ਸਾਰੇ ਖੰਡਾਂ ਦੀਪਾਂ ਮੰਡਲਾਂ (ਦੇ ਜੀਵ) ਉਸ ਸਦਾ-ਥਿਰ ਪ੍ਰਭੂ ਨੂੰ ਸਿਮਰ ਰਹੇ ਹਨ।
ਪਾਤਾਲ ਅਤੇ ਸਾਰੀਆਂ ਪੁਰੀਆਂ (ਦੇ ਵਾਸੀ) ਉਸ ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ।
ਸਾਰੀਆਂ ਖਾਣੀਆਂ ਅਤੇ ਬਾਣੀਆਂ (ਦੇ ਜੀਵ), ਸਾਰੇ ਪ੍ਰਭੂ ਦੇ ਸੇਵਕ ਸਦਾ-ਥਿਰ ਪ੍ਰਭੂ ਦੀ ਰਜ਼ਾ ਵਿਚ ਵਰਤ ਰਹੇ ਹਨ ॥੨॥
ਅਨੇਕਾਂ ਬ੍ਰਹਮੇ ਵਿਸ਼ਨੂ ਅਤੇ ਸ਼ਿਵ ਪ੍ਰਭੂ ਨੂੰ ਯਾਦ ਕਰ ਰਹੇ ਹਨ।
ਤੇਤੀ ਕ੍ਰੋੜ ਦੇਵਤੇ ਵੀ ਪ੍ਰਭੂ ਨੂੰ ਹੀ ਯਾਦ ਕਰ ਰਹੇ ਹਨ।
ਸਾਰੇ ਜੱਖ੍ਯ੍ਯ ਅਤੇ ਦੈਂਤ ਉਸ ਅਗਣਤ ਪ੍ਰਭੂ ਨੂੰ ਹਰ ਵੇਲੇ ਯਾਦ ਕਰ ਰਹੇ ਹਨ। ਉਸ ਦੀ ਸਿਫ਼ਤ-ਸਾਲਾਹ ਦਾ ਅੰਤ ਨਹੀਂ ਪਾਇਆ ਜਾ ਸਕਦਾ ॥੩॥
ਸਾਰੇ ਪਸ਼ੂ ਪੰਛੀ ਆਦਿਕ ਜੀਵ ਪ੍ਰਭੂ ਨੂੰ ਯਾਦ ਕਰ ਰਹੇ ਹਨ।
ਜੰਗਲ ਅਤੇ ਅਡੋਲ ਟਿਕੇ ਹੋਏ ਪਹਾੜ ਪ੍ਰਭੂ ਦੀ ਰਜ਼ਾ ਵਿੱਚ ਟਿਕੇ ਹੋਏ ਹਨ।
ਵੇਲਾਂ ਰੁੱਖਾਂ ਦੀਆਂ ਸ਼ਾਖਾਂ, ਸਭ ਪਰਮਾਤਮਾ ਦੀ ਰਜ਼ਾ ਵਿਚ ਕੰਮ ਕਰ ਰਹੇ ਹਨ। ਮਾਲਕ-ਪ੍ਰਭੂ ਸਭ ਜੀਵਾਂ ਦੇ ਮਨਾਂ ਵਿਚ ਵੱਸ ਰਿਹਾ ਹੈ ॥੪॥
ਬਹੁਤ ਵੱਡੇ ਸਰੀਰਾਂ ਤੋਂ ਲੈ ਕੇ ਬਹੁਤ ਹੀ ਨਿੱਕੇ ਸਰੀਰਾਂ ਵਾਲੇ ਸਾਰੇ ਜੀਵ, ਪ੍ਰਭੂ ਨੂੰ ਯਾਦ ਕਰ ਰਹੇ ਹਨ)।
ਸਿੱਧ ਅਤੇ ਸਾਧਿਕ ਪਰਮਾਤਮਾ ਦੇ ਮੰਤ੍ਰ ਨੂੰ ਸਿਮਰ ਰਹੇ ਹਨ।
ਹੇ ਮੇਰੇ ਪ੍ਰਭੂ! ਦਿੱਸਦੇ ਅਣਦਿੱਸਦੇ ਸਾਰੇ ਜੀਵ ਤੈਨੂੰ ਹੀ ਸਿਮਰਦੇ ਹਨ। ਤੂੰ ਸਾਰੇ ਭਵਨਾਂ ਦਾ ਮਾਲਕ ਹੈਂ ॥੫॥
ਚੌਹਾਂ ਆਸ਼੍ਰਮਾਂ ਦੇ ਨਰ ਤੇ ਨਾਰੀਆਂ ਪ੍ਰਭੂ ਦਾ ਸਿਮਰਨ ਕਰ ਰਹੇ ਹਨ।
ਸਭ ਜਾਤਾਂ ਤੇ ਵਰਨਾਂ ਦੇ ਸਾਰੇ ਪ੍ਰਾਣੀਪ੍ਰਭੂ ਦਾ ਸਿਮਰਨ ਕਰ ਰਹੇ ਹਨ।
ਗੁਣਵਾਨ ਚਤੁਰ ਸਿਆਣੇ ਸਾਰੇ ਜੀਵ ਪਰਮਾਤਮਾ ਨੂੰ ਹੀ ਸਿਮਰਦੇ ਹਨ। (ਸਾਰੇ ਜੀਵ) ਰਾਤ ਅਤੇ ਦਿਨ ਹਰ ਵੇਲੇ ਉਸੇ ਪ੍ਰਭੂ ਨੂੰ ਸਿਮਰਦੇ ਹਨ ॥੬॥
ਘੜੀ ਮੁਹੂਰਤ, ਪਲ, ਨਿਮਖ (ਆਦਿਕ ਸਮੇ ਦੀਆਂ ਵੰਡਾਂ) ਪ੍ਰਭੂ ਦੇ ਹੁਕਮ-ਨਿਯਮ ਵਿਚ ਲੰਘਦੇ ਜਾ ਰਹੇ ਹਨ।
ਮੌਤ ਪ੍ਰਭੂ ਦੇ ਹੁਕਮ ਵਿਚ ਤੁਰ ਰਹੀ ਹੈ, ਜਨਮ ਪ੍ਰਭੂ ਦੇ ਹੁਕਮ ਵਿਚ ਤੁਰ ਰਿਹਾ ਹੈ। ਸੁੱਚ ਅਤੇ ਸਰੀਰਕ ਕ੍ਰਿਆ-ਇਹ ਭੀ ਹੁਕਮ ਵਿਚ ਹੀ ਕਾਰ ਚੱਲ ਰਹੀ ਹੈ।
ਸੰਜੋਗ ਆਦਿਕ ਦੱਸਣ ਵਾਲੇ ਜੋਤਿਸ਼ ਅਤੇ ਹੋਰ ਸ਼ਾਸਤ੍ਰ ਉਸ ਦੇ ਹੁਕਮ ਵਿਚ ਹੀ ਚੱਲ ਪਏ ਹਨ। ਪਰ ਪ੍ਰਭੂ ਆਪ ਐਸਾ ਹੈ ਕਿ ਉਸ ਦਾ ਸਹੀ ਸਰੂਪ ਦੱਸਿਆ ਨਹੀਂ ਜਾ ਸਕਦਾ, ਰਤਾ ਭਰ ਭੀ ਬਿਆਨ ਨਹੀਂ ਕੀਤਾ ਜਾ ਸਕਦਾ ॥੭॥
ਹੇ ਸਭ ਕੁਝ ਆਪ ਕਰ ਸਕਣ ਵਾਲੇ ਅਤੇ ਜੀਵਾਂ ਪਾਸੋਂ ਕਰਾ ਸਕਣ ਵਾਲੇ ਸੁਆਮੀ!
ਹੇ ਸਭ ਦੇ ਦਿਲਾਂ ਦੀ ਜਾਣਨ ਵਾਲੇ ਪ੍ਰਭੂ!
ਤੂੰ ਮਿਹਰ ਕਰ ਕੇ ਜਿਸ ਮਨੁੱਖ ਨੂੰ ਆਪਣੀ ਭਗਤੀ ਵਿਚ ਲਾਂਦਾ ਹੈਂ, ਉਹ ਇਸ ਕੀਮਤੀ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਜਾਂਦਾ ਹੈ ॥੮॥
ਜਿਸ ਮਨੁੱਖ ਦੇ ਮਨ ਵਿਚ ਪਿਆਰਾ ਪ੍ਰਭੂ ਆ ਵੱਸਦਾ ਹੈ,
ਉਹ (ਪ੍ਰਭੂ ਦੀ) ਪੂਰੀ ਮਿਹਰ ਨਾਲ ਗੁਰੂ ਦਾ (ਦੱਸਿਆ) ਨਾਮ-ਜਾਪ ਜਪਦਾ ਹੈ।
ਉਹ ਮਨੁੱਖ ਉਸ ਪ੍ਰਭੂ ਨੂੰ ਸਭਨਾਂ ਦੇ ਅੰਦਰ ਵੱਸਦਾ ਪਛਾਣ ਲੈਂਦਾ ਹੈ, ਉਹ ਮਨੁੱਖ ਮੁੜ ਜੂਨਾਂ ਦੀ ਭਟਕਣਾ ਵਿਚ ਦੁਖੀ ਨਹੀਂ ਹੁੰਦਾ ॥੯॥
ਜਿਸ ਮਨੁੱਖ ਦੇ ਮਨ ਵਿਚ ਗੁਰੂ ਦਾ ਸ਼ਬਦ ਟਿਕ ਜਾਂਦਾ ਹੈ,
ਉਸ ਦਾ ਦੁੱਖ ਉਸ ਦਾ ਦਰਦ ਦੂਰ ਹੋ ਜਾਂਦਾ ਹੈ, ਉਸ ਦੀ ਭਟਕਣਾ ਮੁੱਕ ਜਾਂਦੀ ਹੈ।
ਉਸ ਦੇ ਅੰਦਰ ਆਤਮਕ ਅਡੋਲਤਾ ਦੇ ਸੁਖ-ਆਨੰਦ ਬਣੇ ਰਹਿੰਦੇ ਹਨ, ਉਸ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਆਉਣ ਲੱਗ ਪੈਂਦਾ ਹੈ, ਗੁਰਬਾਣੀ ਦੀ ਬਰਕਤਿ ਨਾਲ ਉਸ ਦੇ ਅੰਦਰ ਇਕ-ਰਸ ਆਤਮਕ ਅਡੋਲਤਾ ਦੀ ਰੌ ਚੱਲੀ ਰਹਿੰਦੀ ਹੈ ॥੧੦॥
ਜਿਸ ਮਨੁੱਖ ਨੇ ਪ੍ਰਭੂ ਦਾ ਧਿਆਨ ਧਰਿਆ ਉਹ ਨਾਮ-ਖ਼ਜ਼ਾਨੇ ਦਾ ਮਾਲਕ ਬਣ ਗਿਆ,
ਜਿਸ ਮਨੁੱਖ ਨੇ ਗੁਰੂ ਦਾ ਸਾਥ ਹਾਸਲ ਕਰ ਲਿਆ ਉਹ (ਲੋਕ ਪਰਲੋਕ ਵਿਚ) ਇੱਜ਼ਤ ਵਾਲਾ ਹੋ ਗਿਆ।
ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਆ ਵੱਸਿਆ, ਉਹ ਵੱਡੀ ਕਿਸਮਤ ਵਾਲਾ ਹੋ ਗਿਆ ਉਹ (ਜਗਤ ਵਿਚ) ਉੱਘਾ ਹੋ ਗਿਆ ॥੧੧॥
ਉਹੀ ਮਾਲਕ-ਪ੍ਰਭੂ ਜਲ ਵਿਚ ਧਰਤੀ ਵਿਚ ਆਕਾਸ਼ ਵਿਚ ਵੱਸਦਾ ਹੈ,
ਉਸ ਤੋਂ ਬਿਨਾ ਕੋਈ ਦੂਜਾ ਦੱਸਿਆ ਹੀ ਨਹੀਂ ਜਾ ਸਕਦਾ।
ਗੁਰੂ ਦੇ ਗਿਆਨ ਦੇ ਸੁਰਮੇ ਨੇ (ਜਿਸ ਮਨੁੱਖ ਦੀਆਂ ਅੱਖਾਂ ਦਾ) ਸਾਰਾ ਭਰਮ (-ਜਾਲਾ) ਕੱਟ ਦਿੱਤਾ, ਉਸ ਨੂੰ ਇਕ ਪਰਮਾਤਮਾ ਤੋਂ ਬਿਨਾ (ਕਿਤੇ ਕੋਈ) ਹੋਰ ਨਹੀਂ ਦਿੱਸਦਾ ॥੧੨॥
ਹੇ ਪ੍ਰਭੂ! ਤੇਰਾ ਦਰਬਾਰ ਸਭ (ਦਰਬਾਰਾਂ) ਨਾਲੋਂ ਉੱਚਾ ਹੈ,
ਉਸ ਦਾ ਅਖ਼ੀਰ ਉਸ ਦਾ ਪਾਰਲਾ ਬੰਨਾ ਦੱਸਿਆ ਨਹੀਂ ਜਾ ਸਕਦਾ।
ਹੇ ਡੂੰਘੇ ਤੇ ਅਥਾਹ (ਸਮੁੰਦਰ)! ਹੇ ਵੱਡੇ ਜਿਗਰੇ ਵਾਲੇ! ਹੇ ਮਾਲਕ! ਤੂੰ ਅਤੁੱਲ ਹੈਂ, ਤੈਨੂੰ ਤੋਲਿਆ ਨਹੀਂ ਜਾ ਸਕਦਾ, ਤੈਨੂੰ ਮਿਣਿਆ ਨਹੀਂ ਜਾ ਸਕਦਾ ॥੧੩॥
ਹੇ ਪ੍ਰਭੂ! ਤੂੰ ਪੈਦਾ ਕਰਨ ਵਾਲਾ ਹੈਂ, ਸਾਰਾ ਜਗਤ ਤੇਰਾ ਪੈਦਾ ਕੀਤਾ ਹੋਇਆ ਹੈ।
ਤੈਥੋਂ ਬਿਨਾ (ਤੇਰੇ ਵਰਗਾ) ਕੋਈ ਹੋਰ ਦੂਜਾ ਨਹੀਂ ਹੈ।
ਜਗਤ ਦੇ ਸ਼ੁਰੂ ਤੋਂ ਅਖ਼ੀਰ ਤਕ ਤੂੰ ਸਦਾ ਕਾਇਮ ਰਹਿਣ ਵਾਲਾ ਹੈਂ। ਇਹ ਸਾਰਾ ਜਗਤ-ਖਿਲਾਰਾ ਤੇਰੇ ਹੀ ਆਪਣੇ ਆਪ ਦਾ ਹੈ ॥੧੪॥
ਜਮਦੂਤ ਵੀ ਉਸ ਮਨੁੱਖ ਦੇ ਨੇੜੇ ਨਹੀਂ ਆ ਸਕਦਾ (ਮੌਤ ਉਸ ਨੂੰ ਡਰਾ ਨਹੀਂ ਸਕਦੀ)
ਜਿਹੜਾ ਮਨੁੱਖ ਗੁਰੂ ਦੀ ਸੰਗਤ ਵਿਚ ਰਹਿ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਹੈ।
ਜਿਹੜਾ ਮਨੁੱਖ ਆਪਣੇ ਕੰਨਾਂ ਨਾਲ ਪ੍ਰਭੂ ਦਾ ਜਸ ਸੁਣਦਾ ਰਹਿੰਦਾ ਹੈ, ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ ॥੧੫॥
ਹੇ ਪ੍ਰਭੂ! ਤੂੰ ਸਾਰੇ ਜੀਵਾਂ ਦਾ (ਖਸਮ) ਹੈਂ। ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ) ਹੈ।
(ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਹੇ ਡੂੰਘੇ ਤੇ ਵੱਡੇ ਜਿਗਰੇ ਵਾਲੇ ਪ੍ਰਭੂ!)