(ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਇਹ ਤਾਂ ਨਹੀਂ ਹੋ ਸਕਦਾ ਕਿ) ਉਸ ਮਾਲਕ (ਦੀ ਹਸਤੀ) ਨੂੰ ਤੋਲਿਆ ਜਾ ਸਕੇ, ਉਹ ਤੋਲ ਤੋਂ ਪਰੇ ਹੈ (ਹਾਂ, ਇਹ ਜ਼ਰੂਰ ਹੈ ਕਿ ਉਹ ਮਿਲਦਾ ਸਿਮਰਨ ਦੀ ਰਾਹੀਂ ਹੀ ਹੈ) ਨਿਰੀਆਂ ਗੱਲਾਂ ਨਾਲ ਨਹੀਂ ਮਿਲਦਾ ॥੫॥
ਸਾਰੇ ਜੀਵ-ਵਣਜਾਰੇ ਜੀਵ ਵਪਾਰੀ (ਪਰਮਾਤਮਾ ਦੇ ਦਰ ਤੋਂ) ਰੋਜ਼ੀਨਾ ਲਿਖਾ ਕੇ (ਜਗਤ ਵਿਚ ਆਉਂਦੇ ਹਨ, ਭਾਵ, ਹਰੇਕ ਨੂੰ ਜ਼ਿੰਦਗੀ ਦੇ ਸੁਆਸ ਤੇ ਸਾਰੇ ਪਦਾਰਥਾਂ ਦੀ ਦਾਤ ਪ੍ਰਭੂ ਦਰ ਤੋਂ ਮਿਲਦੀ ਹੈ)।
ਜੇਹੜੇ ਜੀਵ ਵਪਾਰੀ ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਕਾਰ ਕਰਦੇ ਹਨ, ਉਹਨਾਂ ਨੂੰ ਪ੍ਰਭੂ ਦੀ ਰਜ਼ਾ ਅਨੁਸਾਰ (ਆਤਮਕ ਜੀਵਨ ਦਾ) ਲਾਭ ਮਿਲਦਾ ਹੈ,
(ਪਰ ਇਹ ਲਾਭ ਉਹੀ ਖੱਟ ਸਕਦੇ ਹਨ ਜਿਨ੍ਹਾਂ ਨੂੰ) ਉਹ ਗੁਰੂ ਮਿਲ ਪੈਂਦਾ ਹੈ ਜਿਸ ਨੂੰ (ਆਪਣੀ ਵਡਿਆਈ ਆਦਿਕ ਦਾ) ਤਿਲ ਜਿਤਨਾ ਭੀ ਲਾਲਚ ਨਹੀਂ ਹੈ। (ਜਿਨ੍ਹਾਂ ਨੂੰ ਗੁਰੂ ਮਿਲਦਾ ਹੈ ਉਹਨਾਂ ਦੀ ਆਤਮਕ ਜੀਵਨ ਵਾਲੀ) ਰਾਸ-ਪੂੰਜੀ ਸਦਾ ਲਈ ਥਿਰ ਹੋ ਜਾਂਦੀ ਹੈ ॥੬॥
(ਇਨਸਾਨੀ ਜੀਵਨ ਦੀ ਸਫਲਤਾ ਦੀ ਪਰਖ ਵਾਸਤੇ) ਸੱਚ ਹੀ ਤਰਾਜ਼ੂ ਹੈ ਤੇ ਸੱਚ ਹੀ ਵੱਟਾ ਹੈ (ਜਿਸ ਦੇ ਪੱਲੇ ਸੱਚ ਹੈ ਉਹੀ ਸਫਲ ਹੈ), ਇਸ ਪਰਖ-ਤੋਲ ਵਿਚ ਉਹੀ ਮਨੁੱਖ ਪੂਰਾ ਉਤਰਦਾ ਹੈ ਜੋ ਗੁਰੂ ਦੇ ਸਨਮੁੱਖ ਰਹਿੰਦਾ ਹੈ,
ਕਿਉਂਕਿ ਗੁਰੂ ਨੇ (ਪਰਮਾਤਮਾ ਦੀ ਸਿਫ਼ਿਤਿ-ਸਾਲਾਹ ਦੀ) ਸੱਚੀ ਬਾਣੀ ਦੇ ਕੇ ਮਨ ਨੂੰ ਮੋਹ ਲੈਣ ਵਾਲੀਆਂ ਆਸਾਂ ਤੇ ਮਨ ਦੇ ਮਾਇਕ ਫੁਰਨਿਆਂ ਨੂੰ (ਮਨ ਉਤੇ ਵਾਰ ਕਰਨ ਤੋਂ) ਰੋਕ ਰੱਖਿਆ ਹੁੰਦਾ ਹੈ।
