(ਹਾਂ ਜੇ ਕਿਸੇ ਨੂੰ ਇਹ ਨਾਮ-ਰਤਨ ਹਾਸਲ ਹੋ ਜਾਵੇ, ਤਾਂ) ਜੇ ਉਹ ਮਨੁੱਖ (ਇਸ ਰਤਨ ਨੂੰ ਆਪਣੇ ਅੰਦਰ) ਲੁਕਾ ਕੇ ਰੱਖਣਾ ਚਾਹੇ, ਤਾਂ ਲੁਕਾਇਆਂ ਇਹ ਰਤਨ ਲੁਕਦਾ ਨਹੀਂ (ਉਸ ਦੇ ਆਤਮਕ ਜੀਵਨ ਤੋਂ ਰਤਨ-ਪ੍ਰਾਪਤੀ ਦੇ ਲੱਛਣ ਦਿੱਸ ਪੈਂਦੇ ਹਨ) ॥੪॥
ਹੇ ਪ੍ਰਭੂ! ਇਹ ਸਾਰਾ ਜਗਤ ਤੇਰਾ ਬਣਾਇਆ ਹੋਇਆ ਹੈ, ਤੂੰ ਸਭ ਜੀਵਾਂ ਦੇ ਦਿਲ ਦੀ ਜਾਣਨ-ਵਾਲਾ ਹੈਂ, ਤੂੰ ਸਭ ਦੀ ਸਾਰ ਲੈਣ ਵਾਲਾ ਮਾਲਕ ਹੈਂ।
ਹੇ ਨਾਨਕ! (ਆਖ-ਹੇ ਪ੍ਰਭੂ!) ਉਹੀ ਮਨੁੱਖ ਤੇਰਾ ਨਾਮ ਹਾਸਲ ਕਰ ਸਕਦਾ ਹੈ ਜਿਸ ਨੂੰ ਤੂੰ ਇਹ ਦਾਤਿ ਬਖ਼ਸ਼ਦਾ ਹੈਂ। ਹੋਰ ਕੋਈ ਭੀ ਐਸਾ ਜੀਵ ਨਹੀਂ (ਜੋ ਤੇਰੀ ਬਖ਼ਸ਼ਸ਼ ਤੋਂ ਬਿਨਾ ਤੇਰਾ ਨਾਮ ਪ੍ਰਾਪਤ ਕਰ ਸਕੇ) ॥੫॥੯॥
ਰਾਗ ਸੋਰਠਿ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਤਿਨ-ਤੁਕੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਜਦੋਂ ਹਰੇਕ ਜੀਵ ਪਰਮਾਤਮਾ ਦਾ ਹੀ ਪੈਦਾ ਕੀਤਾ ਹੋਇਆ ਹੈ, ਤਾਂ (ਉਸ ਕਰਤਾਰ ਨੂੰ ਛੱਡ ਕੇ) ਮੈਂ ਹੋਰ ਕਿਸ ਪਾਸੋਂ ਕੁਝ ਮੰਗਾਂ? ਮੈਂ ਹੋਰ ਕਿਸ ਦੀ ਆਸ ਰੱਖਦਾ ਫਿਰਾਂ?
ਜੇਹੜਾ ਭੀ ਕੋਈ ਵੱਡਾ ਜਾਂ ਧਨਾਢ ਮਨੁੱਖ ਦਿੱਸਦਾ ਹੈ, ਹਰੇਕ ਨੇ (ਮਰ ਕੇ) ਮਿੱਟੀ ਵਿਚ ਰਲ ਜਾਣਾ ਹੈ (ਇਕ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਦਾਤਾ ਹੈ)।
ਹੇ ਭਾਈ! ਸਾਰੇ ਸੁਖ ਤੇ ਜਗਤ ਦੇ ਸਾਰੇ ਨੌ ਖ਼ਜ਼ਾਨੇ ਉਹ ਨਿਰੰਕਾਰ ਹੀ ਦੇਣ ਵਾਲਾ ਹੈ ਜਿਸ ਨੂੰ ਕਿਸੇ ਦਾ ਡਰ ਨਹੀਂ, ਤੇ, ਜੋ ਸਭ ਜੀਵਾਂ ਦਾ ਜਨਮ ਮਰਨ ਨਾਸ ਕਰਨ ਵਾਲਾ ਹੈ ॥੧॥
ਹੇ ਪ੍ਰਭੂ ਜੀ! ਮੈਂ ਤੇਰੀਆਂ (ਦਿੱਤੀਆਂ) ਦਾਤਾਂ ਨਾਲ (ਹੀ) ਰੱਜ ਸਕਦਾ ਹਾਂ।
ਮੈਂ ਕਿਸੇ ਵਿਚਾਰੇ ਮਨੁੱਖ ਦੀ ਵਡਿਆਈ ਕਿਉਂ ਕਰਦਾ ਫਿਰਾਂ? ਮੈਨੂੰ ਕਿਸੇ ਮਨੁੱਖ ਦੀ ਮੁਥਾਜੀ ਕਿਉਂ ਹੋਵੇ? ਰਹਾਉ॥
ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦੀ ਭਗਤੀ ਸ਼ੁਰੂ ਕਰ ਦਿੱਤੀ, ਜਗਤ ਦੀ ਹਰੇਕ ਚੀਜ਼ ਹੀ ਉਸ ਦੀ ਬਣ ਜਾਂਦੀ ਹੈ, ਪਰਮਾਤਮਾ ਉਸ ਦੇ ਅੰਦਰੋਂ (ਮਾਇਆ ਦੀ) ਭੁੱਖ ਦੂਰ ਕਰ ਦੇਂਦਾ ਹੈ।
ਸੁਖਦਾਤੇ ਪ੍ਰਭੂ ਨੇ ਉਸ ਨੂੰ ਅਜੇਹਾ (ਨਾਮ-) ਧਨ ਦੇ ਦਿੱਤਾ ਹੈ ਜੋ (ਉਸ ਪਾਸੋਂ) ਕਦੇ ਭੀ ਨਹੀਂ ਮੁੱਕਦਾ।
ਗੁਰੂ ਨੇ ਉਸ ਪਰਮਾਤਮਾ ਦੇ ਚਰਨਾਂ ਵਿਚ (ਜਦੋਂ) ਮਿਲਾ ਦਿੱਤਾ, ਤਾਂ ਆਤਮਕ ਅਡੋਲਤਾ ਦੇ ਕਾਰਨ ਉਸ ਦੇ ਅੰਦਰ ਆਨੰਦ ਤੇ ਸਾਰੇ ਸੁਖ ਆ ਵੱਸਦੇ ਹਨ ॥੨॥
ਹੇ (ਮੇਰੇ) ਮਨ! ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰ, ਸਿਮਰਿਆ ਕਰ, ਉਚਾਰਿਆ ਕਰ।
ਸੰਤ ਜਨਾਂ ਦਾ ਉਪਦੇਸ਼ ਸੁਣ ਕੇ ਜਮਾਂ ਦੀ ਭੀ ਸਾਰੀ ਮੁਥਾਜੀ ਮੁੱਕ ਜਾਂਦੀ ਹੈ।
(ਪਰ, ਹੇ ਮਨ!) ਸਤਿਗੁਰੂ ਦੀ ਬਾਣੀ ਵਿਚ ਉਹੀ ਮਨੁੱਖ ਸੁਰਤਿ ਜੋੜਦੇ ਹਨ, ਜਿਨ੍ਹਾਂ ਉਤੇ ਪਿਆਰਾ ਪ੍ਰਭੂ ਆਪ ਦਇਆਵਾਨ ਹੁੰਦਾ ਹੈ ॥੩॥
ਹੇ ਪ੍ਰਭੂ! ਤੇਰੀ (ਮੇਹਰ ਦੀ) ਕੀਮਤ ਕੌਣ ਪਾ ਸਕਦਾ ਹੈ? ਤੂੰ ਸਾਰੇ ਹੀ ਜੀਵਾਂ ਉੱਤੇ ਮੇਹਰ ਕਰਨ ਵਾਲਾ ਹੈਂ।
ਹੇ ਗੋਪਾਲ ਪ੍ਰਭੂ! ਸਾਡੀ ਜੀਵਾਂ ਦੀ ਕੀਹ ਪਾਂਇਆਂ ਹੈ? ਜਗਤ ਵਿਚ ਹਰੇਕ ਕੰਮ ਤੇਰਾ ਹੀ ਕੀਤਾ ਹੋਇਆ ਹੁੰਦਾ ਹੈ।
ਹੇ ਪ੍ਰਭੂ! ਨਾਨਕ ਤੇਰਾ ਦਾਸ ਹੈ, (ਇਸ ਦਾਸ ਦੀ) ਰੱਖਿਆ ਉਸੇ ਤਰ੍ਹਾਂ ਕਰਦਾ ਰਹੁ, ਜਿਵੇਂ ਪਿਉ ਆਪਣੇ ਪੁਤਰਾਂ ਉਤੇ ਕਿਰਪਾਲ ਹੋ ਕੇ ਕਰਦਾ ਹੈ ॥੪॥੧॥
ਹੇ ਭਾਈ! ਮਨ ਵਿਚ, ਤਨ ਵਿਚ, ਹਿਰਦੇ ਵਿਚ, (ਪ੍ਰਭੂ ਨੂੰ) ਟਿਕਾ ਕੇ ਉਸ ਸਭ ਤੋਂ ਵੱਡੇ ਗੋਬਿੰਦ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।
ਮਨੁੱਖ ਵਾਸਤੇ ਸਭ ਤੋਂ ਸ੍ਰੇਸ਼ਟ ਕਰਤੱਬ ਹੈ ਹੀ ਇਹ ਕਿ ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ (ਮਨੁੱਖ ਦੇ) ਮਨ ਵਿਚ ਵੱਸਿਆ ਰਹੇ।
ਹੇ ਭਾਈ! ਜਿਸ ਜਿਸ ਸਰੀਰ ਵਿਚ ਪਰਮਾਤਮਾ ਦਾ ਨਾਮ ਪਰਗਟ ਨਹੀਂ ਹੁੰਦਾ ਉਹ ਸਾਰੇ ਸਰੀਰ ਵਿਅਰਥ ਗਏ ਸਮਝੋ।
ਹੇ ਭਾਈ! (ਮੈਂ ਤਾਂ ਉਹਨਾਂ ਗੁਰਮੁਖਾਂ ਦੀ ਸੰਗਤਿ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਇੱਕ ਪਰਮਾਤਮਾ (ਦੇ ਨਾਮ ਨੂੰ ਜ਼ਿੰਦਗੀ) ਦਾ ਆਸਰਾ (ਬਣਾਇਆ ਹੋਇਆ) ਹੈ ॥੧॥
ਹੇ ਭਾਈ! ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹੀ ਆਰਾਧਨਾ ਕਰਨੀ ਚਾਹੀਦੀ ਹੈ, ਜਿਸ ਤੋਂ (ਜਗਤ ਦੀ) ਹਰੇਕ ਚੀਜ਼ ਹੋਂਦ ਵਿਚ ਆਈ ਹੈ।
ਹੇ ਭਾਈ! ਪੂਰੇ ਗੁਰੂ ਨੇ (ਮੈਨੂੰ ਇਹ) ਸਮਝ ਬਖ਼ਸ਼ੀ ਹੈ ਕਿ ਉਸ (ਪਰਮਾਤਮਾ) ਤੋਂ ਬਿਨਾ ਹੋਰ ਕੋਈ (ਪੂਜਣ-ਜੋਗ) ਨਹੀਂ ਹੈ ਰਹਾਉ॥
ਹੇ ਭਾਈ! ਉਹਨਾਂ ਮਨੁੱਖਾਂ ਦੀ ਗਿਣਤੀ ਗਿਣੀ ਨਹੀਂ ਜਾ ਸਕਦੀ, ਜੇਹੜੇ ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿ ਕੇ (ਮਾਇਆ ਦੇ ਮੋਹ ਵਿਚ) ਉਲਝ ਕੇ ਆਤਮਕ ਮੌਤੇ ਮਰਦੇ ਰਹਿੰਦੇ ਹਨ।
ਹੇ ਭਾਈ! ਸਦਾ-ਥਿਰ ਪ੍ਰਭੂ (ਦੇ ਨਾਮ) ਤੋਂ ਬਿਨਾ ਆਤਮਕ ਪਵਿਤ੍ਰਤਾ ਪ੍ਰਾਪਤ ਨਹੀਂ ਹੋ ਸਕਦੀ। ਉਹ ਸਦਾ-ਥਿਰ ਅਪਹੁੰਚ ਮਾਲਕ ਹੀ (ਪਵਿਤ੍ਰਤਾ ਦਾ ਸੋਮਾ ਹੈ)।
ਹੇ ਭਾਈ! (ਪ੍ਰਭੂ ਦੇ ਨਾਮ ਤੋਂ ਬਿਨਾ) ਜਨਮ ਮਰਨ (ਦਾ ਗੇੜ) ਨਹੀਂ ਮੁੱਕਦਾ। ਦੁਨੀਆ ਦੇ ਪਦਾਰਥਾਂ ਦਾ ਮਾਣ ਕੂੜਾ ਹੈ (ਇਹ ਮਾਣ ਤਾਂ ਲੈ ਡੁੱਬਦਾ ਹੈ, ਜਨਮ ਮਰਨ ਵਿਚ ਪਾਈ ਰੱਖਦਾ ਹੈ)।
(ਦੂਜੇ ਪਾਸੇ) ਹੇ ਭਾਈ! ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਹਰਿ-ਨਾਮ ਦੀ ਇਕ ਕਣੀ ਹੀ ਦੇ ਕੇ ਕ੍ਰੋੜਾਂ ਨੂੰ (ਜਨਮ ਮਰਨ ਦੇ ਗੇੜ ਵਿਚੋਂ) ਬਚਾ ਲੈਂਦਾ ਹੈ ॥੨॥
ਹੇ ਭਾਈ! ਸਿੰਮ੍ਰਿਤੀਆਂ ਸ਼ਾਸਤ੍ਰ ਵਿਚਾਰ ਵੇਖੇ ਹਨ (ਉਹਨਾਂ ਪਾਸੋਂ ਭੀ ਕੁਝ ਨਹੀਂ ਮਿਲਦਾ), ਗੁਰੂ ਤੋਂ ਬਿਨਾ (ਕਿਸੇ ਹੋਰ ਪਾਸੋਂ) ਭਟਕਣਾ ਦੂਰ ਨਹੀਂ ਹੋ ਸਕਦੀ।
ਹੇ ਭਾਈ! (ਸ਼ਾਸਤ੍ਰ ਦੇ ਦੱਸੇ ਹੋਏ) ਅਨੇਕਾਂ ਕਰਮ ਕਰ ਕੇ ਮਨੁੱਖ ਥੱਕ ਜਾਂਦਾ ਹੈ, (ਸਗੋਂ) ਮੁੜ ਮੁੜ ਬੰਧਨ ਹੀ ਸਹੇੜਦਾ ਹੈ।
ਹੇ ਭਾਈ! ਸਾਰਾ ਜਗਤ ਢੂੰਢ ਕੇ ਵੇਖ ਲਿਆ ਹੈ (ਭਟਕਣਾ ਨੂੰ ਦੂਰ ਕਰਨ ਲਈ) ਗੁਰੂ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੈ।