ਇਕ ਗੋਪਾਲ-ਪ੍ਰਭੂ ਹੀ ਸੇਵਕ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ।
(ਗੁਰੂ ਦੀ ਸਰਨ ਆਏ ਮਨੁੱਖ ਨੂੰ) ਇਕ ਪਰਮਾਤਮਾ ਦੀ ਹੀ ਲਗਨ ਲੱਗ ਜਾਂਦੀ ਹੈ, ਉਸ ਦੇ ਮਨ ਵਿਚ ਇਕ ਪਰਮਾਤਮਾ ਦਾ ਹੀ ਪਿਆਰ (ਟਿਕ ਜਾਂਦਾ ਹੈ)।
ਸੇਵਕ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਹੀ (ਦੁਨੀਆ ਦੇ) ਸਾਰੇ ਖ਼ਜ਼ਾਨੇ ਬਣ ਜਾਂਦਾ ਹੈ ॥੩॥
ਉਸ ਦੀ ਪ੍ਰੀਤਿ ਪਰਮਾਤਮਾ ਨਾਲ ਪੱਕੀ ਬਣ ਜਾਂਦੀ ਹੈ,
ਉਸ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ, ਉਸ ਦੀ ਜੀਵਨ-ਮਰਯਾਦਾ (ਵਿਕਾਰਾਂ ਦੇ ਹੱਲਿਆਂ ਵਲੋਂ) ਅਡੋਲ ਹੋ ਜਾਂਦੀ ਹੈ,
(ਪਰਮਾਤਮਾ ਦੀ ਮਿਹਰ ਨਾਲ) ਪੂਰੇ ਗੁਰੂ ਨੇ (ਜਿਸ ਮਨੁੱਖ ਦੇ ਅੰਦਰੋਂ ਮਾਇਆ ਦੇ ਮੋਹ ਦਾ) ਹਨੇਰਾ ਦੂਰ ਕਰ ਦਿੱਤਾ ਹੈ।
(ਹੇ ਭਾਈ! ਇਹ ਸਾਰੀ ਮਿਹਰ ਪਰਮਾਤਮਾ ਦੀ ਹੀ ਹੈ) ਨਾਨਕ ਦਾ ਪ੍ਰਭੂ ਪਰੇ ਤੋਂ ਪਰੇ ਹੈ ਤੇ ਬੇਅੰਤ ਹੈ ॥੪॥੨੪॥੯੩॥
ਉਹ ਪਰਮਾਤਮਾ ਜਿਸ ਮਨੁੱਖ ਦੇ ਮਨ ਵਿਚ ਵੱਸ ਪੈਂਦਾ ਹੈ ਉਹ (ਦੁੱਖਾਂ ਰੋਗਾਂ ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।
ਜਿਸ (ਪਰਮਾਤਮਾ) ਦੀ ਬਖ਼ਸ਼ਸ਼ ਨਾਲ (ਜਦੋਂ ਉਸ ਦੇ ਨਾਮ ਦੀ) ਪ੍ਰਾਪਤੀ ਹੁੰਦੀ ਹੈ,
ਤਾਂ (ਸੰਸਾਰ ਦਾ) ਕੋਈ ਦੁੱਖ ਕੋਈ ਰੋਗ ਕੋਈ ਡਰ ਮਨੁੱਖ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦਾ,
(ਕਿਉਂਕਿ) ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਆਪਣੇ ਹਿਰਦੇ ਵਿਚ ਜਪਦਾ ਰਹਿੰਦਾ ਹੈ ॥੧॥
(ਹੇ ਭਾਈ!) ਅਕਾਲ ਪੁਰਖ ਪਰਮੇਸ਼ਰ ਦਾ ਸਿਮਰਨ ਕਰਨਾ ਚਾਹੀਦਾ ਹੈ।
(ਸਿਮਰਨ ਦੀ) ਇਹ ਸੂਝ ਪੂਰੇ ਗੁਰੂ ਪਾਸੋਂ ਮਿਲਦੀ ਹੈ ॥੧॥ ਰਹਾਉ ॥
ਜੋ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ, ਜੋ ਜੀਵਾਂ ਪਾਸੋਂ ਸਭ ਕੁਝ ਕਰਾਣ ਦੀ ਤਾਕਤ ਰੱਖਦਾ ਹੈ, ਜੋ ਦਇਆ ਦਾ ਘਰ ਹੈ,
ਜੋ ਸਾਰੇ ਜੀਵ ਜੰਤਾਂ ਦੀ ਪਾਲਣਾ ਕਰਦਾ ਹੈ,
ਜੋ ਅਪਹੁੰਚ ਹੈ, ਜਿਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਜਿਸ ਦੇ ਗੁਣਾਂ ਦਾ ਕਦੇ ਅੰਤ ਨਹੀਂ ਪੈ ਸਕਦਾ,
ਹੇ (ਮੇਰੇ) ਮਨ! ਪੂਰੇ ਗੁਰੂ ਦੇ ਉਪਦੇਸ਼ ਉੱਤੇ ਤੁਰ ਕੇ ਉਸ (ਪਰਮਾਤਮਾ) ਨੂੰ ਸਿਮਰ ॥੨॥
ਜਿਸ ਦੀ ਸੇਵਾ-ਭਗਤੀ ਵਿਚ ਹੀ (ਜਗਤ ਦੇ) ਸਾਰੇ ਖ਼ਜ਼ਾਨੇ ਹਨ,
ਜਿਸ ਹਰੀ ਦੀ ਪੂਜਾ ਕੀਤਿਆਂ (ਹਰ ਥਾਂ) ਆਦਰ-ਮਾਣ ਮਿਲਦਾ ਹੈ,
ਤੇ ਜਿਸ ਦੀ ਕੀਤੀ ਹੋਈ ਸੇਵਾ ਨਿਸਫਲ ਨਹੀਂ ਜਾਂਦੀ
(ਹੇ ਭਾਈ!) ਸਦਾ ਹੀ ਸਦਾ ਉਸ ਹਰੀ ਦੇ ਗੁਣ ਗਾਂਦਾ ਰਹੁ ॥੩॥
ਹੇ ਅੰਤਰਜਾਮੀ ਪ੍ਰਭੂ! ਮਿਹਰ ਕਰ,
ਹੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ! ਹੇ ਅਦ੍ਰਿਸ਼ਟ ਸੁਆਮੀ!
ਸਾਰੇ ਜੀਅ ਜੰਤ ਤੇਰੀ ਸਰਣ ਹਨ (ਤੇਰੇ ਹੀ ਆਸਰੇ ਹਨ, ਮੈਂ ਭੀ ਤੇਰੀ ਸਰਨ ਆਇਆ ਹਾਂ) ਮਿਹਰ ਕਰ।
ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-) ਮੈਨੂੰ ਤੇਰਾ ਨਾਮ ਮਿਲ ਜਾਏ (ਤੇਰਾ ਨਾਮ ਹੀ ਮੇਰਾ ਵਾਸਤੇ) ਵਡਿਆਈ ਹੈ ॥੪॥੨੫॥੯੪॥
(ਹੇ ਭਾਈ!) ਜਿਸ ਦੇ ਹੱਥਾਂ ਵਿਚ ਸਭ ਜੀਵਾਂ ਦੀ ਜੀਵਨ-ਮਰਯਾਦਾ ਹੈ,
ਉਸ ਅਨਾਥਾਂ ਦੇ ਨਾਥ ਪਰਮਾਤਮਾ ਦਾ ਸਿਮਰਨ ਕਰ।
(ਹੇ ਭਾਈ!) ਜੇ ਪਰਮਾਤਮਾ (ਮਨੁੱਖ ਦੇ) ਮਨ ਵਿਚ ਵੱਸ ਪਏ ਤਾਂ (ਉਸ ਦਾ) ਹਰੇਕ ਦੁੱਖ ਦੂਰ ਹੋ ਜਾਂਦਾ ਹੈ।
ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਸਾਰੇ ਡਰ ਨਾਸ ਹੋ ਜਾਂਦੇ ਹਨ ॥੧॥
(ਹੇ ਭਾਈ!) ਤੂੰ ਪਰਮਾਤਮਾ ਤੋਂ ਬਿਨਾ ਹੋਰ ਕਿਸੇ ਦਾ ਡਰ ਕਿਉਂ ਮੰਨਦਾ ਹੈਂ?
ਪਰਮਾਤਮਾ ਨੂੰ ਭੁਲਾ ਕੇ ਹੋਰ ਕੇਹੜਾ ਸੁਖ ਸਮਝਦਾ ਹੈਂ? ॥੧॥ ਰਹਾਉ ॥
(ਹੇ ਭਾਈ!) ਉਸ ਪ੍ਰਭੂ ਨੂੰ ਸਦਾ ਸਿਮਰ, ਜਿਸ ਨੇ ਅਨੇਕਾਂ ਧਰਤੀਆਂ ਅਕਾਸ਼ਾਂ ਨੂੰ ਸਹਾਰਾ ਦਿੱਤਾ ਹੋਇਆ ਹੈ,
ਜਿਸ ਦੀ ਜੋਤਿ ਸਾਰੇ ਜੀਵਾਂ ਵਿਚ ਚਾਨਣ ਕਰ ਰਹੀ ਹੈ।
ਤੇ ਜਿਸ ਦੀ (ਕੀਤੀ ਹੋਈ ਬਖ਼ਸ਼ਸ਼ ਨੂੰ ਕੋਈ ਮਿਟਾ ਨਹੀਂ ਸਕਦਾ) (ਕੋਈ ਰੋਕ ਨਹੀਂ ਸਕਦਾ)।
(ਜੇਹੜਾ ਮਨੁੱਖ ਉਸ ਪ੍ਰਭੂ ਨੂੰ ਸਿਮਰਦਾ ਹੈ ਉਹ ਦੁਨੀਆ ਦੇ ਡਰਾਂ ਵਲੋਂ) ਨਿਡਰ ਹੋ ਜਾਂਦਾ ਹੈ ॥੨॥
(ਹੇ ਭਾਈ!) ਅੱਠੇ ਪਹਰ (ਹਰ ਵੇਲੇ) ਪ੍ਰਭੂ ਦਾ ਨਾਮ ਸਿਮਰਦਾ ਰਹੁ।
(ਇਹ ਸਿਮਰਨ ਹੀ) ਅਨੇਕਾਂ ਤੀਰਥਾਂ ਦਾ ਇਸ਼ਨਾਨ ਹੈ।
ਜੇ ਤੂੰ ਪਰਮਾਤਮਾ ਦੀ ਸ਼ਰਨ ਪੈ ਜਾਏਂ,
ਤਾਂ ਤੇਰੇ ਕ੍ਰੋੜਾਂ ਪਾਪ ਇਕ ਪਲ ਵਿਚ ਹੀ ਨਾਸ ਹੋ ਜਾਣ ॥੩॥
ਪਰਮਾਤਮਾ ਨੂੰ ਕਿਸੇ ਦੀ ਮੁਥਾਜੀ ਨਹੀਂ, ਉਹ ਸਭ ਗੁਣਾਂ ਦਾ ਮਾਲਕ ਹੈ, ਉਸ ਸਭ ਗੁਣਾਂ ਦਾ ਪਾਤਿਸ਼ਾਹ ਹੈ।
ਪ੍ਰਭੂ ਦੇ ਸੇਵਕਾਂ ਨੂੰ ਪ੍ਰਭੂ ਦਾ ਅਟੱਲ ਭਰੋਸਾ ਰਹਿੰਦਾ ਹੈ।
(ਹੇ ਭਾਈ!) ਪਰਮਾਤਮਾ ਪੂਰੇ ਗੁਰੂ ਦੀ ਰਾਹੀਂ (ਆਪਣੇ ਸੇਵਕਾਂ ਨੂੰ ਸਭ ਕਲੰਕਾਂ ਤੋਂ) ਹੱਥ ਦੇ ਕੇ ਬਚਾਂਦਾ ਹੈ।
ਹੇ ਨਾਨਕ! ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ ॥੪॥੨੬॥੯੫॥
ਜਿਸ ਮਨੁੱਖ ਦਾ ਮਨ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ,
ਉਹ ਜਨਮਾਂ ਜਨਮਾਂਤਰਾਂ ਦਾ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤਾ ਹੋਇਆ (ਭੀ) ਜਾਗ ਪੈਂਦਾ ਹੈ।
(ਉਹ ਮਨੁੱਖ) ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਗੁਣ ਉਚਾਰਦਾ ਹੈ, ਪ੍ਰਭੂ ਦੀ (ਸਿਫ਼ਤ-ਸਾਲਾਹ ਦੀ) ਬਾਣੀ ਉਚਾਰਦਾ ਹੈ,
ਜਿਸ ਪ੍ਰਾਣੀ ਨੂੰ ਪੂਰੇ ਗੁਰੂ ਦੀ ਸ੍ਰੇਸ਼ਟ ਮਤਿ ਪ੍ਰਾਪਤ ਹੁੰਦੀ ਹੈ ॥੧॥
(ਜੇਹੜਾ ਮਨੁੱਖ ਪ੍ਰਭੂ ਦਾ ਸਿਮਰਨ ਕਰਦਾ ਹੈ) ਪ੍ਰਭੂ ਦਾ ਸਿਮਰਨ ਕਰਦਿਆਂ ਉਸ ਨੇ ਸਾਰੇ ਸੁਖ ਪ੍ਰਾਪਤ ਕਰ ਲਏ,
ਉਸ ਦੇ ਹਿਰਦੇ ਵਿਚ (ਭੀ) ਆਤਮਕ ਅਡੋਲਤਾ ਦੇ ਸਾਰੇ ਅਨੰਦ, ਜਗਤ ਨਾਲ ਵਰਤਦਿਆਂ ਭੀ ਉਸ ਨੂੰ ਆਤਮਕ ਅਡੋਲਤਾ ਦੇ ਸਾਰੇ ਆਨੰਦ (ਪ੍ਰਾਪਤ ਹੋ ਜਾਂਦੇ ਹਨ।) ॥੧॥ ਰਹਾਉ ॥
ਉਸ ਮਨੁੱਖ ਨੇ ਉਸੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ, ਜਿਸ ਪ੍ਰਭੂ ਨੇ ਉਸ ਨੂੰ ਪੈਦਾ ਕੀਤਾ ਹੈ।
ਪ੍ਰਭੂ ਨੇ ਮਿਹਰ ਕਰ ਕੇ ਉਸ ਮਨੁੱਖ ਨੂੰ ਆਪ (ਆਪਣੇ ਚਰਨਾਂ ਵਿਚ) ਜੋੜ ਲਿਆ।
ਜਿਸ ਮਨੁੱਖ ਨੂੰ ਪ੍ਰਭੂ ਨੇ ਬਾਂਹ ਫੜ ਕੇ ਆਪਣਾ ਬਣਾ ਲਿਆ,
ਉਹ ਮਨੁੱਖ ਸਦਾ ਪ੍ਰਭੂ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਕਰਦਾ ਹੈ। ਪ੍ਰਭੂ ਦੇ ਨਾਮ ਦਾ ਜਾਪ ਜਪਦਾ ਹੈ ॥੨॥
(ਮੋਹ ਦੀ ਨੀਂਦ ਦੂਰ ਕਰਨ ਲਈ ਪਰਮਾਤਮਾ ਦਾ ਨਾਮ ਹੀ ਉਸ ਦੇ ਵਾਸਤੇ) ਮੰਤਰ ਹੈ ਨਾਮ ਹੀ ਜਾਦੂ ਹੈ ਨਾਮ ਹੀ ਦਵਾਈ ਹੈ ਤੇ ਨਾਮ ਹੀ ਪ੍ਰਾਸ਼ਚਿਤ ਕਰਮ ਹੈ,