ਪੂਰੇ ਪ੍ਰਭੂ ਦਾ ਇਹ ਤੋਲ (ਦਾ ਮਿਆਰ) ਕਦੇ ਘਟਦਾ ਵਧਦਾ ਨਹੀਂ, ਉਹੀ ਜੀਵ (ਇਸ ਤੋਲ ਵਿਚ) ਪੂਰਾ ਤੁਲਦਾ ਹੈ ਜਿਸ ਨੂੰ ਪ੍ਰਭੂ (ਸਿਮਰਨ ਦੀ ਦਾਤ ਦੇ ਕੇ) ਆਪ (ਮਿਹਰ ਦੀ ਨਿਗਾਹ ਨਾਲ) ਤੁਲਾਂਦਾ ਹੈ ॥੭॥
ਨਿਰੀਆਂ ਗੱਲਾਂ ਕਰਨ ਨਾਲ ਜਾਂ ਪੁਸਤਕਾਂ ਦੇ ਢੇਰਾਂ ਦੇ ਢੇਰ ਪੜ੍ਹਨ ਨਾਲ ਆਸਾ ਮਨਸਾ ਤੋਂ ਬਚ ਨਹੀਂ ਸਕੀਦਾ।
(ਜੇ ਹਿਰਦੇ ਵਿਚ) ਪਰਮਾਤਮਾ ਦੀ ਭਗਤੀ ਨਹੀਂ, ਪ੍ਰਭੂ ਦਾ ਪ੍ਰੇਮ ਨਹੀਂ, ਤਾਂ ਨਿਰੇ ਸਰੀਰ ਦੀ ਪਵਿਤ੍ਰਤਾ ਨਾਲ ਪਰਮਾਤਮਾ ਨਹੀਂ ਮਿਲਦਾ।
ਹੇ ਨਾਨਕ! ਜਿਸ ਨੂੰ (ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ) ਨਾਮ ਨਹੀਂ ਭੁੱਲਦਾ, ਉਸ ਨੂੰ ਗੁਰੂ ਪਰਮਾਤਮਾ ਦੇ ਮੇਲ ਵਿਚ ਮਿਲਾ ਲੈਂਦਾ ਹੈ ॥੮॥੯॥{58-59}
ਪਰਮਾਤਮਾ ਦੇ ਗੁਣਾਂ ਦੀ ਵਿਚਾਰ (ਮਾਨੋ, ਕੀਮਤੀ) ਰਤਨ (ਹੈ, ਇਹ ਰਤਨ ਤਦੋਂ ਹੀ) ਮਿਲਦਾ ਹੈ ਜੇ ਪੂਰਾ ਗੁਰੂ ਮਿਲ ਪਏ।
ਆਪਣਾ ਮਨ ਗੁਰੂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ, (ਇਸ ਤਰ੍ਹਾਂ) ਸਭ ਨਾਲ ਪਿਆਰ ਕਰਨ ਵਾਲਾ ਪ੍ਰਭੂ ਮਿਲਦਾ ਹੈ।
(ਗੁਰੂ ਦੀ ਕਿਰਪਾ ਨਾਲ) ਨਾਮ-ਪਦਾਰਥ ਮਿਲਦਾ ਹੈ, ਜੋ ਵਿਕਾਰਾਂ ਤੋਂ ਖ਼ਲਾਸੀ ਦਿਵਾਂਦਾ ਹੈ ਜੋ ਔਗੁਣ ਮਿਟਾਣ ਦੇ ਸਮਰੱਥ ਹੈ ॥੧॥
ਹੇ ਭਾਈ! ਗੁਰੂ ਤੋਂ ਬਿਨਾ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਪੈ ਸਕਦੀ।
(ਬੇਸ਼ਕ) ਕੋਈ ਧਿਰ ਬ੍ਰਹਮਾ ਨੂੰ, ਨਾਰਦ ਨੂੰ, ਵੇਦਾਂ ਵਾਲੇ ਰਿਸ਼ੀ ਬਿਆਸ ਨੂੰ ਪੁੱਛ ਲਵੋ ॥੧॥ ਰਹਾਉ ॥
ਪਰਮਾਤਮਾ ਨਾਲ ਡੂੰਘੀ ਸਾਂਝ ਪਾਉਣੀ, ਪਰਮਾਤਮਾ ਦੀ ਯਾਦ ਵਿਚ ਸੁਰਤ ਜੋੜਨੀ, ਪਰਮਾਤਮਾ ਦੇ ਚਰਨਾਂ ਵਿਚ ਲਿਵ ਲਾਉਣੀ-(ਗੁਰੂ ਦੀ ਰਾਹੀਂ ਹੀ) ਇਹ ਸਮਝ ਆਉਂਦੀ ਹੈ। ਗੁਰੂ ਹੀ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਾਂਦਾ ਹੈ ਜਿਸ ਦੇ ਗੁਣ ਬਿਆਨ ਨਹੀਂ ਹੋ ਸਕਦੇ।
ਗੁਰੂ (ਮਾਨੋ) ਇਕ ਹਰਾ ਤੇ ਫਲਦਾਰ ਰੁੱਖ ਹੈ, ਜਿਸ ਦੀ ਗੂੜ੍ਹੀ ਸੰਘਣੀ ਛਾਂ ਹੈ।
ਲਾਲਾਂ ਜਵਾਹਰਾਂ ਤੇ ਮੋਤੀਆਂ (ਭਾਵ, ਉੱਚੇ ਸੁੱਚੇ ਆਤਮਕ ਗੁਣਾਂ) ਨਾਲ ਭਰਪੂਰ ਉਹ ਪਰਮਾਤਮਾ ਗੁਰੂ ਦੇ ਖ਼ਜ਼ਾਨੇ ਵਿਚੋਂ ਹੀ ਮਿਲਦਾ ਹੈ ॥੨॥
ਪਰਮਾਤਮਾ ਦੇ ਪਵਿਤ੍ਰ ਨਾਮ ਦਾ ਪਿਆਰ ਗੁਰੂ ਦੇ ਖ਼ਜ਼ਾਨੇ ਵਿਚੋਂ ਹੀ ਪ੍ਰਾਪਤ ਹੁੰਦਾ ਹੈ।
ਬੇਅੰਤ ਪ੍ਰਭੂ ਦਾ ਨਾਮ-ਰੂਪ ਸਦਾ-ਥਿਰ ਸੌਦਾ ਪੂਰੇ ਗੁਰੂ ਦੀ ਮਿਹਰ ਨਾਲ ਹੀ ਇਕੱਠਾ ਕੀਤਾ ਜਾ ਸਕਦਾ ਹੈ।
ਗੁਰੂ (ਨਾਮ ਦੀ ਬਖ਼ਸ਼ਸ਼ ਰਾਹੀਂ) ਸੁੱਖਾਂ ਦਾ ਦੇਣ ਵਾਲਾ ਹੈ, ਦੁੱਖਾਂ ਦਾ ਮਿਟਾਣ ਵਾਲਾ ਹੈ, ਗੁਰੂ (ਕਾਮਾਦਿਕ) ਦੈਂਤਾਂ ਦਾ ਨਾਸ ਕਰਨ ਵਾਲਾ ਹੈ ॥੩॥
ਇਹ ਸੰਸਾਰ-ਸਮੁੰਦਰ ਬੜਾ ਬਿਖੜਾ ਹੈ ਬੜਾ ਡਰਾਉਣਾ ਹੈ, ਇਸ ਦਾ ਨਾਹ ਕੋਈ ਕੰਢਾ ਦਿੱਸਦਾ ਹੈ ਨਾਹ ਪਾਰਲਾ ਬੰਨਾ।
ਨਾਹ ਕੋਈ ਬੇੜੀ ਨਾਹ ਕੋਈ ਤੁਲਹਾ ਨਾਹ ਕੋਈ ਮਲਾਹ ਤੇ ਨਾਹ ਮਲਾਹ ਦਾ ਵੰਝ-ਕੋਈ ਭੀ ਇਸ ਸੰਸਾਰ-ਸਮੁੰਦਰ ਵਿਚੋਂ ਲੰਘਾ ਨਹੀਂ ਸਕਦਾ।
(ਸੰਸਾਰ-ਸਮੁੰਦਰ ਦੇ) ਖ਼ਤਰਿਆਂ ਤੋਂ ਬਚਾਣ ਵਾਲਾ ਜ਼ਹਾਜ ਗੁਰੂ ਹੀ ਹੈ, ਗੁਰੂ ਦੀ ਮਿਹਰ ਦੀ ਨਜ਼ਰ ਨਾਲ ਇਸ ਸਮੁੰਦਰ ਦੇ ਪਾਰਲੇ ਪਾਸੇ ਉਤਾਰਾ ਹੋ ਸਕਦਾ ਹੈ ॥੪॥
ਜਦੋਂ ਇਕ ਰਤਾ ਜਿਤਨੇ ਸਮੇਂ ਵਾਸਤੇ ਭੀ ਪਿਆਰਾ ਪ੍ਰਭੂ (ਯਾਦੋਂ) ਭੁੱਲ ਜਾਂਦਾ ਹੈ, ਤਦੋਂ ਜੀਵ ਨੂੰ ਦੁੱਖ ਆ ਘੇਰਦਾ ਹੈ ਤੇ ਉਸ ਦਾ ਸੁੱਖ ਆਨੰਦ ਦੂਰ ਹੋ ਜਾਂਦਾ ਹੈ।
