ਸਾਮ ਰਿਗ ਜਜੁਰ ਅਥਰਬਣ-ਇਹ ਚਾਰੇ ਵੇਦ ਪ੍ਰਭੂ ਦੇ ਨਿਰੋਲ ਆਪਣੇ ਆਪੇ ਤੋਂ ਹੀ ਪ੍ਰਗਟੇ।
ਬ੍ਰਹਮਾ ਦੀ ਰਾਹੀਂ (ਵੇਦ ਬਣੇ), ਮਾਇਆ ਦੇ ਤਿੰਨੇ ਗੁਣ ਭੀ ਉਸ ਦੇ ਆਪੇ ਤੋਂ ਹੀ ਪੈਦਾ ਹੋਏ।
ਕੋਈ ਜੀਵ ਉਸ ਪਰਮਾਤਮਾ ਦਾ ਮੁੱਲ ਨਹੀਂ ਪਾ ਸਕਦਾ। ਜੀਵ ਉਸੇ ਤਰ੍ਹਾਂ ਹੀ ਬੋਲ ਸਕਦਾ ਹੈ ਜਿਵੇਂ ਪ੍ਰਭੂ ਆਪ ਪ੍ਰੇਰਨਾ ਕਰਦਾ ਹੈ ॥੯॥
ਪ੍ਰਭੂ ਨੇ ਨਿਰੋਲ ਆਪਣੇ ਆਪੇ ਤੋਂ ਹੀ ਸੱਤ ਪਾਤਾਲ (ਤੇ ਸੱਤ ਆਕਾਸ਼) ਪੈਦਾ ਕੀਤੇ,
ਨਿਰੋਲ ਆਪਣੇ ਆਪੇ ਤੋਂ ਹੀ ਤਿੰਨੇ ਭਵਨ ਬਣਾ ਕੇ ਪੂਰੇ ਧਿਆਨ ਨਾਲ ਉਹਨਾਂ ਦੀ ਸੰਭਾਲ ਕਰਦਾ ਹੈ।
ਉਸ ਪਰਮਾਤਮਾ ਨੇ ਜਿਸ ਤੋਂ ਪਰੇ ਹੋਰ ਕੁਝ ਭੀ ਨਹੀਂ ਹੈ ਆਪ ਹੀ ਜਗਤ-ਰਚਨਾ ਦਾ ਮੁੱਢ ਬਣਾਇਆ। ਹੇ ਪ੍ਰਭੂ! ਹਰੇਕ ਜੀਵ ਤੇਰਾ ਹੀ ਪ੍ਰੇਰਿਆ ਹੋਇਆ ਕਰਮ ਕਰਦਾ ਹੈ ॥੧੦॥
(ਮਾਇਆ ਦੇ ਤਿੰਨ ਗੁਣ) ਰਜੋ ਤਮੋ ਤੇ ਸਤੋ (ਹੇ ਪ੍ਰਭੂ!) ਤੇਰੀ ਹੀ ਤਾਕਤ ਦੇ ਆਸਰੇ ਬਣੇ।
ਜੀਵਾਂ ਵਾਸਤੇ ਜੰਮਣਾ ਤੇ ਮਰਨਾ ਤੂੰ ਆਪ ਹੀ ਪੈਦਾ ਕੀਤਾ, ਹਉਮੈ ਦਾ ਦੁੱਖ ਭੀ ਤੂੰ ਆਪ ਹੀ (ਜੀਵਾਂ ਦੇ ਅੰਦਰ) ਪਾ ਦਿੱਤਾ ਹੈ।
ਪਰਮਾਤਮਾ ਜਿਸ ਜੀਵ ਉਤੇ ਮੇਹਰ ਕਰਦਾ ਹੈ ਉਸ ਨੂੰ ਗੁਰੂ ਦੀ ਸਰਨ ਪਾ ਕੇ (ਤਿੰਨਾਂ ਗੁਣਾਂ ਤੋਂ ਉਤਾਂਹ) ਚੌਥੀ ਅਵਸਥਾ ਵਿਚ ਅਪੜਾਂਦਾ ਹੈ ਤੇ (ਮਾਇਆ ਦੇ ਮੋਹ ਤੋਂ) ਮੁਕਤੀ ਦੇਂਦਾ ਹੈ ॥੧੧॥
ਪ੍ਰਭੂ ਦੇ ਨਿਰੋਲ ਆਪਣੇ ਆਪੇ ਤੋਂ ਹੀ (ਵਿਸ਼ਨੂ ਦੇ) ਦਸ ਅਵਤਾਰ ਪੈਦਾ ਹੋਏ।
(ਨਿਰੋਲ ਆਪਣੇ ਆਪੇ ਤੋਂ ਹੀ ਪਰਮਾਤਮਾ ਨੇ) ਸ੍ਰਿਸ਼ਟੀ ਪੈਦਾ ਕਰ ਕੇ ਇਹ ਜਗਤ-ਖਿਲਾਰਾ ਖਿਲਾਰਿਆ।
ਦੇਵਤੇ, ਦੈਂਤ, ਸ਼ਿਵ ਜੀ ਦੇ ਗਣ, (ਦੇਵਤਿਆਂ ਦੇ ਰਾਗੀ) ਗੰਧਰਬ-ਇਹ ਸਾਰੇ ਹੀ ਪਰਮਾਤਮਾ ਨੇ ਨਿਰੋਲ ਆਪਣੇ ਆਪੇ ਤੋਂ ਪੈਦਾ ਕੀਤੇ। ਸਭ ਜੀਵ ਧੁਰੋਂ ਪ੍ਰਭੂ ਦੇ ਹੁਕਮ ਵਿਚ ਹੀ ਆਪਣੇ ਕੀਤੇ ਕਰਮਾਂ ਦੇ ਲਿਖੇ ਸੰਸਕਾਰਾਂ ਅਨੁਸਾਰ ਕਰਮ ਕਮਾ ਰਹੇ ਹਨ ॥੧੨॥
ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦੀ ਇਸ ਬੇਅੰਤ ਕਲਾ ਨੂੰ) ਸਮਝਦਾ ਹੈ (ਉਹ ਉਸ ਦੀ ਯਾਦ ਤੋਂ ਨਹੀਂ ਖੁੰਝਦਾ, ਤੇ) ਉਸ ਨੂੰ ਕੋਈ ਰੋਗ (ਵਿਕਾਰ) ਪੋਹ ਨਹੀਂ ਸਕਦਾ।
ਪਰ ਕੋਈ ਵਿਰਲਾ ਬੰਦਾ ਗੁਰੂ ਦੀ ਦੱਸੀ ਹੋਈ ਇਸ (ਸਿਮਰਨ ਦੀ) ਪੌੜੀ (ਦਾ ਭੇਤ) ਸਮਝਦਾ ਹੈ।
ਜੁਗਾਂ ਜੁਗਾਂ ਤੋਂ ਹੀ (ਗੁਰੂ ਦੀ ਇਹ ਪੌੜੀ ਜੀਵਾਂ ਦੀ) ਮੁਕਤੀ ਦਾ ਵਸੀਲਾ ਬਣੀ ਆ ਰਹੀ ਹੈ। (ਜੇਹੜਾ ਮਨੁੱਖ ਸਿਮਰਨ ਦੀ ਇਸ ਪੌੜੀ ਦਾ ਆਸਰਾ ਲੈਂਦਾ ਹੈ) ਉਹ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰ ਲੈਂਦਾ ਹੈ ਤੇ ਪ੍ਰਭੂ ਦੀ ਦਰਗਾਹ ਵਿਚ ਇੱਜ਼ਤ ਪਾਂਦਾ ਹੈ ॥੧੩॥
ਪੰਜਾਂ ਤੱਤਾਂ ਤੋਂ ਬਣਿਆ ਇਹ ਮਾਨੁਖੀ ਸਰੀਰ ਨਿਰੋਲ ਪ੍ਰਭੂ ਦੇ ਆਪਣੇ ਆਪੇ ਤੋਂ ਹੀ ਪਰਗਟ ਹੋਇਆ।
ਇਸ ਸਰੀਰ ਦੇ ਸੰਜੋਗ ਕਰਕੇ ਜੀਵ ਕਰਮਾਂ ਵਿਚ ਰੁੱਝ ਪੈਂਦਾ ਹੈ।
ਪ੍ਰਭੂ ਦੇ ਹੁਕਮ ਅਨੁਸਾਰ ਹੀ ਜੀਵ ਦੇ ਕੀਤੇ ਚੰਗੇ ਤੇ ਮੰਦੇ ਕਰਮਾਂ ਦੇ ਸੰਸਕਾਰ ਉਸ ਦੇ ਮੱਥੇ ਤੇ ਲਿਖੇ ਜਾਂਦੇ ਹਨ, ਇਸ ਤਰ੍ਹਾਂ ਜੀਵ ਪਾਪ ਤੇ ਪੁੰਨ (ਦੇ ਬੀਜ) ਬੀਜਦਾ ਹੈ (ਤੇ ਉਹਨਾਂ ਦਾ ਫਲ ਭੋਗਦਾ ਹੈ) ॥੧੪॥
ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਸਤਿਗੁਰੂ ਦੇ (ਸਨਮੁਖ ਰਹਿਣ ਵਾਲੇ) ਮਨੁੱਖ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ।
ਸਤਿਗੁਰੂ ਪੁਰਖ ਦੇ ਸ਼ਬਦ ਵਿਚ ਰੱਤੇ ਹੋਏ ਪ੍ਰਭੂ ਦੇ ਨਾਮ-ਰਸ ਵਿਚ ਮਸਤ ਰਹਿੰਦੇ ਹਨ।
ਆਤਮਕ ਤਾਕਤਾਂ ਉੱਚੀ ਅਕਲ ਤੇ ਪਰਮਾਤਮਾ ਨਾਲ ਡੂੰਘੀ ਸਾਂਝ (ਦੀ ਦਾਤਿ) ਗੁਰੂ ਤੋਂ ਹੀ ਮਿਲਦੀ ਹੈ। ਚੰਗੇ ਭਾਗਾਂ ਨਾਲ ਗੁਰੂ (ਸਰਨ ਆਏ ਜੀਵ ਨੂੰ ਪ੍ਰਭੂ-ਚਰਨਾਂ ਵਿਚ) ਜੋੜ ਦੇਂਦਾ ਹੈ ॥੧੫॥
ਹੇ ਗਿਆਨਵਾਨ ਪੁਰਸ਼ੋ! ਇਸ ਮਨ ਨੂੰ ਮਾਇਆ ਦਾ ਬਹੁਤ ਮੋਹ ਚੰਬੜਿਆ ਰਹਿੰਦਾ ਹੈ;
(ਇਸ ਦੇ ਰਾਜ਼ ਨੂੰ) ਸਮਝੋ ਤੇ ਇਸ ਮੋਹ ਨੂੰ ਖ਼ਤਮ ਕਰੋ।
ਜੇਹੜਾ ਮਨੁੱਖ ਲੋਭ ਦੇ ਪ੍ਰਭਾਵ ਹੇਠ ਨਿੱਤ ਮਾਇਆ ਦੇ ਮੋਹ ਦਾ ਧੰਧਾ ਹੀ ਕਰਦਾ ਰਹਿੰਦਾ ਹੈ ਉਸ ਨੂੰ (ਦੁਨੀਆ ਦੀਆਂ) ਆਸਾਂ ਕਾਮਨਾਂ ਹਉਮੈ ਸਹਮ (ਆਦਿਕ) ਚੰਬੜੇ ਰਹਿੰਦੇ ਹਨ ॥੧੬॥
ਜੇਹੜਾ ਮਨੁੱਖ ਗੁਰੂ ਪਾਸੋਂ ਪਰਮਾਤਮਾ ਦੇ ਗੁਣਾਂ ਦੀ ਵਿਚਾਰ (ਦੀ ਦਾਤਿ) ਪ੍ਰਾਪਤ ਕਰ ਲੈਂਦਾ ਹੈ,
ਉਹ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ਟਿਕਿਆ ਰਹਿੰਦਾ ਹੈ, ਉਸ ਦੇ ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ।
