ਰਾਗ ਕਲਿਆਨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਰਬ-ਵਿਆਪਕ ਪਰਮਾਤਮਾ (ਦੇ ਗੁਣਾਂ) ਦਾ ਅੰਤ (ਕਿਸੇ ਜੀਵ ਪਾਸੋ) ਨਹੀਂ ਪਾਇਆ ਜਾ ਸਕਦਾ।
ਹੇ ਪ੍ਰਭੂ! ਅਸੀਂ ਜੀਵ ਤੇਰੇ ਬੱਚੇ ਹਾਂ, ਤੇਰੇ ਪਾਲੇ ਹੋਏ ਹਾਂ, ਤੂੰ ਸਭ ਤੋਂ ਵੱਡਾ ਪੁਰਖ ਹੈਂ, ਤੂੰ ਸਾਡਾ ਪਿਤਾ ਹੈਂ, ਤੂੰ ਹੀ ਸਾਡੀ ਮਾਂ ਹੈਂ ॥੧॥ ਰਹਾਉ ॥
ਪ੍ਰਭੂ-ਪਾਤਿਸ਼ਾਹ ਦੇ ਨਾਮ ਅਣਗਿਣਤ ਹਨ (ਪ੍ਰਭੂ ਦੇ ਨਾਮਾਂ ਦੀ ਗਿਣਤੀ ਤਕ) ਪਹੁੰਚ ਨਹੀਂ ਹੋ ਸਕਦੀ, ਕਦੇ ਭੀ ਪਹੁੰਚ ਨਹੀਂ ਹੋ ਸਕਦੀ।
ਅਨੇਕਾਂ ਗੁਣਵਾਨ ਮਨੁੱਖ ਅਨੇਕਾਂ ਵਿਚਾਰਵਾਨ ਮਨੁੱਖ ਬਹੁਤ ਸੋਚ-ਵਿਚਾਰ ਕਰਦੇ ਆਏ ਹਨ, ਪਰ ਕੋਈ ਭੀ ਮਨੁੱਖ ਪਰਮਾਤਮਾ ਦੀ ਵਡਿਆਈ ਦਾ ਰਤਾ ਭਰ ਭੀ ਮੁੱਲ ਨਹੀਂ ਪਾ ਸਕਿਆ ॥੧॥
(ਅਨੇਕਾਂ ਹੀ ਜੀਵ) ਪਰਮਾਤਮਾ ਦੇ ਗੁਣ ਸਦਾ ਗਾਂਦੇ ਹਨ, ਪਰ ਪਰਮਾਤਮਾ ਦੇ ਗੁਣਾਂ ਦਾ ਅੰਤ ਕਿਸੇ ਨੇ ਭੀ ਨਹੀਂ ਲੱਭਾ।
ਹੇ ਪ੍ਰਭੂ! ਤੇਰੀ ਹਸਤੀ ਨੂੰ ਮਿਣਿਆ ਨਹੀਂ ਜਾ ਸਕਦਾ, ਤੇਰੀ ਹਸਤੀ ਨੂੰ ਤੋਲਿਆ ਨਹੀਂ ਜਾ ਸਕਦਾ। ਹੇ ਮਾਲਕ-ਪ੍ਰਭੂ! ਤੂੰ ਪਰੇ ਤੋਂ ਪਰੇ ਹੈਂ। ਤੇਰਾ ਨਾਮ ਬਹੁਤ ਜਪਿਆ ਜਾ ਰਿਹਾ ਹੈ, (ਪਰ ਤੂੰ ਇਕ ਐਸਾ ਸਮੁੰਦਰ ਹੈਂ ਕਿ ਉਸ ਦੀ) ਡੂੰਘਾਈ ਨਹੀਂ ਲੱਭੀ ਜਾ ਸਕਦੀ ॥੨॥
ਹੇ ਮਾਇਆ ਦੇ ਪਤੀ ਪ੍ਰਭੂ! ਹੇ ਪ੍ਰਭੂ-ਪਾਤਿਸ਼ਾਹ! ਤੇਰੇ ਸੇਵਕ ਤੇਰੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ, ਤੇਰੇ ਗੁਣ ਗਾਂਦੇ ਰਹਿੰਦੇ ਹਨ।
ਹੇ ਪ੍ਰਭੂ! ਤੂੰ (ਮਾਨੋ, ਇਕ) ਸਮੁੰਦਰ ਹੈਂ, ਅਸੀਂ ਜੀਵ ਤੇਰੀਆਂ ਮੱਛੀਆਂ ਹਾਂ (ਮੱਛੀ ਨਦੀ ਵਿਚ ਤਾਰੀਆਂ ਤਾਂ ਲਾਂਦੀ ਹੈ, ਪਰ ਨਦੀ ਦੀ ਹਸਤੀ ਦਾ ਅੰਦਾਜ਼ਾ ਨਹੀਂ ਲਾ ਸਕਦੀ)। ਹੇ ਪ੍ਰਭੂ! ਕਿਤੇ ਭੀ ਕੋਈ ਜੀਵ ਤੇਰੀ ਹਸਤੀ ਦਾ ਅੰਤ ਨਹੀਂ ਪਾ ਸਕਿਆ ॥੩॥
ਹੇ ਦੈਂਤ-ਦਮਨ ਪ੍ਰਭੂ! (ਆਪਣੇ) ਸੇਵਕ (ਨਾਨਕ) ਉੱਤੇ ਮਿਹਰ ਕਰ। ਹੇ ਹਰੀ! (ਮੈਨੂੰ ਆਪਣਾ) ਨਾਮ ਦੇਹ (ਮੈਂ ਨਿਤ) ਜਪਦਾ ਰਹਾਂ।
ਮੈਂ ਮੂਰਖ ਵਾਸਤੇ ਮੈਂ ਅੰਨ੍ਹੇ ਵਾਸਤੇ (ਤੇਰਾ) ਨਾਮ ਸਹਾਰਾ ਹੈ। ਹੇ ਦਾਸ ਨਾਨਕ! ਗੁਰੂ ਦੀ ਸਰਨ ਪਿਆਂ ਹੀ (ਪਰਮਾਤਮਾ ਦਾ ਨਾਮ) ਪ੍ਰਾਪਤ ਹੁੰਦਾ ਹੈ ॥੪॥੧॥
ਪਰਮਾਤਮਾ ਦਾ ਭਗਤ ਪਰਮਾਤਮਾ ਦੇ ਗੁਣ ਗਾਂਦਿਆਂ ਪ੍ਰਸੰਨ-ਚਿੱਤ ਰਹਿੰਦਾ ਹੈ,
ਗੁਰੂ ਦੀ ਮੱਤ ਉਤੇ ਤੁਰ ਕੇ ਪਰਮਾਤਮਾ ਦੀ ਭਗਤੀ ਉਸ ਨੂੰ ਪਿਆਰੀ ਲੱਗਦੀ ਹੈ। ਪ੍ਰਭੂ ਨੇ (ਹੀ) ਧੁਰ ਦਰਗਾਹ ਤੋਂ ਉਸ ਦੇ ਮੱਥੇ ਉੱਤੇ ਇਹ ਲੇਖ ਲਿਖਿਆ ਹੁੰਦਾ ਹੈ ॥੧॥ ਰਹਾਉ ॥
ਮੈਂ ਦਿਨ ਰਾਤ ਗੁਰੂ ਦੇ ਚਰਨਾਂ ਦਾ ਧਿਆਨ ਧਰਦਾ ਹਾਂ, (ਗੁਰੂ ਦੀ ਕਿਰਪਾ ਨਾਲ ਹੀ) ਪਰਮਾਤਮਾ ਮੇਰੇ ਮਨ ਵਿਚ ਆ ਵੱਸਿਆ ਹੈ।
ਪਰਮਾਤਮਾ ਦੀ ਸਿਫ਼ਤ-ਸਾਲਾਹ ਜਗਤ ਵਿਚ (ਸਭ ਤੋਂ) ਸ੍ਰੇਸ਼ਟ (ਪਦਾਰਥ) ਹੈ, (ਜਿਵੇਂ) ਚੰਦਨ ਰਗੜ ਖਾ ਕੇ (ਸੁਗੰਧੀ ਦੇਂਦਾ ਹੈ, ਤਿਵੇਂ ਪਰਮਾਤਮਾ ਦਾ) ਜਸ (ਮਨੁੱਖ ਦੇ ਹਿਰਦੇ ਨਾਲ) ਰਗੜ ਖਾਂਦਾ ਹੈ (ਤੇ, ਨਾਮ ਦੀ ਸੁਗੰਧੀ ਖਿਲਾਰਦਾ ਹੈ) ॥੧॥
ਪਰਮਾਤਮਾ ਦੇ ਭਗਤ ਸਦਾ ਪਰਮਾਤਮਾ ਵਿਚ ਸੁਰਤ ਜੋੜੀ ਰੱਖਦੇ ਹਨ, ਪਰ ਪਰਮਾਤਮਾ ਤੋਂ ਟੁੱਟੇ ਹੋਏ ਸਾਰੇ ਮਨੁੱਖ ਉਹਨਾਂ ਨਾਲ ਈਰਖਾ ਕਰਦੇ ਹਨ।
(ਪਰ ਸਾਕਤ ਮਨੁੱਖ ਦੇ ਭੀ ਕੀਹ ਵੱਸ?) ਜਿਵੇਂ ਜਿਵੇਂ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਅਸਰ ਹੇਠ ਨਿੰਦਕ ਮਨੁੱਖ (ਨਿੰਦਾ ਵਾਲੀ) ਜੀਵਨ ਤੋਰ ਤੁਰਦਾ ਹੈ (ਤਿਉਂ ਤਿਉਂ ਉਸ ਦਾ ਆਤਮਕ ਜੀਵਨ ਈਰਖਾ ਦੀ ਅੱਗ ਨਾਲ) ਛੁਹ ਕੇ ਸੜਦਾ ਜਾਂਦਾ ਹੈ (ਜਿਵੇਂ ਕਿਸੇ ਮਨੁੱਖ ਦਾ) ਪੈਰ ਸਪਣੀ ਨਾਲ ਛੁਹ ਕੇ (ਸਪਣੀ ਦੇ ਡੰਗ ਮਾਰਨ ਤੇ ਉਸ ਦੀ) ਮੌਤ ਹੋ ਜਾਂਦੀ ਹੈ ॥੨॥
ਹੇ (ਮੇਰੇ) ਮਾਲਕ-ਪ੍ਰਭੂ! ਆਪਣੇ ਭਗਤਾਂ ਦੇ ਤੁਸੀਂ ਆਪ ਰਾਖੇ ਹੋ, ਹਰੇਕ ਜੁਗ ਵਿਚ ਤੁਸੀਂ (ਆਪਣੇ ਭਗਤਾਂ ਦੀ) ਰੱਖਿਆ ਕਰਦੇ ਆਏ ਹੋ।
(ਹਰਨਾਖਸ) ਦੈਂਤ ਨੇ (ਭਗਤ ਪ੍ਰਹਿਲਾਦ ਨਾਲ) ਈਰਖਾ ਕੀਤੀ, ਪਰ (ਉਹ ਦੈਂਤ ਭਗਤ ਦਾ) ਕੁਝ ਵਿਗਾੜ ਨਾਹ ਸਕਿਆ। ਉਹ ਸਾਰੀ (ਦੈਂਤ-ਸਭਾ ਹੀ) ਈਰਖਾ ਕਰ ਕਰ ਕੇ ਆਪਣੀ ਆਤਮਕ ਮੌਤ ਸਹੇੜਦੀ ਗਈ ॥੩॥
ਜਿਤਨੇ ਭੀ ਜੀਅ-ਜੰਤ ਪ੍ਰਭੂ ਨੇ ਪੈਦਾ ਕੀਤੇ ਹੋਏ ਹਨ, ਇਹ ਸਾਰੇ ਹੀ (ਪਰਮਾਤਮਾ ਤੋਂ ਵਿਛੁੜ ਕੇ) ਆਤਮਕ ਮੌਤ ਦੇ ਮੂੰਹ ਵਿਚ ਫਸੇ ਰਹਿੰਦੇ ਹਨ।
ਹੇ ਦਾਸ ਨਾਨਕ! ਆਪਣੇ ਭਗਤਾਂ ਦੀ ਪ੍ਰਭੂ ਨੇ ਸਦਾ ਹੀ ਆਪ ਰੱਖਿਆ ਕੀਤੀ ਹੈ, ਭਗਤ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ ॥੪॥੨॥