ਸੜ ਜਾਏ ਉਹ ਸੜਨ ਜੋਗੀ ਜੀਭ ਜੋ ਸੁਆਦ ਨਾਲ ਪ੍ਰਭੂ ਦਾ ਨਾਮ ਨਹੀਂ ਜਪਦੀ।
(ਸਿਮਰਨ ਹੀਨ ਬੰਦੇ ਦਾ ਜਦੋਂ) ਸਰੀਰ ਨਾਸ ਹੁੰਦਾ ਹੈ, ਉਸ ਨੂੰ ਬਹੁਤ ਦੁੱਖ ਵਿਆਪਦਾ ਹੈ, ਜਦੋਂ ਉਸ ਨੂੰ ਜਮ ਆ ਫੜਦਾ ਹੈ ਤਾਂ ਉਹ ਪਛੁਤਾਂਦਾ ਹੈ (ਪਰ ਉਸ ਵੇਲੇ ਪਛੁਤਾਣ ਦਾ ਕੀਹ ਲਾਭ?) ॥੫॥
(ਸੰਸਾਰ ਵਿਚ ਬੇਅੰਤ ਹੀ ਜੀਵ ਆਏ, ਜੋ ਇਹ) ਆਖ ਆਖ ਕੇ ਚਲੇ ਗਏ ਕਿ ਇਹ ਮੇਰਾ ਸਰੀਰ ਹੈ ਇਹ ਮੇਰਾ ਧਨ ਹੈ ਇਹ ਮੇਰੀ ਇਸਤ੍ਰੀ ਹੈ, ਪਰ ਨਾਹ ਸਰੀਰ, ਨਾਹ ਧਨ, ਨਾਹ ਇਸਤ੍ਰੀ, ਕੋਈ ਭੀ) ਨਾਲ ਨਾਹ ਨਿਭਿਆ।
ਪਰਮਾਤਮਾ ਦੇ ਨਾਮ ਤੋਂ ਬਿਨਾ ਧਨ ਕਿਸੇ ਅਰਥ ਨਹੀਂ, ਮਾਇਆ ਦੇ ਰਸਤੇ ਪੈ ਕੇ (ਮਨੁੱਖ ਜ਼ਿੰਦਗੀ ਦੇ ਸਹੀ ਰਾਹ ਤੋਂ) ਖੁੰਝ ਜਾਂਦਾ ਹੈ।
(ਇਸ ਵਾਸਤੇ, ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ। ਪਰ ਉਸ ਬੇਅੰਤ ਗੁਣਾਂ ਵਾਲੇ ਮਾਲਕ ਦੀ ਸਿਫ਼ਤ-ਸਾਲਾਹ ਗੁਰੂ ਦੀ ਰਾਹੀਂ ਹੀ ਕੀਤੀ ਜਾ ਸਕਦੀ ਹੈ ॥੬॥
ਜੀਵ ਆਪਣੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ (ਅਗਾਂਹ ਭੀ ਉਹੋ ਜਿਹੇ) ਕਰਮ ਕਮਾਂਦਾ ਰਹਿੰਦਾ ਹੈ (ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ) ਜੀਵ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ, ਇਸ ਗੇੜ ਵਿਚ ਪਿਆ ਰਹਿੰਦਾ ਹੈ।
ਪਿਛਲੇ ਕਰਮਾਂ ਅਨੁਸਾਰ ਲਿਖਿਆ (ਮੱਥੇ ਦਾ) ਲੇਖ ਪਰਮਾਤਮਾ ਦੇ ਹੁਕਮ ਵਿਚ ਲਿਖਿਆ ਜਾਂਦਾ ਹੈ, ਇਸ ਨੂੰ ਕਿਵੇਂ ਮਿਟਾਇਆ ਜਾ ਸਕਦਾ ਹੈ?
