ਜਿਨ੍ਹਾਂ ਗੁਰਸਿੱਖਾਂ ਤੇ ਪ੍ਰਭੂ ਪ੍ਰਸੰਨ ਹੁੰਦਾ ਹੈ, ਉਹ ਸਤਿਗੁਰੂ ਦੀ ਸਿੱਖਿਆ ਤੇ ਤੁਰਦੇ ਹਨ।
ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਜਪਦੇ ਹਨ, ਉਹਨਾਂ ਨੂੰ (ਪ੍ਰੇਮ ਦੀ) ਚੌਗੁਣੀ ਰੰਗਣ ਚੜ੍ਹਦੀ ਹੈ ॥੧੨॥
ਮਨ ਦੇ ਅਧੀਨ ਮਨੁੱਖ ਡਰਾਕਲ ਤੇ ਬੇ-ਸ਼ਕਲ ਹੁੰਦਾ ਹੈ, ਨਾਮ ਤੋਂ ਬਿਨਾ ਕਿਤੇ ਉਸ ਨੂੰ ਆਦਰ ਨਹੀਂ ਮਿਲਦਾ।
ਉਹ ਹਰ ਵੇਲੇ ਮਾਇਆ ਦੇ ਕਜ਼ੀਏ ਵਿਚ ਰੁੱਝਾ ਰਹਿੰਦਾ ਹੈ ਤੇ (ਏਸ ਕਰ ਕੇ) ਉਸ ਨੂੰ ਸੁਪਨੇ ਵਿਚ ਭੀ ਸੁਖ ਨਹੀਂ ਹੁੰਦਾ।
ਹੇ ਨਾਨਕ! ਜੋ ਸਤਿਗੁਰੂ ਦੇ ਸਨਮੁਖ ਹੋ ਜਾਂਦੇ ਹਨ, ਉਹ (ਜੰਜਾਲ ਤੋਂ) ਬਚ ਜਾਂਦੇ ਹਨ, ਨਹੀਂ ਤਾਂ (ਮਾਇਆ ਦੇ ਮੋਹ ਵਿਚ) ਬੱਧੇ ਹੋਏ ਦੁੱਖ ਸਹਿੰਦੇ ਹਨ ॥੧॥
ਸਤਿਗੁਰੂ ਦੇ ਸਨਮੁਖ ਹੋਏ ਹੋਏ ਮਨੁੱਖ ਦਰਗਾਹ ਵਿਚ ਸਦਾ ਸੋਭਦੇ ਹਨ (ਕਿਉਂਕਿ) ਉਹ ਸਤਿਗੁਰੂ ਦਾ ਸ਼ਬਦ ਕਮਾਉਂਦੇ ਹਨ।
ਉਹਨਾਂ ਦੇ ਹਿਰਦੇ ਵਿਚ ਸਦਾ ਸ਼ਾਂਤੀ ਤੇ ਸੁਖ ਹੁੰਦਾ ਹੈ, (ਇਸ ਕਰ ਕੇ) ਸੱਚੀ ਦਰਗਾਹ ਵਿਚ ਸੋਭਾ ਪਾਉਂਦੇ ਹਨ।
ਹੇ ਨਾਨਕ! ਸਤਿਗੁਰੂ ਦੇ ਸਨਮੁਖ ਮਨੁੱਖਾਂ ਨੂੰ ਹਰੀ ਦਾ ਨਾਮ ਮਿਲਿਆ ਹੋਇਆ ਹੁੰਦਾ ਹੈ, (ਇਸ ਕਰ ਕੇ) ਉਹ ਸੁਤੇ ਹੀ ਸੱਚੇ ਵਿਚ ਲੀਨ ਹੋ ਜਾਂਦੇ ਹਨ ॥੨॥
ਸਤਿਗੁਰੂ ਦੇ ਸਨਮੁਖ ਹੋ ਕੇ ਪ੍ਰਹਿਲਾਦ ਨੇ ਹਰੀ ਦਾ ਨਾਮ ਜਪ ਕੇ ਉੱਚੀ ਆਤਮਕ ਅਵਸਥਾ ਪ੍ਰਾਪਤ ਕੀਤੀ;।
ਸਤਿਗੁਰੂ ਦੇ ਸਨਮੁਖ ਹੋ ਕੇ ਜਨਕ ਨੇ ਹਰੀ ਦੇ ਨਾਮ ਵਿਚ ਬਿਰਤੀ ਜੋੜੀ।
ਸਤਿਗੁਰੂ ਦੇ ਸਨਮੁਖ ਹੋ ਕੇ ਵਸ਼ਿਸ਼ਟ ਨੇ ਹਰੀ ਦਾ ਉਪਦੇਸ਼ (ਹੋਰਨਾਂ ਨੂੰ) ਸੁਣਾਇਆ।
ਹੇ ਮੇਰੇ ਭਾਈ! ਸਤਿਗੁਰੂ ਤੋਂ ਬਿਨਾ ਕਿਸੇ ਨੇ ਨਾਮ ਨਹੀਂ ਲੱਭਾ।
