(ਹੇ ਪ੍ਰਭੂ! ਤਾਕਤ ਤੇ ਸਮਰੱਥਾ ਵਿਚ) ਤੂੰ (ਸਭ ਤੋਂ) ਵੱਡਾ ਹੈਂ।
(ਆਤਮਕ ਉੱਚਤਾ ਵਿਚ) ਤੂੰ ਸਭ ਤੋਂ ਉੱਚਾ ਹੈਂ, ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੂੰ ਬੇਅੰਤ ਵੱਡੀ ਹਸਤੀ ਵਾਲਾ ਹੈਂ।
ਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਤੈਥੋਂ ਕੁਰਬਾਨ ਜਾਂਦਾ ਹਾਂ, ਮੈਂ ਤੇਰੇ ਦਾਸਾਂ ਦਾ ਦਾਸ ਹਾਂ ॥੮॥੧॥੩੫॥
ਉਹ ਕੇਹੜਾ ਮਨੁੱਖ ਹੈ ਜੋ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਰਹਿੰਦਾ ਹੈ ਤੇ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ?
ਉਹ ਕੇਹੜਾ ਮਨੁੱਖ ਹੈ ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ ਤੇ ਉਸ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ?
(ਸੁਚੱਜਾ) ਗ੍ਰਿਹਸਤੀ ਕੌਣ ਹੋ ਸਕਦਾ ਹੈ? ਮਾਇਆ ਤੋਂ ਨਿਰਲੇਪ ਕੌਣ ਹੈ? ਉਹ ਕੇਹੜਾ ਮਨੁੱਖ ਹੈ ਜੋ (ਮਨੁੱਖਾ ਜਨਮ ਦੀ) ਕਦਰ ਸਮਝਦਾ ਹੈ? ॥੧॥
ਮਨੁੱਖ (ਮਾਇਆ ਦੇ ਮੋਹ ਦੇ ਬੰਧਨਾਂ ਵਿਚ) ਕਿਵੇਂ ਬੱਝ ਜਾਂਦਾ ਹੈ ਤੇ ਕਿਵੇਂ (ਉਹਨਾਂ ਬੰਧਨਾਂ ਤੋਂ) ਸੁਤੰਤਰ ਹੁੰਦਾ ਹੈ?
ਕਿਸ ਤਰੀਕੇ ਨਾਲ ਜਨਮ ਮਰਨ ਦਾ ਗੇੜ ਮੁੱਕਦਾ ਹੈ? ਸੁਚੱਜੇ ਕੰਮ ਕੇਹੜੇ ਹਨ?
ਉਹ ਕੇਹੜਾ ਮਨੁੱਖ ਹੈ ਜੋ ਦੁਨੀਆ ਵਿਚ ਵਿਚਰਦਾ ਹੋਇਆ ਭੀ ਵਾਸਨਾ-ਰਹਿਤ ਹੈ? ਉਹ ਕੇਹੜਾ ਮਨੁੱਖ ਹੈ ਜੋ ਆਪ ਸਿਫ਼ਤ-ਸਾਲਾਹ ਕਰਦਾ ਹੈ ਤੇ (ਹੋਰਨਾਂ ਪਾਸੋਂ) ਕਰਾਂਦਾ ਹੈ? ॥੨॥
ਸੁਖੀ ਜੀਵਨ ਵਾਲਾ ਕੌਣ ਹੈ? ਕੌਣ ਦੁੱਖਾਂ ਵਿਚ ਘਿਰਿਆ ਹੋਇਆ ਹੈ?
ਸਨਮੁਖ ਕਿਸ ਨੂੰ ਕਿਹਾ ਜਾਂਦਾ ਹੈ? ਬੇਮੁਖ ਕਿਸ ਨੂੰ ਆਖੀਦਾ ਹੈ?