(ਇਹਨਾਂ ਲਿਖੇ ਲੇਖਾਂ ਦੀ ਸੰਗਲੀ ਦੇ ਜਕੜ ਵਿਚੋਂ) ਪਰਮਾਤਮਾ ਦੇ ਨਾਮ ਤੋਂ ਬਿਨਾ ਖ਼ਲਾਸੀ ਨਹੀਂ ਹੋ ਸਕਦੀ। ਜਦੋਂ ਗੁਰੂ ਦੀ ਮਤਿ ਮਿਲਦੀ ਹੈ ਤਦੋਂ ਹੀ (ਪ੍ਰਭੂ ਜੀਵ ਨੂੰ ਆਪਣੇ ਚਰਨਾਂ ਵਿਚ) ਜੋੜਦਾ ਹੈ ॥੭॥
(ਹੇ ਭਾਈ! ਗੁਰੂ ਦੀ ਸਰਨ ਪੈ ਕੇ ਮੈਨੂੰ ਇਹ ਸਮਝ ਆਈ ਹੈ ਕਿ) ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਜਿੰਦ ਹੈ ਇਹ ਪ੍ਰਾਣ ਹਨ, ਉਸ ਤੋਂ ਬਿਨਾ (ਸੰਸਾਰ ਵਿਚ) ਮੇਰਾ ਕੋਈ ਹੋਰ ਆਸਰਾ ਨਹੀਂ ਹੈ।
ਮੇਰੀ ਇਹ ਹਉਮੈ ਸੜ ਜਾਏ, ਮੇਰੀ ਇਹ ਅਪਣੱਤ ਜਲ ਜਾਏ, ਮੇਰਾ ਇਹ ਲੋਭ ਸੜ ਜਾਏ ਤੇ ਮੇਰਾ ਇਹ ਅਹੰਕਾਰ ਸੜ ਬਲ ਜਾਏ (ਜਿਨ੍ਹਾਂ ਮੈਨੂੰ ਪਰਮਾਤਮਾ ਦੇ ਨਾਮ ਤੋਂ ਵਿਛੋੜਿਆ ਹੈ)।
ਹੇ ਨਾਨਕ! ਗੁਰੂ ਦੇ ਸ਼ਬਦ ਨੂੰ ਵਿਚਾਰਨਾ ਚਾਹੀਦਾ ਹੈ, (ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ) ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਮਿਲਦਾ ਹੈ ॥੮॥੧੦॥
ਹੇ ਮਨ! ਪਰਮਾਤਮਾ ਨਾਲ ਇਹੋ ਜਿਹਾ ਪਿਆਰ ਕਰ, ਜਿਹੋ ਜਿਹਾ ਪਾਣੀ ਦਾ ਕੌਲ ਫੁੱਲ ਵਿਚ ਹੈ (ਤੇ ਕੌਲ ਫੁੱਲ ਦਾ ਪਾਣੀ ਵਿਚ)।
ਕੌਲ ਫੁੱਲ ਪਾਣੀ ਦੀਆਂ ਲਹਰਾਂ ਨਾਲ ਧੱਕੇ ਖਾਂਦਾ ਹੈ, ਫਿਰ ਭੀ (ਪਰਸਪਰ) ਪਿਆਰ ਦੇ ਕਾਰਨ ਕੌਲ ਫੁੱਲ ਖਿੜਦਾ (ਹੀ) ਹੈ (ਧੱਕਿਆਂ ਤੋਂ ਗੁੱਸੇ ਨਹੀਂ ਹੁੰਦਾ)।
ਪਾਣੀ ਵਿਚ (ਕੌਲ ਫੁੱਲਾਂ ਦੀਆਂ) ਜਿੰਦਾਂ ਪੈਦਾ ਕਰ ਕੇ (ਪਰਮਾਤਮਾ ਐਸੀ ਖੇਡ ਖੇਡਦਾ ਹੈ ਕਿ) ਪਾਣੀ ਤੋਂ ਬਿਨਾ ਉਹਨਾਂ (ਕੌਲ ਫੁੱਲਾਂ) ਦੀ ਮੌਤ ਹੋ ਜਾਂਦੀ ਹੈ ॥੧॥