ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਸੁਰਠਿ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ਸਭ ਨੇ ਮਰ ਜਾਣਾ ਹੈ ਤੇ ਸਭ ਨੂੰ ਇਹ ਵਿਛੋੜਾ ਹੋਣਾ ਹੈ।
ਜਾ ਕੇ ਸਿਆਣੇ ਜੀਵਾਂ (ਗੁਰਮੁਖਾਂ) ਪਾਸੋਂ ਪਤਾ ਲਵੋ ਕਿ ਅਗੇ ਜਾ ਕੇ ਪਰਮਾਤਮਾ ਦੇ ਚਰਨਾਂ ਦਾ ਮਿਲਾਪ ਕਿਨ੍ਹਾਂ ਨੂੰ ਹੁੰਦਾ ਹੈ।
ਜਿਨ੍ਹਾਂ ਨੂੰ ਪਿਆਰਾ ਮਾਲਕ-ਪ੍ਰਭੂ ਭੁੱਲ ਜਾਂਦਾ ਹੈ ਉਹਨਾਂ ਨੂੰ ਬੜਾ ਆਤਮਕ ਕਲੇਸ਼ ਹੁੰਦਾ ਹੈ ॥੧॥
ਮੁੜ ਮੁੜ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹੋ।
ਉਸੇ ਦੀ ਮੇਹਰ ਦੀ ਨਜ਼ਰ ਨਾਲ ਸਦਾ-ਥਿਰ ਰਹਿਣ ਵਾਲਾ ਸੁਖ ਮਿਲਦਾ ਹੈ ॥ ਰਹਾਉ॥
ਪ੍ਰਭੂ ਨੂੰ ਵੱਡਾ ਆਖ ਕੇ ਉਸ ਦੀ ਸਿਫ਼ਤ-ਸਾਲਾਹ ਕਰੋ, ਉਹ ਹੀ ਮੌਜੂਦ ਹੈ ਤੇ ਰਹੇਗਾ।
(ਹੇ ਪ੍ਰਭੂ!) ਤੂੰ ਇਕੱਲਾ ਹੀ ਸਭ ਜੀਵਾਂ ਦਾ ਦਾਤਾ ਹੈਂ, ਮਨੁੱਖ ਦਾਤਾ ਨਹੀਂ ਹੋ ਸਕਦਾ।
ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ, ਰੰਨਾਂ ਵਾਂਗ ਰੋਣ ਤੋਂ ਕੀ ਹੋ ਸਕਦਾ? ॥੨॥
ਇਸ ਧਰਤੀ ਉਤੇ ਅਨੇਕਾਂ ਆਏ ਜੋ ਕਿਲ੍ਹੇ ਆਦਿਕ ਬਣਾ ਕੇ (ਆਪਣੀ ਤਾਕਤ ਦਾ) ਢੋਲ ਵਜਾ ਕੇ (ਆਖ਼ਰ) ਚਲੇ ਗਏ।
ਜਿਹਨਾਂ ਨੂੰ ਇਤਨਾ (ਤਾਕਤ ਦਾ) ਮਾਣ ਹੈ ਕਿ (ਮਾਨੋ) ਅਸਮਾਨ ਦੇ ਹੇਠ ਭੀ ਨਹੀਂ ਮਿਓਂਦੇ, ਪ੍ਰਭੂ ਉਨ੍ਹਾਂ ਦੇ ਨਕ ਵਿਚ ਵੀ ਨੱਥ ਪਾ ਦੇਂਦਾ ਹੈ (ਭਾਵ, ਉਹਨਾਂ ਦੀ ਆਕੜ ਭੀ ਭੰਨ ਦੇਂਦਾ ਹੈ)।
ਸੋ, ਹੇ ਮਨ! ਜੇ ਤੂੰ ਇਹ ਸਮਝ ਲਏਂ ਕਿ ਦੁਨੀਆ ਦੇ ਮੌਜ ਮੇਲਿਆਂ ਦਾ ਨਤੀਜਾ ਦੁੱਖ-ਕਲੇਸ਼ ਹੀ ਹੈ ਤਾਂ ਤੂੰ ਦੁਨੀਆ ਦੇ ਭੋਗਾਂ ਵਿਚ ਹੀ ਕਿਉਂ ਮਸਤ ਰਹੇਂ? ॥੩॥
ਹੇ ਨਾਨਕ! (ਦੁਨੀਆ ਦੇ ਸੁਖ ਮਾਣਨ ਦੀ ਖ਼ਾਤਰ) ਜਿਤਨੇ ਭੀ ਪਾਪ-ਵਿਕਾਰ ਅਸੀਂ ਕਰਦੇ ਹਾਂ, ਇਹ ਸਾਰੇ ਪਾਪ-ਵਿਕਾਰ ਸਾਡੇ ਗਲਾਂ ਵਿਚ ਫਾਹੀਆਂ ਬਣ ਜਾਂਦੇ ਹਨ।
ਇਹ ਪਾਪ-ਫਾਹੀਆਂ ਤਦੋਂ ਹੀ ਕੱਟੀਆਂ ਜਾ ਸਕਦੀਆਂ ਹਨ ਜੇ ਸਾਡੇ ਪੱਲੇ ਗੁਣ ਹੋਣ। ਗੁਣ ਹੀ ਅਸਲ ਭਾਈ ਮਿਤ੍ਰ ਹਨ।