ਹੇ ਨਾਨਕ! ਉਸ ਮਨੁੱਖ ਦੇ ਅੰਦਰ ਸਦਾ-ਥਿਰ ਪ੍ਰਭੂ ਵੱਸਿਆ ਰਹਿੰਦਾ ਹੈ ਸਿਫ਼ਤ-ਸਾਲਾਹ ਦੀ ਰੌ ਬਣੀ ਰਹਿੰਦੀ ਹੈ ਜੀਵਨ ਨੂੰ ਪਵਿੱਤ੍ਰ ਕਰਨ ਵਾਲਾ ਰਾਗ (ਜਿਹਾ) ਹੁੰਦਾ ਰਹਿੰਦਾ ਹੈ। ਉਹ ਮਨੁੱਖ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧੭॥੫॥੧੭॥
ਮੈਂ ਜਿਧਰ ਵੇਖਦਾ ਹਾਂ ਉਧਰ ਹੀ ਮੈਨੂੰ ਦੀਨਾਂ ਉਤੇ ਦਇਆ ਕਰਨ ਵਾਲਾ ਪਰਮਾਤਮਾ ਦਿੱਸਦਾ ਹੈ।
ਉਹ ਕਿਰਪਾ ਦਾ ਸੋਮਾ ਪ੍ਰਭੂ ਨਾਹ ਜੰਮਦਾ ਹੈ ਨਾਹ ਮਰਦਾ ਹੈ।
ਸਭ ਜੀਵਾਂ ਦੇ ਅੰਦਰ (ਉਸੇ ਦੀ ਸਿਖਾਈ ਹੋਈ) ਜੀਵਨ-ਜਾਚ ਗੁਪਤ ਵਰਤ ਰਹੀ ਹੈ (ਭਾਵ, ਹਰੇਕ ਜੀਵ ਉਸੇ ਪਰਮਾਤਮਾ ਦੇ ਆਸਰੇ ਜਿਊ ਰਿਹਾ ਹੈ, ਪਰ) ਉਹ ਪਾਤਿਸ਼ਾਹ ਆਪ ਹੋਰ ਆਸਰਿਆਂ ਤੋਂ ਬੇ-ਮੁਥਾਜ ਰਹਿੰਦਾ ਹੈ ॥੧॥
(ਅਸਲ ਸਦਾ ਟਿਕੀ ਰਹਿਣ ਵਾਲੀ ਹਸਤੀ ਤਾਂ ਪਰਮਾਤਮਾ ਆਪ ਹੈ) ਜਗਤ ਉਸ ਪਰਮਾਤਮਾ ਦਾ ਪਰਛਾਵਾਂ ਹੈ (ਜਦੋਂ ਚਾਹੇ ਆਪਣੇ ਇਸ ਪਰਛਾਵੇਂ ਨੂੰ ਆਪਣੇ ਆਪ ਵਿਚ ਹੀ ਗੁੰਮ ਕਰ ਲੈਂਦਾ ਹੈ)। ਉਹ ਪਰਮਾਤਮਾ ਦਾ ਨਾਹ ਕੋਈ ਪਿਉ ਨਾਹ ਮਾਂ,
ਨਾਹ ਕੋਈ ਭੈਣ ਨਾਹ ਭਾਈ ਤੇ ਨਾਹ ਕੋਈ ਸੇਵਕ।
ਨਾਹ ਉਸ ਨੂੰ ਜਨਮ ਤੇ ਨਾਹ ਮੌਤ, ਨਾਹ ਉਸ ਦੀ ਕੋਈ ਕੁਲ ਤੇ ਨਾਹ ਜਾਤਿ। ਉਸ ਨੂੰ ਬੁਢੇਪਾ ਨਹੀਂ ਵਿਆਪ ਸਕਦਾ, ਉਹ ਮਹਾਨ ਸ੍ਰੇਸ਼ਟ ਹਸਤੀ ਹੈ (ਜਗਤ ਦੇ ਸਭ ਜੀਵਾਂ ਦੇ) ਮਨ ਵਿਚ ਉਹੀ ਪਿਆਰਾ ਲੱਗਦਾ ਹੈ ॥੨॥
ਹੇ ਪ੍ਰਭੂ! ਤੂੰ ਸਭ ਜੀਵਾਂ ਵਿਚ ਵਿਆਪਕ ਹੋ ਕੇ ਭੀ ਮੌਤ-ਰਹਿਤ ਹੈਂ, ਤੇਰੇ ਸਿਰ ਉਤੇ ਮੌਤ ਸਵਾਰ ਨਹੀਂ ਹੋ ਸਕਦੀ।
ਤੂੰ ਸਰਬ-ਵਿਆਪਕ ਹੈਂ, ਅਲੇਖ ਹੈਂ, ਅਪਹੁੰਚ ਅਤੇ (ਮਾਇਆ ਦੇ ਪ੍ਰਭਾਵ ਤੋਂ) ਨਿਰਲੇਪ ਹੈਂ।
ਜਿਸ ਮਨੁੱਖ ਨੇ ਸੇਵਾ ਸੰਤੋਖ (ਵਾਲੇ ਜੀਵਨ) ਵਿਚ (ਰਹਿ ਕੇ) ਗੁਰੂ ਦੇ ਸ਼ਬਦ (ਜੁੜ ਕੇ) ਪੂਰਨ ਅਡੋਲ ਆਤਮਕ ਅਵਸਥਾ ਵਿਚ (ਟਿਕ ਕੇ) ਤੇਰੇ ਚਰਨਾਂ ਵਿਚ ਸੁਰਤ ਜੋੜੀ ਹੈ ਉਸ ਦਾ ਹਿਰਦਾ ਠੰਡਾ-ਠਾਰ ਹੋ ਜਾਂਦਾ ਹੈ ॥੩॥
ਮਾਇਆ ਦੇ ਤਿੰਨ ਗੁਣਾਂ ਦਾ ਪਸਾਰਾ ਪਸਾਰ ਕੇ ਪਰਮਾਤਮਾ ਆਪ (ਇਹਨਾਂ ਤੋਂ ਉਤਾਂਹ) ਚੌਥੇ ਘਰ ਵਿਚ ਟਿਕਿਆ ਰਹਿੰਦਾ ਹੈ (ਜਿਥੇ ਤਿੰਨ ਗੁਣਾਂ ਦੀ ਪਹੁੰਚ ਨਹੀਂ ਹੋ ਸਕਦੀ)।
ਜਨਮ ਤੇ ਮਰਨ ਉਸ ਨੇ ਇਕ ਗਿਰਾਹੀ ਕਰ ਲਏ ਹੋਏ ਹਨ (ਉਸ ਨੂੰ ਨਾਹ ਜਨਮ ਹੈ ਨਾਹ ਮੌਤ)।
ਸਾਰੇ ਜੀਵਾਂ ਵਿਚ ਪਰਮਾਤਮਾ ਦੀ ਪਵਿੱਤ੍ਰ ਜੋਤਿ (ਚਾਨਣ ਕਰ ਰਹੀ ਹੈ), ਉਹ ਜਗਤ ਦੀ ਜ਼ਿੰਦਗੀ ਦਾ ਸਹਾਰਾ ਹੈ। ਜਿਸ ਮਨੁੱਖ ਨੂੰ ਗੁਰੂ ਨੇ ਇਕ-ਰਸ ਆਪਣੇ ਸ਼ਬਦ ਵਿਚ ਜੋੜਿਆ ਹੈ ਉਸ ਨੂੰ ਉਸ (ਜਗਜੀਵਨ) ਦਾ ਦੀਦਾਰ ਕਰਾ ਦਿੱਤਾ ਹੈ ॥੪॥
ਜੇਹੜੇ ਬੰਦੇ ਪਰਮਾਤਮਾ ਦੇ ਪਿਆਰੇ ਹਨ ਉਹ ਸ੍ਰੇਸ਼ਟ ਜੀਵਨ ਵਾਲੇ ਹਨ ਉਹ ਸੰਤ ਹਨ ਉਹ ਭਲੇ ਹਨ,
ਉਹ ਪਰਮਾਤਮਾ ਦੇ ਨਾਮ-ਰਸ ਵਿਚ ਮਸਤ ਰਹਿੰਦੇ ਹਨ, ਪਰਮਾਤਮਾ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।
ਹੇ ਨਾਨਕ! ਉਹਨਾਂ ਸੰਤ ਜਨਾਂ ਦੀ ਸੰਗਤ ਕਰ ਉਹਨਾਂ ਦੇ ਚਰਨਾਂ ਦੀ ਧੂੜ ਲੈ, ਉਹਨਾਂ ਨੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਨੂੰ ਲੱਭ ਲਿਆ ਹੈ ॥੫॥
ਹੇ ਪ੍ਰਭੂ! ਸਾਰੇ ਜੀਵ ਤੇਰੇ (ਹੀ ਪੈਦਾ ਕੀਤੇ ਹੋਏ) ਹਨ, ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ।