(ਹੇ ਪੰਡਿਤ! ਤੇਰੇ ਕਹਿਣ ਅਨੁਸਾਰ ਜੇ ਹੁਣ) ਕਲਿਜੁਗ ਦਾ ਸਮਾ ਹੀ ਆ ਗਿਆ ਹੈ,
(ਤਾਂ ਭੀ ਤੀਰਥ ਵਰਤ ਆਦਿਕ ਕਰਮ ਕਾਂਡ ਦਾ ਰਸਤਾ ਛੱਡ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ (ਕਿਉਂਕਿ ਤੇਰੇ ਧਰਮ ਸ਼ਾਸਤ੍ਰਾਂ ਅਨੁਸਾਰ ਕਲਿਜੁਗ ਵਿਚ ਸਿਫ਼ਤ-ਸਾਲਾਹ ਹੀ ਪਰਵਾਨ ਹੈ, ਤੇ) ਪਹਿਲੇ ਤਿੰਨ ਜੁਗਾਂ ਦਾ ਪ੍ਰਭਾਵ ਹੁਣ ਮੁੱਕ ਚੁਕਾ ਹੈ। (ਸੋ, ਹੇ ਪੰਡਿਤ! ਪਰਮਾਤਮਾ ਅਗੇ ਇਉਂ ਅਰਜ਼ੋਈ ਕਰ-ਹੇ ਪ੍ਰਭੂ! ਜੇ ਬਖ਼ਸ਼ਸ਼ ਕਰਨੀ ਹੈ ਤਾਂ ਆਪਣੇ) ਗੁਣਾਂ ਦੀ ਬਖ਼ਸ਼ਸ਼ ਕਰ, ਇਹ ਹੀ ਪ੍ਰਾਪਤ ਕਰਨ-ਜੋਗ ਹੈ ॥੧॥ ਰਹਾਉ ॥
(ਹੇ ਪੰਡਿਤ) ਕਲਿਜੁਗ ਇਹ ਹੈ (ਕਿ ਮੁਸਲਮਾਨੀ ਹਕੂਮਤ ਵਿਚ ਧੱਕੇ-ਜ਼ੋਰ ਨਾਲ) ਝਗੜੇ ਵਧਾਣ ਵਾਲਾ ਇਸਲਾਮੀ ਕਾਨੂੰਨ ਹੀ ਫ਼ੈਸਲੇ ਕਰਨ ਵਾਲਾ ਬਣਿਆ ਹੋਇਆ ਹੈ, ਤੇ ਨਿਆਂ ਕਰਨ ਵਾਲਾ ਕਾਜ਼ੀ-ਹਾਕਮ ਵੱਢੀ-ਖ਼ੋਰ ਹੋ ਚੁਕਾ ਹੈ।
(ਜਾਦੂ ਟੂਣਿਆਂ ਦਾ ਪਰਚਾਰਕ) ਅਥਰਬਣ ਵੇਦ ਬ੍ਰਹਮਾ ਦੀ ਬਾਣੀ ਪ੍ਰਧਾਨ ਹੈ। ਉੱਚਾ ਆਚਰਨ ਤੇ ਸਿਫ਼ਤ-ਸਾਲਾਹ ਲੋਕਾਂ ਦੇ ਮਨਾਂ ਤੋਂ ਲਹਿ ਗਏ ਹਨ-ਇਹੀ ਹੈ ਕਲਿਜੁਗ ॥੫॥
ਪਤੀ-ਪਰਮਾਤਮਾ ਨੂੰ ਵਿਸਾਰ ਕੇ ਇਹ ਦੇਵ-ਪੂਜਾ ਕਿਸ ਅਰਥ? ਉੱਚੇ ਆਚਰਨ ਤੋਂ ਖ਼ਾਲੀ ਰਹਿ ਕੇ ਇਸ ਸੰਜਮ ਦਾ ਕੀਹ ਲਾਭ? ਜੇ ਵਿਚਾਰਾਂ ਵਲੋਂ ਰੋਕ-ਥੰਮ ਨਹੀਂ ਤਾਂ ਜਨੇਊ ਕੀਹ ਸੰਵਾਰਦਾ ਹੈ?
(ਹੇ ਪੰਡਿਤ!) ਤੁਸੀ (ਤੀਰਥਾਂ ਤੇ) ਇਸ਼ਨਾਨ ਕਰਦੇ ਹੋ, (ਸਰੀਰ ਮਲ ਮਲ ਕੇ) ਧੋਂਦੇ ਹੋ, (ਮੱਥੇ ਉਤੇ) ਤਿਲਕ ਲਾਂਦੇ ਹੋ (ਤੇ ਇਸ ਨੂੰ ਪਵਿਤ੍ਰ ਕਰਮ ਸਮਝਦੇ ਹੋ), ਪਰ ਪਵਿਤ੍ਰ ਆਚਰਨ ਤੋਂ ਬਿਨਾ ਇਹ ਬਾਹਰਲੀ ਪਵਿਤ੍ਰਤਾ ਕੋਈ ਮੁੱਲ ਨਹੀਂ ਰੱਖਦੀ। (ਅਸਲ ਵਿਚ ਇਹ ਭੁਲੇਖਾ ਭੀ ਕਲਿਜੁਗ ਹੀ ਹੈ) ॥੬॥
(ਇਸਲਾਮੀ ਹਕੂਮਤ ਦੇ ਧੱਕੇ ਜ਼ੋਰ ਦੇ ਹੇਠ) ਸ਼ਾਮੀ ਕਿਤਾਬਾਂ ਤੇ ਕੁਰਾਨ ਨੂੰ ਪ੍ਰਵਾਨਗੀ ਦਿੱਤੀ ਜਾ ਰਹੀ ਹੈ,
ਪੰਡਿਤਾਂ ਦੀਆਂ ਪੁਰਾਣ ਆਦਿਕ ਪੁਸਤਕਾਂ ਰਹਿ ਗਈਆਂ ਹਨ।
ਹੇ ਨਾਨਕ! (ਇਸ ਜ਼ੋਰ ਧੱਕੇ ਹੇਠ ਹੀ) ਪਰਮਾਤਮਾ ਦਾ ਨਾਮ 'ਰਹਮਾਨ' ਆਖਿਆ ਜਾ ਰਿਹਾ ਹੈ- ਇਹ ਭੀ, ਹੇ ਪੰਡਿਤ! ਕਲਿਜੁਗ (ਦਾ ਲੱਛਣ) ਹੈ (ਕਿਸੇ ਦੇ ਧਾਰਮਿਕ ਵਿਸ਼ਵਾਸ ਨੂੰ ਧੱਕੇ ਜ਼ੋਰ ਨਾਲ 'ਧਿਙਾਣੇ' ਨਾਲ ਦਬਾਣਾ ਕਲਿਜੁਗ ਦਾ ਪ੍ਰਭਾਵ ਹੈ)।
ਹੇ ਪੰਡਿਤ! ਹਰ ਇਕੋ ਕਰਤਾਰ ਹੈ ਹੀ ਇਹ ਸਭ ਕੁਝ ਕਰਨ ਵਾਲਾ ਜਾਣ ॥੭॥
ਹੇ ਨਾਨਕ! ਜੋ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ, ਨਾਮ ਜਪਣ ਤੋਂ ਵਧੀਕ ਚੰਗਾ ਹੋਰ ਕੋਈ ਕਰਮ ਨਹੀਂ ਹੈ (ਪੰਡਿਤ ਤੀਰਥ ਵਰਤ ਆਦਿਕ ਕਰਮਾਂ ਨੂੰ ਹੀ ਸਲਾਹੁੰਦਾ ਰਹਿੰਦਾ ਹੈ)।
(ਪਰਮਾਤਮਾ ਹਰੇਕ ਦੇ ਹਿਰਦੇ ਵਿਚ ਵੱਸਦਾ ਹੈ, ਉਸ ਦਾ ਨਾਮ ਭੁਲਾਇਆਂ ਇਹ ਸੂਝ ਨਹੀਂ ਰਹਿੰਦੀ ਤੇ ਮਨੁੱਖ ਹੋਰ ਹੋਰ ਆਸਰੇ ਤੱਕਦਾ ਫਿਰਦਾ ਹੈ) ਪਰਮਾਤਮਾ ਦਾਤਾਰ ਹਿਰਦੇ-ਘਰ ਵਿਚ ਹੋਵੇ ਤੇ ਭੁੱਲੜ ਜੀਵ ਬਾਹਰ ਦੇਵੀ ਦੇਵਤਿਆਂ ਆਦਿਕ ਤੋਂ ਮੰਗਦਾ ਫਿਰੇ, ਇਹ ਦੋਸ਼ ਜੀਵ ਦੇ ਸਿਰ ਆਉਂਦਾ ਹੈ ॥੮॥੧॥
(ਹੇ ਜੋਗੀ!) ਤੂੰ ਜਗਤ ਨੂੰ ਉਪਦੇਸ਼ ਕਰਦਾ ਹੈਂ (ਇਸ ਉਪਦੇਸ਼ ਦੇ ਵੱਟੇ ਘਰ ਘਰ ਭਿੱਛਿਆ ਮੰਗ ਕੇ ਆਪਣੇ) ਸਰੀਰ ਨੂੰ (ਪਾਲ ਪਾਲ ਕੇ) ਮੋਟਾ ਕਰ ਰਿਹਾ ਹੈਂ।
(ਦਰ ਦਰ ਭਟਕਣ ਨਾਲ) ਮਨ ਦੀ ਅਡੋਲਤਾ ਗਵਾ ਕੇ ਤੂੰ ਸਦਾ-ਅਡੋਲ ਪਰਮਾਤਮਾ ਨੂੰ ਕਿਵੇਂ ਮਿਲ ਸਕਦਾ ਹੈਂ?
ਜਿਸ ਮਨੁੱਖ ਨੂੰ ਮਾਇਆ ਦੀ ਮਮਤਾ ਲੱਗੀ ਹੋਵੇ ਮਾਇਆ ਦਾ ਮੋਹ ਚੰਬੜਿਆ ਹੋਵੇ ਜੋ ਇਸਤ੍ਰੀ ਦਾ ਭੀ ਪ੍ਰੇਮੀ ਹੋਵੇ,
ਉਹ ਨਾਹ ਤਿਆਗੀ ਰਿਹਾ ਨਾਹ ਗ੍ਰਿਹਸਤੀ ਬਣਿਆ ॥੧॥
ਹੇ ਜੋਗੀ! ਆਪਣੇ ਮਨ ਨੂੰ ਪ੍ਰਭੂ-ਚਰਨਾਂ ਵਿਚ ਜੋੜ (ਇਸ ਤਰ੍ਹਾਂ) ਹੋਰ ਹੋਰ ਆਸਰਾ ਭਾਲਣ ਦੀ ਝਾਕ ਦਾ ਦੁੱਖ ਦੂਰ ਹੋ ਜਾਇਗਾ।
ਘਰ ਘਰ (ਮੰਗਣ ਦੀ) ਸ਼ਰਮ ਭੀ ਨਾਹ ਉਠਾਣੀ ਪਏਗੀ ॥੧॥ ਰਹਾਉ ॥
(ਹੇ ਜੋਗੀ! ਤੂੰ ਲੋਕਾਂ ਨੂੰ ਸੁਣਾਣ ਵਾਸਤੇ) ਭਜਨ ਗਾਉਂਦਾ ਹੈਂ ਪਰ ਆਪਣੇ ਆਤਮਕ ਜੀਵਨ ਨੂੰ ਨਹੀਂ ਵੇਖਦਾ।
(ਤੇਰੇ ਅੰਦਰ ਮਾਇਆ ਦੀ) ਤਪਸ਼ ਲੱਗੀ ਹੋਈ ਹੈ (ਲੋਕਾਂ ਨੂੰ ਗੀਤ ਸੁਣਾਇਆਂ) ਇਹ ਕਿਵੇਂ ਦੂਰ ਹੋਵੇ?
ਜੇਹੜਾ ਮਨੁੱਖ ਮਨ ਦੇ ਪਿਆਰ ਨਾਲ ਗੁਰੂ ਦੇ ਸ਼ਬਦ ਵਿਚ ਲੀਨ ਹੁੰਦਾ ਹੈ,
ਉਹ ਅਡੋਲ ਆਤਮਕ ਅਵਸਥਾ ਦੀ ਸੂਝ ਵਾਲਾ ਹੋ ਕੇ (ਪਰਮਾਤਮਾ ਦੇ ਦਰ ਤੋਂ ਨਾਮ ਦੀ) ਭਿੱਛਿਆ (ਲੈ ਕੇ) ਖਾਂਦਾ ਹੈ ॥੨॥
(ਹੇ ਜੋਗੀ!) ਤੂੰ (ਆਪਣੇ ਪਿੰਡੇ ਉਤੇ) ਸੁਆਹ ਮਲ ਕੇ (ਤਿਆਗੀ ਹੋਣ ਦਾ, ਪਖੰਡ ਕਰਦਾ ਹੈਂ,
(ਪਰ ਤੇਰੇ ਅੰਦਰ) ਮਾਇਆ ਦਾ ਮੋਹ (ਪ੍ਰਬਲ) ਹੈ (ਅੰਤਰ ਆਤਮੇ) ਤੂੰ ਜਮ ਦੀ ਸਜ਼ਾ ਭੁਗਤ ਰਿਹਾ ਹੈਂ।
ਜਿਸ ਮਨੁੱਖ ਦਾ ਹਿਰਦਾ-ਖੱਪਰ ਟੁੱਟ ਜਾਂਦਾ ਹੈ (ਭਾਵ, ਮਾਇਆ ਦੇ ਮੋਹ ਦੇ ਕਾਰਨ ਜਿਸ ਦਾ ਹਿਰਦਾ ਅਡੋਲ ਨਹੀਂ ਰਹਿ ਜਾਂਦਾ) ਉਸ ਵਿਚ (ਨਾਮ ਦੀ) ਉਹ ਭਿੱਛਿਆ ਨਹੀਂ ਠਹਿਰ ਸਕਦੀ ਜੋ (ਪ੍ਰਭੂ-ਚਰਨਾਂ ਵਿਚ) ਪ੍ਰੇਮ ਦੀ ਰਾਹੀਂ ਮਿਲਦੀ ਹੈ।
ਅਜੇਹਾ ਮਨੁੱਖ ਮਾਇਆ ਦੀ ਜੇਵੜੀ ਵਿਚ ਬੱਝਾ ਹੋਇਆ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੩॥
ਹੇ ਜੋਗੀ! ਤੂੰ ਕਾਮ-ਵਾਸਨਾ ਤੋਂ ਆਪਣੇ ਆਪ ਨੂੰ ਨਹੀਂ ਬਚਾਂਦਾ, ਪਰ (ਫਿਰ ਭੀ ਲੋਕਾਂ ਪਾਸੋਂ) ਜਤੀ ਅਖਵਾ ਰਿਹਾ ਹੈਂ।
ਮਾਇਆ ਮੰਗਦਾ ਮੰਗਦਾ ਤੂੰ ਤ੍ਰੈਗੁਣੀ ਮਾਇਆ ਵਿਚ ਫਸ ਰਿਹਾ ਹੈਂ।
ਜਿਸ ਮਨੁੱਖ ਦੇ ਅੰਦਰ ਕਠੋਰਤਾ ਹੋਵੇ ਉਸ ਦੇ ਹਿਰਦੇ ਵਿਚ ਪਰਮਾਤਮਾ ਦੀ ਜੋਤਿ ਦਾ ਚਾਨਣ ਨਹੀਂ ਹੋ ਸਕਦਾ,
(ਸਹਿਜੇ ਸਹਿਜੇ) ਡੁੱਬਦਾ ਡੁੱਬਦਾ ਉਹ (ਮਾਇਆ ਦੇ) ਸਾਰੇ ਜੰਜਾਲਾਂ ਵਿਚ ਡੁੱਬ ਜਾਂਦਾ ਹੈ ॥੪॥
(ਹੇ ਜੋਗੀ!) ਗੋਦੜੀ ਆਦਿਕ ਦਾ ਬਹੁਤ ਅਡੰਬਰ ਰਚਾ ਕੇ ਤੂੰ (ਵਿਖਾਵੇ ਲਈ) ਧਾਰਮਿਕ ਪਹਿਰਾਵਾ ਕਰ ਰਿਹਾ ਹੈਂ,
ਪਰ ਤੇਰਾ ਇਹ ਅਡੰਬਰ ਉਸ ਮਦਾਰੀ ਦੇ ਤਮਾਸ਼ੇ ਵਾਂਗ ਹੈ ਜੋ (ਲੋਕਾਂ ਪਾਸੋਂ ਮਾਇਆ ਕਮਾਣ ਲਈ) ਝੂਠਾ ਖੇਲ ਹੀ ਖੇਲਦਾ ਹੈ (ਭਾਵ, ਜੋ ਕੁਝ ਉਹ ਵਿਖਾਂਦਾ ਹੈ ਉਹ ਅਸਲ ਵਿਚ ਨਜ਼ਰ ਦਾ ਧੋਖਾ ਹੀ ਹੁੰਦਾ ਹੈ)।
ਜਿਸ ਮਨੁੱਖ ਨੂੰ ਤ੍ਰਿਸ਼ਨਾ ਤੇ ਚਿੰਤਾ ਦੀ ਅੱਗ ਅੰਦਰੇ ਅੰਦਰ ਸਾੜ ਰਹੀ ਹੋਵੇ,
ਉਹ ਪਰਮਾਤਮਾ ਦੀ ਮੇਹਰ ਤੋਂ ਬਿਨਾ (ਅੱਗ ਦੇ ਇਸ ਭਾਂਬੜ ਤੋਂ) ਪਾਰ ਨਹੀਂ ਲੰਘ ਸਕਦਾ ॥੫॥
(ਹੇ ਜੋਗੀ!) ਤੂੰ ਕੱਚ ਦੀ ਮੁੰਦ੍ਰਾ ਬਣਾਈ ਹੋਈ ਹੈ ਤੇ ਹਰੇਕ ਕੰਨ ਵਿਚ ਪਾਈ ਹੋਈ ਹੈ,
ਪਰ ਆਤਮਕ ਵਿੱਦਿਆ ਦੀ ਸੂਝ ਤੋਂ ਬਿਨਾ (ਅੰਦਰ ਵੱਸਦੇ ਮਾਇਆ ਦੇ ਮੋਹ ਤੋਂ ਖ਼ਲਾਸੀ ਨਹੀਂ ਹੋ ਸਕਦੀ।
ਜੇਹੜਾ ਮਨੁੱਖ ਜੀਭ ਤੇ ਇੰਦ੍ਰੀ ਦੇ ਚਸਕੇ ਵਿਚ ਫਸਿਆ ਹੋਇਆ ਹੋਵੇ (ਉਹ ਵੇਖਣ ਨੂੰ ਤਾਂ ਮਨੁੱਖ ਹੈ,
ਪਰ ਅਸਲ ਵਿਚ) ਪਸ਼ੂ ਹੈ, (ਬਾਹਰਲੇ ਤਿਆਗੀ ਭੇਖ ਨਾਲ) ਉਸ ਦਾ ਇਹ ਪਸ਼ੂ-ਪੁਣੇ ਦਾ (ਅੰਦਰਲਾ) ਲੱਛਣ ਮਿਟ ਨਹੀਂ ਸਕਦਾ ॥੬॥
(ਹੇ ਜੋਗੀ! ਖਿੰਥਾ ਮੁੰਦ੍ਰਾ ਆਦਿਕ ਨਾਲ ਤਾਂ ਤਿਆਗੀ ਨਹੀਂ ਬਣ ਜਾਈਦਾ। ਸ਼ਬਦ ਤੋਂ ਬਿਨਾ ਜਿਵੇਂ) ਸਾਧਾਰਨ ਜਗਤ ਤ੍ਰੈਗੁਣੀ ਮਾਇਆ ਵਿਚ ਗ੍ਰਸਿਆ ਹੋਇਆ ਹੈ ਤਿਵੇਂ (ਭੇਖਧਾਰੀ) ਜੋਗੀ ਹੈ।
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਵਸਾਂਦਾ ਹੈ, (ਮਾਇਆ ਦੇ ਮੋਹ ਤੋਂ ਪੈਦਾ ਹੋਣ ਵਾਲੀ) ਉਸ ਦੀ ਚਿੰਤਾ ਮਿਟ ਜਾਂਦੀ ਹੈ।
ਉਹੀ ਮਨੁੱਖ ਪਵਿਤ੍ਰ ਹੋ ਸਕਦਾ ਹੈ ਜਿਸ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਤੇ ਉਸ ਦੀ ਸਿਫ਼ਤ-ਸਾਲਾਹ ਦਾ ਸ਼ਬਦ ਵੱਸਦਾ ਹੈ,
ਉਹੀ ਅਸਲ ਜੋਗੀ ਹੈ ਉਹੀ ਜੀਵਨ ਦੀ ਜੁਗਤਿ ਨੂੰ ਸਮਝਦਾ ਹੈ ॥੭॥
(ਹੇ ਜੋਗੀ!) ਤੂੰ ਸਭ ਕੁਝ ਕਰਣ ਦੇ ਸਮਰੱਥ ਪਰਮਾਤਮਾ ਨੂੰ ਸਿਮਰ, ਸਾਰੀ ਦੁਨੀਆ ਦੀ ਮਾਇਆ ਦਾ ਮਾਲਕ ਉਹ ਪ੍ਰਭੂ ਤੇਰੇ ਅੰਦਰ ਵੱਸਦਾ ਹੈ।
ਉਹ ਆਪ ਹੀ ਜਗਤ ਰਚਨਾ ਕਰ ਕੇ ਆਪ ਹੀ ਨਾਸ ਕਰਦਾ ਹੈ, ਜਗਤ ਵਿਚ ਉਹੀ ਕੁਝ ਹੁੰਦਾ ਹੈ ਜੋ ਉਹ ਪ੍ਰਭੂ ਕਰਦਾ ਹੈ।
ਉਸੇ ਜੋਗੀ ਦੇ ਅੰਦਰ ਜਤ ਹੈ ਸਤ ਹੈ ਸੰਜਮ ਹੈ ਉਸੇ ਦਾ ਹਿਰਦਾ ਪਵਿਤ੍ਰ ਹੈ ਜਿਸ ਦੇ ਅੰਦਰ ਸਦਾ-ਥਿਰ ਪ੍ਰਭੂ ਵੱਸਦਾ ਹੈ,
ਹੇ ਨਾਨਕ! ਉਹ ਜੋਗੀ ਤਿੰਨਾਂ ਭਵਨਾਂ ਦਾ ਮਿੱਤਰ ਹੈ (ਉਸ ਜੋਗੀ ਨੂੰ ਸਾਰਾ ਜਗਤ ਪਿਆਰ ਕਰਦਾ ਹੈ) ॥੮॥੨॥
(ਹੇ ਜੋਗੀ! ਗੁਰੂ ਦੀ ਸਰਨ ਪੈ ਕੇ) ਮੇਰਾ ਖਟ-ਚੱਕ੍ਰੀ ਸਰੀਰ ਹੀ (ਮੇਰੇ ਵਾਸਤੇ) ਮਠ ਬਣ ਗਿਆ ਹੈ ਤੇ (ਇਸ ਮਠ ਵਿਚ ਟਿਕ ਕੇ) ਮੇਰਾ ਮਨ ਵੈਰਾਗੀ ਹੋ ਗਿਆ ਹੈ।
ਗੁਰੂ ਦਾ ਸ਼ਬਦ ਮੇਰੀ ਸੁਰਤ ਵਿਚ ਟਿਕ ਗਿਆ ਹੈ, ਪਰਮਾਤਮਾ ਦੇ ਨਾਮ ਦੀ ਲਗਨ ਮੇਰੇ ਅੰਦਰ ਜਾਗ ਪਈ ਹੈ।
(ਮੇਰੇ ਅੰਦਰ) ਗੁਰੂ ਦਾ ਸ਼ਬਦ ਇਕ-ਰਸ ਪ੍ਰਬਲ ਪ੍ਰਭਾਵ ਪਾ ਰਿਹਾ ਹੈ, ਤੇ ਉਸ ਵਿਚ ਮੇਰਾ ਮਨ ਮਸਤ ਹੋ ਰਿਹਾ ਹੈ।
ਗੁਰੂ ਦੀ ਬਾਣੀ ਦੀ ਬਰਕਤਿ ਨਾਲ (ਮੇਰਾ ਮਨ) ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਗਿੱਝ ਗਿਆ ਹੈ ॥੧॥
ਹੇ ਪ੍ਰਾਣੀ! ਪਰਮਾਤਮਾ ਦੀ ਭਗਤੀ ਕੀਤਿਆਂ ਹੀ ਆਤਮਕ ਆਨੰਦ ਮਿਲਦਾ ਹੈ।
ਗੁਰੂ ਦੀ ਸਰਨ ਪਿਆਂ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਤੇ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਈਦਾ ਹੈ ॥੧॥ ਰਹਾਉ ॥