ਹੇ ਰਾਜਾ (ਦੁਰਜੋਧਨ)! ਤੇਰੇ ਘਰ ਕੌਣ ਆਵੇ? (ਮੈਨੂੰ ਤੇਰੇ ਘਰ ਆਉਣ ਦੀ ਖਿੱਚ ਨਹੀਂ ਹੋ ਸਕਦੀ)।
ਮੈਂ ਬਿਦਰ ਦਾ ਇਤਨਾ ਪ੍ਰੇਮ ਵੇਖਿਆ ਹੈ ਕਿ ਉਹ ਗ਼ਰੀਬ (ਭੀ) ਮੈਨੂੰ ਪਿਆਰਾ ਲੱਗਦਾ ਹੈ ॥੧॥ ਰਹਾਉ ॥
ਤੂੰ ਹਾਥੀ (ਆਦਿਕ) ਵੇਖ ਕੇ ਮਾਣ ਵਿਚ ਆ ਕੇ ਖੁੰਝ ਗਿਆ ਹੈਂ, ਪਰਮਾਤਮਾ ਨੂੰ ਭੁਲਾ ਬੈਠਾ ਹੈਂ।
ਇਕ ਪਾਸੇ ਤੇਰਾ ਦੁੱਧ ਹੈ, ਦੂਜੇ ਪਾਸੇ ਬਿਦਰ ਦਾ ਪਾਣੀ ਹੈ; ਇਹ ਪਾਣੀ ਮੈਨੂੰ ਅੰਮ੍ਰਿਤ ਦਿੱਸਦਾ ਹੈ ॥੧॥
(ਬਿਦਰ ਦੇ ਘਰ ਦਾ ਰਿੱਝਾ ਹੋਇਆ) ਸਾਗ (ਤੇਰੀ ਰਸੋਈ ਦੀ ਪੱਕੀ) ਖੀਰ ਵਰਗਾ ਮੈਨੂੰ (ਮਿੱਠਾ) ਲੱਗਦਾ ਹੈ, (ਕਿਉਂਕਿ ਬਿਦਰ ਦੇ ਕੋਲ ਰਹਿ ਕੇ ਮੇਰੀ) ਰਾਤ ਪ੍ਰਭੂ ਦੇ ਗੁਣ ਗਾਂਦਿਆਂ ਬੀਤੀ ਹੈ।
ਕਬੀਰ ਦਾ ਮਾਲਕ ਪ੍ਰਭੂ ਆਨੰਦ ਤੇ ਮੌਜ ਦਾ ਮਾਲਕ ਹੈ (ਜਿਵੇਂ ਉਸ ਨੇ ਕ੍ਰਿਸ਼ਨ-ਰੂਪ ਵਿਚ ਆ ਕੇ ਕਿਸੇ ਦੇ ਉੱਚੇ ਮਰਾਤਬੇ ਦੀ ਪਰਵਾਹ ਨਹੀਂ ਕੀਤੀ, ਤਿਵੇਂ) ਉਹ ਕਿਸੇ ਦੀ ਉੱਚੀ ਜਾਤ ਦੀ ਪਰਵਾਹ ਨਹੀਂ ਕਰਦਾ ॥੨॥੯॥
ਉਸ ਦੇ ਦਸਮ-ਦੁਆਰ ਵਿਚ ਧੌਂਸਾ ਵੱਜਦਾ ਹੈ, ਉਸ ਦੇ ਨਿਸ਼ਾਨੇ ਤੇ ਚੋਟ ਪੈਂਦੀ ਹੈ (ਭਾਵ, ਉਸ ਦਾ ਮਨ ਪ੍ਰਭੂ-ਚਰਨਾਂ ਵਿਚ ਉੱਚੀਆਂ ਉਡਾਰੀਆਂ ਲਾਂਦਾ ਹੈ, ਜਿੱਥੇ ਕਿਸੇ ਵਿਕਾਰ ਦੀ ਸੁਣਾਈ ਹੀ ਨਹੀਂ ਹੋ ਸਕਦੀ, ਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਵਿਚ ਜੁੜੇ ਰਹਿਣ ਦੀ ਧ੍ਰੂਹ ਪੈਂਦੀ ਹੈ)।
ਜੋ ਮਨੁੱਖ ਇਸ ਜਗਤ-ਰੂਪ ਰਣ-ਭੂਮੀ ਵਿਚ ਦਲੇਰ ਹੋ ਕੇ ਵਿਕਾਰਾਂ ਦੇ ਟਾਕਰੇ ਤੇ ਅੜ ਖਲੋਤਾ ਹੈ, ਤੇ ਇਹ ਸਮਝਦਾ ਹੈ ਕਿ ਇਹ ਮਨੁੱਖਾ-ਜੀਵਨ ਹੀ ਮੌਕਾ ਹੈ ਜਦੋਂ ਇਹਨਾਂ ਨਾਲ ਲੜਿਆ ਜਾ ਸਕਦਾ ਹੈ, ਉਹ ਹੈ ਅਸਲ ਸੂਰਮਾ ॥੧॥
(ਹਾਂ, ਇਕ ਹੋਰ ਭੀ ਸੂਰਮਾ ਹੈ) ਉਸ ਮਨੁੱਖ ਨੂੰ ਭੀ ਸੂਰਮਾ ਹੀ ਸਮਝਣਾ ਚਾਹੀਦਾ ਹੈ ਜੋ ਗ਼ਰੀਬਾਂ ਦੀ ਖ਼ਾਤਰ ਲੜਦਾ ਹੈ,
(ਗ਼ਰੀਬਾਂ ਵਾਸਤੇ ਲੜਦਾ ਲੜਦਾ) ਟੋਟੇ ਟੋਟੇ ਹੋ ਮਰਦਾ ਹੈ, ਪਰ ਲੜਾਈ ਦਾ ਮੈਦਾਨ ਕਦੇ ਨਹੀਂ ਛੱਡਦਾ (ਪਰ ਪਿਛਾਂਹ ਪੈਰ ਨਹੀਂ ਹਟਾਂਦਾ, ਆਪਣੀ ਜਿੰਦ ਬਚਾਣ ਦੀ ਖ਼ਾਤਰ ਗ਼ਰੀਬ ਦੀ ਫੜੀ ਹੋਈ ਬਾਂਹ ਨਹੀਂ ਛੱਡਦਾ) ॥੨॥੨॥
ਰਾਗ ਮਾਰੂ ਵਿੱਚ ਭਗਤ ਕਬੀਰ ਜੀ ਦਾ ਸ਼ਬਦ ਤੇ ਭਗਤ ਨਾਮਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਜਗਤ ਵਿਚ) ਚਾਰ ਕਿਸਮ ਦੀਆਂ ਮੁਕਤੀਆਂ (ਮਿੱਥੀਆਂ ਗਈਆਂ ਹਨ), ਇਹ ਚਾਰੇ ਮੁਕਤੀਆਂ (ਅਠਾਰਾਂ) ਸਿੱਧੀਆਂ ਨਾਲ ਮਿਲ ਕੇ ਖਸਮ (-ਪ੍ਰਭੂ) ਦੀ ਸ਼ਰਨੀ ਪਈਆਂ ਹੋਈਆਂ ਹਨ,
(ਜੋ ਮਨੁੱਖ ਉਸ ਪ੍ਰਭੂ ਦਾ ਨਾਮ ਸਿਮਰਦਾ ਹੈ, ਉਸ ਨੂੰ ਇਹ ਹਰੇਕ ਕਿਸਮ ਦੀ) ਮੁਕਤੀ ਮਿਲ ਜਾਂਦੀ ਹੈ, ਉਹ ਮਨੁੱਖ ਚਹੁੰਆਂ ਜੁਗਾਂ ਵਿਚ ਉੱਘਾ ਹੋ ਜਾਂਦਾ ਹੈ, ਉਸ ਦੀ (ਹਰ ਥਾਂ) ਸੋਭਾ ਹੁੰਦੀ ਹੈ, ਵਡਿਆਈ ਹੁੰਦੀ ਹੈ, ਉਸ ਦੇ ਸਿਰ ਉੱਤੇ ਛਤਰ ਝੁਲਦਾ ਹੈ ॥੧॥
ਪਰਕਾਸ਼-ਰੂਪ ਪਰਮਾਤਮਾ ਦਾ ਨਾਮ ਸਿਮਰ ਕੇ ਬੇਅੰਤ ਜੀਵ ਤਰੇ ਹਨ।
ਜਿਸ ਜਿਸ ਮਨੁੱਖ ਨੇ ਆਪਣੇ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਸਾਧ ਸੰਗਤ ਕੀਤੀ, ਉਸ ਦਾ ਨਾਮ ਭਗਤ ਪੈ ਗਿਆ ॥੧॥ ਰਹਾਉ ॥
(ਪ੍ਰਭੂ ਦਾ) ਸੰਖ, ਚੱਕ੍ਰ, ਮਾਲਾ, ਤਿਲਕ ਆਦਿਕ ਚਮਕਦਾ ਵੇਖ ਕੇ, ਪਰਤਾਪ ਵੇਖ ਕੇ, ਜਮਰਾਜ ਭੀ ਸਹਿਮ ਜਾਂਦਾ ਹੈ।
(ਜਿਨ੍ਹਾਂ ਨੇ ਉਸ ਪ੍ਰਭੂ ਨੂੰ ਸਿਮਰਿਆ ਹੈ) ਉਹਨਾਂ ਨੂੰ ਕੋਈ ਡਰ ਨਹੀਂ ਰਹਿ ਜਾਂਦਾ, (ਕਿਉਂਕਿ ਉਹਨਾਂ ਪਾਸੋਂ ਤਾਂ ਜਮ ਭੀ ਡਰਦਾ ਹੈ), ਪ੍ਰਭੂ ਦਾ ਪਰਤਾਪ ਉਹਨਾਂ ਦੇ ਅੰਦਰ ਉਛਾਲੇ ਮਾਰਦਾ ਹੈ, ਉਹਨਾਂ ਦੇ ਜਨਮ ਮਰਨ ਦੇ ਕਲੇਸ਼ ਨਾਸ ਹੋ ਜਾਂਦੇ ਹਨ ॥੨॥
(ਅੰਬਰੀਕ ਨੇ ਨਾਮ ਸਿਮਰਿਆ, ਪ੍ਰਭੂ ਨੇ) ਅੰਬਰੀਕ ਨੂੰ ਨਿਰਭੈਤਾ ਦਾ ਉੱਚਾ ਦਰਜਾ ਬਖ਼ਸ਼ਿਆ (ਤੇ ਦੁਰਬਾਸਾ ਉਸ ਦਾ ਕੁਝ ਵਿਗਾੜ ਨਾ ਸਕਿਆ), ਪ੍ਰਭੂ ਨੇ ਭਭੀਖਣ ਨੂੰ ਰਾਜ ਦੇ ਕੇ ਵੱਡਾ ਬਣਾ ਦਿੱਤਾ;
ਸੁਦਾਮੇ (ਗ਼ਰੀਬ) ਨੂੰ ਠਾਕੁਰ ਨੇ ਨੌ ਨਿਧੀਆਂ ਦੇ ਦਿੱਤੀਆਂ, ਧ੍ਰੂ ਨੂੰ ਅਟੱਲ ਪਦਵੀ ਬਖ਼ਸ਼ੀ ਜੋ ਅਜੇ ਤਕ ਕਾਇਮ ਹੈ ॥੩॥
ਪ੍ਰਭੂ ਨੇ ਆਪਣੇ ਭਗਤ (ਪ੍ਰਹਿਲਾਦ) ਦੀ ਖ਼ਾਤਰ ਨਰਸਿੰਘ ਦਾ ਰੂਪ ਧਾਰਿਆ, ਤੇ ਹਰਨਾਖਸ਼ ਨੂੰ ਮਾਰਿਆ।
ਨਾਮਦੇਵ ਆਖਦਾ ਹੈ ਕਿ ਪਰਮਾਤਮਾ ਭਗਤੀ ਦੇ ਅਧੀਨ ਹੈ, (ਵੇਖੋ!) ਅਜੇ ਤਕ ਉਹ (ਆਪਣੇ ਭਗਤ ਰਾਜਾ) ਬਲਿ ਦੇ ਬੂਹੇ ਅੱਗੇ ਖਲੋਤਾ ਹੈ ॥੪॥੧॥
ਹੇ ਕਮਲੇ ਮਨੁੱਖ! ਤੂੰ ਧਰਮ (ਮਨੁੱਖਾ-ਜੀਵਨ ਦਾ ਫ਼ਰਜ਼) ਵਿਸਾਰ ਦਿੱਤਾ ਹੈ।
ਤੂੰ ਪਸ਼ੂਆਂ ਵਾਂਗ ਢਿੱਡ ਭਰ ਕੇ ਸੁੱਤਾ ਰਹਿੰਦਾ ਹੈਂ; ਤੂੰ ਮਨੁੱਖ ਜੀਵਨ ਐਵੇਂ ਹੀ ਗੰਵਾ ਲਿਆ ਹੈ ॥੧॥ ਰਹਾਉ ॥
ਤੂੰ ਕਦੇ ਸਤਸੰਗ ਵਿਚ ਨਹੀਂ ਗਿਆ, ਜਗਤ ਦੇ ਝੂਠੇ ਧੰਧਿਆਂ ਵਿਚ ਹੀ ਮਸਤ ਹੈਂ;
ਕਾਂ, ਕੁੱਤੇ, ਸੂਰ ਵਾਂਗ ਭਟਕਦਾ ਹੀ (ਜਗਤ ਤੋਂ) ਤੁਰ ਜਾਏਂਗਾ ॥੧॥
ਜੋ ਮਨੁੱਖ ਆਪਣੇ ਆਪ ਨੂੰ ਵੱਡੇ ਸਮਝਦੇ ਹਨ ਤੇ ਹੋਰਨਾਂ ਨੂੰ ਤੁੱਛ ਜਾਣਦੇ ਹਨ,
ਮਨੁੱਖ ਮਨ, ਬਚਨ ਜਾਂ ਕਰਮ ਦੁਆਰਾ (ਆਪਣੇ ਆਪ ਨੂੰ ਵੱਡੇ ਹੋਰਨਾਂ ਨੂੰ ਛੋਟੇ ਜਾਣਦੇ ਹਨ) ਐਸੇ ਬੰਦੇ ਮੈਂ ਦੋਜ਼ਕ ਜਾਂਦੇ ਵੇਖੇ ਹਨ (ਭਾਵ, ਨਿੱਤ ਇਹ ਵੇਖਣ ਵਿਚ ਆਉਂਦਾ ਹੈ ਕਿ ਅਜਿਹੇ ਹੰਕਾਰੀ ਮਨੁੱਖ ਹਉਮੈ ਵਿਚ ਇਉਂ ਦੁਖੀ ਹੁੰਦੇ ਹਨ ਜਿਵੇਂ ਦੋਜ਼ਕ ਦੀ ਅੱਗ ਵਿਚ ਸੜ ਰਹੇ ਹਨ) ॥੨॥
ਕਾਮ-ਵੱਸ ਹੋ ਕੇ, ਕ੍ਰੋਧ-ਅਧੀਨ ਹੋ ਕੇ, ਚਤਰਾਈਆ ਠੱਗੀਆਂ ਨਕਾਰੇ-ਪਨ ਵਿਚ,
ਦੂਜਿਆਂ ਦੀ ਨਿੰਦਿਆ ਕਰ ਕੇ, (ਹੇ ਕਮਲਿਆ!) ਤੂੰ ਜੀਵਨ ਗੁਜ਼ਾਰ ਦਿੱਤਾ ਹੈ, ਕਦੇ ਪ੍ਰਭੂ ਨੂੰ ਯਾਦ ਨਹੀਂ ਕੀਤਾ ॥੩॥
ਕਬੀਰ ਆਖਦਾ ਹੈ ਕਿ (ਉਹ) ਮੂਰਖ ਮੂੜ੍ਹ ਗੰਵਾਰ ਮਨੁੱਖ-
ਜਿਹੜਾ ਪਰਮਾਤਮਾ ਨੂੰ ਨਹੀਂ ਸਿਮਰਦਾ, ਪ੍ਰਭੂ ਦੇ ਨਾਮ ਨਾਲ ਸਾਂਝ ਨਹੀਂ ਪਾਂਦਾ, (ਸੰਸਾਰ-ਸਮੁੰਦਰ ਵਿਚੋਂ) ਕਿਵੇਂ ਪਾਰ ਲੰਘੇਗਾ? ॥੪॥੧॥