹਲ-ਮਾੜੀਆਂ, ਸਾਕ-ਸੰਬੰਧੀ ਵਿਚੋਂ ਕੋਈ ਤੋੜ ਨਿਭਣ ਵਾਲਾ ਸਾਥੀ ਭੀ ਕਿਸੇ ਨੇ ਵੇਖਿਆ ਹੈ, ਪਰ ਕਿਸੇ ਨੇ ਹਾਮੀ ਨਹੀਂ ਭਰੀ)

ਕੋਈ ਕਾਹੂ ਕੋ ਨਹੀ ਸਭ ਦੇਖੀ ਠੋਕਿ ਬਜਾਇ ॥੧੧੩॥

(ਸੋ) ਸਾਰੀ ਸ੍ਰਿਸ਼ਟੀ ਮੈਂ ਚੰਗੀ ਤਰ੍ਹਾਂ ਪਰਖ ਕੇ ਵੇਖ ਲਈ ਹੈ ਕੋਈ ਭੀ ਕਿਸੇ ਦਾ (ਤੋੜ ਨਿਭਣ ਵਾਲਾ ਸਾਥੀ) ਨਹੀਂ ਹੈ (ਅਸਲ ਸਾਥੀ ਸਿਰਫ਼ ਪਰਮਾਤਮਾ ਦਾ ਨਾਮ ਹੈ, ਇਸ ਵਾਸਤੇ 'ਰਾਮੁ ਨ ਛੋਡੀਐ, ਤਨੁ ਧਨੁ ਜਾਇ ਤ ਜਾਉ') ॥੧੧੩॥

ਮਾਰਗਿ ਮੋਤੀ ਬੀਥਰੇ ਅੰਧਾ ਨਿਕਸਿਓ ਆਇ ॥

(ਪਰਮਾਤਮਾ ਦੇ ਗੁਣ, ਮਾਨੋ) ਮੋਤੀ (ਹਨ ਜੋ ਇਨਸਾਨੀ ਜ਼ਿੰਦਗੀ ਦੇ ਸਫ਼ਰ ਦੇ) ਰਸਤੇ ਵਿਚ ਖਿੱਲਰੇ ਹੋਏ ਹਨ (ਭਾਵ, ਇਹ ਮੋਤੀ ਲੈਣ ਵਾਸਤੇ ਕੋਈ ਧਨ-ਪਦਾਰਥ ਨਹੀਂ ਖਰਚਣਾ ਪੈਂਦਾ; ਪਰ ਇਥੇ ਗਿਆਨ-ਹੀਣ) ਅੰਨ੍ਹਾ ਮਨੁੱਖ ਆ ਅੱਪੜਿਆ ਹੈ।

ਜੋਤਿ ਬਿਨਾ ਜਗਦੀਸ ਕੀ ਜਗਤੁ ਉਲੰਘੇ ਜਾਇ ॥੧੧੪॥

ਪਰਮਾਤਮਾ ਦੀ ਬਖ਼ਸ਼ੀ ਹੋਈ (ਗਿਆਨ ਦੀ) ਜੋਤਿ ਤੋਂ ਬਿਨਾਂ ਜਗਤ ਇਹਨਾਂ ਮੋਤੀਆਂ ਨੂੰ ਪੈਰਾਂ ਹੇਠ ਲਤਾੜਦਾ ਤੁਰਿਆ ਜਾ ਰਿਹਾ ਹੈ (ਮਨੁੱਖ ਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਦੀ ਕਦਰ ਨਹੀਂ ਪੈਂਦੀ, ਪ੍ਰਭੂ ਆਪ ਹੀ ਮੇਹਰ ਕਰੇ ਤਾਂ ਇਹ ਜੀਵ ਗੁਣ ਗਾ ਸਕਦਾ ਹੈ) ॥੧੧੪॥

ਬੂਡਾ ਬੰਸੁ ਕਬੀਰ ਕਾ ਉਪਜਿਓ ਪੂਤੁ ਕਮਾਲੁ ॥

('ਹੈ ਗਇ ਬਾਹਨ ਸਘਨ ਘਨ' ਅਤੇ 'ਲਾਖ ਧਜਾ' ਵਿਚੋਂ 'ਕੋਈ ਕਾਹੂ ਕੋ ਨਹੀਂ'-ਇਹ ਗੱਲ ਮੈਂ ਡਿੱਠੀ 'ਡਿੱਠੀ ਟੋਕਿ ਬਜਾਇ', ਫਿਰ ਭੀ) ਜੇ ਮੇਰਾ ਮੂਰਖ ਮਨ (ਨੀਵੀਂ) ਅਵਸਥਾ ਤੇ ਆ ਅੱਪੜਿਆ ਹੈ, ਤਾਂ ਮੈਂ ਕਬੀਰ ਦਾ ਸਾਰਾ ਹੀ ਟੱਬਰ (ਅੱਖਾਂ, ਕੰਨ, ਨੱਕ ਆਦਿਕ ਸਾਰੇ ਹੀ ਇੰਦ੍ਰਿਆਂ ਦਾ ਟੋਲਾ ਵਿਕਾਰਾਂ ਵਿਚ ਜ਼ਰੂਰ) ਡੁੱਬ ਗਿਆ ਜਾਣੋ,

ਹਰਿ ਕਾ ਸਿਮਰਨੁ ਛਾਡਿ ਕੈ ਘਰਿ ਲੇ ਆਯਾ ਮਾਲੁ ॥੧੧੫॥

ਕਿਉਂਕਿ ਪਰਮਾਤਮਾ ਦਾ ਸਿਮਰਨ ਛੱਡ ਕੇ ਮੈਂ ਆਪਣੇ ਅੰਦਰ ਮਾਇਆ ਦਾ ਮੋਹ ਵਸਾ ਲਿਆ ਹੈ ॥੧੧੫॥

ਕਬੀਰ ਸਾਧੂ ਕਉ ਮਿਲਨੇ ਜਾਈਐ ਸਾਥਿ ਨ ਲੀਜੈ ਕੋਇ ॥

ਹੇ ਕਬੀਰ! ('ਰਾਮੁ ਨ ਛੋਡੀਐ, ਤਨੁ ਧਨੁ ਜਾਇ ਤ ਜਾਉ'; ਪਰ ਪ੍ਰਭੂ ਦਾ ਨਾਮ ਸਿਰਫ਼ ਉਨ੍ਹਾਂ ਤੋਂ ਮਿਲਦਾ ਹੈ ਜਿਨ੍ਹਾਂ ਆਪਣੇ ਮਨ ਨੂੰ ਸਾਧ ਕੇ ਰੱਖਿਆ ਹੋਇਆ ਹੈ, ਜੋ ਆਪ 'ਸਾਧੂ' ਹਨ; ਸੋ, 'ਸਾਧੂ' ਦੀ ਸੰਗਤ ਕਰਨੀ ਚਾਹੀਦੀ ਹੈ; ਪਰ) ਜੇ ਕਿਸੇ ਸਾਧੂ ਗੁਰਮੁਖਿ ਦੇ ਦਰਸ਼ਨ ਕਰਨ ਜਾਈਏ, ਤਾਂ ਕਿਸੇ ਨੂੰ ਆਪਣੇ ਨਾਲ ਨਹੀਂ ਲੈ ਜਾਣਾ ਚਾਹੀਦਾ (ਕੋਈ ਸਾਥ ਉਡੀਕਣਾ ਨਹੀਂ ਚਾਹੀਦਾ, ਜਾਣ ਵਾਸਤੇ ਕੋਈ ਆਸਰੇ ਨਹੀਂ ਢੂੰਡਣੇ ਚਾਹੀਦੇ, ਮਤਾਂ ਕੋਈ ਮਮਤਾ-ਬੱਧਾ ਸਾਥੀ ਢਿੱਲ-ਮੱਠ ਹੀ ਕਰਾ ਦੇਵੇ)।

ਪਾਛੈ ਪਾਉ ਨ ਦੀਜੀਐ ਆਗੈ ਹੋਇ ਸੁ ਹੋਇ ॥੧੧੬॥

ਕਿਸੇ ਗੁਰਮੁਖਿ ਦਾ ਦੀਦਾਰ ਕਰਨ ਗਿਆਂ ਕਦੇ ਪੈਰ ਪਿਛਾਂਹ ਨਾਹ ਰੱਖੀਏ, (ਕਦੇ ਆਲਸ ਨਾਹ ਕਰੀਏ); ਸਗੋਂ ਉਧਰ ਜਾਂਦਿਆਂ ਜੇ ਕੋਈ ਔਖਿਆਈ ਭੀ ਆਵੇ ਤਾਂ ਪਈ ਆਵੇ ॥੧੧੬॥

ਕਬੀਰ ਜਗੁ ਬਾਧਿਓ ਜਿਹ ਜੇਵਰੀ ਤਿਹ ਮਤ ਬੰਧਹੁ ਕਬੀਰ ॥

ਹੇ ਕਬੀਰ! ਮਾਇਆ-ਮੋਹ ਦੀ ਜਿਸ ਰੱਸੀ ਨਾਲ ਜਗਤ (ਦਾ ਹਰੇਕ ਜੀਵ) ਬੱਝਾ ਪਿਆ ਹੈ, ਉਸ ਰੱਸੀ ਨਾਲ ਆਪਣੇ ਆਪ ਨੂੰ ਬੱਝਣ ਨਾ ਦੇਈਂ।

ਜੈਹਹਿ ਆਟਾ ਲੋਨ ਜਿਉ ਸੋਨ ਸਮਾਨਿ ਸਰੀਰੁ ॥੧੧੭॥

ਇਹ ਸੋਨੇ ਵਰਗਾ (ਕੀਮਤੀ) ਮਨੁੱਖਾ ਸਰੀਰ (ਮਿਲਿਆ) ਹੈ (ਜੇ ਤੂੰ ਮੋਹ ਦੀ ਰੱਸੀ ਵਿਚ ਬੱਝ ਕੇ ਗੁਰਮੁਖਾਂ ਦੀ ਸੰਗਤ ਤੋਂ ਪਰੇ ਰਹਿ ਕੇ, ਪਰਮਾਤਮਾ ਦਾ ਸਿਮਰਨ ਛੱਡ ਬੈਠਾ, ਤਾਂ) ਸਸਤੇ ਭਾ ਅਜਾਈਂ ਤਬਾਹ ਹੋ ਜਾਹਿਂਗਾ ॥੧੧੭॥

ਕਬੀਰ ਹੰਸੁ ਉਡਿਓ ਤਨੁ ਗਾਡਿਓ ਸੋਝਾਈ ਸੈਨਾਹ ॥

(ਇਹ ਮਮਤਾ ਦੀ ਜੇਵੜੀ ਕੋਈ ਸਾਧਾਰਨ ਜਿਹਾ ਜਕੜ-ਬੰਦ ਨਹੀਂ ਹੁੰਦਾ) ਹੇ ਕਬੀਰ! (ਪਰਮਾਤਮਾ ਦੇ ਸਿਮਰਨ ਤੋਂ ਖੁੰਝ ਕੇ ਮਾਇਆ-ਮੋਹ ਦੀ ਰੱਸੀ ਵਿਚ ਬੱਝੇ ਹੋਇਆਂ ਦਾ ਹਾਲ ਜੇ ਤੂੰ ਸਮਝਣਾ ਹੈ ਤਾਂ ਵੇਖ ਕਿ ਮੌਤ ਸਿਰ ਉਤੇ ਆ ਅੱਪੜਦੀ ਹੈ) ਜੀਵਾਤਮਾ (ਸਰੀਰ ਵਿਚੋਂ) ਨਿਕਲਣ ਤੇ ਹੁੰਦਾ ਹੈ, ਸਰੀਰ (ਆਤਮਾ ਦੇ ਵਿਛੁੜਨ ਤੇ) ਢਹਿ-ਢੇਰੀ ਹੋਣ ਵਾਲਾ ਹੁੰਦਾ ਹੈ, ਫਿਰ ਵੀ ਮੋਹ ਦੀ ਜੇਵੜੀ ਨਾਲ ਬੱਝਾ ਹੋਇਆ ਜੀਵ ਸੈਣਤਾਂ ਨਾਲ ਹੀ (ਪਿਛਲੇ ਸੰਬੰਧੀਆਂ ਨੂੰ) ਸਮਝਾਂਦਾ ਹੈ,

ਅਜਹੂ ਜੀਉ ਨ ਛੋਡਈ ਰੰਕਾਈ ਨੈਨਾਹ ॥੧੧੮॥

(ਉਸ ਵੇਲੇ ਭੀ ਪ੍ਰਭੂ ਚੇਤੇ ਨਹੀਂ ਆਉਂਦਾ), ਅਜੇ ਭੀ ਜੀਵ ਅੱਖਾਂ ਦੀ ਕੰਗਾਲਤਾ ਨਹੀਂ ਛੱਡਦਾ ॥੧੧੮॥

ਕਬੀਰ ਨੈਨ ਨਿਹਾਰਉ ਤੁਝ ਕਉ ਸ੍ਰਵਨ ਸੁਨਉ ਤੁਅ ਨਾਉ ॥

ਹੇ ਕਬੀਰ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ- ਹੇ ਪ੍ਰਭੂ! ਤੈਨੂੰ ਵਿਸਾਰ ਕੇ ਜਿਸ ਮੋਹ-ਜੇਵੜੀ ਨਾਲ ਜਗਤ ਬੱਝਾ ਪਿਆ ਹੈ ਤੇ ਮਰਨ ਦੇ ਵੇਲੇ ਤਕ ਭੀ ਅੱਖਾਂ ਦੀ ਕੰਗਾਲਤਾ ਨਹੀਂ ਛੱਡਦਾ; ਮੇਹਰ ਕਰ, ਉਸ ਜੇਵੜੀ ਤੋਂ ਬਚਣ ਲਈ) ਮੈਂ ਆਪਣੀਆਂ ਅੱਖਾਂ ਨਾਲ (ਹਰ ਪਾਸੇ) ਤੇਰਾ ਹੀ ਦੀਦਾਰ ਕਰਦਾ ਰਹਾਂ, ਤੇਰਾ ਹੀ ਨਾਮ ਮੈਂ ਆਪਣੇ ਕੰਨਾਂ ਨਾਲ ਸੁਣਦਾ ਰਹਾਂ,

ਬੈਨ ਉਚਰਉ ਤੁਅ ਨਾਮ ਜੀ ਚਰਨ ਕਮਲ ਰਿਦ ਠਾਉ ॥੧੧੯॥

(ਜੀਭ ਨਾਲ) ਬਚਨਾਂ ਦੁਆਰਾ ਮੈਂ ਤੇਰਾ ਨਾਮ ਹੀ ਉਚਾਰਦਾ ਰਹਾਂ, ਅਤੇ ਤੇਰੇ ਸੋਹਣੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਥਾਂ ਦੇਈ ਰੱਖਾਂ ॥੧੧੯॥

ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ ॥

ਹੇ ਕਬੀਰ! ਆਪਣੇ ਸਤਿਗੁਰੂ ਦੀ ਕਿਰਪਾ ਨਾਲ ਮੈਂ ਸੁਰਗ (ਦੀ ਲਾਲਸਾ) ਅਤੇ ਨਰਕ (ਦੇ ਡਰ) ਤੋਂ ਬਚ ਗਿਆ ਹਾਂ।

ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ ॥੧੨੦॥

ਮੈਂ ਤਾਂ ਸਦਾ ਹੀ ਪਰਮਾਤਮਾ ਦੇ ਸੋਹਣੇ ਚਰਨਾਂ (ਦੀ ਯਾਦ) ਦੇ ਹੁਲਾਰੇ ਵਿਚ ਰਹਿੰਦਾ ਹਾਂ ॥੧੨੦॥

ਕਬੀਰ ਚਰਨ ਕਮਲ ਕੀ ਮਉਜ ਕੋ ਕਹਿ ਕੈਸੇ ਉਨਮਾਨ ॥

(ਪਰ), ਹੇ ਕਬੀਰ! ਪ੍ਰਭੂ ਦੇ ਸੋਹਣੇ ਚਰਨਾਂ ਵਿਚ ਟਿਕੇ ਰਹਿਣ ਦੇ ਹੁਲਾਰੇ ਦਾ ਅੰਦਾਜ਼ਾ ਕਿਵੇਂ ਕੋਈ ਦੱਸ ਸਕਦਾ ਹੈ?

ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ ॥੧੨੧॥

(ਜੀਭ ਨਾਲ) ਉਸ ਮੌਜ ਦਾ ਬਿਆਨ ਕਰਨਾ ਫਬਦਾ ਹੀ ਨਹੀਂ ਹੈ; ਉਹ ਕੇਡਾ ਕੁ ਹੁਲਾਰਾ ਹੈ? ਇਹ ਤਾਂ ਉਹ ਹੁਲਾਰਾ ਲਿਆਂ ਹੀ ਤਸੱਲੀ ਹੁੰਦੀ ਹੈ ॥੧੨੧॥

ਕਬੀਰ ਦੇਖਿ ਕੈ ਕਿਹ ਕਹਉ ਕਹੇ ਨ ਕੋ ਪਤੀਆਇ ॥

ਹੇ ਕਬੀਰ! ਉਸ ਪ੍ਰਭੂ ਦਾ ਦੀਦਾਰ ਕਰਕੇ ਮੈਂ ਦੱਸ ਭੀ ਕੁਝ ਨਹੀਂ ਸਕਦਾ, ਤੇ ਦੱਸਿਆਂ ਕਿਸੇ ਨੂੰ ਤਸੱਲੀ ਭੀ ਨਹੀਂ ਹੋ ਸਕਦੀ (ਕਿਉਂਕਿ ਜਗਤ ਵਿਚ ਕੋਈ ਸ਼ੈ ਐਸੀ ਨਹੀਂ ਹੈ ਜਿਸ ਵਲ ਇਸ਼ਾਰਾ ਕਰ ਕੇ ਆਖਿਆ ਜਾ ਸਕੇ ਕਿ ਪਰਮਾਤਮਾ ਇਸ ਵਰਗਾ ਹੈ),

ਹਰਿ ਜੈਸਾ ਤੈਸਾ ਉਹੀ ਰਹਉ ਹਰਖਿ ਗੁਨ ਗਾਇ ॥੧੨੨॥

ਪਰਮਾਤਮਾ ਆਪਣੇ ਵਰਗਾ ਆਪ ਹੀ ਹੈ; (ਮੈਂ ਤਾਂ ਸਿਰਫ਼ ਇਹ ਕਹਿ ਸਕਦਾ ਹਾਂ ਕਿ) ਉਸ ਦੇ ਗੁਣ ਗਾ ਗਾ ਕੇ ਮੈਂ ਮੌਜ ਵਿਚ ਟਿਕਿਆ ਰਹਿੰਦਾ ਹਾਂ ॥੧੨੨॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1363
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430