ਸਤਿਗੁਰੂ ਦੇ ਸਨਮੁਖ ਹੋਏ ਮਨੁੱਖ ਨੂੰ ਪ੍ਰਭੂ ਨੇ ਆਪਣੀ ਭਗਤੀ ਆਪ ਬਖ਼ਸ਼ੀ ਹੈ ॥੧੩॥
ਜਿਸ ਮਨੁੱਖ ਨੂੰ ਸਤਿਗੁਰੂ ਤੇ ਭਰੋਸਾ ਨਹੀਂ ਬਣਿਆ ਤੇ ਸਤਿਗੁਰੂ ਦੇ ਸ਼ਬਦ ਵਿਚ ਜਿਸ ਦਾ ਪਿਆਰ ਨਹੀਂ ਲੱਗਾ,
ਉਸ ਨੂੰ ਕਦੇ ਸੁਖ ਨਹੀਂ, ਭਾਵੇਂ (ਗੁਰੂ ਪਾਸ) ਸੌ ਵਾਰੀ ਆਵੇ ਜਾਏ।
ਹੇ ਨਾਨਕ! ਜੇ ਗੁਰੂ ਦੇ ਸਨਮੁਖ ਹੋ ਕੇ ਸੱਚੇ ਵਿਚ ਲਿਵ ਜੋੜੀਏ ਤਾਂ ਪ੍ਰਭੂ ਸਹਿਜੇ ਹੀ ਮਿਲ ਪੈਂਦਾ ਹੈ ॥੧॥
ਹੇ ਮੇਰੇ ਮਨ! ਇਹੋ ਜਿਹਾ ਸਤਿਗੁਰੂ ਖੋਜ ਕੇ ਲੱਭ, ਜਿਸ ਦੀ ਸੇਵਾ ਕੀਤਿਆਂ ਤੇਰਾ ਸਾਰੀ ਉਮਰ ਦਾ ਦੁਖ ਦੂਰ ਹੋ ਜਾਏ,
ਕਦੇ ਉੱਕਾ ਹੀ ਚਿੰਤਾ ਨਾ ਹੋਵੇ ਤੇ (ਉਸ ਸਤਿਗੁਰੂ ਦੇ) ਸ਼ਬਦ ਨਾਲ ਤੇਰੀ ਹਉਮੈ ਸੜ ਜਾਏ,
ਤੇਰੇ ਅੰਦਰੋਂ ਕੂੜ ਦੀ ਕੰਧ ਦੂਰ ਹੋ ਜਾਏ ਤੇ ਮਨ ਵਿਚ ਸੱਚਾ ਹਰੀ ਆ ਵੱਸੇ,
ਅਤੇ ਹੇ ਮਨ! (ਉਸ ਸਤਿਗੁਰੂ ਦੇ ਦੱਸੇ ਹੋਏ) ਸੰਜਮ ਵਿਚ ਸੱਚੀ ਕਾਰ ਕਰ ਕੇ ਤੇਰੇ ਅੰਦਰ ਸ਼ਾਂਤੀ ਤੇ ਸੁਖ ਹੋ ਜਾਏ।
ਹੇ ਨਾਨਕ! ਜਦੋਂ ਹਰੀ ਆਪਣੀ ਰਜ਼ਾ ਵਿਚ ਮੇਹਰ ਕਰਦਾ ਹੈ ਤਦੋਂ (ਇਹੋ ਜਿਹਾ) ਸਤਿਗੁਰੂ ਪੂਰੀ ਬਖ਼ਸ਼ਸ਼ ਨਾਲ ਹੀ ਮਿਲਦਾ ਹੈ ॥੨॥
ਜਿਸ ਮਨੁੱਖ ਦੇ ਹਿਰਦੇ ਵਿਚ (ਸਭ ਦਾ) ਹਾਕਮ ਪ੍ਰਭੂ ਵੱਸਦਾ ਹੋਵੇ, ਸਾਰਾ ਸੰਸਾਰ ਉਸ ਦੇ ਵੱਸ ਵਿਚ ਆ ਜਾਂਦਾ ਹੈ।
ਉਸ ਨੂੰ ਕਿਸੇ ਦੀ ਕਾਣ ਨਹੀਂ ਹੁੰਦੀ, (ਸਗੋਂ) ਪਰਮਾਤਮਾ ਹਾਕਮ ਨੇ ਸਾਰਿਆਂ ਨੂੰ ਲਿਆ ਕੇ ਉਸ ਦੀ ਚਰਨੀਂ ਪਾਇਆ (ਹੁੰਦਾ) ਹੈ।
ਮਨੁੱਖ ਦੀ ਕਚਹਿਰੀ ਵਿਚੋਂ ਤਾਂ ਮਨੁੱਖ ਨੱਸ ਭੱਜ ਕੇ ਭੀ ਕਿਤੇ ਖਿਸਕ ਸਕਦਾ ਹੈ, ਪਰ ਰੱਬ ਦੀ ਹਕੂਮਤ ਤੋਂ ਭੱਜ ਕੇ ਕੋਈ ਕਿੱਥੇ ਜਾ ਸਕਦਾ ਹੈ?