ਪ੍ਰਭੂ-ਚਰਨਾਂ ਵਿਚ ਕਿਸ ਤਰ੍ਹਾਂ ਮਿਲ ਸਕੀਦਾ ਹੈ? ਮਨੁੱਖ ਪ੍ਰਭੂ ਤੋਂ ਕਿਵੇਂ ਵਿੱਛੁੜ ਜਾਂਦਾ ਹੈ? ਇਹ ਜਾਚ ਕੌਣ ਸਿਖਾਂਦਾ ਹੈ? ॥੩॥
ਉਹ ਕੇਹੜਾ ਸ਼ਬਦ ਹੈ ਜਿਸ ਦੀ ਰਾਹੀਂ ਵਿਕਾਰਾਂ ਵਲ ਦੌੜਦਾ ਮਨ ਟਿਕ ਜਾਂਦਾ ਹੈ?
ਉਹ ਕੇਹੜਾ ਉਪਦੇਸ਼ ਹੈ ਜਿਸ ਉੱਤੇ ਤੁਰ ਕੇ ਮਨੁੱਖ ਦੁੱਖ ਸੁਖ ਇਕੋ ਜਿਹੇ ਸਹਾਰ ਸਕਦਾ ਹੈ?
ਉਹ ਕੇਹੜਾ ਜੀਵਨ-ਢੰਗ ਹੈ ਜਿਸ ਨਾਲ ਮਨੁੱਖ ਪਰਮਾਤਮਾ ਨੂੰ ਸਿਮਰ ਸਕੇ? ਕਿਸ ਤਰ੍ਹਾਂ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੇ? ॥੪॥
ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਰਹਿੰਦਾ ਹੈ ਤੇ ਪਰਮਾਤਮਾ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ।
ਗੁਰੂ ਦੀ ਸਰਨ ਵਿਚ ਰਹਿਣ ਵਾਲਾ ਮਨੁੱਖ ਹੀ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ ਤੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੀ ਭਾਗਾਂ ਵਾਲਾ ਗ੍ਰਿਹਸਤ ਹੈ, ਉਹ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਭੀ ਨਿਰਲੇਪ ਰਹਿੰਦਾ ਹੈ। ਉਹੀ ਮਨੁੱਖਾ ਜਨਮ ਦੀ ਕਦਰ ਸਮਝਦਾ ਹੈ ॥੫॥
(ਆਪਣੇ ਮਨ ਦੇ ਪਿੱਛੇ ਤੁਰ ਕੇ ਮਨੁੱਖ ਆਪਣੀ ਹੀ) ਹਉਮੈ ਦੇ ਕਾਰਨ (ਮਾਇਆ ਦੇ ਬੰਧਨਾਂ ਵਿਚ) ਬੱਝ ਜਾਂਦਾ ਹੈ, ਗੁਰੂ ਦੀ ਸਰਨ ਪੈ ਕੇ (ਇਹਨਾਂ ਬੰਧਨਾਂ ਤੋਂ) ਆਜ਼ਾਦ ਹੋ ਜਾਂਦਾ ਹੈ।
ਗੁਰੂ ਦੇ ਦੱਸੇ ਰਾਹ ਉੱਤੇ ਤੁਰਿਆਂ ਮਨੁੱਖ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।
ਗੁਰੂ ਦੇ ਸਨਮੁਖ ਰਹਿ ਕੇ ਹੀ ਸੁਚੱਜੇ ਕੰਮ ਹੋ ਸਕਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਵਾਸਨਾ ਰਹਿਤ ਰਹਿੰਦਾ ਹੈ। ਅਜੇਹਾ ਮਨੁੱਖ ਜੋ ਕੁਝ ਭੀ ਕਰਦਾ ਹੈ ਪ੍ਰਭੂ ਦੇ ਪ੍ਰੇਮ ਵਿਚ ਟਿਕ ਕੇ ਕਰਦਾ ਹੈ ॥੬॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸੁਖੀ ਜੀਵਨ ਵਾਲਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਨਿੱਤ ਦੁਖੀ ਰਹਿੰਦਾ ਹੈ।
ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਪਰਮਾਤਮਾ ਵਲ ਮੂੰਹ ਰੱਖਣ ਵਾਲਾ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਰੱਬ ਵਲੋਂ ਮੂੰਹ ਮੋੜੀ ਰੱਖਦਾ ਹੈ।
ਗੁਰੂ ਦੇ ਸਨਮੁਖ ਰਿਹਾਂ ਪਰਮਾਤਮਾ ਨੂੰ ਮਿਲ ਸਕੀਦਾ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਪਰਮਾਤਮਾ ਤੋਂ ਵਿੱਛੁੜ ਜਾਂਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੀ (ਸਹੀ ਜੀਵਨ ਦੀ) ਜਾਚ ਸਿਖਾਂਦਾ ਹੈ ॥੭॥
ਗੁਰੂ ਦੇ ਮੂੰਹੋਂ ਨਿਕਲਿਆ ਸ਼ਬਦ ਹੀ ਉਹ ਬੋਲ ਹੈ ਜਿਸ ਦੀ ਬਰਕਤਿ ਨਾਲ ਵਿਕਾਰਾਂ ਵਲ ਦੌੜਦਾ ਮਨ ਖਲੋ ਜਾਂਦਾ ਹੈ।
ਗੁਰੂ ਤੋਂ ਮਿਲਿਆ ਉਪਦੇਸ਼ ਹੀ (ਇਹ ਸਮਰੱਥਾ ਰੱਖਦਾ ਹੈ ਕਿ ਮਨੁੱਖ ਉਸ ਦੇ ਆਸਰੇ) ਦੁਖ ਸੁਖ ਨੂੰ ਇਕੋ ਜਿਹਾ ਕਰ ਕੇ ਸਹਾਰਦਾ ਹੈ।
ਗੁਰੂ ਦੇ ਰਾਹ ਤੇ ਤੁਰਨਾ ਹੀ ਅਜੇਹੀ ਜੀਵਨ ਚਾਲ ਹੈ ਕਿ ਇਸ ਦੀ ਰਾਹੀਂ ਮਨੁੱਖ ਪਰਮਾਤਮਾ ਦਾ ਧਿਆਨ ਧਰ ਸਕਦਾ ਹੈ ਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ ॥੮॥
(ਪਰ ਗੁਰਮੁਖ ਤੇ ਮਨਮੁਖ-ਇਹ) ਸਾਰੀ ਬਣਤਰ ਪਰਮਾਤਮਾ ਨੇ ਆਪ ਹੀ ਬਣਾਈ ਹੈ।
(ਸਭ ਜੀਵਾਂ ਵਿਚ ਵਿਆਪਕ ਹੋ ਕੇ) ਉਹ ਆਪ ਹੀ ਸਭ ਕੁਝ ਕਰਦਾ ਹੈ ਤੇ (ਜੀਵਾਂ ਪਾਸੋਂ) ਕਰਾਂਦਾ ਹੈ, ਉਹ ਆਪ ਹੀ ਜਗਤ ਦੀ ਸਾਰੀ ਖੇਡ ਚਲਾ ਰਿਹਾ ਹੈ।
