ਮੇਰੇ ਗੁਰੂ ਨੇ (ਮੇਰੇ ਅੰਦਰੋਂ ਹਰ ਵੇਲੇ ਦਾ) ਸਹਿਮ ਦੂਰ ਕਰ ਦਿੱਤਾ ਹੈ।
ਉਸ ਗੁਰੂ ਤੋਂ ਸਦਕੇ ਜਾਣਾ ਚਾਹੀਦਾ ਹੈ। ਮੈਂ (ਉਸ ਗੁਰੂ ਤੋਂ) ਸਦਾ ਹੀ ਸਦਾ ਹੀ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥
ਮੈਂ ਦਿਨ ਰਾਤ (ਆਪਣੇ) ਗੁਰੂ ਦਾ ਨਾਮ ਚੇਤੇ ਰੱਖਦਾ ਹਾਂ, ਮੈਂ ਆਪਣੇ ਮਨ ਵਿਚ ਗੁਰੂ ਦੇ ਚਰਨ ਟਿਕਾਈ ਰੱਖਦਾ ਹਾਂ (ਭਾਵ, ਅਦਬ-ਸਤਕਾਰ ਨਾਲ ਗੁਰੂ ਦੀ ਯਾਦ ਹਿਰਦੇ ਵਿਚ ਵਸਾਈ ਰੱਖਦਾ ਹਾਂ)।
ਮੈਂ ਸਦਾ ਗੁਰੂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਦਾ ਰਹਿੰਦਾ ਹਾਂ, (ਇਸ ਇਸ਼ਨਾਨ ਨੇ ਮੇਰੇ ਮਨ ਤੋਂ) ਪਾਪਾਂ ਦੀ ਮੈਲ ਲਾਹ ਦਿੱਤੀ ਹੈ ॥੧॥
ਮੈਂ ਸਦਾ ਪੂਰੇ ਗੁਰੂ ਦੀ (ਦੱਸੀ) ਸੇਵਾ ਕਰਦਾ ਹਾਂ, ਗੁਰੂ ਅੱਗੇ ਸਿਰ ਨਿਵਾਈ ਰੱਖਦਾ ਹਾਂ।
ਹੇ ਨਾਨਕ! ਪੂਰੇ ਗੁਰੂ ਨੇ ਮੈਨੂੰ (ਦੁਨੀਆ ਦੇ) ਸਾਰੇ (ਮੂੰਹ-ਮੰਗੇ) ਫਲ ਦਿੱਤੇ ਹਨ, ਗੁਰੂ ਨੇ (ਮੈਨੂੰ ਜਗਤ ਦੇ ਵਿਕਾਰਾਂ ਤੋਂ) ਪਾਰ ਲੰਘਾ ਲਿਆ ਹੈ ॥੨॥੪੭॥੭੦॥
ਪਰਮਾਤਮਾ ਦਾ ਨਾਮ ਸਿਮਰਦਿਆਂ ਮਨੁੱਖ ਜੀਵਨ ਦੀ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ।
ਜਿਹੜਾ ਮਨੁੱਖ ਸਾਧ ਸੰਗਤ ਵਿਚ ਪਿਆਰ ਪਾਂਦਾ ਹੈ, ਉਸ ਦੇ ਸਾਰੇ ਕਲੇਸ਼ ਮਿਟ ਜਾਂਦੇ ਹਨ, ਉਸ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ ॥੧॥ ਰਹਾਉ ॥
(ਜਿਹੜਾ ਮਨੁੱਖ) ਸਦਾ (ਆਪਣੇ) ਮਨ ਵਿਚ ਪਰਮਾਤਮਾ ਦਾ ਆਰਾਧਨ ਕਰਦਾ ਰਹਿੰਦਾ ਹੈ, ਜਿਹੜਾ ਆਪਣੀ ਜੀਭ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਗਾਂਦਾ ਰਹਿੰਦਾ ਹੈ,
ਉਹ ਮਨੁੱਖ (ਆਪਣੇ ਅੰਦਰੋਂ) ਕਾਮ ਕ੍ਰੋਧ ਅਹੰਕਾਰ ਨਿੰਦਾ (ਆਦਿਕ ਵਿਕਾਰ) ਦੂਰ ਕਰ ਕੇ (ਆਪਣੇ ਅੰਦਰ) ਪਰਮਾਤਮਾ ਦਾ ਪ੍ਰੇਮ ਪੈਦਾ ਕਰ ਲੈਂਦਾ ਹੈ ॥੧॥
ਦਇਆ ਦੇ ਸੋਮੇ ਪਰਮਾਤਮਾ ਦਾ ਨਾਮ ਸਿਮਰਦੇ ਰਿਹਾ ਕਰੋ। ਗੋਬਿੰਦ (ਦਾ ਨਾਮ) ਸਿਮਰਦਿਆਂ ਹੀ ਜੀਵਨ ਸੋਹਣਾ ਬਣਦਾ ਹੈ।
ਨਾਨਕ ਆਖਦਾ ਹੈ- ਸਭਨਾਂ ਦੀ ਚਰਨ-ਧੂੜ ਹੋ ਕੇ ਮਨੁੱਖ ਪਰਮਾਤਮਾ ਦੇ ਦਰਸਨ ਵਿਚ ਲੀਨ ਹੋਇਆ ਰਹਿੰਦਾ ਹੈ ॥੨॥੪੮॥੭੧॥
ਮੈਂ ਆਪਣੇ ਪੂਰੇ ਗੁਰੂ ਤੋਂ ਕੁਰਬਾਨ ਜਾਂਦਾ ਹੈ।
(ਗੁਰੂ ਪਰਮਾਤਮਾ ਦੇ) ਨਾਮ ਦਾ ਪਰਤਾਪ (ਜਗਤ ਵਿਚ) ਪ੍ਰਸਿੱਧ ਕਰਦਾ ਹੈ। ਰੱਖਿਆ ਕਰਨ ਦੀ ਸਮਰਥਾ ਵਾਲਾ ਪ੍ਰਭੂ (ਨਾਮ ਜਪਣ ਵਾਲਿਆਂ ਨੂੰ ਅਨੇਕਾਂ ਦੁੱਖਾਂ ਤੋਂ) ਬਚਾਂਦਾ ਹੈ ॥੧॥ ਰਹਾਉ ॥
(ਗੁਰੂ ਦੀ ਕਿਰਪਾ ਨਾਲ ਹੀ) ਪ੍ਰਭੂ ਆਪਣੇ ਸੇਵਕਾਂ ਦਾਸਾਂ ਨੂੰ (ਦੁੱਖਾਂ ਵਿਕਾਰਾਂ ਦੇ ਟਾਕਰੇ ਤੇ) ਦਲੇਰ ਕਰ ਦੇਂਦਾ ਹੈ, (ਸੇਵਕਾਂ ਦੇ) ਸਾਰੇ ਦੁੱਖ ਨਾਸ ਕਰਦਾ ਹੈ।
(ਪ੍ਰਭੂ ਦਾ) ਸੇਵਕ (ਭੀ) ਹੋਰ ਸਾਰੇ ਹੀਲੇ ਛੱਡ ਕੇ ਪਰਮਾਤਮਾ ਦੇ ਸੋਹਣੇ ਚਰਨ (ਆਪਣੇ) ਹਿਰਦੇ ਵਿਚ ਵਸਾਈ ਰੱਖਦਾ ਹੈ ॥੧॥
(ਜਿਹੜੇ ਮਨੁੱਖ ਗੁਰੂ ਦੀ ਮਿਹਰ ਨਾਲ ਨਾਮ ਜਪਦੇ ਹਨ, ਉਹਨਾਂ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਸਿਰਫ਼ ਪਰਮਾਤਮਾ ਹੀ ਸਿਰਫ਼ ਪ੍ਰਭੂ ਹੀ ਪ੍ਰਾਣਾਂ ਦਾ ਆਸਰਾ ਹੈ ਤੇ ਸੱਜਣ ਮਿੱਤਰ ਹੈ।
(ਦਾਸ) ਨਾਨਕ ਦਾ (ਤਾਂ ਪਰਮਾਤਮਾ ਹੀ) ਸਭ ਤੋਂ ਉੱਚਾ ਮਾਲਕ ਹੈ। (ਨਾਨਕ) ਸਦਾ ਮੁੜ ਮੁੜ (ਪਰਮਾਤਮਾ ਨੂੰ ਹੀ) ਸਿਰ ਨਿਵਾਂਦਾ ਹੈ ॥੨॥੪੯॥੭੨॥
ਦੱਸੋ, ਪਰਮਾਤਮਾ ਤੋਂ ਬਿਨਾ ਹੋਰ ਕੌਣ (ਸਹਾਈ) ਹੈ ਤੇ ਕਿੱਥੇ ਹੈ?