ਇਹੋ ਜਿਹਾ ਹਾਕਮ ਹਰੀ ਭਗਤਾਂ ਦੇ ਹਿਰਦੇ ਵਿਚ ਵੱਸਿਆ ਹੋਇਆ ਹੈ, ਉਸ ਨੇ "ਰਹਿੰਦੇ ਖੁੰਹਦੇ" ਸਾਰੇ ਜੀਵਾਂ ਨੂੰ ਲਿਆ ਕੇ ਭਗਤ ਜਨਾਂ ਦੇ ਅੱਗੇ ਖੜੇ ਕਰ ਦਿੱਤਾ ਹੈ (ਭਾਵ, ਚਰਨੀਂ ਲਿਆ ਪਾਇਆ ਹੈ)।
ਪ੍ਰਭੂ ਦੀ ਖ਼ਾਸ ਮੇਹਰ ਨਾਲ ਹੀ ਪ੍ਰਭੂ ਦੇ ਨਾਮ ਦੀ ਵਡਿਆਈ (ਕਰਨ ਦਾ ਗੁਣ) ਪ੍ਰਾਪਤ ਹੁੰਦਾ ਹੈ; ਸਤਿਗੁਰੂ ਦੇ ਸਨਮੁਖ ਹੋ ਕੇ ਕੋਈ ਵਿਰਲਾ ਹੀ (ਨਾਮ) ਸਿਮਰਦਾ ਹੈ ॥੧੪॥
ਸਤਿਗੁਰੂ ਦੇ ਦੱਸੇ ਰਾਹ ਤੇ ਤੁਰਨ ਤੋਂ ਬਿਨਾ (ਮਨੁੱਖਾ) ਜਨਮ ਵਿਅਰਥ ਗਵਾ ਕੇ ਸੰਸਾਰ ਮੁਇਆ ਹੋਇਆ ਹੈ।
ਮਾਇਆ ਦੇ ਪਿਆਰ ਵਿਚ ਭਾਰੀ ਕਲੇਸ਼ ਲੱਗਦਾ ਹੈ ਤੇ (ਇਸੇ ਵਿਚ ਹੀ) ਮਰਦਾ ਹੈ ਫੇਰ ਜੰਮਦਾ ਹੈ, ਆਉਂਦਾ ਹੈ ਫੇਰ ਜਾਂਦਾ ਹੈ।
(ਇਸ ਦਾ ਵਿਕਾਰਾਂ ਦੇ) ਗੰਦ ਵਿਚ ਵਾਸ ਰਹਿੰਦਾ ਹੈ, ਪਰਤ ਪਰਤ ਕੇ ਜੂਨਾਂ ਵਿਚ ਪੈਂਦਾ ਹੈ।
ਹੇ ਨਾਨਕ! ਅਖ਼ੀਰਲੇ ਵੇਲੇ ਪਛੁਤਾਉਂਦਾ ਹੋਇਆ ਜਾਂਦਾ ਹੈ (ਕਿਉਂਕਿ ਉਸ ਵੇਲੇ ਚੇਤਾ ਆਉਂਦਾ ਹੈ) ਕਿ ਨਾਮ ਤੋਂ ਬਿਨਾ ਜਮ ਸਜ਼ਾ ਦੇਵੇਗਾ ॥੧॥
ਇਸ ਸੰਸਾਰ ਵਿਚ ਪਤੀ ਇੱਕੋ ਪਰਮਾਤਮਾ ਹੀ ਹੈ, ਹੋਰ ਸਾਰੀ ਸ੍ਰਿਸ਼ਟੀ (ਉਸ ਦੀਆਂ) ਇਸਤ੍ਰੀਆਂ ਹਨ।