(ਇਥੋਂ) ਸਾਡੇ ਨਾਲ ਗਏ ਹੋਏ ਪਾਪ-ਵਿਕਾਰ (ਅਗਾਂਹ) ਆਦਰ ਨਹੀਂ ਪਾਂਦੇ। ਇਹਨਾਂ ਬੇ-ਮੁਰਸ਼ਿਦਾਂ ਨੂੰ (ਹੁਣੇ ਹੀ) ਮਾਰ ਕੇ ਆਪਣੇ ਅੰਦਰੋਂ ਕੱਢ ਦਿਉ ॥੪॥੧॥
ਮਨ ਨੂੰ ਹਾਲ਼ੀ (ਵਰਗਾ ਉੱਦਮੀ) ਬਣਾ, ਉਚੇ ਆਚਰਨ ਨੂੰ ਵਾਹੀ ਸਮਝ, ਮੇਹਨਤ ਨੂੰ ਪਾਣੀ ਬਣਾ, ਤੇ ਸਰੀਰ ਨੂੰ ਪੈਲੀ ਸਮਝ।
ਫਿਰ (ਇਸ ਪੈਲੀ ਵਿਚ) ਪਰਮਾਤਮਾ ਦਾ ਨਾਮ ਬੀਜ, ਸੰਤੋਖ ਨੂੰ ਸੁਹਾਗਾ ਬਣਾ, ਤੇ ਸਾਦਾ ਜੀਵਨ ਬਣਾ।
ਤਾਂ ਪਰਮਾਤਮਾ ਦੀ ਮੇਹਰ ਨਾਲ ਪ੍ਰੇਮ ਪੈਦਾ ਹੋਵੇਗਾ ਤੇ ਦੇਖ ਕਿ ਸਰੀਰ-ਘਰ ਭਾਗਾਂ ਵਾਲਾ ਹੋ ਜਾਏਗਾ ॥੧॥
ਹੇ ਭਾਈ! (ਇਥੋਂ ਤੁਰਨ ਵੇਲੇ) ਮਾਇਆ ਜੀਵ ਦੇ ਨਾਲ ਨਹੀਂ ਜਾਂਦੀ।
ਇਸ ਮਾਇਆ ਨੇ ਸਾਰੇ ਜਗਤ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ। ਕੋਈ ਵਿਰਲਾ ਹੀ ਇਹ ਗਲ ਸਮਝਦਾ ਹੈ ॥ ਰਹਾਉ॥
ਇਸ (ਸਰੀਰ) ਹੱਟੀ ਵਿਚ ਜਿੰਦਗੀ ਦੇ ਹਰ ਸਵਾਸ ਨਾਲ ਸਦਾ-ਥਿਰ ਰਹਿਣ ਵਾਲਾ ਹਰੀ ਨਾਮ ਸੌਦਾ ਬਣਾ।
ਆਪਣੀ ਸੁਰਤ ਤੇ ਵਿਚਾਰ-ਮੰਡਲ ਨੂੰ (ਭਾਂਡਿਆਂ ਦੀ) ਭਾਂਡਸਾਲ ਬਣਾ ਕੇ ਇਸ ਵਿਚ ਹਰੀ-ਨਾਮ ਸੌਦੇ ਨੂੰ ਪਾ।
ਇਹ ਨਾਮ-ਵਣਜ ਕਰਨ ਵਾਲੇ ਸਤਸੰਗੀਆਂ ਨਾਲ ਮਿਲ ਕੇ ਤੂੰ ਭੀ ਹਰੀ-ਨਾਮ ਦਾ ਵਣਜ ਕਰ, ਤਾਂ ਇਸ ਵਿਚੋਂ ਖੱਟੀ ਮਿਲੇਗੀ ਮਨ ਦਾ ਖਿੜਾਓ ॥੨॥
ਧਰਮ-ਪੁਸਤਕਾਂ (ਦਾ ਉਪਦੇਸ਼) ਸੁਣਿਆ ਕਰ, ਇਹ ਹਰੀ-ਨਾਮ ਦੀ ਸੌਦਾਗਰੀ ਹੈ, (ਸੌਦਾਗਰੀ ਦਾ ਮਾਲ ਲੱਦਣ ਵਾਸਤੇ) ਉੱਚੇ ਆਚਰਨ ਨੂੰ ਘੋੜੇ ਬਣਾ ਕੇ ਲੈ ਤੁਰ।
ਚੰਗੇ ਗੁਣਾਂ ਨੂੰ ਜੀਵਨ-ਸਫ਼ਰ ਦਾ ਖ਼ਰਚ ਬਣਾ। ਹੇ ਮਨ! (ਇਸ ਵਪਾਰ ਦੇ ਉੱਦਮ ਨੂੰ) ਕੱਲ ਤੇ ਨਾਹ ਪਾ।
ਜੇ ਤੂੰ ਪਰਮਾਤਮਾ ਦੇ ਦੇਸ ਵਿਚ (ਪਰਮਾਤਮਾ ਦੇ ਚਰਨਾਂ ਵਿਚ) ਟਿਕ ਜਾਏਂ, ਤਾਂ ਆਤਮਕ ਸੁਖ ਵਿਚ ਥਾਂ ਲੱਭ ਜਾਏਗਾ ॥੩॥
ਪੂਰੇ ਧਿਆਨ ਨਾਲ (ਪ੍ਰਭੂ-ਮਾਲਕ ਦੀ) ਨੌਕਰੀ ਕਰ ਤੇ ਪਰਮਾਤਮਾ-ਮਾਲਕ ਦੇ ਨਾਮ ਨੂੰ ਮਨ ਵਿਚ ਪੱਕਾ ਕਰ ਰੱਖ (ਇਹੀ ਹੈ ਉਸ ਦੀ ਸੇਵਾ)।