ਅੱਖਾਂ ਵਿਅਰਥ ਹਨ (ਜੋ ਇਹ) ਪਰਾਈ ਜ਼ਨਾਨੀ ਦਾ ਰੂਪ ਤੱਕਦੀਆਂ ਹਨ,
ਜੀਭ ਵਿਅਰਥ ਹੈ (ਜੇ ਇਹ) ਖਾਣੇ ਤੇ ਹੋਰ ਸੁਆਦਾਂ ਵਿਚ (ਲੱਗੀ ਹੋਈ ਹੈ);
ਪੈਰ ਵਿਅਰਥ ਹਨ (ਜੇ ਇਹ) ਪਰਾਏ ਨੁਕਸਾਨ ਵਾਸਤੇ ਦੌੜ-ਭੱਜ ਰਹੇ ਹਨ।
ਹੇ ਮਨ! ਤੂੰ ਭੀ ਵਿਅਰਥ ਹੈਂ (ਜੇ ਤੂੰ) ਪਰਾਏ ਧਨ ਦਾ ਲੋਭ ਕਰ ਰਿਹਾ ਹੈਂ।
(ਉਹ) ਸਰੀਰ ਵਿਅਰਥ ਹਨ ਜੋ ਦੂਜਿਆਂ ਨਾਲ ਭਲਾਈ ਨਹੀਂ ਕਰਦੇ,
(ਨੱਕ) ਵਿਅਰਥ ਹੈ (ਜੋ) ਵਿਕਾਰਾਂ ਦੀ ਵਾਸ਼ਨਾ ਲੈ ਰਿਹਾ ਹੈ।
(ਆਪੋ ਆਪਣੀ ਹੋਂਦ ਦਾ ਮਨੋਰਥ) ਸਮਝਣ ਤੋਂ ਬਿਨਾ (ਇਹ) ਸਾਰੇ (ਅੰਗ) ਵਿਅਰਥ ਹਨ।
ਹੇ ਨਾਨਕ! ਉਹ ਸਰੀਰ ਸਫਲ ਹੈ ਜੋ ਪ੍ਰਭੂ ਦਾ ਨਾਮ ਜਪਦਾ ਹੈ ॥੫॥
(ਰੱਬ ਨਾਲੋਂ) ਟੁੱਟੇ ਹੋਏ ਮਨੁੱਖ ਦੀ ਉਮਰ ਵਿਅਰਥ ਜਾਂਦੀ ਹੈ,
(ਕਿਉਂਕਿ) ਸੱਚੇ ਪ੍ਰਭੂ (ਦੇ ਨਾਮ) ਤੋਂ ਬਿਨਾ ਉਹ ਕਿਵੇਂ ਸੁੱਚਾ ਹੋ ਸਕਦਾ ਹੈ?
ਨਾਮ ਤੋਂ ਬਿਨਾ ਅੰਨ੍ਹੇ (ਸਾਕਤ) ਦਾ ਸਰੀਰ (ਹੀ) ਕਿਸੇ ਕੰਮ ਨਹੀਂ,
(ਕਿਉਂਕਿ) ਉਸ ਦੇ ਮੂੰਹ ਵਿਚੋਂ (ਨਿੰਦਾ ਆਦਿਕ) ਬਦ-ਬੂ ਆਉਂਦੀ ਹੈ।
ਜਿਵੇਂ ਵਰਖਾ ਤੋਂ ਬਿਨਾ ਪੈਲੀ ਨਿਸਫਲ ਜਾਂਦੀ ਹੈ,
(ਤਿਵੇਂ) ਸਿਮਰਨ ਤੋਂ ਬਿਨਾ (ਸਾਕਤ ਦੇ) ਦਿਨ ਰਾਤ ਅੱਫਲ ਚਲੇ ਜਾਂਦੇ ਹਨ,
ਪ੍ਰਭੂ ਦੇ ਭਜਨ ਤੋਂ ਸੱਖਣਾ ਰਹਿਣ ਕਰਕੇ (ਮਨੁੱਖ ਦੇ) ਸਾਰੇ ਹੀ ਕੰਮ ਕਿਸੇ ਅਰਥ ਨਹੀਂ,
(ਕਿਉਂਕਿ ਇਹ ਕੰਮ ਇਸ ਦਾ ਆਪਣਾ ਕੁਝ ਨਹੀਂ ਸਵਾਰਦੇ) ਜਿਵੇਂ ਕੰਜੂਸ ਦਾ ਧਨ ਉਸ ਦੇ ਆਪਣੇ ਕਿਸੇ ਕੰਮ ਨਹੀਂ।
ਉਹ ਮਨੁੱਖ ਮੁਬਾਰਿਕ ਹਨ, ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ,
ਹੇ ਨਾਨਕ! (ਆਖ ਕਿ) ਮੈਂ ਉਹਨਾਂ (ਗੁਰਮੁਖਾਂ) ਤੋਂ ਸਦਕੇ ਜਾਂਦਾ ਹਾਂ ॥੬॥
ਧਰਮ ਦੇ ਬਾਹਰਲੇ ਧਾਰੇ ਹੋਏ ਚਿੰਨ੍ਹ ਹੋਰ ਹਨ ਤੇ ਅਮਲੀ ਜ਼ਿੰਦਗੀ ਕੁਝ ਹੋਰ ਹੈ;
ਮਨ ਵਿਚ (ਤਾਂ) ਪ੍ਰਭੂ ਨਾਲ ਪਿਆਰ ਨਹੀਂ, ਮੂੰਹ ਦੀਆਂ ਗੱਲਾਂ ਨਾਲ ਘਰ ਪੂਰਾ ਕਰਦਾ ਹੈ।
(ਪਰ ਦਿਲ ਦੀਆਂ) ਜਾਣਨ ਵਾਲਾ ਪ੍ਰਭੂ ਸਿਆਣਾ ਹੈ,
(ਉਹ ਕਦੇ) ਕਿਸੇ ਦੇ ਬਾਹਰਲੇ ਭੇਖ ਨਾਲ ਪ੍ਰਸੰਨ ਨਹੀਂ ਹੋਇਆ।
(ਜੋ ਮਨੁੱਖ) ਹੋਰਨਾਂ ਨੂੰ ਮੱਤਾਂ ਦੇਂਦਾ ਹੈ (ਪਰ) ਆਪ ਨਹੀਂ ਕਮਾਉਂਦਾ,
ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
ਜਿਸ ਮਨੁੱਖ ਦੇ ਹਿਰਦੇ ਵਿਚ ਨਿਰੰਕਾਰ ਵੱਸਦਾ ਹੈ,
ਉਸ ਦੀ ਸਿੱਖਿਆ ਨਾਲ ਜਗਤ (ਵਿਕਾਰਾਂ ਤੋਂ) ਬਚਦਾ ਹੈ।
(ਹੇ ਪ੍ਰਭੂ!) ਜੋ (ਭਗਤ) ਤੈਨੂੰ ਪਿਆਰੇ ਲੱਗਦੇ ਹਨ ਉਹਨਾਂ ਨੇ ਤੈਨੂੰ ਪਛਾਣਿਆ ਹੈ।
ਹੇ ਨਾਨਕ! (ਆਖ)-ਮੈਂ ਉਹਨਾਂ (ਭਗਤਾਂ) ਦੇ ਚਰਨਾਂ ਤੇ ਪੈਂਦਾ ਹਾਂ ॥੭॥
(ਜੋ ਜੋ) ਬੇਨਤੀ ਮੈਂ ਕਰਦਾ ਹਾਂ, ਪ੍ਰਭੂ ਸਭ ਜਾਣਦਾ ਹੈ,
ਆਪਣੇ ਪੈਦਾ ਕੀਤੇ ਜੀਵ ਨੂੰ ਉਹ ਆਪ ਹੀ ਮਾਣ ਬਖ਼ਸ਼ਦਾ ਹੈ।
(ਜੀਵਾਂ ਦੇ ਕੀਤੇ ਕਰਮਾਂ ਅਨੁਸਾਰ) ਪ੍ਰਭੂ ਆਪ ਹੀ ਨਿਖੇੜਾ ਕਰਦਾ ਹੈ,
(ਭਾਵ) ਕਿਸੇ ਨੂੰ ਇਹ ਬੁਧਿ ਬਖ਼ਸ਼ਦਾ ਹੈ ਕਿ ਪ੍ਰਭੂ ਸਾਡੇ ਨੇੜੇ ਹੈ ਤੇ ਕਿਸੇ ਨੂੰ ਜਣਾਉਂਦਾ ਹੈ ਕਿ ਪ੍ਰਭੂ ਕਿਤੇ ਦੂਰ ਹੈ।
ਸਭ ਹੀਲਿਆਂ ਤੇ ਚਤੁਰਾਈਆਂ ਤੋਂ (ਪ੍ਰਭੂ) ਪਰੇ ਹੈ (ਭਾਵ, ਕਿਸੇ ਹੀਲੇ ਚਤੁਰਾਈ ਨਾਲ ਪ੍ਰਸੰਨ ਨਹੀਂ ਹੁੰਦਾ)
(ਕਿਉਂਕਿ ਉਹ ਜੀਵ ਦੀ) ਆਤਮਕ ਰਹਿਣੀ ਦੀ ਹਰੇਕ ਗੱਲ ਜਾਣਦਾ ਹੈ।
ਜੋ (ਜੀਵ) ਉਸ ਨੂੰ ਭਾਉਂਦਾ ਹੈ ਉਸ ਨੂੰ ਆਪਣੇ ਲੜ ਲਾਉਂਦਾ ਹੈ,
ਪ੍ਰਭੂ ਹਰ ਥਾਂ ਮੌਜੂਦ ਹੈ।
ਉਹੀ ਮਨੁੱਖ (ਅਸਲੀ) ਸੇਵਕ ਬਣਦਾ ਹੈ ਜਿਸ ਉਤੇ ਪ੍ਰਭੂ ਮੇਹਰ ਕਰਦਾ ਹੈ।
ਹੇ ਨਾਨਕ! (ਐਸੇ) ਪ੍ਰਭੂ ਨੂੰ ਦਮ-ਬ-ਦਮ ਯਾਦ ਕਰ ॥੮॥੫॥
(ਮੇਰਾ) ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੂਰ ਹੋ ਜਾਏ-
ਹੇ ਨਾਨਕ! (ਬੇਨਤੀ ਕਰ ਤੇ ਆਖ)-ਹੇ ਗੁਰਦੇਵ! ਹੇ ਪ੍ਰਭੂ! ਮੈਂ ਸਰਣ ਆਇਆ ਹਾਂ (ਮੇਰੇ ਉਤੇ) ਮੇਹਰ ਕਰ ॥੧॥
(ਹੇ ਭਾਈ!) ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਕਈ ਕਿਸਮਾਂ ਦੇ ਸੁਆਦਲੇ ਖਾਣੇ ਖਾਂਦਾ ਹੈਂ,
ਉਸ ਨੂੰ ਮਨ ਵਿਚ (ਚੇਤੇ) ਰੱਖ।
ਜਿਸ ਦੀ ਮਿਹਰ ਨਾਲ ਆਪਣੇ ਸਰੀਰ ਉਤੇ ਤੂੰ ਸੁਗੰਧੀਆਂ ਲਾਉਂਦਾ ਹੈਂ,
ਉਸ ਨੂੰ ਯਾਦ ਕੀਤਿਆਂ ਤੂੰ ਉੱਚਾ ਦਰਜਾ ਹਾਸਲ ਕਰ ਲਏਂਗਾ।
ਜਿਸ ਦੀ ਦਇਆ ਨਾਲ ਤੂੰ ਸੁਖ-ਮਹਲਾਂ ਵਿਚ ਵੱਸਦਾ ਹੈਂ,
ਉਸ ਨੂੰ ਸਦਾ ਮਨ ਵਿਚ ਸਿਮਰ।
ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਘਰ ਮੌਜਾਂ ਨਾਲ ਵੱਸ ਰਿਹਾ ਹੈਂ,
ਉਸ ਨੂੰ ਜੀਭ ਨਾਲ ਅੱਠੇ ਪਹਰ ਯਾਦ ਕਰ।
ਜਿਸ (ਪ੍ਰਭੂ) ਦੀ ਬਖ਼ਸ਼ਸ਼ ਕਰਕੇ ਚੋਜ-ਤਮਾਸ਼ੇ, ਸੁਆਦਲੇ ਖਾਣੇ ਤੇ ਪਦਾਰਥ (ਨਸੀਬ ਹੁੰਦੇ ਹਨ)
ਹੇ ਨਾਨਕ! ਉਸ ਧਿਆਉਣ-ਜੋਗ ਨੂੰ ਸਦਾ ਹੀ ਧਿਆਉਣਾ ਚਾਹੀਦਾ ਹੈ ॥੧॥
(ਹੇ ਮਨ!) ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਰੇਸ਼ਮੀ ਕੱਪੜੇ ਹੰਢਾਉਂਦਾ ਹੈਂ,
ਉਸ ਨੂੰ ਵਿਸਾਰ ਕੇ ਹੋਰ ਕਿੱਥੇ ਲੋਭ ਕਰ ਰਿਹਾ ਹੈਂ?
ਜਿਸ ਦੀ ਮਿਹਰ ਨਾਲ ਸੇਜ ਉੱਤੇ ਸੁਖੀ ਸਵੀਂਦਾ ਹੈ,
ਹੇ ਮਨ! ਉਸ ਪ੍ਰਭੂ ਦਾ ਜਸ ਅੱਠੇ ਪਹਰ ਗਾਉਣਾ ਚਾਹੀਦਾ ਹੈ।
ਜਿਸ ਦੀ ਮੇਹਰ ਨਾਲ ਹਰੇਕ ਮਨੁੱਖ ਤੇਰਾ ਆਦਰ ਕਰਦਾ ਹੈ,