ਉਹ ਸਿਰਜਣਹਾਰ ਸਾਰੇ ਸੁਖਾਂ ਦਾ ਸੋਮਾ ਹੈ, ਉਹ ਪ੍ਰਭੂ ਤਰਸ-ਸਰੂਪ ਹੈ। ਸਦਾ ਉਸ ਦਾ ਸਿਮਰਨ ਕਰਦੇ ਰਹੋ ॥੧॥ ਰਹਾਉ ॥
ਜਿਸ ਪਰਮਾਤਮਾ ਦੇ (ਹੁਕਮ-ਰੂਪ) ਧਾਗੇ ਵਿਚ ਸਾਰੇ ਜੀਵ ਪ੍ਰੋਤੇ ਹੋਏ ਹਨ, ਉਸ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਿਹਾ ਕਰੋ।
ਜਿਸ (ਮਾਲਕ-ਪ੍ਰਭੂ) ਨੇ ਹਰੇਕ ਚੀਜ਼ ਦਿੱਤੀ ਹੋਈ ਹੈ ਉਸ ਦਾ ਸਿਮਰਨ ਕਰਿਆ ਕਰੋ। (ਉਸ ਦਾ ਆਸਰਾ ਛੱਡ ਕੇ) ਹੋਰ ਕਿੱਥੇ ਕਿਸੇ ਪਾਸ ਜਾਂਦੇ ਹੋ? ॥੧॥
ਮੇਰੇ ਮਾਲਕ-ਪ੍ਰਭੂ ਦੀ ਹੀ ਭਗਤੀ ਸਾਰੇ ਫਲ ਦੇਣ ਵਾਲੀ ਹੈ (ਉਸੇ ਦੇ ਦਰ ਤੋਂ ਹੀ) ਮਨ-ਮੰਗੇ ਫਲ ਪ੍ਰਾਪਤ ਕਰ ਸਕਦੇ ਹੋ।
ਨਾਨਕ ਆਖਦਾ ਹੈ- (ਜਗਤ ਤੋਂ ਪਰਮਾਤਮਾ ਦੀ ਭਗਤੀ ਦਾ) ਲਾਭ ਖੱਟ ਕੇ ਤੁਰੋ, ਬੜੇ ਆਨੰਦ ਨਾਲ ਪ੍ਰਭੂ ਦੇ ਚਰਨਾਂ ਵਿਚ ਪਹੁੰਚੋਗੇ ॥੨॥੫੦॥੭੩॥
ਹੇ (ਮੇਰੇ) ਮਾਲਕ-ਪ੍ਰਭੂ! (ਮੈਂ) ਤੇਰੀ ਸਰਨ ਆਇਆ ਹਾਂ।
ਜਦੋਂ ਤੋਂ ਮੈਂ ਤੇਰਾ ਦਰਸਨ ਕੀਤਾ ਹੈ (ਤਦੋਂ ਤੋਂ ਹੀ) ਮੇਰੇ ਮਨ ਤੋਂ (ਹਰੇਕ) ਸਹਿਮ ਲਹਿ ਗਿਆ ਹੈ ॥੧॥ ਰਹਾਉ ॥
ਹੇ (ਮੇਰੇ) ਮਾਲਕ-ਪ੍ਰਭੂ! ਤੂੰ (ਸਦਾ ਹੀ ਮੇਰੇ) ਬਿਨਾ ਬੋਲਣ ਦੇ ਮੇਰਾ ਦੁੱਖ ਸਮਝ ਲਿਆ ਹੈ, ਤੂੰ ਆਪ ਹੀ ਮੈਥੋਂ ਆਪਣਾ ਨਾਮ ਜਪਾਇਆ ਹੈ।
ਜਦੋਂ ਤੋਂ ਬੜੇ ਆਨੰਦ ਨਾਲ ਮੈਂ ਤੇਰੇ ਗੁਣ ਗਾਂਦਾ ਹਾਂ, ਮੇਰੇ (ਸਾਰੇ) ਦੁੱਖ ਦੂਰ ਹੋ ਗਏ ਹਨ, ਸੁਖਾਂ ਵਿਚ ਆਤਮਕ ਅਡੋਲਤਾ ਵਿਚ ਮੈਂ ਮਗਨ ਰਹਿੰਦਾ ਹਾਂ ॥੧॥
(ਪਰਮਾਤਮਾ) ਆਪਣੇ (ਸੇਵਕਾਂ) ਦੀ ਬਾਂਹ ਫੜ ਕੇ ਉਹਨਾਂ ਨੂੰ ਮਾਇਆ ਦੇ (ਮੋਹ ਦੇ) ਅੰਨ੍ਹੇ ਖੂਹ ਵਿਚੋਂ ਅੰਨ੍ਹੇ ਘਰ ਵਿਚੋਂ ਕੱਢ ਲੈਂਦਾ ਹੈ।
ਨਾਨਕ ਆਖਦਾ ਹੈ- ਗੁਰੂ ਨੇ (ਜਿਸ ਮਨੁੱਖ ਦੀਆਂ ਮਾਇਆ ਦੇ ਮੋਹ ਦੀਆਂ) ਫਾਹੀਆਂ ਕੱਟ ਦਿੱਤੀਆਂ, (ਪ੍ਰਭੂ-ਚਰਨਾਂ ਤੋਂ) ਵਿਛੁੜਦੇ ਉਸ ਨੂੰ ਲਿਆ ਕੇ (ਪ੍ਰਭੂ ਦੇ ਚਰਨਾਂ ਵਿਚ) ਮੇਲ ਦਿੱਤਾ ॥੨॥੫੧॥੭੪॥