ਹੇ ਨਾਨਕ! ਉਹ ਆਪ ਹੀ ਆਪਣੇ ਇੱਕ ਸਰੂਪ ਤੋਂ ਬੇਅੰਤ ਰੂਪਾਂ ਰੰਗਾਂ ਵਾਲਾ ਬਣਿਆ ਹੋਇਆ ਹੈ। (ਇਹ ਸਾਰਾ ਬਹੁ ਰੰਗੀ ਜਗਤ) ਉਸ ਇੱਕ ਵਿਚ ਹੀ ਲੀਨ ਹੋ ਜਾਂਦਾ ਹੈ ॥੯॥੨॥੩੬॥
(ਜਿਸ ਮਨੁੱਖ ਨੂੰ ਇਹ ਯਕੀਨ ਹੋਵੇ ਕਿ ਮੇਰੇ ਸਿਰ ਉੱਤੇ) ਅਬਿਨਾਸੀ ਪ੍ਰਭੂ (ਰਾਖਾ ਹੈ ਉਸ ਨੂੰ) ਕੋਈ ਚਿੰਤਾ-ਫ਼ਿਕਰ ਨਹੀਂ ਹੁੰਦਾ।
(ਜਦੋਂ ਮਨੁੱਖ ਨੂੰ ਇਹ ਨਿਸਚਾ ਹੋਵੇ ਕਿ) ਸਭ ਸੁਖਾਂ ਦਾ ਮਾਲਕ ਹਰੀ (ਮੇਰਾ ਰਾਖਾ ਹੈ) ਤਾਂ ਉਹ ਬਹੁਤ ਸੌਖਾ ਜੀਵਨ ਬਿਤੀਤ ਕਰਦਾ ਹੈ।
ਹੇ ਪ੍ਰਭੂ! ਜਿਸ ਨੂੰ ਇਹ ਨਿਸਚਾ ਹੈ ਕਿ ਤੂੰ ਜਿੰਦ ਦਾ ਪ੍ਰਾਣਾਂ ਦਾ ਮਨ ਦਾ ਸੁਖ ਦਾਤਾ ਹੈਂ, ਤੇ ਜੋ ਕੁਝ ਤੂੰ ਕਰਦਾ ਹੈਂ ਉਹੀ ਹੁੰਦਾ ਹੈ, ਉਹ ਮਨੁੱਖ ਆਤਮਕ ਆਨੰਦ ਮਾਣਦਾ ਹੈ ॥੧॥
(ਹੇ ਪ੍ਰਭੂ!) ਮੈਂ ਤੈਥੋਂ ਸਦਕੇ ਹਾਂ ਕੁਰਬਾਨ ਹਾਂ, ਗੁਰੂ ਦੀ ਸਰਨ ਪਿਆਂ ਤੂੰ ਮਨ ਵਿਚ ਹਿਰਦੇ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈਂ।
ਹੇ ਪ੍ਰਭੂ! ਤੂੰ ਮੇਰੇ ਲਈ ਪਰਬਤ (ਸਮਾਨ ਸਹਾਰਾ) ਹੈਂ, ਤੂੰ ਮੇਰਾ ਆਸਰਾ ਹੈਂ। ਮੈਂ ਤੇਰੇ ਨਾਲ ਕਿਸੇ ਹੋਰ ਨੂੰ ਬਰਾਬਰੀ ਨਹੀਂ ਦੇ ਸਕਦਾ ॥੧॥ ਰਹਾਉ ॥
ਜਿਸ ਮਨੁੱਖ ਨੂੰ ਤੇਰਾ ਭਾਣਾ ਮਿੱਠਾ ਲੱਗਣ ਲੱਗ ਪੈਂਦਾ ਹੈ,
ਉਸ ਮਨੁੱਖ ਨੇ ਤੈਨੂੰ ਹਰੇਕ ਹਿਰਦੇ ਵਿਚ ਵੱਸਦਾ ਵੇਖ ਲਿਆ ਹੈ।
ਹੇ ਪ੍ਰਭੂ! ਤੂੰ ਪਾਰਬ੍ਰਹਮ (ਹਰੇਕ ਹਿਰਦੇ ਵਿਚ ਵੱਸ ਰਿਹਾ) ਹੈਂ। ਹਰੇਕ ਥਾਂ ਵਿਚ ਤੂੰ ਹੀ ਤੂੰ ਹੀ, ਸਿਰਫ਼ ਇਕ ਤੂੰ ਹੀ ਵੱਸ ਰਿਹਾ ਹੈਂ ॥੨॥
ਹੇ ਪ੍ਰਭੂ! ਸਭ ਜੀਵਾਂ ਦੀਆਂ ਮਨ-ਮੰਗੀਆਂ ਲੋੜਾਂ ਤੂੰ ਹੀ ਪੂਰੀਆਂ ਕਰਨ ਵਾਲਾ ਹੈਂ।
ਤੇਰੇ ਘਰ ਵਿਚ ਭਗਤੀ-ਧਨ ਨਾਲ ਪ੍ਰੇਮ-ਧਨ ਨਾਲ ਖ਼ਜ਼ਾਨੇ ਭਰੇ ਪਏ ਹਨ।
ਜੇਹੜੇ ਬੰਦੇ ਤੇਰੀ ਪੂਰੀ ਮਿਹਰ ਨਾਲ ਤੇਰੇ ਚਰਨਾਂ ਵਿਚ ਲੀਨ ਰਹਿੰਦੇ ਹਨ, ਦਇਆ ਕਰ ਕੇ ਉਹਨਾਂ ਨੂੰ ਤੂੰ (ਮਾਇਆ ਦੇ ਹੱਲਿਆਂ ਤੋਂ) ਬਚਾ ਲੈਂਦਾ ਹੈ ॥੩॥